''ਇਹੀ ਸਕੂਲ ਹੈ,'' ਅਤੁਲ ਭੋਸਲੇ ਆਪਣੀ ਉਂਗਲ ਨਾਲ਼ ਮਹਾਰਾਸ਼ਟਰ ਦੇ ਗੁੰਡੇਗਾਓਂ ਦੇ ਕੰਢੇ ਬੰਜਰ ਪਏ ਖੇਤਾਂ ਦੇ ਐਨ ਵਿਚਕਾਰ ਖੜ੍ਹੇ ਛੋਟੇ ਜਿਹੇ, ਦੋ ਕਮਰਿਆਂ ਦੇ ਪੱਕੇ ਢਾਂਚੇ ਵੱਲ ਇਸ਼ਾਰਾ ਕਰਦੇ ਹਨ। ਪਿੰਡ ਵੱਲ ਪੈਰ ਪੁੱਟਦਿਆਂ ਇਹ ਢਾਂਚਾ ਜ਼ਰੂਰ ਹੀ ਨਜ਼ਰੀਂ ਪੈਂਦਾ ਹੈ, ਬਿਲਕੁਲ ਉਦੋਂ ਜਦੋਂ ਤੁਸੀਂ ਚਿੱਕੜ ਭਰੀ ਪਗਡੰਡੀ 'ਤੇ ਸਾਵਧਾਨੀ ਨਾਲ਼ ਤੁਰਦਿਆਂ ਅੱਗੇ ਵੱਧਦੇ ਹੋ, ਪਗਡੰਡੀ ਜੋ ਅਖੀਰ ਵਿੱਚ ਕਰੀਬ ਇੱਕ ਕਿਲੋਮੀਟਰ ਦੂਰ ਪੈਂਦੀ ਛੋਟੀ ਜਿਹੀ ਪਾਰਧੀ ਬਸਤੀ ਵੱਲ ਲੈ ਜਾਂਦੀ ਹੈ।
ਨੀਲੀਆਂ ਖਿੜਕੀਆਂ, ਰੰਗੀਨ ਕਾਰਟੂਨ ਚਿੱਤਰਾਂ ਅਤੇ ਕੰਧਾਂ 'ਤੇ ਬਣੇ ਭਾਰਤੀ ਅਜ਼ਾਦੀ ਘੁਲਾਟੀਆਂ ਦੇ ਰੰਗੀਨ ਚਿਹਰਿਆਂ ਦੀਆਂ ਪੇਂਟਿੰਗਾਂ ਵਾਲ਼ਾ ਹਲਕਾ-ਪੀਲਾ ਕੰਕਰੀਟ ਢਾਂਚਾ ਤੁਹਾਡਾ ਧਿਆਨ ਖਿੱਚੇਗਾ। ਇਹ ਇੱਥੋਂ ਦੀ ਬਸਤੀ ਦੇ 20 ਪਾਰਧੀ ਮਕਾਨਾਂ, ਤਰਪਾਲ ਨਾਲ਼ ਢੱਕੀਆਂ ਛੱਤਾਂ ਵਾਲ਼ੀਆਂ ਆਰਜ਼ੀ ਝੌਂਪੜੀਆਂ ਅਤੇ ਕੱਚੇ ਮਕਾਨਾਂ ਦੇ ਉਲਟ ਅਲੋਕਾਰੀ ਜਿਹਾ ਢਾਂਚਾ ਜਾਪਦਾ ਹੈ।
"ਅਤਾ ਅਮਚਿਆਕੜੇ ਵਿਕਾਸ ਮਹਾਂਜੇ ਨੀ ਸ਼ਾਲਾਚ ਆਹੇ। ਵਿਕਾਸਚੀ ਨਿਸ਼ਾਨੀ (ਇਹ ਸਕੂਲ ਹੀ ਹੈ ਜਿਹਨੂੰ ਦੇਖ ਕੇ ਵਿਕਾਸ ਹੋਏ ਹੋਣ ਦਾ ਭਰਮ ਹੁੰਦਾ ਹੈ),'' ਪੌਤਕਾਵਾਸਤੀ ਬਾਰੇ ਗੱਲ ਕਰਦਿਆਂ 46 ਸਾਲਾ ਅਤੁਲ ਭੌਸਲੇ ਕਹਿੰਦੇ ਹਨ, ਅਹਿਮਦਨਗਰ ਜ਼ਿਲ੍ਹੇ ਦੀ ਨਗਰ ਤਾਲੁਕਾ ਵਿਖੇ ਪੈਂਦੀ ਉਨ੍ਹਾਂ ਦੀ ਬਸਤੀ ਦਾ ਨਾਮ ਵੀ ਇਹੀ ਹੈ।
"ਦੂਸਰਾ ਕੈ ਨਈ। ਵਸਿਤ ਯੈਲਾ ਰਸਤਾ ਨਈ, ਪਾਣੀ ਨਈ, ਲਾਈਟ ਨਾਈ ਕੈ, ਪੱਕੀ ਘਰ ਨਾਈ [ਇੱਥੇ ਕੁਝ ਵੀ ਨਹੀਂ, ਨਾ ਸੜਕਾਂ, ਨਾ ਪਾਣੀ, ਨਾ ਬਿਜਲੀ, ਨਾ ਹੀ ਪੱਕੇ ਮਕਾਨ]। ਸਕੂਲ ਨੇੜੇ ਹੀ ਹੈ, ਸੋ ਸਾਡੇ ਬੱਚੇ ਘੱਟੋ ਘੱਟ ਪੜ੍ਹਨਾ-ਲਿਖਣਾ ਤਾਂ ਸਿੱਖ ਲੈਣਗੇ," ਉਹ ਕਹਿੰਦੇ ਹਨ। ਅਤੁਲ ਨੂੰ ਇਸ ਛੋਟੀ ਜਿਹੀ ਇਮਾਰਤ 'ਤੇ ਮਾਣ ਹੈ। ਇਹੀ ਉਹ ਜਗ੍ਹਾ ਹੈ ਜਿੱਥੇ ਉਨ੍ਹਾਂ ਦੇ ਬੱਚੇ ਸਾਹਿਲ ਅਤੇ ਸ਼ਬਨਮ 16 ਹੋਰ ਵਿਦਿਆਰਥੀਆਂ ਨਾਲ਼ ਪੜ੍ਹਦੇ ਹਨ - ਸੱਤ ਲੜਕੀਆਂ ਅਤੇ ਨੌਂ ਮੁੰਡੇ।
ਹੁਣ ਰਾਜ ਸਰਕਾਰ ਦੀ ਯੋਜਨਾ ਦੀ ਗੱਲ਼ ਕਰੀਏ ਤਾਂ ਉਹ ਇਸ ਸਕੂਲ ਨੂੰ ਤਬਦੀਲ ਕਰਕੇ ਕਿਸੇ ਹੋਰ ਸਕੂਲ ਵਿੱਚ ਰਲ਼ਾਉਣਾ ਚਾਹੁੰਦੀ ਹੈ। ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲ਼ੇ ਇਸ ਭਾਈਚਾਰੇ ਲਈ ਇਹ ਖ਼ਬਰ ਕਿਸੇ ਸਦਮੇ ਤੋਂ ਘੱਟ ਨਹੀਂ। ਪਾਰਧੀ ਭਾਈਚਾਰਾ, ਇੱਕ ਖ਼ਾਨਾਬਦੀ ਸਮੂਹ ਅਤੇ ਇੱਕ ਡਿਨੋਟੀਫਾਈਡ ਕਬੀਲਾ, ਮਹਾਰਾਸ਼ਟਰ ਵਿੱਚ ਅਨੁਸੂਚਿਤ ਜਨਜਾਤੀ ਸ਼੍ਰੇਣੀ ਵਜੋਂ ਸੂਚੀਬੱਧ ਹੈ।
ਇਹ ਕਬੀਲਾ ਡੇਢ ਸਦੀ ਤੋਂ ਵੱਧ ਸਮੇਂ ਤੋਂ ਹੱਦੋ-ਵੱਧ ਹੁੰਦੇ ਭੇਦਭਾਵ ਅਤੇ ਕਿੱਲਤਾਂ ਦਾ ਸ਼ਿਕਾਰ ਹੁੰਦਾ ਆਇਆ ਹੈ। 1871 ਵਿੱਚ, ਬ੍ਰਿਟਿਸ਼ ਪ੍ਰਸ਼ਾਸਨ ਨੇ ਲਗਭਗ 200 ਆਦਿਵਾਸੀ ਸਮੂਹਾਂ ਅਤੇ ਹੋਰ ਜਾਤੀਆਂ ਨੂੰ ਦਬਾਉਣ ਦੇ ਉਦੇਸ਼ ਨਾਲ਼ 'ਅਪਰਾਧਿਕ ਕਬੀਲੇ ਐਕਟ' (ਸੀਟੀਏ) ਲਾਗੂ ਕੀਤਾ। ਪਾਰਧੀ ਭਾਈਚਾਰੇ ਨੂੰ ਵੀ ਇਸ ਦੇ ਤਹਿਤ ਸੂਚੀਬੱਧ ਕੀਤਾ ਗਿਆ। ਇਸ ਐਕਟ ਦਾ ਮੂਲ ਵਿਚਾਰ ਇਹ ਹੈ ਕਿ ਜੇ ਤੁਸੀਂ ਇਸ ਸੂਚੀ ਦੇ ਕਿਸੇ ਵੀ ਸਮੂਹ ਵਿੱਚ ਪੈਦਾ ਹੋਏ ਹੋ, ਤਾਂ ਤੁਸੀਂ ਜਨਮ ਤੋਂ ਅਪਰਾਧੀ ਹੋ। ਸੁਤੰਤਰ ਭਾਰਤ ਵਿੱਚ, ਸੀਟੀਏ ਐਕਟ ਨੂੰ 1952 ਵਿੱਚ ਰੱਦ ਕਰ ਦਿੱਤਾ ਗਿਆ ਸੀ, ਜਿਸ ਨਾਲ਼ ਪੀੜਤ ਭਾਈਚਾਰਿਆਂ ਨੂੰ ਡੀਨੋਟੀਫਾਈ ਤਾਂ ਕਰ ਦਿੱਤਾ ਗਿਆ ਪਰ ਉਹ ਪੁਰਾਣਾ ਕਲੰਕ ਅੱਜ ਵੀ ਜਿਓਂ ਦਾ ਤਿਓਂ ਬਣਿਆ ਹੋਇਆ ਹੈ। ਪਾਰਧੀਆਂ ਨੂੰ ਨਿਯਮਤ ਰੁਜ਼ਗਾਰ ਨਹੀਂ ਮਿਲ਼ਦਾ। ਉਨ੍ਹਾਂ ਦੇ ਬੱਚੇ ਜੋ ਆਮ ਸਕੂਲਾਂ ਵਿੱਚ ਜਾਣ ਦੀ ਕੋਸ਼ਿਸ਼ ਕਰਦੇ ਹਨ, ਉਨ੍ਹਾਂ ਨੂੰ ਡਰਾਇਆ ਜਾਂਦਾ ਹੈ ਅਤੇ ਕਈ ਵਾਰ ਕੁੱਟਿਆ ਤੱਕ ਜਾਂਦਾ ਹੈ।
















