ਨੁਰੂਲ ਹਸਨ ਵਿਰਾਟ ਕੋਹਲੀ ਨੂੰ ਪੂਜਦਾ ਹੈ ਤੇ ਆਇਸ਼ਾ ਬਾਬਰ ਆਜ਼ਮ ਨੂੰ। ਜਦੋਂ ਕੋਹਲੀ ਸੌ ਰਨ ਮਾਰਦਾ ਤਾਂ ਉਹ ਆਇਸ਼ਾ ਨੂੰ ਸੈਨਤ ਮਾਰਦਾ ਤੇ ਜਦੋਂ ਕਦੇ ਬਾਬਰ ਵਧੀਆ ਪ੍ਰਦਰਸ਼ਨ ਕਰਦਾ ਤਾਂ ਉਹ ਨੁਰੂਲ ਨੂੰ ਚਿੜਾਇਆ ਕਰਦੀ। ਦੋਵਾਂ ਦੇ ਪਿਆਰ ਦੀ ਬੁਨਿਆਦ ਮੰਨੋਂ ਕ੍ਰਿਕੇਟ ਹੀ ਹੋਵੇ ਤੇ ਇਹ ਗੱਲ ਜਗ ਤੋਂ ਵੀ ਲੁਕੀ ਨਾ ਰਹੀ ਤੇ ਸਭ ਇਹੀ ਸੋਚ-ਸੋਚ ਹੈਰਾਨ ਹੁੰਦੇ ਕਿ ਦੋਵਾਂ ਦਾ ਵਿਓਂਤਬੱਧ ਵਿਆਹ (arrange marriage) ਸੀ।
ਜੂਨ 2023 ਦੇ ਕ੍ਰਿਕੇਟ ਵਿਸ਼ਵ ਕੱਪ ਦੀ ਸਮੇਂ-ਸਾਰਣੀ ਆਉਂਦਿਆਂ ਹੀ ਆਇਸ਼ਾ ਦੀਆਂ ਅੱਖਾਂ ਚਮਕ ਗਈਆਂ। ਭਾਰਤ ਤੇ ਪਾਕਿਸਤਾਨ ਵਿਚਾਲੇ ਮੁਕਾਬਲਾ 14 ਅਕਤੂਬਰ ਨੂੰ ਗੁਜਰਾਤ ਦੇ ਅਹਿਮਦਾਬਾਦ ਵਿਖੇ ਖੇਡਿਆ ਜਾਣਾ ਸੀ। ''ਮੈਂ ਨੁਰੂਲ ਨੂੰ ਕਿਹਾ ਇਹ ਮੈਚ ਸਾਨੂੰ ਸਟੇਡੀਅਮ 'ਚ ਬਹਿ ਕੇ ਦੇਖਣਾ ਚਾਹੀਦਾ,'' ਆਇਸ਼ਾ (30 ਸਾਲਾ) ਚੇਤੇ ਕਰਦੀ ਹਨ, ਜਦੋਂ ਉਹ ਪੱਛਮੀ ਮਹਾਰਾਸ਼ਟਰ ਦੇ ਰਾਜਾਚੇ ਕੁਰਲੇ ਪਿੰਡ ਵਿਖੇ ਆਪਣੇ ਪੇਕੇ ਘਰ ਮੌਜੂਦ ਸਨ। ''ਭਾਰਤ ਤੇ ਪਾਕਿਸਤਾਨ ਵਿਚਾਲੇ ਪਹਿਲਾਂ ਹੀ ਘੱਟ ਮੈਚ ਹੁੰਦੇ ਹਨ। ਆਪੋ-ਆਪਣੇ ਪਸੰਦੀਦਾ ਖਿਡਾਰੀਆਂ ਨੂੰ ਇੰਝ ਖੇਡਦੇ ਦੇਖਣਾ ਸੱਚੀਓ ਬੜਾ ਦੁਰਲਭ ਮੌਕਾ ਸੀ।''
30 ਸਾਲਾ ਨੁਰੂਲ, ਜੋ ਸਿਵਿਲ ਇੰਜੀਨੀਅਰ ਹਨ, ਨੇ ਲਈ ਕਈ ਵਾਰੀਂ ਫ਼ੋਨ ਘੁਮਾਏ ਤੇ ਜਿਵੇਂ-ਕਿਵੇਂ ਦੋ ਟਿਕਟਾਂ ਦਾ ਬੰਦੋਬਸਤ ਕਰ ਹੀ ਲਿਆ। ਓਦੋਂ ਆਇਸ਼ਾ ਛੇ ਮਹੀਨਿਆਂ ਦੀ ਗਰਭਵਤੀ ਸਨ, ਸੋ ਦੋਵਾਂ ਨੇ ਸਤਾਰਾ ਜ਼ਿਲ੍ਹੇ ਦੇ ਪੂਸੇਸਾਵਲੀ ਪਿੰਡ ਤੋਂ 750 ਕਿਲੋਮੀਟਰ ਦੂਰ ਦੀ ਇਸ ਯਾਤਰਾ ਦੀ ਯੋਜਨਾ ਬਣਾਈ। ਰੇਲ ਟਿਕਟਾਂ ਬੁੱਕ ਕਰਵਾ ਲਈਆਂ ਗਈਆਂ ਤੇ ਰਹਿਣ ਦਾ ਪ੍ਰਬੰਧ ਵੀ ਹੋ ਗਿਆ। ਮੈਚ ਦਾ ਦਿਨ ਤਾਂ ਆ ਗਿਆ ਪਰ ਪਤੀ-ਪਤਨੀ ਸਟੇਡੀਅਮ ਨਾ ਜਾ ਸਕੇ।
14 ਅਕਤੂਬਰ 2023 ਦਾ ਦਿਨ ਚੜ੍ਹਿਆ, ਨੁਰੂਲ ਨੂੰ ਮਰਿਆਂ ਇੱਕ ਮਹੀਨਾ ਹੋ ਚੁੱਕਿਆ ਸੀ ਤੇ ਆਇਸ਼ਾ ਤਬਾਹ ਹੋ ਚੁੱਕੀ ਸੀ।
*****
18 ਅਗਸਤ 2023 ਨੂੰ ਮਹਾਰਾਸ਼ਟਰ ਦੇ ਸਤਾਰਾ ਸ਼ਹਿਰ ਤੋਂ 60 ਕਿਲੋਮੀਟਰ ਦੂਰ ਪੂਸੇਸਾਵਲੀ ਪਿੰਡ ਵਿਖੇ ਇੱਕ ਸਕ੍ਰੀਨਸ਼ਾਟ ਵਾਇਰਲ ਹੋ ਗਿਆ। 25 ਸਾਲਾ ਮੁਸਲਿਮ ਲੜਕੇ, ਆਦਿਲ ਬਾਗਵਾਨ ਨੇ ਇੰਸਟਾਗ੍ਰਾਮ ਕੁਮੈਂਟ ਵਿੱਚ ਹਿੰਦੂ ਦੇਵੀ-ਦੇਵਤਿਆਂ ਬਾਰੇ ਅਪਸ਼ਬਦ ਆਖੇ। ਅੱਜ ਤੱਕ ਆਦਿਲ ਇਸੇ ਗੱਲ 'ਤੇ ਅੜੇ ਹਨ ਕਿ ਇਸ ਸਕ੍ਰੀਨਸ਼ਾਟ ਨਾਲ਼ ਛੇੜਖਾਨੀ ਕੀਤੀ ਗਈ ਹੈ ਤੇ ਇਹ ਸਭ ਫ਼ਰਜ਼ੀ ਹੈ। ਇੱਥੋਂ ਤੱਕ ਕਿ ਇੰਸਟਾਗ੍ਰਾਮ ਦੇ ਉਨ੍ਹਾਂ ਦੇ ਦੋਸਤਾਂ ਨੇ ਵੀ ਅਸਲ ਟਿੱਪਣੀ ਨਹੀਂ ਦੇਖੀ।
ਹਾਲਾਂਕਿ, ਕਨੂੰਨ ਵਿਵਸਥਾ ਬਣਾਈ ਰੱਖਣ ਤੇ ਅਸ਼ਾਂਤੀ ਫੈਲਣ ਦੇ ਡਰੋਂ ਪੂਸੇਸਾਵਲੀ ਦੇ ਮੁਸਲਿਮ ਭਾਈਚਾਰੇ ਦੇ ਸਿਆਣੀ ਉਮਰ ਦੇ ਲੋਕ ਖ਼ੁਦ ਹੀ ਆਦਿਲ ਨੂੰ ਪੁਲਿਸ ਕੋਲ਼ ਲੈ ਗਏ ਤੇ ਸਕ੍ਰੀਨਸ਼ਾਟ ਦੀ ਜਾਂਚ ਕਰਨ ਨੂੰ ਕਿਹਾ। ''ਅਸੀਂ ਇੱਥੋਂ ਤੱਕ ਕਹਿ ਦਿੱਤਾ ਕਿ ਜੇਕਰ ਆਦਿਲ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਹਨੂੰ ਆਪਣੇ ਕੀਤੇ ਦੀ ਸਜ਼ਾ ਮਿਲ਼ਣੀ ਚਾਹੀਦੀ ਹੈ ਤੇ ਅੱਗੇ ਅਸੀਂ ਇਸ ਗੱਲ ਦੀ ਨਿੰਦਾ ਵੀ ਕਰਾਂਗੇ,'' 47 ਸਾਲਾ ਸਿਰਾਜ ਬਾਗਵਾਨ ਕਹਿੰਦੇ ਹਨ ਜੋ ਪੂਸੇਸਾਵਲੀ ਵਿਖੇ ਗੈਰੇਜ ਚਲਾਉਂਦੇ ਹਨ। ''ਪੁਲਿਸ ਨੇ ਆਦਿਲ ਦਾ ਫ਼ੋਨ ਜ਼ਬਤ ਕਰ ਲਿਆ ਤੇ ਉਸ ਖ਼ਿਲਾਫ਼ ਦੋ ਧਰਮਾਂ ਵਿਚਾਲੇ ਦੁਸ਼ਮਣੀ ਫੈਲਾਉਣ ਦੇ ਮੱਦੇਨਜ਼ਰ ਸ਼ਿਕਾਇਤ ਦਰਜ ਕੀਤੀ।''
ਬਾਵਜੂਦ ਇਹਦੇ, ਸਤਾਰਾ ਵਿਖੇ ਹਿੰਦੂ ਦੱਖਣ-ਪੱਖੀ ਗੁੱਟਾਂ ਦੇ ਬੇਕਾਬੂ ਹੋਏ ਮੈਂਬਰਾਂ ਨੇ ਅਗਲੇ ਦਿਨ ਪੂਸੇਸਾਵਲੀ ਵਿਖੇ ਰੈਲੀ ਕੱਢੀ, ਜਿਸ ਵਿੱਚ ਭੀੜ ਨੂੰ ਮੁਸਲਮਾਨਾਂ ਖ਼ਿਲਾਫ਼ ਹਿੰਸਾ 'ਤੇ ਉਤਰਨ ਦੀ ਲਲਕਾਰ ਮਾਰੀ ਗਈ। ਉਨ੍ਹਾਂ ਨੇ ਕਨੂੰਨ ਵਿਵਸਥਾ ਆਪਣੇ ਹੱਥ ਲੈਣ ਤੱਕ ਦੀ ਧਮਕੀ ਦੇ ਦਿੱਤੀ।
ਸਿਰਾਜ ਤੇ ਮੁਸਲਿਮ ਭਾਈਚਾਰੇ ਦੇ ਸੀਨੀਅਰ ਮੈਂਬਰਾਂ, ਜਿਨ੍ਹਾਂ ਨੇ ਸਥਾਨਕ ਪੁਲਿਸ ਸਟੇਸ਼ਨ ਨੂੰ ਸਕ੍ਰੀਨਸ਼ਾਟ ਦੀ ਬੇਧੜਕ ਜਾਂਚ ਕਰਨ ਦੀ ਮੰਗ ਕੀਤੀ, ਨੇ ਪੂਸੇਸਾਵਲੀ ਦੇ ਹੋਰਨਾਂ ਮੁਸਲਮਾਨ ਵਾਸੀਆਂ ਦੀ ਸੁਰੱਖਿਆ ਦੀ ਗੁਹਾਰ ਲਾਈ, ਜਿਨ੍ਹਾਂ ਦਾ ਇਸ ਪੂਰੇ ਕਾਂਡ ਨਾਲ਼ ਕੋਈ ਲੈਣਾ-ਦੇਣਾ ਸੀ ਹੀ ਨਹੀਂ। ''ਅਸੀਂ ਪੁਲਿਸ ਨੂੰ ਦੱਸਿਆ ਸੀ ਕਿ ਦੰਗੇ ਭੜਕਨ ਦੀ ਪੂਰੀ ਸੰਭਾਵਨਾ ਲੱਗਦੀ ਹੈ,'' ਸਿਰਾਜ ਚੇਤੇ ਕਰਦੇ ਹਨ। ''ਅਸੀਂ ਇਹਦੀ ਰੋਕਥਾਮ ਦੇ ਢੰਗ ਕੱਢਣ ਦੀ ਬੇਨਤੀ ਵੀ ਕੀਤੀ ਸੀ।''
ਸਿਰਾਜ ਮੁਤਾਬਕ ਔਂਧ ਥਾਣੇ ਦੇ ਸਹਾਇਕ ਪੁਲਿਸ ਇੰਸਪੈਕਟਰ ਗੰਗਾਪ੍ਰਸਾਦ ਕੇਂਦਰੇ ਨੇ ਉਨ੍ਹਾਂ ਦਾ ਮਜ਼ਾਕ ਉਡਾਇਆ। ''ਉਹਨੇ ਸਾਨੂੰ ਪੁੱਛਿਆ ਕਿ ਅਸੀਂ ਪੈਗੰਬਰ ਮੁਹੰਮਦ ਦੀਆਂ ਸਿੱਖਿਆਵਾਂ ਦਾ ਪਾਲਣ ਕਿਉਂ ਕਰਦੇ ਹਾਂ ਜਦੋਂ ਕਿ ਉਹ ਇੱਕ ਸਧਾਰਣ ਮਨੁੱਖ ਸਨ,'' ਚੇਤੇ ਕਰਦਿਆਂ ਸਿਰਾਜ ਨੇ ਦੱਸਿਆ। ''ਮੈਨੂੰ ਯਕੀਨ ਨਾ ਹੋਇਆ ਇੱਕ ਵਰਦੀਧਾਰੀ ਆਦਮੀ ਦੇ ਇਹ ਅਲਫ਼ਾਜ਼ ਹੋ ਸਕਦੇ ਹਨ।''
ਆਉਣ ਵਾਲ਼ੇ ਦੋ ਹਫ਼ਤੇ ਕੱਟੜਪੰਥੀ ਦੱਖਣ-ਪੱਖੀ ਹਿੰਦੂ ਗੁੱਟ- ਹਿੰਦੂ ਏਕਤਾ ਤੇ ਸ਼ਿਵਪ੍ਰਤਿਸ਼ਠਾ ਹਿੰਦੂਸਤਾਨ ਦੇ ਮੈਂਬਰ ਆਉਂਦੇ ਰਹੇ ਤੇ ਪੂਸੇਸਾਵਲੀ ਦੇ ਆਉਂਦੇ-ਜਾਂਦੇ ਕਿਸੇ ਵੀ ਮੁਸਲਮਾਨ ਨੂੰ ਰੋਕ ਲੈਂਦੇ ਤੇ ਜ਼ਬਰਨ 'ਜੈ ਸ਼੍ਰੀ ਰਾਮ', ਦੇ ਨਾਅਰੇ ਲਾਉਣ ਨੂੰ ਕਹਿੰਦੇ, ਇੰਝ ਨਾ ਕਰਨ ਵਾਲ਼ੇ ਦਾ ਘਰ ਸਾੜਨ ਦੀ ਧਮਕੀ ਦਿੰਦੇ। ਪੂਰਾ ਪਿੰਡ ਖ਼ੁਦ ਨੂੰ ਫਸਿਆ ਮਹਿਸੂਸ ਕਰਨ ਲੱਗਾ ਤੇ ਚੁਫ਼ੇਰੇ ਬੇਚੈਨੀ ਪਸਰ ਗਈ..
8 ਸਤੰਬਰ ਨੂੰ ਪਹਿਲਾਂ ਵਰਗੇ ਹੀ ਦੋ ਹੋਰ ਸਕ੍ਰੀਨਸ਼ਾਟ ਵਾਇਰਲ ਹੋ ਗਏ, ਜਿਸ ਵਿੱਚ 23 ਸਾਲਾ ਮੁਜ਼ੱਮਿਲ ਬਾਗਵਾਨ ਤੇ 23 ਸਾਲਾ ਅਲਤਾਮਸ਼ ਬਾਗਵਾਨ ਦਾ ਹੱਥ ਦੱਸਿਆ ਗਿਆ। ਇਹ ਦੋਵੇਂ ਵੀ ਪੂਸੇਸਾਵਲੀ ਦੇ ਬਾਸ਼ਿੰਦੇ ਸਨ ਤੇ ਇੰਸਟਾਗ੍ਰਾਮ ਪੋਸਟ ਵਿੱਚ ਹਿੰਦੂ ਦੇਵੀ-ਦੇਵਤਿਆਂ ਨੂੰ ਅਪਸ਼ਬਦ ਬੋਲਦੇ ਪਾਏ ਗਏ, ਇਹ ਕਾਂਡ ਵੀ ਆਦਿਲ ਨਾਲ਼ ਹੋਈ ਘਟਨਾ ਜਿਹਾ ਹੀ ਸੀ। ਆਦਿਲ ਵਾਂਗ ਇਹ ਦੋਵੇਂ ਨੌਜਵਾਨ ਵੀ ਸਕ੍ਰੀਨਸ਼ਾਟ ਦੇ ਫ਼ੋਟੋਸ਼ਾਪ ਕੀਤੇ ਹੋਏ ਹੋਣ ਦੀ ਗੱਲ 'ਤੇ ਅੜ੍ਹੇ ਰਹੇ। ਇਹ ਪੋਸਟ ਮੁਸਲਮਾਨ ਪੁਰਸ਼ਾਂ ਵੱਲ਼ੋਂ ਹਿੰਦੂਆਂ ਖ਼ਿਲਾਫ਼ ਅਪਸ਼ਬਦਾਂ ਤੇ ਗਾਲ਼ੀ-ਗਲੌਚ ਦੇ ਕੋਲਾਜ ਤੋਂ ਘੱਟ ਨਹੀਂ ਜਾਪਦੀ ਸੀ।
ਕੱਟੜਪੰਥੀ ਦੱਖਣ-ਪੱਖੀ ਹਿੰਦੂ ਗੁੱਟਾਂ 'ਤੇ ਹੀ ਅਜਿਹੀ ਸਮੱਗਰੀ ਪਰੋਸੇ ਹੋਣ ਦਾ ਦੋਸ਼ ਹੈ।
ਇਹ ਸਭ ਹੋਇਆਂ ਪੰਜ ਮਹੀਨੇ ਤੋਂ ਵੱਧ ਸਮਾਂ ਬੀਤ ਚੁੱਕਾ ਹੈ ਅਤੇ ਪੁਲਿਸ ਅਜੇ ਵੀ ਇਨ੍ਹਾਂ ਤਿੰਨਾਂ ਸਕ੍ਰੀਨਸ਼ਾਟਾਂ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਰਹੀ ਹੈ।
ਪਰ ਇਸ ਕੇਸ ਨੇ ਉਹੀ ਨੁਕਸਾਨ ਕੀਤਾ ਹੈ ਜੋ ਉਹ ਕਰਨਾ ਚਾਹੁੰਦਾ ਸੀ। ਪਿੰਡ ਵਿੱਚ ਹਿੰਸਾ ਫੈਲ ਗਈ, ਜਿੱਥੇ ਪਹਿਲਾਂ ਹੀ ਮਾਹੌਲ ਫਿਰਕੂ ਤਣਾਅ ਨਾਲ਼ ਕੱਸਿਆ-ਕੱਸਿਆ ਜਿਹਾ ਸੀ। 9 ਸਤੰਬਰ ਨੂੰ, ਪੂਸੇਸਾਵਲੀ ਵਿੱਚ ਸਥਾਨਕ ਮੁਸਲਮਾਨਾਂ ਦੁਆਰਾ ਸਾਵਧਾਨੀ ਦੇ ਉਪਾਅ ਅਪਣਾਉਣ ਦੀਆਂ ਇੰਨੀਆਂ ਕੋਸ਼ਿਸ਼ਾਂ ਦਾ ਕੋਈ ਨਤੀਜਾ ਨਹੀਂ ਨਿਕਲ਼ਿਆ।
10 ਸਤੰਬਰ ਨੂੰ ਸੂਰਜ ਡੁੱਬਣ ਤੋਂ ਬਾਅਦ 100 ਤੋਂ ਵੱਧ ਸੱਜੇ-ਪੱਖੀਆਂ ਹਿੰਦੂਆਂ ਦੀ ਭੀੜ ਪਿੰਡ ਵਿੱਚ ਦਾਖ਼ਲ ਹੋ ਗਈ ਅਤੇ ਮੁਸਲਮਾਨਾਂ ਦੀਆਂ ਦੁਕਾਨਾਂ, ਵਾਹਨਾਂ ਅਤੇ ਘਰਾਂ ਨੂੰ ਅੱਗ ਲਾ ਦਿੱਤੀ। ਮੁਸਲਿਮ ਭਾਈਚਾਰੇ ਦੇ ਮੈਂਬਰਾਂ ਦੇ ਅਨੁਮਾਨਾਂ ਅਨੁਸਾਰ 29 ਪਰਿਵਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਕੁੱਲ 30 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਕੁਝ ਹੀ ਮਿੰਟਾਂ ਦੀ ਖੇਡ ਸੀ ਤੇ ਉਨ੍ਹਾਂ ਦੀ ਜ਼ਿੰਦਗੀ ਭਰ ਦੀ ਬੱਚਤ ਸਵਾਹ ਹੋ ਗਈ।
43 ਸਾਲਾ ਅਸ਼ਫਾਕ ਬਾਗਵਾਨ, ਜੋ ਪੂਸੇਸਾਵਲੀ ਵਿੱਚ ਇੱਕ ਈ-ਸੇਵਾ ਕੇਂਦਰ (ਆਮ ਮੁਕੱਦਮੇਦਾਰਾਂ ਦੀਆਂ ਅਦਾਲਤ ਨਾਲ਼ ਸਬੰਧਤ ਸਾਰੀਆਂ ਜ਼ਰੂਰਤਾਂ ਲਈ ਸਿੰਗਲ ਵਿੰਡੋ ਸੈਂਟਰ) ਚਲਾਉਂਦੇ ਹਨ, ਨੇ ਆਪਣਾ ਫ਼ੋਨ ਕੱਢਿਆ ਅਤੇ ਇਸ ਪੱਤਰਕਾਰ ਨੂੰ ਫਰਸ਼ 'ਤੇ ਬੈਠੇ ਇੱਕ ਕਮਜ਼ੋਰ, ਬਜ਼ੁਰਗ ਵਿਅਕਤੀ ਦੀ ਫ਼ੋਟੋ ਦਿਖਾਈ, ਜਿਹਦਾ ਸਿਰ ਲਹੂ ਨਾਲ਼ ਲਥਪਥ ਸੀ। "ਜਦੋਂ ਉਨ੍ਹਾਂ ਨੇ ਮੇਰੀ ਖਿੜਕੀ 'ਤੇ ਪੱਥਰ ਸੁੱਟਿਆ, ਤਾਂ ਸ਼ੀਸ਼ਾ ਟੁੱਟ ਗਿਆ ਤੇ ਮੇਰੇ ਪਿਤਾ ਦੇ ਸਿਰ 'ਤੇ ਵੱਜਾ," ਉਹ ਯਾਦ ਕਰਦੇ ਹਨ। "ਇਹ ਇੱਕ ਡਰਾਉਣਾ ਸੁਪਨਾ ਸੀ। ਜ਼ਖ਼ਮ ਇੰਨਾ ਡੂੰਘਾ ਸੀ ਕਿ ਘਰ ਵਿੱਚ ਇਸ ਦਾ ਇਲਾਜ ਨਹੀਂ ਕੀਤਾ ਜਾ ਸਕਦਾ ਸੀ।''
ਪਰ ਅਸ਼ਫਾਕ ਉਸ ਦਿਨ ਘਰੋਂ ਬਾਹਰ ਨਹੀਂ ਨਿਕਲ਼ ਸਕੇ। ਜੇ ਉਹ ਉਸ ਦਿਨ ਬਾਹਰ ਆਏ ਹੁੰਦੇ ਤਾਂ ਉਨ੍ਹਾਂ ਦਾ ਹਾਲ ਵੀ ਪਿਆਰ ਨਾਲ਼ ਭਰੇ ਉਸ ਪਤੀ ਤੇ ਕ੍ਰਿਕਟ ਪ੍ਰੇਮੀ, ਨੁਰੂਲ ਹਸਨ ਵਰਗਾ ਹੁੰਦਾ।
*****
ਉਸ ਦਿਨ ਜਦੋਂ ਨੁਰੂਲ ਕੰਮ ਤੋਂ ਘਰ ਪਰਤੇ, ਉਦੋਂ ਤੱਕ ਪੂਸੇਸਾਵਲੀ ਵਿੱਚ ਫਿ਼ਰਕੂ ਅੱਗ ਨਹੀਂ ਫੈਲੀ ਸੀ। ਉਸ ਦਿਨ ਦੀ ਫ਼ਿਰਕੂ ਭੀੜ ਤੋਂ ਅਣਜਾਣ, ਨੁਰੂਲ ਨੇ ਆਪਣੇ ਹੱਥ-ਪੈਰ ਧੋਏ ਅਤੇ ਸ਼ਾਮ ਦੀ ਨਮਾਜ਼ ਲਈ ਮਸਜਿਦ ਵੱਲ ਤੁਰ ਪਏ। "ਮੈਂ ਉਨ੍ਹਾਂ ਨੂੰ ਘਰੇ ਹੀ ਨਮਾਜ਼ ਅਦਾ ਕਰਨ ਨੂੰ ਕਿਹਾ ਕਿਉਂਕਿ ਉਸ ਦਿਨ ਘਰ ਮਹਿਮਾਨ ਆਏ ਸਨ," ਆਇਸ਼ਾ ਯਾਦ ਕਰਦੀ ਹਨ। "ਪਰ ਉਹ ਛੇਤੀ ਆਉਣ ਦਾ ਕਹਿ ਕੇ ਮਸਜਿਦ ਚਲੇ ਗਏ।''
ਤਕਰੀਬਨ ਇੱਕ ਘੰਟੇ ਬਾਅਦ, ਨੁਰੂਲ ਨੇ ਆਇਸ਼ਾ ਨੂੰ ਫ਼ੋਨ ਕੀਤਾ ਤੇ ਉਸਨੂੰ ਕਿਸੇ ਵੀ ਸ਼ਰਤ 'ਤੇ ਘਰੋਂ ਬਾਹਰ ਆਉਣ ਤੋਂ ਰੋਕ ਦਿੱਤਾ। ਨੁਰੂਲ ਨੂੰ ਲੈ ਕੇ ਚਿੰਤਤ ਆਇਸ਼ਾ ਨੂੰ ਇਹ ਸੁਣ ਕੇ ਰਾਹਤ ਮਿਲੀ ਕਿ ਉਸ ਦਾ ਪਤੀ ਮਸਜਿਦ ਦੇ ਅੰਦਰ ਹੈ। "ਮੈਨੂੰ ਉਮੀਦ ਨਹੀਂ ਸੀ ਕਿ ਭੀੜ ਕਿਸੇ ਪੂਜਾ ਸਥਾਨ 'ਤੇ ਹਮਲਾ ਕਰੇਗੀ," ਉਹ ਕਹਿੰਦੇ ਹਨ। ''ਮੈਂ ਨਹੀਂ ਸੋਚਿਆ ਸੀ ਕਿ ਗੱਲ ਇੰਨੀ ਅੱਗੇ ਵੱਧ ਜਾਵੇਗੀ। ਮੈਂ ਲੱਗਿਆ ਕਿ ਉਹ ਮਸਜਿਦ ਦੇ ਅੰਦਰ ਸੁਰੱਖਿਅਤ ਹੋਣਗੇ।''
ਪਰ ਇੱਥੇ ਆਇਸ਼ਾ ਗ਼ਲਤ ਸੋਚ ਬੈਠੀ।
ਮੁਸਲਮਾਨਾਂ ਦੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਭੀੜ ਨੇ ਮਸਜਿਦ ਨੂੰ ਘੇਰ ਲਿਆ, ਜਿਸ ਨੂੰ ਅੰਦਰੋਂ ਬੰਦ ਕਰ ਦਿੱਤਾ ਗਿਆ ਸੀ। ਕੁਝ ਨੇ ਬਾਹਰ ਖੜ੍ਹੇ ਵਾਹਨਾਂ ਨੂੰ ਅੱਗ ਲਗਾ ਦਿੱਤੀ ਜਦਕਿ ਕੁਝ ਨੇ ਘੁਸਪੈਠ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਵੀ ਮਸਜਿਦ ਦਾ ਦਰਵਾਜ਼ਾ ਖੜਕਾਇਆ ਜਾਂਦਾ ਸੀ, ਕੁੰਡੇ ਢਿੱਲੇ ਹੁੰਦੇ ਚਲੇ ਗਏ। ਆਖ਼ਰਕਾਰ ਬੂਹਾ ਖੁੱਲ੍ਹ ਗਿਆ।
ਡੰਡਿਆਂ, ਇੱਟਾਂ ਅਤੇ ਟਾਈਲਾਂ ਦੀ ਵਰਤੋਂ ਕਰਦਿਆਂ ਭੀੜ ਨੇ ਸ਼ਾਂਤੀਪੂਰਵਕ ਸ਼ਾਮ ਦੀ ਨਮਾਜ਼ ਅਦਾ ਕਰ ਰਹੇ ਮੁਸਲਮਾਨਾਂ 'ਤੇ ਬੇਰਹਿਮੀ ਨਾਲ਼ ਹਮਲਾ ਕੀਤਾ। ਉਨ੍ਹਾਂ ਵਿੱਚੋਂ ਇੱਕ ਨੇ ਟਾਈਲ ਲੈ ਕੇ ਨੁਰੂਲ 'ਤੇ ਵਾਰ ਕੀਤਾ ਤੇ ਟਾਈਲ ਸਿਰ 'ਤੇ ਤੋੜ ਸੁੱਟੀ। ਜਿਸ ਤੋਂ ਬਾਅਦ ਉਸ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ। ਇਸ ਹਮਲੇ 'ਚ 11 ਹੋਰ ਲੋਕ ਗੰਭੀਰ ਰੂਪ ਨਾਲ਼ ਜ਼ਖਮੀ ਹੋ ਗਏ। ਆਇਸ਼ਾ ਕਹਿੰਦੀ ਹਨ, "ਜਦੋਂ ਤੱਕ ਮੈਂ ਉਸ ਦੀ ਮ੍ਰਿਤਕ ਦੇਹ ਨਹੀਂ ਵੇਖੀ, ਮੈਨੂੰ ਯਕੀਨ ਨਾ ਹੋਇਆ।''
ਦੁੱਖ ਵਿੱਚ ਡੁੱਬੀ ਪਤਨੀ ਨੇ ਕਿਹਾ,''ਮੈਂ ਨੁਰੂਲ ਦੇ ਕਾਤਲਾਂ ਨੂੰ ਜਾਣਦੀ ਹਾਂ। ਉਹ ਉਸ ਨੂੰ ਭਾਈ (ਵੱਡਾ ਭਰਾ) ਕਿਹਾ ਕਰਦੇ। ਮੈਂ ਹੈਰਾਨ ਹਾਂ ਇਹ ਸੋਚ-ਸੋਚ ਕੇ ਕਿ ਉਹਨੂੰ ਇੰਝ ਕੋਹ-ਕੋਹ ਮਾਰਦੇ ਵੇਲ਼ੇ ਉਨ੍ਹਾਂ ਬੰਦਿਆਂ ਨੂੰ ਆਪਣੇ ਉਸ ਭਾਈ ਦਾ ਚੇਤਾ ਨਹੀਂ ਆਇਆ ਹੋਣਾ।"
ਪੂਸੇਸਾਵਲੀ ਦੇ ਮੁਸਲਮਾਨ ਕਈ ਦਿਨਾਂ ਤੋਂ ਪੁਲਿਸ ਨੂੰ ਅਜਿਹੇ ਹਮਲਿਆਂ ਵਿਰੁੱਧ ਇਹਤਿਆਤ ਵਰਤਣ ਦੀ ਬੇਨਤੀ ਕਰ ਰਹੇ ਸਨ। ਇਨ੍ਹਾਂ ਫ਼ਿਰਕੂ ਸਮੂਹਾਂ ਨੂੰ ਇੱਕ ਕਿਲੋਮੀਟਰ ਦੂਰੋਂ ਆਉਂਦੇ ਦੇਖਿਆ ਜਾ ਸਕਦਾ ਸੀ। ਬੱਸ ਸਤਾਰਾ ਪੁਲਿਸ ਨੂੰ ਹੀ ਕੁਝ ਨਹੀਂ ਦਿੱਸਿਆ।
*****
ਮਸਜਿਦ 'ਤੇ ਹੋਏ ਭਿਆਨਕ ਹਮਲੇ ਨੂੰ ਪੰਜ ਮਹੀਨੇ ਹੋ ਗਏ ਹਨ। ਪਰ ਪੂਸੇਸਾਵਲੀ ਅਜੇ ਵੀ ਇੱਕ ਵੰਡਿਆ ਹੋਇਆ ਘਰ ਬਣਿਆ ਹੋਇਆ ਹੈ: ਹਿੰਦੂਆਂ ਅਤੇ ਮੁਸਲਮਾਨਾਂ ਨੇ ਇੱਕ ਦੂਜੇ ਨਾਲ਼ ਮਿਲਣਾ ਬੰਦ ਕਰ ਦਿੱਤਾ ਹੈ ਅਤੇ ਸਾਰੇ ਹੁਣ ਇੱਕ ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ਼ ਦੇਖ ਰਹੇ ਹਨ। ਜਿਹੜੇ ਲੋਕ ਕਦੇ ਇੱਕ ਦੂਜੇ ਦੇ ਘਰਾਂ ਵਿੱਚ ਖਾਣਾ ਖਾਂਦੇ ਸਨ, ਉਹ ਹੁਣ ਇਕਦਮ ਠੰਡੇ ਜਿਹੇ ਹੋ ਕੇ ਬੈਠੇ ਹੋਏ ਹਨ। ਹਿੰਦੂ ਦੇਵੀ-ਦੇਵਤਿਆਂ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ੀ ਪੂਸੇਸਾਵਲੀ ਦੇ ਤਿੰਨ ਮੁਸਲਿਮ ਮੁੰਡੇ ਆਪਣੀ ਜਾਨ ਦੇ ਡਰੋਂ ਪਿੰਡ ਛੱਡ ਕੇ ਚਲੇ ਗਏ ਹਨ। ਉਹ ਹੁਣ ਰਿਸ਼ਤੇਦਾਰਾਂ ਜਾਂ ਦੋਸਤਾਂ ਨਾਲ਼ ਰਹਿੰਦੇ ਹਨ।
"ਭਾਰਤੀ ਕਨੂੰਨ ਮੁਤਾਬਕ ਤੁਹਾਨੂੰ ਦੋਸ਼ੀ ਸਾਬਤ ਹੋਣ ਤੀਕਰ ਨਿਰਦੋਸ਼ ਮੰਨਿਆ ਜਾਂਦਾ ਹੈ," 23 ਸਾਲਾ ਮੁਜ਼ੱਮਿਲ ਬਾਗਵਾਨ ਕਹਿੰਦੇ ਹਨ। "ਪਰ ਜੇ ਤੁਸੀਂ ਮੁਸਲਮਾਨ ਹੋ, ਤਾਂ ਤੁਸੀਂ ਉਦੋਂ ਤੱਕ ਦੋਸ਼ੀ ਰਹੋਗੇ ਜਦੋਂ ਤੱਕ ਤੁਸੀਂ ਨਿਰਦੋਸ਼ ਸਾਬਤ ਨਹੀਂ ਹੁੰਦੇ," ਉਹ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਸਾਡੇ ਨਾਲ਼ ਗੱਲ ਕਰਦੇ ਹੋਏ ਕਹਿੰਦੇ ਹਨ।
10 ਸਤੰਬਰ ਦੀ ਰਾਤ ਨੂੰ, ਮੁਜ਼ੱਮਿਲ ਇੱਕ ਪਰਿਵਾਰਕ ਸਮਾਰੋਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੂਸੇਸਾਵਲੀ ਵਾਪਸ ਆ ਰਹੇ ਸਨ ਜਦੋਂ ਉਹ ਲਗਭਗ 30 ਕਿਲੋਮੀਟਰ ਦੂਰ ਸਨ ਤਾਂ ਕੁਝ ਖਾਣ ਲਈ ਆਪਣੀ ਬਾਈਕ ਰੋਕ ਲਈ। ਖਾਣੇ ਦੀ ਉਡੀਕ ਕਰਦਿਆਂ ਵਟਸਐਪ ਖੋਲ੍ਹਿਆ ਤਾਂ ਦੇਖਿਆ ਕਿ ਉਨ੍ਹਾਂ ਦੀ ਸੰਪਰਕ ਸੂਚੀ ਵਿਚਲੇ ਕੁਝ ਹਿੰਦੂ ਦੋਸਤਾਂ ਨੇ ਆਪਣਾ ਸਟੇਟਸ ਅਪਡੇਟ ਕੀਤਾ ਹੋਇਆ ਸੀ।
ਮੁਜੱਮਿਲ ਨੇ ਜਦੋਂ ਅਪਡੇਟ ਦੇਖਣ ਲਈ ਕਲਿਕ ਕੀਤਾ: ਉਹ ਥਾਵੇਂ ਜੰਮ ਗਏ, ਉਨ੍ਹਾਂ ਨੂੰ ਲੱਗਿਆ ਜਿਵੇਂ ਕਿਸੇ ਨੇ ਪਹਾੜ ਦੇ ਮਾਰਿਆ ਹੋਵੇ। ਉਨ੍ਹਾਂ ਸਾਰਿਆਂ ਨੇ ਸਕ੍ਰੀਨਸ਼ਾਟ ਅਪਲੋਡ ਕੀਤਾ ਸੀ ਜਿਸ ਵਿੱਚ ਮੁਜੱਮਿਲ ਦੀ ਨਿੰਦਾ ਕੀਤੀ ਗਈ ਸੀ ਤੇ ਅਪਸ਼ਬਦਾਂ ਵਾਲ਼ੀ ਉਨ੍ਹਾਂ ਟਿੱਪਣੀ ਦੀ ਵੀ ਸਾਂਝੀ ਕੀਤੀ ਗਈ ਸੀ। ''ਅਜਿਹੇ ਸਮੇਂ ਮੈਂ ਕੁਝ ਵੀ ਪੋਸਟ ਕਰਦਾ ਤਾਂ ਮਾਹੌਲ ਹੋਰ ਵਿਗੜ ਨਾ ਜਾਂਦਾ?'' ਉਹ ਪੁੱਛਦੇ ਹਨ। ''ਇਹ ਹਿੰਸਾ ਨੂੰ ਭੜਕਾਉਣ ਖ਼ਾਤਰ ਫ਼ੋਟੋਸ਼ਾਪ 'ਤੇ ਤਿਆਰ ਕੀਤੀ ਫ਼ੋਟੋ ਹੈ।''
ਮੁਜੱਮਿਲ ਤੁਰੰਤ ਸਥਾਨਕ ਪੁਲਿਸ ਸਟੇਸ਼ਨ ਗਏ ਤੇ ਆਪਣਾ ਫ਼ੋਨ ਪੁਲਿਸ ਹਵਾਲ਼ੇ ਕਰ ਦਿੱਤਾ। ''ਮੈਂ ਉਨ੍ਹਾਂ ਨੂੰ ਇਹਦੀ ਚੰਗੀ ਤਰ੍ਹਾਂ ਜਾਂਚ ਕਰਨ ਨੂੰ ਕਿਹਾ,'' ਉਹ ਕਹਿੰਦੇ ਹਨ।
ਪੁਲਿਸ ਟਿੱਪਣੀਆਂ ਦੀ ਪ੍ਰਮਾਣਿਕਤਾ ਦਾ ਪਤਾ ਨਹੀਂ ਲਗਾ ਸਕੀ ਹੈ ਕਿਉਂਕਿ ਉਹ ਇੰਸਟਾਗ੍ਰਾਮ ਦੀ ਮਲਕੀਅਤ ਵਾਲ਼ੀ ਮੈਟਾ ਕੰਪਨੀ ਦੇ ਜਵਾਬ ਦੀ ਉਡੀਕ ਕਰ ਰਹੀ ਹੈ। ਸਤਾਰਾ ਪੁਲਿਸ ਨੇ ਕਿਹਾ ਕਿ ਜ਼ਰੂਰੀ ਵੇਰਵੇ ਕੰਪਨੀ ਨੂੰ ਭੇਜ ਦਿੱਤੇ ਗਏ ਹਨ, ਜਿਸ ਨੇ ਅਜੇ ਆਪਣੇ ਸਰਵਰ ਦੀ ਕਸਵੱਟੀ 'ਤੇ ਜਾਂਚ ਨਹੀਂ ਕੀਤੀ ਹੈ ਅਤੇ ਜਵਾਬ ਨਹੀਂ ਦਿੱਤਾ ਹੈ।
ਡਿਜੀਟਲ ਐਂਪਾਵਰਮੈਂਟ ਫਾਊਂਡੇਸ਼ਨ ਦੇ ਸੰਸਥਾਪਕ ਓਸਾਮਾ ਮੰਜ਼ਰ ਕਹਿੰਦੇ ਹਨ, "ਇਹ ਹੈਰਾਨੀ ਵਾਲ਼ੀ ਗੱਲ ਨਹੀਂ ਹੈ ਕਿ ਮੈਟਾ ਨੂੰ ਜਵਾਬ ਦੇਣ ਵਿੱਚ ਇੰਨਾ ਸਮਾਂ ਲੱਗ ਗਿਆ ਹੈ। ਇਹ ਉਨ੍ਹਾਂ ਦੀ ਤਰਜੀਹ ਨਹੀਂ ਹੈ ਅਤੇ ਪੁਲਿਸ ਇਸ ਨੂੰ ਹੱਲ ਕਰਨ ਲਈ ਬਹੁਤ ਜ਼ਿਆਦਾ ਉਤਸੁਕ ਵੀ ਨਹੀਂ ਲੱਗਦੀ। ਪ੍ਰਕਿਰਿਆ ਸਜ਼ਾ ਬਣ ਜਾਂਦੀ ਹੈ।"
ਮੁਜ਼ੱਮਿਲ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਘਰ ਨਹੀਂ ਪਰਤੇਗਾ ਜਦੋਂ ਤੱਕ ਉਹ ਨਿਰਦੋਸ਼ ਸਾਬਤ ਨਹੀਂ ਹੋ ਜਾਂਦਾ। ਉਹ ਇਸ ਸਮੇਂ ਪੱਛਮੀ ਮਹਾਰਾਸ਼ਟਰ ਦੇ ਇੱਕ ਹਿੱਸੇ ਵਿਚ 2,500 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ਼ ਕਿਰਾਏ ਦੇ ਅਪਾਰਟਮੈਂਟ ਵਿੱਚ ਰਹਿੰਦੇ ਹਨ। ਉਹ ਹਰ 15 ਦਿਨਾਂ ਬਾਅਦ ਆਪਣੇ ਮਾਪਿਆਂ ਨੂੰ ਮਿਲ਼ਦੇ ਹਨ ਪਰ ਉਨ੍ਹਾਂ ਵਿਚਕਾਰ ਜ਼ਿਆਦਾ ਗੱਲ ਨਹੀਂ ਹੁੰਦੀ। "ਜਦੋਂ ਵੀ ਅਸੀਂ ਮਿਲ਼ਦੇ ਹਾਂ, ਮੇਰੇ ਮਾਪੇ ਭਾਵੁਕ ਹੋ ਜਾਂਦੇ ਹਨ," ਮੁਜ਼ੱਮਿਲ ਕਹਿੰਦੇ ਹਨ। "ਮੈਨੂੰ ਉਨ੍ਹਾਂ ਸਾਹਵੇਂ ਬਹਾਦਰ ਬਣਨਾ ਪੈਂਦਾ ਹੈ।"
ਮੁਜ਼ੱਮਿਲ ਕਰਿਆਨੇ ਦੀ ਇੱਕ ਦੁਕਾਨ 'ਤੇ ਕੰਮ ਕਰਨ ਲੱਗੇ ਹਨ ਜਿੱਥੇ ਉਹ 8,000 ਰੁਪਏ ਪ੍ਰਤੀ ਮਹੀਨਾ ਕਮਾਉਂਦੇ ਹਨ। ਇਸੇ ਕਮਾਈ ਨਾਲ਼ ਹੀ ਉਹ ਆਪਣੇ ਕਿਰਾਏ ਅਤੇ ਖਰਚਿਆਂ ਦੀ ਪੂਰਤੀ ਕਰ ਰਹੇ ਹਨ। ਪੂਸੇਸਾਵਲੀ ਵਿਖੇ ਉਨ੍ਹਾਂ ਦਾ ਸਫ਼ਲ ਆਈਸਕ੍ਰੀਮ ਪਾਰਲਰ ਸੀ। "ਇਹ ਕਿਰਾਏ ਦੀ ਦੁਕਾਨ ਸੀ," ਮੁਜ਼ੱਮਿਲ ਕਹਿੰਦੇ ਹਨ। "ਇਸ ਦੇ ਮਾਲਕ ਹਿੰਦੂ ਸਨ। ਘਟਨਾ ਤੋਂ ਬਾਅਦ ਉਨ੍ਹਾਂ ਨੇ ਮੈਨੂੰ ਬਾਹਰ ਕੱਢ ਦਿੱਤਾ ਅਤੇ ਕਿਹਾ ਕਿ ਉਹ ਮੈਨੂੰ ਉਦੋਂ ਹੀ ਮੁੜ-ਕਿਰਾਏ 'ਤੇ ਦੇਣਗੇ ਜਦੋਂ ਮੈਂ ਬੇਕਸੂਰ ਸਾਬਤ ਹੋਵਾਂਗਾ। ਮੇਰੇ ਮਾਪੇ ਹੁਣ ਰੋਜ਼ੀ-ਰੋਟੀ ਲਈ ਸਬਜ਼ੀਆਂ ਵੇਚ ਰਹੇ ਹਨ। ਪਰ ਪਿੰਡ ਦੇ ਹਿੰਦੂ ਉਨ੍ਹਾਂ ਤੋਂ ਖਰੀਦਣ ਤੋਂ ਇਨਕਾਰ ਕਰਦੇ ਹਨ।''
ਛੋਟੇ ਬੱਚੇ ਵੀ ਇਸ ਧਰੁਵੀਕਰਨ ਤੋਂ ਨਿਰਲੇਪ ਨਹੀਂ ਰਹੇ।
ਇੱਕ ਸ਼ਾਮ, ਅਸ਼ਫਾਕ ਬਾਗਵਾਨ ਦਾ ਨੌਂ ਸਾਲਾ ਬੇਟਾ, ਉਜ਼ਾਰ, ਸਕੂਲ ਤੋਂ ਨਿਰਾਸ਼ ਹੋ ਕੇ ਘਰ ਆਇਆ ਕਿਉਂਕਿ ਹੋਰ ਬੱਚੇ ਉਸ ਨਾਲ਼ ਨਹੀਂ ਖੇਡਦੇ ਸਨ। "ਉਸ ਦੀ ਕਲਾਸ ਦੇ ਹਿੰਦੂ ਬੱਚਿਆਂ ਨੇ ਉਸ ਨੂੰ ਖੇਡ ਵਿੱਚ ਸ਼ਾਮਲ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਦਾ ਕਾਰਨ ਇਹ ਹੈ ਕਿ ਉਹ ' ਲੰਡਿਆ' ਹੈ, ਜੋ ਮੁਸਲਿਮ ਲੋਕਾਂ ਵਿਰੁੱਧ ਵਰਤਿਆ ਜਾਣ ਵਾਲ਼ਾ ਅਪਮਾਨਜਨਕ ਸ਼ਬਦ ਹੈ, ਜੋ ਸੁੰਨਤ ਨੂੰ ਦਰਸਾਉਂਦਾ ਹੈ," ਅਸ਼ਫਾਕ ਮੁਸਲਮਾਨਾਂ ਵਿਰੁੱਧ ਵਰਤੇ ਜਾਂਦੇ ਆਮ ਦੁਰਵਿਵਹਾਰ ਦਾ ਹਵਾਲ਼ਾ ਦਿੰਦੇ ਹੋਏ ਕਹਿੰਦੇ ਹਨ। "ਮੈਂ ਬੱਚਿਆਂ ਨੂੰ ਦੋਸ਼ ਨਹੀਂ ਦਿੰਦਾ। ਉਹ ਉਹੀ ਦੁਹਰਾਉਂਦੇ ਹਨ ਜੋ ਉਨ੍ਹਾਂ ਨੇ ਘਰ ਵਿੱਚ ਸੁਣਿਆ ਹੁੰਦਾ ਹੈ। ਇਹ ਮਾਹੌਲ ਸਾਡੇ ਪਿੰਡ ਵਿੱਚ ਕਦੇ ਨਹੀਂ ਰਿਹਾ।''
ਹਰ ਤਿੰਨ ਸਾਲ ਬਾਅਦ, ਪੂਸੇਸਾਵਲੀ ਇੱਕ ਪਾਠ ਸੈਸ਼ਨ ਦਾ ਆਯੋਜਨ ਕਰਦਾ ਹੈ ਜਿੱਥੇ ਹਿੰਦੂ ਅੱਠ ਦਿਨਾਂ ਲਈ ਗ੍ਰੰਥਾਂ ਦਾ ਪਾਠ ਕਰਦੇ ਹਨ। ਪਿੰਡ 'ਚ ਹਿੰਸਾ ਭੜਕਣ ਤੋਂ ਇੱਕ ਮਹੀਨਾ ਪਹਿਲਾਂ 8 ਅਗਸਤ ਨੂੰ ਸਥਾਨਕ ਮੁਸਲਮਾਨਾਂ ਨੇ ਪ੍ਰੋਗਰਾਮ ਦੇ ਪਹਿਲੇ ਦਿਨ ਪਹਿਲਾ ਖਾਣਾ ਸਪਾਂਸਰ ਕੀਤਾ ਸੀ। 1,200 ਹਿੰਦੂਆਂ ਲਈ 150 ਲੀਟਰ ਦਾ ਸ਼ੀਰ ਕੁਰਮਾ (ਸ਼ਾਲ ਲਈ ਪਯਾਸਾ) ਬਣਾਇਆ ਗਿਆ ਸੀ।
"ਅਸੀਂ ਉਸ ਖਾਣੇ 'ਤੇ 80,000 ਰੁਪਏ ਖਰਚ ਕੀਤੇ," ਸਿਰਾਜ ਕਹਿੰਦੇ ਹਨ। "ਪੂਰਾ ਭਾਈਚਾਰਾ ਇਸ ਵਿੱਚ ਸ਼ਾਮਲ ਸੀ। ਕਿਉਂਕਿ ਇਹ ਸਾਡਾ ਸਭਿਆਚਾਰ ਹੈ। ਜੇ ਮੈਂ ਉਸੇ ਪੈਸੇ ਦੀ ਵਰਤੋਂ ਮਸਜਿਦ ਲਈ ਲੋਹੇ ਦਾ ਗੇਟ ਬਣਾਉਣ ਲਈ ਕੀਤੀ ਹੁੰਦੀ, ਤਾਂ ਸਾਡਾ ਹਰ ਇੱਕ ਵਿਅਕਤੀ ਅੱਜ ਜ਼ਿੰਦਾ ਹੁੰਦਾ।''
*****
ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਇੰਸਪੈਕਟਰ ਦੇਵਕਰ ਅਨੁਸਾਰ 10 ਸਤੰਬਰ ਨੂੰ ਹੋਈ ਹਿੰਸਾ ਦੇ ਸਬੰਧ ਵਿੱਚ 63 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਚਾਰਜਸ਼ੀਟ ਦਾਇਰ ਕੀਤੀ ਗਈ ਹੈ, 34 ਫਰਾਰ ਹਨ ਅਤੇ 59 ਨੂੰ ਪਹਿਲਾਂ ਹੀ ਜ਼ਮਾਨਤ ਮਿਲ਼ ਚੁੱਕੀ ਹੈ।
ਉਨ੍ਹਾਂ ਕਿਹਾ,''ਰਾਹੁਲ ਕਦਮ ਅਤੇ ਨਿਤਿਨ ਵੀਰ ਇਸ ਮਾਮਲੇ ਦੇ ਮੁੱਖ ਦੋਸ਼ੀ ਹਨ। ਉਹ ਦੋਵੇਂ ਹਿੰਦੂ ਏਕਤਾ ਨਾਲ਼ ਕੰਮ ਕਰਦੇ ਹਨ।''
ਪੱਛਮੀ ਮਹਾਰਾਸ਼ਟਰ 'ਚ ਸਰਗਰਮ ਸੱਜੇ ਪੱਖੀ ਸੰਗਠਨ ਹਿੰਦੂ ਏਕਤਾ ਦੇ ਸੀਨੀਅਰ ਨੇਤਾ ਵਿਕਰਮ ਪਾਵਸਕਰ ਮਹਾਰਾਸ਼ਟਰ ਪ੍ਰਦੇਸ਼ ਭਾਜਪਾ ਦੇ ਉਪ ਪ੍ਰਧਾਨ ਵੀ ਹਨ। ਉਹ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦੇ ਕਰੀਬੀ ਦੱਸੇ ਜਾਂਦੇ ਹਨ ਅਤੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ਼ ਤਸਵੀਰਾਂ ਸਾਂਝੀਆਂ ਕੀਤੀਆਂ ਸਨ।
ਸੀਨੀਅਰ ਹਿੰਦੂਤਵ ਨੇਤਾ ਵਿਨਾਇਕ ਪਾਵਸਕਰ ਦੇ ਬੇਟੇ ਵਿਕਰਮ ਦਾ ਨਫ਼ਰਤ ਭਰੇ ਭਾਸ਼ਣ ਦੇਣ ਅਤੇ ਫਿਰਕੂ ਤਣਾਅ ਭੜਕਾਉਣ ਦਾ ਇਤਿਹਾਸ ਰਿਹਾ ਹੈ। ਅਪ੍ਰੈਲ 2023 ਵਿੱਚ, ਉਨ੍ਹਾਂ ਨੇ ਸਤਾਰਾ ਵਿੱਚ "ਗੈਰ-ਕਾਨੂੰਨੀ ਤੌਰ 'ਤੇ ਬਣਾਈ ਗਈ ਮਸਜਿਦ" ਨੂੰ ਢਾਹੁਣ ਲਈ ਇੱਕ ਅੰਦੋਲਨ ਦੀ ਅਗਵਾਈ ਕੀਤੀ।
ਜੂਨ 2023 ਵਿੱਚ, ਇਸਲਾਮਪੁਰ ਵਿੱਚ ਇੱਕ ਰੈਲੀ ਵਿੱਚ, ਪਾਵਸਕਰ ਨੇ 'ਲਵ ਜਿਹਾਦ' ਨਾਲ਼ ਲੜਨ ਲਈ "ਹਿੰਦੂਆਂ ਨੂੰ ਇਕੱਠੇ ਹੋਣ" ਦਾ ਸੱਦਾ ਦਿੱਤਾ, ਜੋ ਹਿੰਦੂ ਸੱਜੇ-ਪੱਖੀਆਂ ਦਾ ਇੱਕ ਅਪ੍ਰਮਾਣਤ ਸਾਜ਼ਿਸ਼ੀ ਸਿਧਾਂਤ ਰਿਹਾ ਹੈ, ਜਿਸ ਰਾਹੀਂ ਮੁਸਲਿਮ ਮਰਦ ਹਿੰਦੂ ਔਰਤਾਂ ਨੂੰ ਆਕਰਸ਼ਿਤ ਕਰਦੇ ਹਨ ਤਾਂ ਜੋ ਉਨ੍ਹਾਂ ਨੂੰ ਵਿਆਹ ਤੋਂ ਬਾਅਦ ਇਸਲਾਮ ਕਬੂਲ ਕਰਨਾ ਪਵੇ। ਦੋਸ਼ ਇਹ ਹੈ ਕਿ ਇਸ ਤਰੀਕੇ ਨਾਲ਼ ਵਿਆਹ ਕਰਕੇ, ਉਹ ਆਬਾਦੀ ਦੇ ਵਾਧੇ ਅਤੇ ਆਖ਼ਰਕਾਰ ਭਾਰਤ ਵਿੱਚ ਦਬਦਬਾ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਸਾਡੀਆਂ ਧੀਆਂ, ਸਾਡੀਆਂ ਭੈਣਾਂ ਨੂੰ ਅਗਵਾ ਕਰ ਲਿਆ ਜਾਂਦਾ ਹੈ ਅਤੇ ਲਵ ਜਿਹਾਦ ਲਈ ਸ਼ਿਕਾਰ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਹਾਦੀ ਔਰਤਾਂ ਅਤੇ ਹਿੰਦੂ ਧਰਮ ਦੀ ਦੌਲਤ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਸਾਨੂੰ ਸਾਰਿਆਂ ਨੂੰ ਉਨ੍ਹਾਂ ਨੂੰ ਸਖ਼ਤ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਮੁਸਲਮਾਨਾਂ ਵਿਰੁੱਧ ਆਰਥਿਕ ਬਾਈਕਾਟ ਦਾ ਸੱਦਾ ਦਿੱਤਾ ਅਤੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਨ ਦਾ ਸੱਦਾ ਦਿੱਤਾ।
ਹਿੰਸਾ ਦੇ ਇਕ ਚਸ਼ਮਦੀਦ ਨੇ ਦੱਸਿਆ ਕਿ ਪਾਵਸਕਰ ਨੇ ਪੂਸੇਸਾਵਲੀ 'ਚ ਹਮਲੇ ਤੋਂ ਕੁਝ ਦਿਨ ਪਹਿਲਾਂ ਇੱਕ ਦੋਸ਼ੀ ਦੇ ਘਰ ਬੈਠਕ ਕੀਤੀ ਸੀ। 100 ਤੋਂ ਵੱਧ ਅਣਪਛਾਤੇ ਲੋਕ ਹਿੰਦੂਤਵ ਸਮੂਹ ਦਾ ਹਿੱਸਾ ਸਨ ਜਿਸ ਨੇ ਪਿੰਡ 'ਤੇ ਹਮਲਾ ਕੀਤਾ ਸੀ। ਉਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਵਿੱਚੋਂ 27 ਪਿੰਡ ਦੇ ਸਨ ਅਤੇ ਉਨ੍ਹਾਂ ਵਿੱਚੋਂ ਕੁਝ ਪਾਵਸਕਰ ਦੁਆਰਾ ਆਯੋਜਿਤ ਮੀਟਿੰਗ ਵਿਚ ਮੌਜੂਦ ਸਨ। ਜਦੋਂ ਭੀੜ ਪਿੰਡ ਦੀ ਮਸਜਿਦ ਵਿੱਚ ਦਾਖ਼ਲ ਹੋਈ, ਤਾਂ ਉਨ੍ਹਾਂ ਵਿੱਚੋਂ ਇੱਕ ਨੇ ਕਿਹਾ, "ਅੱਜ ਰਾਤ ਇੱਕ ਵੀ ਲੰਡਿਆ ਜ਼ਿੰਦਾ ਨਹੀਂ ਛੱਡਣਾ। ਵਿਕਰਮ ਪਾਵਸਕਰ ਸਾਡੀ ਪਿੱਠ ਥਾਪੜ ਰਿਹਾ ਹੈ। ਦਇਆ ਨਾ ਕਰੋ।''
ਹਾਲਾਂਕਿ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਹੈ। ਸਤਾਰਾ ਦੇ ਪੁਲਿਸ ਸੁਪਰਡੈਂਟ ਸਮੀਰ ਸ਼ੇਖ ਨੇ ਇਸ ਵਿਸ਼ੇਸ਼ ਰਿਪੋਰਟ ਬਾਰੇ ਇਸ ਰਿਪੋਰਟਰ ਨਾਲ਼ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਪੱਲਾ ਝਾੜਦਿਆਂ ਕਿਹਾ,''ਜ਼ਰੂਰੀ ਵੇਰਵਾ ਪਬਲਿਕ ਡੋਮੇਨ ਵਿੱਚ ਪਏ ਹਨ।'' ਉਨ੍ਹਾਂ ਨੇ ਜਾਂਚ ਜਾਂ ਪਾਵਸਕਰ ਦੀ ਭੂਮਿਕਾ ਬਾਰੇ ਹੋਰ ਸਵਾਲਾਂ ਦਾ ਜਵਾਬ ਦੇਣ ਤੋਂ ਪਰਹੇਜ਼ ਕੀਤਾ।
ਜਨਵਰੀ 2024 ਦੇ ਆਖ਼ਰੀ ਹਫਤੇ਼ ਵਿੱਚ, ਬੰਬੇ ਹਾਈ ਕੋਰਟ ਨੇ ਪਾਵਸਕਰ ਵਿਰੁੱਧ ਕੋਈ ਕਾਰਵਾਈ ਨਾ ਕਰਨ ਲਈ ਸਤਾਰਾ ਪੁਲਿਸ ਦੀ ਖਿਚਾਈ ਕੀਤੀ।
*****
ਸਤਾਰਾ ਪੁਲਿਸ ਦੀ ਢਿੱਲੀ ਪ੍ਰਤੀਕਿਰਿਆ ਕਈ ਸਵਾਲ ਖੜ੍ਹੇ ਕਰ ਰਹੀ ਹੈ ਕਿ ਕੀ ਆਇਸ਼ਾ ਨੂੰ ਕਦੇ ਇਨਸਾਫ਼ ਮਿਲੇਗਾ, ਕੀ ਨੁਰੂਲ ਦੇ ਕਾਤਲਾਂ ਨੂੰ ਕਦੇ ਸਜ਼ਾ ਮਿਲੇਗੀ ਅਤੇ ਕੀ ਮਾਸਟਰਮਾਈਂਡ ਨੂੰ ਕਦੇ ਸਾਹਮਣੇ ਲਿਆਂਦਾ ਜਾਵੇਗਾ। ਖੁਦ ਇੱਕ ਵਕੀਲ ਹੋਣ ਦੇ ਨਾਤੇ, ਉਸਨੂੰ ਸ਼ੱਕ ਹੈ ਕਿ ਪੁਲਿਸ ਕੇਸ ਨੂੰ ਲੁਕਾਉਣ ਤੇ ਕਿਸੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ।
"ਜ਼ਿਆਦਾਤਰ ਮੁਲਜ਼ਮ ਪਹਿਲਾਂ ਹੀ ਜ਼ਮਾਨਤ 'ਤੇ ਬਾਹਰ ਹਨ ਤੇ ਪਿੰਡ ਵਿੱਚ ਖੁੱਲ੍ਹ ਕੇ ਘੁੰਮ ਰਹੇ ਹਨ," ਉਹ ਕਹਿੰਦੀ ਹਨ। "ਇਹ ਬੇਰਹਿਮ ਮਜ਼ਾਕ ਵਰਗਾ ਹੈ।''
ਉਨ੍ਹਾਂ ਨੇ ਪੂਸੇਸਾਵਲੀ ਰਹਿਣ ਦੀ ਬਜਾਏ ਰਾਜ਼ਾਚੇ ਕੁਰਲੇ ਵਿੱਚ ਆਪਣੇ ਮਾਪਿਆਂ ਨਾਲ਼ ਵਧੇਰੇ ਸਮਾਂ ਬਿਤਾਉਣ ਦਾ ਫੈਸਲਾ ਕੀਤਾ ਹੈ, ਜਿੱਥੇ ਉਹ ਅਸੁਰੱਖਿਅਤ ਮਹਿਸੂਸ ਕਰਦੀ ਹੈ ਅਤੇ ਆਪਣੇ ਪਤੀ ਨੂੰ ਯਾਦ ਕਰਦੀ ਰਹਿੰਦੀ ਹਨ। "ਇਹ ਇਸ ਕਸਬੇ ਤੋਂ ਸਿਰਫ਼ ਚਾਰ ਕਿਲੋਮੀਟਰ ਹੀ ਦੂਰ ਹੈ, ਇਸ ਲਈ ਮੈਂ ਤੁਰ ਕੇ ਦੂਰੀ ਤੈਅ ਕਰ ਸਕਦੀ ਹਾਂ," ਆਇਸ਼ਾ ਕਹਿੰਦੀ ਹਨ। ''ਪਰ ਫਿਲਹਾਲ, ਮੇਰੀ ਤਰਜੀਹ ਆਪਣੀ ਜ਼ਿੰਦਗੀ ਨੂੰ ਮੁੜ ਲੀਹ 'ਤੇ ਲਿਆਉਣਾ ਹੈ।''
ਉਨ੍ਹਾਂ ਨੇ ਆਪਣੇ ਕਾਨੂੰਨੀ ਕੈਰੀਅਰ ਨੂੰ ਦੁਬਾਰਾ ਸ਼ੁਰੂ ਕਰਨ ਬਾਰੇ ਸੋਚਿਆ ਸੀ ਪਰ ਫਿਲਹਾਲ ਸੋਚਣਾ ਬੰਦ ਕਰ ਦਿੱਤਾ ਹੈ ਕਿਉਂਕਿ ਪਿੰਡ ਰਹਿ ਕੇ ਇਹਨੂੰ ਜਾਰੀ ਰੱਖਣਾ ਮੁਸ਼ਕਲ ਹੈ। ਆਇਸ਼ਾ ਕਹਿੰਦੀ ਹਨ, "ਜੇ ਮੈਂ ਸਤਾਰਾ ਸ਼ਹਿਰ ਜਾਂ ਪੁਣੇ ਚਲੀ ਜਾਂਦੀ ਤਾਂ ਮੈਂ ਕਾਨੂੰਨ ਦੀ ਪ੍ਰੈਕਟਿਸ ਕਰ ਸਕਦੀ ਸਾਂ। "ਪਰ ਮੈਂ ਆਪਣੇ ਮਾਪਿਆਂ ਤੋਂ ਦੂਰ ਨਹੀਂ ਰਹਿਣਾ ਚਾਹੁੰਦੀ। ਉਨ੍ਹਾਂ ਨੂੰ ਸਿਹਤ ਸਮੱਸਿਆਵਾਂ ਹਨ, ਮੈਨੂੰ ਉਨ੍ਹਾਂ ਨਾਲ਼ ਹੀ ਰਹਿਣਾ ਪਵੇਗਾ।''
ਆਇਸ਼ਾ ਦੀ ਮਾਂ 50 ਸਾਲਾ ਸ਼ਮਾ ਹਾਈ ਬਲੱਡ ਸ਼ੂਗਰ ਦੀ ਮਰੀਜ਼ ਹਨ ਅਤੇ 70 ਸਾਲਾ ਪਿਤਾ ਹਨੀਫ ਨੂੰ ਦਸੰਬਰ 2023 'ਚ ਦਿਲ ਦਾ ਦੌਰਾ ਪਿਆ ਸੀ। "ਮੈਂ ਆਪਣੇ ਮਾਪਿਆਂ ਦੀ ਇਕਲੌਤੀ ਧੀ ਹਾਂ। ਕੋਈ ਹੋਰ ਭੈਣ-ਭਰਾ ਨਹੀਂ ਹਨ," ਆਇਸ਼ਾ ਕਹਿੰਦੀ ਹਨ। "ਪਰ ਨੁਰੂਲ ਨੇ ਬੇਟੇ ਦੀ ਘਾਟ ਨੂੰ ਭਰ ਦਿੱਤਾ ਸੀ। ਪਰ ਉਹਦੀ ਮੌਤ ਤੋਂ ਬਾਅਦ ਮੇਰੇ ਪਿਤਾ ਸਦਮੇ 'ਚੋਂ ਨਿਕਲ਼ ਹੀ ਨਹੀਂ ਪਾ ਰਹੇ।''
ਹਾਲਾਂਕਿ ਆਇਸ਼ਾ ਨੇ ਆਪਣੇ ਮਾਪਿਆਂ ਨਾਲ਼ ਰਹਿਣ ਅਤੇ ਉਨ੍ਹਾਂ ਦੀ ਦੇਖਭਾਲ਼ ਕਰਨ ਦਾ ਫੈਸਲਾ ਕੀਤਾ ਹੈ, ਪਰ ਕੁਝ ਚੀਜ਼ਾਂ ਹਨ ਜੋ ਕਰਨ ਦੀ ਜ਼ਰੂਰਤ ਹੈ ਜੋ ਉਨ੍ਹਾਂ ਦੀ ਜ਼ਿੰਦਗੀ ਨੂੰ ਅਰਥ ਦੇ ਸਕਦੀਆਂ ਹਨ ਅਤੇ ਜੀਉਣ ਦਾ ਨਵਾਂ ਰਾਹ ਵੀ। ਉਹ ਆਪਣੇ ਪਤੀ ਦੀ ਇੱਛਾ ਪੂਰੀ ਕਰਨ ਦਾ ਟੀਚਾ ਰੱਖਦੀ ਹਨ।
ਘਟਨਾ ਤੋਂ ਸਿਰਫ਼ ਪੰਜ ਮਹੀਨੇ ਪਹਿਲਾਂ, ਨੁਰੂਲ ਅਤੇ ਆਇਸ਼ਾ ਨੇ ਆਪਣੀ ਖੁਦ ਦੀ ਨਿਰਮਾਣ ਕੰਪਨੀ - ਅਸ਼ਨੂਰ ਪ੍ਰਾਈਵੇਟ ਲਿਮਟਿਡ ਸ਼ੁਰੂ ਕੀਤੀ ਸੀ। ਨੁਰੂਲ ਸਿਰ ਬਾਕੀ ਕੰਮ ਸਾਂਭਣ ਦਾ ਭਾਰ ਹੋਣਾ ਸੀ ਤੇ ਆਇਸ਼ਾ ਦੀ ਜ਼ਿੰਮੇਵਾਰੀ ਕਾਨੂੰਨੀ ਮਾਮਲਿਆਂ ਦੀ ਦੇਖਭਾਲ਼ ਕਰਨ ਦੀ ਰਹਿਣੀ ਸੀ।
ਹੁਣ ਉਹ ਨਹੀਂ ਰਹੇ, ਪਰ ਆਇਸ਼ਾ ਕੰਪਨੀ ਨੂੰ ਬੰਦ ਨਹੀਂ ਕਰਨਾ ਚਾਹੁੰਦੀ। "ਮੈਂ ਉਸਾਰੀ ਦੇ ਕੰਮ ਬਾਰੇ ਜ਼ਿਆਦਾ ਨਹੀਂ ਜਾਣਦੀ," ਉਹ ਕਹਿੰਦੀ ਹਨ, "ਮੈਂ ਇਸ ਨੂੰ ਸਿੱਖਾਂਗੀ ਅਤੇ ਕੰਪਨੀ ਦੇ ਕਾਰੋਬਾਰ ਨੂੰ ਅੱਗੇ ਲੈ ਜਾਵਾਂਗੀ। ਇਸ ਸਮੇਂ ਮੈਂ ਕੁਝ ਵਿੱਤੀ ਸੰਕਟ ਵਿੱਚ ਹਾਂ। ਪਰ ਮੈਂ ਹਾਰਾਂਗੀ ਨਹੀਂ। ਮੈਂ ਪੈਸਾ ਇਕੱਠਾ ਕਰਾਂਗੀ ਅਤੇ ਇਸ ਨੂੰ ਅਮਲ ਵਿੱਚ ਲਿਆਵਾਂਗੀ।''
ਉਨ੍ਹਾਂ ਦੇ ਪਤੀ ਦੀ ਦੂਜੀ ਇੱਛਾ ਥੋੜ੍ਹੀ ਘੱਟ ਮੁਸ਼ਕਲ ਸੀ।
ਨੁਰੂਲ ਆਪਣੇ ਬੱਚੇ ਨੂੰ ਕ੍ਰਿਕਟ ਸਿਖਾਉਣਾ ਚਾਹੁੰਦੇ ਸਨ। ਪਰ ਕਿਸੇ ਵੀ ਖੇਡ ਅਕੈਡਮੀ ਤੋਂ ਨਹੀਂ, ਪਰ ਹਾਂ ਜਿੱਥੋਂ ਵਿਰਾਟ ਕੋਹਲੀ ਨੇ ਸਿਖਲਾਈ ਲਈ ਸੀ ਉੱਥੋਂ। ਆਇਸ਼ਾ ਆਪਣੇ ਪਤੀ ਦੇ ਸੁਪਨੇ ਨੂੰ ਸੱਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। "ਮੈਂ ਇਹ ਕਰਾਂਗੀ," ਆਇਸ਼ਾ ਦ੍ਰਿੜਤਾ ਨਾਲ਼ ਕਹਿੰਦੀ ਹਨ।
ਤਰਜਮਾ: ਕਮਲਜੀਤ ਕੌਰ