“ਮੈਂ ਹਰ ਚੀਜ਼ ਨੂੰ ਠੀਕ ਕਰਨ ਦਾ ਢੰਗ ਲੱਭਣ ਦੀ ਕੋਸ਼ਿਸ਼ ਕਰਦਾ ਹਾਂ।”
ਸੁਨੀਲ ਕੁਮਾਰ ਇੱਕ ਠਠੇਰਾ (ਧਾਤ ਦੇ ਬਰਤਨ ਬਣਾਉਣ ਵਾਲ਼ਾ) ਹੈ। “ਲੋਕ ਸਾਡੇ ਕੋਲ ਉਹ ਚੀਜ਼ਾਂ ਲੈ ਕੇ ਆਉਂਦੇ ਹਨ, ਜੋ ਹੋਰਾਂ ਤੋਂ ਰਿਪੇਅਰ ਨਹੀਂ ਹੁੰਦੀਆਂ। ਕਈ ਵਾਰ ਤਾਂ ਮਕੈਨਿਕ ਆਪਣੇ ਔਜ਼ਾਰ ਵੀ ਲੈ ਆਉਂਦੇ ਹਨ।”
ਉਹ ਅਜਿਹੇ ਲੋਕਾਂ ਦੀ ਪੀੜ੍ਹੀ ਤੋਂ ਆਉਂਦਾ ਹੈ ਜੋ ਤਾਂਬਾ, ਕਾਂਸੀ ਅਤੇ ਪਿੱਤਲ ਤੋਂ ਘਰਾਂ ਅਤੇ ਰਸੋਈ ਵਿੱਚ ਵਰਤੇ ਜਾਣ ਵਾਲ਼ੇ ਕਈ ਤਰ੍ਹਾਂ ਦੇ ਧਾਤ ਦੇ ਬਰਤਨ ਬਣਾਉਂਦੇ ਆ ਰਹੇ ਹਨ। “ਕੋਈ ਵੀ ਆਪਣੇ ਹੱਥ ਗੰਦੇ ਨਹੀਂ ਕਰਨਾ ਚਾਹੁੰਦਾ,” 25 ਸਾਲ ਤੋਂ ਠਠੇਰੇ ਦਾ ਕੰਮ ਕਰ ਰਹੇ 40 ਸਾਲਾ ਸੁਨੀਲ ਨੇ ਕਿਹਾ। “ਮੈਂ ਪੂਰਾ ਦਿਨ ਤੇਜ਼ਾਬ, ਕੋਲੇ ਅਤੇ ਸੇਕ ਨਾਲ਼ ਕੰਮ ਕਰਦਾ ਹਾਂ। ਮੈਂ ਇਹ ਕੰਮ ਇਸ ਲਈ ਕਰਦਾ ਹਾਂ ਕਿਉਂਕਿ ਇਹ ਮੇਰਾ ਸ਼ੌਕ ਹੈ।”
ਠਠੇਰਾ (ਜਾਂ ਠਠਿਆਰ) ਪੰਜਾਬ ਵਿੱਚ ਪਛੜੀਆਂ ਜਾਤੀਆਂ ਵਿੱਚ ਆਉਂਦੇ ਹਨ ਅਤੇ ਉਹਨਾਂ ਦਾ ਰਵਾਇਤੀ ਕੰਮ ਧਾਤ ਨੂੰ ਹੱਥੀਂ ਵਰਤੇ ਜਾਣ ਵਾਲ਼ੇ ਔਜ਼ਾਰਾਂ ਨਾਲ਼ ਵੱਖੋ-ਵੱਖਰੇ ਰੂਪ ਜਿਹਨਾਂ ਵਿੱਚ ਮਜ਼ਬੂਤ ਕੁੰਡੇ ਅਤੇ ਤਾਲੇ ਸ਼ਾਮਲ ਹਨ, ਦੇਣਾ ਰਿਹਾ ਹੈ। ਆਪਣੇ 67 ਸਾਲਾ ਪਿਤਾ ਕੇਵਲ ਕ੍ਰਿਸ਼ਨ ਨਾਲ਼ ਉਹ ਰਿਪੇਅਰ ਵਿੱਚ ਵਰਤਿਆ ਜਾਂਦਾ ਸਕਰੈਪ ਦਾ ਮਾਲ ਖਰੀਦਦਾ ਹੈ।
ਪਿਛਲੇ ਕੁਝ ਦਹਾਕਿਆਂ ਵਿੱਚ ਲੋਹ-ਧਾਤਾਂ ਜਿਵੇਂ ਕਿ ਸਟੀਲ ਦੀ ਵਧਦੀ ਮਕਬੂਲੀਅਤ ਨੇ ਹੱਥੀਂ ਬਣਾਏ ਜਾਂਦੇ ਬਰਤਨਾਂ ਦਾ ਕੰਮ ਘਟਾ ਦਿੱਤਾ ਹੈ। ਅੱਜ ਦੇ ਸਮੇਂ, ਰਸੋਈ ਵਿੱਚ ਵਰਤਿਆ ਜਾਂਦਾ ਜ਼ਿਆਦਾਤਰ ਸਮਾਨ ਸਟੀਲ ਦਾ ਬਣਿਆ ਹੁੰਦਾ ਹੈ ਅਤੇ ਜ਼ਿਆਦਾ ਮਜ਼ਬੂਤ, ਪਰ ਮਹਿੰਗੇ ਪਿੱਤਲ ਤੇ ਤਾਂਬੇ ਦੀ ਮੰਗ ਬਹੁਤ ਜ਼ਿਆਦਾ ਘਟ ਗਈ ਹੈ।




















