ਭਿਅੰਕਰ ਗਰਮੀ ਦੇ ਮਹੀਨੇ ਬੀਤ ਗਏ ਤੇ ਅਖੀਰ ਮਹਾਰਾਸ਼ਟਰ ਦੇ ਮਰਾਠਵਾੜਾ ਖੇਤਰ ਵਿੱਚ ਸਰਦੀਆਂ ਦਸਤਕ ਦੇਣ ਨੂੰ ਤਿਆਰ ਹੋਈਆਂ। ਰਾਤ ਦੀ ਡਿਊਟੀ ਲਈ ਤਿਆਰ ਹੁੰਦਿਆਂ ਦਾਮਿਨੀ (ਬਦਲਿਆ ਹੋਇਆ ਨਾਮ) ਰਾਤ ਦੀ ਹਵਾ ਦਾ ਅਨੰਦ ਮਾਣ ਰਹੇ ਸਨ। "ਮੈਂ ਉਸ ਦਿਨ ਪੀਐੱਸਓ (ਪੁਲਿਸ ਸਟੇਸ਼ਨ ਆਫਿਸਰ) ਦੀ ਡਿਊਟੀ 'ਤੇ ਸੀ ਅਤੇ ਮੈਨੂੰ ਹਥਿਆਰ ਅਤੇ ਵਾਕੀ-ਟਾਕੀ ਵੰਡਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ," ਉਹ ਕਹਿੰਦੇ ਹਨ।
ਕੰਮ ਦੌਰਾਨ, ਐੱਸਐੱਚਓ ਉਰਫ਼ ਪੁਲਿਸ ਇੰਸਪੈਕਟਰ (ਐੱਸਐੱਚਓ/ ਪੀਆਈ) ਨੇ ਉਨ੍ਹਾਂ ਨੂੰ ਥਾਣੇ ਤੋਂ ਆਪਣੀ ਵਾਕੀ-ਟਾਕੀ ਲਈ ਚਾਰਜ ਕੀਤੀਆਂ ਬੈਟਰੀਆਂ ਕੰਪਲੈਕਸ ਵਿਖੇ ਪੈਂਦੀ ਆਪਣੀ ਸਰਕਾਰੀ ਰਿਹਾਇਸ਼ 'ਤੇ ਲਿਆਉਣ ਲਈ ਕਿਹਾ। ਅੱਧੀ ਰਾਤ ਤੋਂ ਬਾਅਦ ਅਜਿਹੇ ਕੰਮ ਲਈ ਦਾਮਿਨੀ ਨੂੰ ਘਰ ਬੁਲਾਉਣ ਨੂੰ ਇੱਕ ਨਿਯਮ ਬਣਾ ਲਿਆ ਗਿਆ, ਹਾਲਾਂਕਿ ਇਹ ਸੀ ਪ੍ਰੋਟੋਕੋਲ਼ ਦੇ ਵਿਰੁੱਧ। "ਅਧਿਕਾਰੀ ਅਕਸਰ ਸਾਜ਼ੋ-ਸਾਮਾਨ ਘਰ ਲੈ ਕੇ ਜਾਂਦੇ ਹਨ... ਸਾਨੂੰ ਵੀ ਆਪਣੇ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਦੀ ਪਾਲਣਾ ਕਰਨੀ ਪੈਂਦੀ," ਦਾਮਿਨੀ ਦੱਸਦੇ ਹਨ।
ਤੜਕੇ ਦੇ ਕਰੀਬ 1:30 ਵਜੇ ਦਾਮਿਨੀ ਪੀਆਈ (ਐੱਸ) ਦੇ ਘਰ ਵੱਲ ਤੁਰ ਪਏ।
ਅੰਦਰ ਤਿੰਨ ਆਦਮੀ ਬੈਠੇ ਸਨ: ਪੀਆਈ, ਇੱਕ ਸਮਾਜ ਸੇਵਕ ਅਤੇ ਇੱਕ ਸੀ ਥਾਣਾ ਕਰਮਚਾਰੀ (ਛੋਟੇ ਅਰਧ-ਸਰਕਾਰੀ ਕੰਮਾਂ ਲਈ ਥਾਣੇ ਵਿੱਚ ਤਾਇਨਾਤ ਇੱਕ ਨਾਗਰਿਕ ਵਾਲੰਟੀਅਰ)। "ਮੈਂ ਉਨ੍ਹਾਂ ਨੂੰ ਨਜ਼ਰਅੰਦਾਜ਼ ਕੀਤਾ ਤੇ ਵਾਕੀ-ਟਾਕੀ ਦੀਆਂ ਬੈਟਰੀਆਂ ਬਦਲਣ ਲਈ ਕਮਰੇ ਦੀ ਮੇਜ਼ ਵੱਲ ਮੁੜ ਗਈ," ਨਵੰਬਰ 2017 ਦੀ ਉਸ ਰਾਤ ਨੂੰ ਯਾਦ ਕਰਦਿਆਂ ਬੇਚੈਨ ਹੋ-ਹੋ ਜਾਂਦੇ ਦਾਮਿਨੀ ਕਹਿੰਦੇ ਹਨ। ਜਿਓਂ ਹੀ ਉਹ ਮੇਜ਼ ਵੱਲ ਨੂੰ ਮੁੜੀ, ਮਗਰੋਂ ਦਰਵਾਜ਼ਾ ਬੰਦ ਹੋਣ ਦੀ ਅਵਾਜ਼ ਕੰਨੀਂ ਪਈ। "ਮੈਂ ਜਿਵੇਂ-ਕਿਵੇਂ ਕਮਰੇ ਤੋਂ ਬਾਹਰ ਜਾਣਾ ਚਾਹੁੰਦੀ ਸੀ। ਮੈਂ ਹਰ ਸੰਭਵ ਕੋਸ਼ਿਸ਼ ਕੀਤੀ ਵੀ ਪਰ ਦੋ ਆਦਮੀਆਂ ਨੇ ਮੇਰੇ ਹੱਥਾਂ ਨੂੰ ਕੱਸ ਕੇ ਫੜ੍ਹ ਲਿਆ ਤੇ ਮੈਨੂੰ ਬਿਸਤਰੇ 'ਤੇ ਸੁੱਟ ਦਿੱਤਾ। ਫਿਰ... ਇਕ-ਇੱਕ ਕਰਕੇ ਉਨ੍ਹਾਂ ਨੇ ਮੇਰੇ ਨਾਲ਼ ਬਲਾਤਕਾਰ ਕੀਤਾ।''
ਰਾਤ ਕਰੀਬ 2.30 ਵਜੇ ਵਿਲ਼ਕਦੀ-ਕੁਰਲਾਉਂਦੀ ਦਾਮਿਨੀ ਘਰੋਂ ਬਾਹਰ ਨਿਕਲ਼ੇ, ਆਪਣੀ ਬਾਈਕ 'ਤੇ ਸਵਾਰ ਹੋਏ ਤੇ ਘਰ ਲਈ ਰਵਾਨਾ ਹੋ ਗਏ। "ਮੇਰਾ ਦਿਮਾਗ਼ ਸੁੰਨ ਪੈ ਚੁੱਕਿਆ ਸੀ। ਮੈਂ ਬੱਸ ਸੋਚਦੀ ਰਹੀ... ਮੇਰੇ ਕੈਰੀਅਰ ਬਾਰੇ... ਕਿ ਮੈਂ ਹਾਸਲ ਕੀ ਕਰਨਾ ਚਾਹੁੰਦੀ ਸਾਂ ਤੇ ਹਾਸਲ ਹੋਇਆ ਕੀ...ਇਹ ਸਭ?" ਭਾਰੇ ਮਨ ਨਾਲ਼ ਦਾਮਿਨੀ ਕਹਿੰਦੇ ਹਨ।







