ਆਓ ਬਿਲਕੁਲ ਸ਼ੁਰੂਆਤ ਤੋਂ ਗੱਲ ਕਰਦੇ ਹਾਂ...
2014 ਤੋਂ, ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ (ਪਾਰੀ) ਭਾਰਤ ਦੀ ਵਿਭਿੰਨਤਾ ਬਾਰੇ ਲਾਸਾਨੀ ਕਹਾਣੀਆਂ ਸੁਣਾਉਂਦੀ ਰਹੀ ਹੈ, ਜੋ ਭਾਰਤੀ ਭਾਸ਼ਾਵਾਂ ਵਿੱਚ ਵੀ ਬਾਦਸਤੂਰ ਪ੍ਰਕਾਸ਼ਤ ਹੁੰਦੀਆਂ ਰਹੀਆਂ ਹਨ। ਭਾਰਤ ਵਿੱਚ, ਪੇਂਡੂ ਖੇਤਰਾਂ ਵਿੱਚ 833 ਮਿਲੀਅਨ ਲੋਕ 86 ਵੱਖ-ਵੱਖ ਲਿਪੀਆਂ ਦੀ ਵਰਤੋਂ ਕਰਕੇ 700 ਤੋਂ ਵੱਧ ਭਾਸ਼ਾਵਾਂ ਬੋਲਦੇ ਹਨ। ਕੁਝ ਭਾਸ਼ਾਵਾਂ, ਜਿਨ੍ਹਾਂ ਦੀ ਕੋਈ ਲਿਪੀ ਨਹੀਂ, ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਦੇ ਕੇਂਦਰ ਵਿੱਚ ਹਨ। ਭਾਰਤੀ ਭਾਸ਼ਾਵਾਂ ਵਿੱਚ ਪਾਰੀ ਦੀਆਂ ਸਟੋਰੀਆਂ ਦਾ ਅਨੁਵਾਦ ਕੀਤਾ ਜਾਣਾ ਇਸ ਯਾਤਰਾ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
''ਇਹ ਆਰਕਾਈਵ ਪੱਤਰਕਾਰੀ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਨਿਭਾਉਂਦੀ ਰਹੀ ਹੈ। ਇਹ ਅਨੁਵਾਦ ਨੂੰ ਸਮਾਜਿਕ ਨਿਆਂ ਦੇ ਨਜ਼ਰੀਏ ਤੋਂ ਵੇਖਦੀ ਹੈ," ਸਮਿਤਾ ਖਾਟੋਰ ਕਹਿੰਦੀ ਹਨ, ''ਨਾਲ਼ੇ ਇਹ ਵੀ ਯਕੀਨੀ ਬਣਾਉਂਦੀ ਹੈ ਕਿ ਗਿਆਨ ਦੀ ਉਪਜ ਅਤੇ ਪ੍ਰਸਾਰ ਅੰਗਰੇਜ਼ੀ ਪੜ੍ਹੇ-ਲਿਖੇ, ਅੰਗਰੇਜ਼ੀ ਬੋਲਣ ਵਾਲ਼ੇ ਵਰਗਾਂ ਦਾ ਵਿਸ਼ੇਸ਼ ਅਧਿਕਾਰ ਹੀ ਨਾ ਰਹੇ।''
ਭਾਸ਼ਾ ਸੰਪਾਦਕਾਂ ਅਤੇ ਅਨੁਵਾਦਕਾਂ ਦੀ ਸਾਡੀ ਟੀਮ ਅਕਸਰ ਸ਼ਬਦਾਂ ਦੇ ਸੱਭਿਆਚਾਰਕ ਪ੍ਰਸੰਗਾਂ, ਵਾਕੰਸ਼ਾਂ ਦੀ ਉਚਿਤਤਾ ਦੇ ਨਾਲ਼ ਨਾਲ਼ ਹੋਰ ਵੀ ਬਹੁਤ ਸਾਰੇ ਵਿਚਾਰ ਸਾਂਝੇ ਕਰਦੀ ਰਹਿੰਦੀ ਹੈ। ਇਸ ਬਾਰੇ ਗੱਲ ਕਿਸੇ ਹੋਰ ਦਿਨ...
ਸਮਿਤਾ: ਕੀ ਤੁਹਾਨੂੰ ਯਾਦ ਹੈ ਕਿ ਪੁਰਸ਼ੋਤਮ ਠਾਕੁਰ ਨੇ ਤੇਲੰਗਾਨਾ ਵਿੱਚ ਇੱਟਾਂ ਦੇ ਭੱਠੇ 'ਤੇ ਕੰਮ ਕਰਨ ਵਾਲ਼ੇ ਕੁਰੂਮਪੁਰੀ ਪੰਚਾਇਤ ਦੇ ਪ੍ਰਵਾਸੀ ਮਜ਼ਦੂਰਾਂ ਬਾਰੇ ਇੱਕ ਸਟੋਰੀ ਵਿੱਚ ਕੀ ਲਿਖਿਆ ਸੀ? ਉਨ੍ਹਾਂ ਵਿੱਚੋਂ ਇੱਕ ਬਜ਼ੁਰਗ ਮਜ਼ਦੂਰ ਨੇ ਉਨ੍ਹਾਂ ਨੂੰ ਕਿਹਾ ਸੀ, "ਲੰਬੇ ਸਮੇਂ ਬਾਅਦ, ਮੈਂ ਇੱਕ ਓਡੀਆ ਬੋਲਣ ਵਾਲ਼ੇ ਆਦਮੀ ਨੂੰ ਮਿਲ਼ਿਆਂ। ਤੁਹਾਨੂੰ ਦੇਖ ਕੇ ਬਹੁਤ ਖੁਸ਼ੀ ਹੋਈ!"
ਇੱਕ ਸਟੋਰੀ, ਜਿੱਥੇ ਮਹਾਰਾਸ਼ਟਰ ਦੇ ਇੱਕ ਪ੍ਰਵਾਸੀ ਮਜ਼ਦੂਰ, ਲੜਕੇ ਰਘੂ ਬਾਰੇ ਜੋਤੀ ਸ਼ਿਨੋਲੀ ਕਹਿੰਦੀ ਹਨ ਕਿ ਉਸ ਲਈ ਸਭ ਤੋਂ ਵੱਡੀ ਚੁਣੌਤੀ ਇੱਕ ਨਵੇਂ ਸਕੂਲ ਦੀ ਆਦਤ ਪਾਉਣਾ ਸੀ ਜਿੱਥੇ ਅਧਿਆਪਕ ਅਤੇ ਦੋਸਤ ਉਸ ਭਾਸ਼ਾ ਵਿੱਚ ਗੱਲਾਂ ਕਰਦੇ ਹਨ ਜਿਸਨੂੰ ਉਹ ਨਹੀਂ ਸਮਝ ਪਾਉਂਦਾ ਸੀ। ਉਸ ਨੂੰ ਉੱਥੇ ਕੁਝ ਵੀ ਸਮਝ ਨਹੀਂ ਆ ਸਕਿਆ। ਰਘੂ ਦੀ ਮਾਂ ਗਾਇਤਰੀ ਕਹਿੰਦੀ ਹਨ,''ਚੇਨੱਈ ਸਕੂਲ ਕੁਝ ਦਿਨ ਜਾਣ ਤੋਂ ਬਾਅਦ ਇੱਕ ਦਿਨ ਉਹ ਰੋਂਦਾ-ਰੋਂਦਾ ਘਰ ਮੁੜਿਆ। ਉਹਨੇ ਕਿਹਾ ਉਹ ਹੁਣ ਸਕੂਲ ਨਹੀਂ ਜਾਵੇਗਾ। ਉੱਥੇ ਉਹਨੂੰ ਕੁਝ ਵੀ ਸਮਝ ਨਾ ਆਉਂਦੀ ਤੇ ਉਸ ਨੇ ਇਹ ਵੀ ਮਹਿਸੂਸ ਕੀਤਾ ਕਿ ਉੱਥੋਂ ਦੇ ਲੋਕ ਉਸ ਨਾਲ਼ ਬੇਰਹਿਮੀ ਨਾਲ਼ ਪੇਸ਼ ਆਉਂਦੇ ਹਨ।''
ਪੇਂਡੂ ਭਾਰਤ ਦੇ ਲੋਕਾਂ ਲਈ ਭਾਸ਼ਾਈ ਪਛਾਣ ਮਹੱਤਵਪੂਰਨ ਹੈ, ਖ਼ਾਸਕਰ ਜਦੋਂ ਉਨ੍ਹਾਂ ਨੂੰ ਰੋਜ਼ੀ-ਰੋਟੀ ਦੀ ਭਾਲ਼ ਵਿੱਚ ਦੂਰ-ਦੁਰਾਡੇ ਜਾਣਾ ਪੈਂਦਾ ਹੈ।









