97 ਸਾਲ ਦੀ ਉਮਰੇ ਵੀ ਲੋਖੀਕਾਂਤੋ ਮਹਾਤੋ ਦੀ ਅਵਾਜ਼ ਸਪੱਸ਼ਟ ਤੇ ਗੂੰਜਵੀ ਹੈ। ਪ੍ਰਭਾਵਸ਼ਾਲੀ ਜੁੱਸੇ ਵਾਲ਼ਾ ਸੁਨੱਖਾ ਵਿਅਕਤੀ ਤੁਹਾਨੂੰ ਥੋੜ੍ਹੇ ਚਿਰ ਲਈ ਹੀ ਸਹੀ ਰਬਿੰਦਰਨਾਥ ਟੈਗੋਰ ਦਾ ਭੁਲੇਖਾ ਪਾ ਦਿੰਦਾ।
ਮਾਰਚ 2022 ਨੂੰ ਜਦੋਂ ਅਸੀਂ ਲੋਖੀ ਨੂੰ ਮਿਲ਼ੇ ਤਾਂ ਉਹ ਪੱਛਮੀ ਬੰਗਾਲ ਦੇ ਪੀੜਾ ਪਿੰਡ ਵਿਖੇ ਖੰਡਰ ਹਾਲਤ ਆਪਣੇ ਇੱਕ ਕਮਰੇ ਵਿੱਚ ਡੱਠੀ ਮੰਜੀ 'ਤੇ ਆਪਣੇ ਅਜੀਜ਼ ਦੋਸਤ, ਠੇਲੂ ਮਹਾਤੋ ਨਾਲ਼ ਬੈਠੇ ਸਨ।
ਓਦੋਂ ਠੇਲੂ 103 ਸਾਲਾਂ ਦੇ ਸਨ। ਸਾਲ 2023 ਵਿੱਚ ਉਨ੍ਹਾਂ ਦੀ ਮੌਤ ਹੁੰਦੀ ਹੈ। ਉਨ੍ਹਾਂ ਨੂੰ ਸਮਝਣ ਲਈ ਪੜ੍ਹੋ: ਉਹ ਖ਼ੂਹ ਜੋ ਠੇਲੂ ਮਹਾਤੋ ਨੇ ਪੁੱਟਿਆ
ਠੇਲੂ ਦਾਦੂ ਇਸ ਪੂਰੇ ਇਲਾਕੇ ਦੇ ਅਖ਼ੀਰਲੇ ਅਜ਼ਾਦੀ ਘੁਲਾਟੀਏ ਸਨ। ਅੱਸੀ ਸਾਲ ਪਹਿਲਾਂ, ਉਨ੍ਹਾਂ ਨੇ ਪੁਰੂਲੀਆ ਦੇ ਪੁਲਿਸ ਸਟੇਸ਼ਨ ਵੱਲ ਮਾਰਚ ਕੀਤਾ। ਇਹ ਗੱਲ ਸਾਲ 1942 ਦੀ ਹੈ ਅਤੇ ਉਨ੍ਹਾਂ ਦੀ ਇਸ ਬਗ਼ਾਵਤ ਨੇ ਭਾਰਤ ਛੱਡੋ ਅੰਦੋਲਨ ਵਿੱਚ ਆਪਣੇ ਹੀ ਤਰ੍ਹਾਂ ਦਾ ਹਿੱਸਾ ਪਾਇਆ।
ਬਗ਼ਾਵਤ ਦੀ ਕਾਰਵਾਈ ਵਾਸਤੇ ਆਗੂਆਂ ਵੱਲੋਂ ਮਿੱਥੀ 17 ਸਾਲ ਦੀ ਉਮਰ ਤੋਂ ਰਤਾ ਕੁ ਘੱਟ ਉਮਰ ਦੇ ਹੋਣ ਕਾਰਨ ਲੋਖੀ ਪੁਲਿਸ ਸਟੇਸ਼ਨ ਦੇ ਘੇਰਾਓ ਵਿੱਚ ਸ਼ਾਮਲ ਨਾ ਹੋ ਸਕੇ।
ਅਜ਼ਾਦੀ ਘੁਲਾਟੀਆਂ ਨੂੰ ਲੈ ਕੇ ਜੋ ਘਸੀ-ਪਿਟੀ ਧਾਰਨਾ ਪ੍ਰਚਲਿਤ ਹੈ ਉਸ ਧਾਰਨਾ ਦੇ ਨੇੜੇ ਨਾ ਤਾਂ ਠੇਲੂ ਤੇ ਨਾ ਹੀ ਲੇਖੀ ਢੁੱਕਦੇ ਹਨ। ਉਹ ਧਾਰਨਾ ਜੋ ਖ਼ਾਸ ਕਰਕੇ ਰਾਜ ਤੇ ਕੁਲੀਨ ਸਮਾਜ ਵੱਲੋਂ ਘੜ੍ਹੀ ਗਈ ਸੀ। ਨਾ ਹੀ ਉਹ ਦੋਵੇਂ ਲਕੀਰ ਦੇ ਫ਼ਕੀਰ ਹੀ ਸਨ ਜਿਨ੍ਹਾਂ ਨੇ ਪ੍ਰਦਰਸ਼ਨਾਂ ਵਿੱਚ ਸਿਰਫ਼ ਗਿਣਤੀ ਵਧਾਉਣ ਦਾ ਕੰਮ ਕੀਤਾ ਹੋਵੇ। ਉਹ ਦੋਵੇਂ ਹੀ ਆਪੋ-ਆਪਣੇ ਵਿਸ਼ਿਆਂ: ਠੇਲੂ ਖੇਤੀ ਤੇ ਇਲਾਕੇ ਦੇ ਇਤਿਹਾਸ ਅਤੇ ਲੋਖੀ ਸੰਗੀਤ ਤੇ ਸੱਭਿਆਚਾਰ 'ਤੇ ਮਾਹਰਾਂ ਵਾਂਗਰ ਬਾਖ਼ੂਬੀ ਗੱਲ ਰੱਖਦੇ।


