ਮੱਧ ਭਾਰਤ ਦੇ ਖਰਗੌਨ ਸ਼ਹਿਰ ਵਿੱਚ ਅਪ੍ਰੈਲ ਦੇ ਮਹੀਨੇ ਗਰਮੀ ਦਾ ਇੱਕ ਦਿਨ ਹੈ। ਮੱਧ ਪ੍ਰਦੇਸ਼ ਦੇ ਇਸ ਸ਼ਹਿਰ ਦੇ ਭੀੜ-ਭੜੱਕੇ ਵਾਲ਼ੇ ਅਤੇ ਵਿਅਸਤ ਚਾਂਦਨੀ ਚੌਕ ਇਲਾਕੇ 'ਚ ਬੁਲਡੋਜ਼ਰਾਂ ਦੀ ਗੜਗੜ ਨੇ ਲੋਕਾਂ ਦੀ ਸਵੇਰ ਨੂੰ ਅਸ਼ਾਂਤ ਕਰ ਦਿੱਤਾ। ਲੋਕ ਘਬਰਾ ਕੇ ਆਪਣੇ ਘਰਾਂ ਅਤੇ ਦੁਕਾਨਾਂ ਤੋਂ ਬਾਹਰ ਆ ਜਾਂਦੇ ਹਨ।
ਵਸੀਮ ਅਹਿਮਦ (35) ਨੇ ਦੇਖਿਆ ਕਿ ਕੁਝ ਹੀ ਮਿੰਟਾਂ ਵਿਚ ਬੁਲਡੋਜ਼ਰ ਦੇ ਭਾਰੀ ਸਟੀਲ ਬਲੇਡ ਨੇ ਉਨ੍ਹਾਂ ਦੀ ਦੁਕਾਨ ਨੂੰ ਮਲ਼ਬੇ ਵਿੱਚ ਤਬਦੀਲ ਕਰਕੇ ਰੱਖ ਦਿੱਤਾ ਹੈ, ਇਹ ਸਭ ਅੱਖ ਦੇ ਫਰੱਕੇ ਨਾਲ਼ ਹੋਇਆ ਤੇ ਉਹ ਇੰਨੇ ਡਰ ਗਏ ਕਿ ਥਾਏਂ ਹੀ ਪੱਥਰ ਹੋ ਗਏ। "ਮੈਂ ਆਪਣੀ ਸਾਰੀ ਜਮ੍ਹਾਂ ਪੂੰਜੀ ਆਪਣੀ ਕਰਿਆਨੇ ਦੀ ਦੁਕਾਨ ਵਿੱਚ ਪਾ ਦਿੱਤੀ," ਉਹ ਕਹਿੰਦੇ ਹਨ।
ਸੂਬਾ ਸਰਕਾਰ ਦੇ ਆਦੇਸ਼ਾਂ 'ਤੇ ਇਨ੍ਹਾਂ ਬੁਲਡੋਜ਼ਰਾਂ ਨੇ 11 ਅਪ੍ਰੈਲ 2022 ਨੂੰ ਖਰਗੌਨ ਦੇ ਮੁਸਲਿਮ ਬਹੁਗਿਣਤੀ ਇਲਾਕੇ 'ਚ ਸਿਰਫ਼ ਉਨ੍ਹਾਂ ਦੀ ਛੋਟੀ ਜਿਹੀ ਦੁਕਾਨ ਹੀ ਨਹੀਂ, ਸਗੋਂ 50 ਹੋਰ ਦੁਕਾਨਾਂ ਅਤੇ ਮਕਾਨਾਂ ਨੂੰ ਵੀ ਢਾਹ ਦਿੱਤਾ। ਨਿੱਜੀ ਜਾਇਦਾਦ ਨੂੰ ਨੁਕਸਾਨ ਸੂਬਾ ਸਰਕਾਰ ਦੀ ਜਵਾਬੀ ਨਿਆਂ ਦੀ ਭਾਵਨਾ ਕਾਰਨ ਹੋਇਆ ਹੈ, ਜੋ ਰਾਮ ਨੌਮੀ ਦੇ ਤਿਉਹਾਰ ਦੌਰਾਨ ਪੱਥਰ ਸੁੱਟਣ ਵਾਲ਼ੇ ''ਦੰਗਾਕਾਰੀਆਂ'' ਨੂੰ ਸਜ਼ਾ ਦੇਣਾ ਚਾਹੁੰਦੀ ਸੀ।
ਪਰ ਵਸੀਮ ਨੂੰ ਪੱਥਰਬਾਜ਼ ਸਾਬਤ ਕਰਨਾ ਬਹੁਤ ਮੁਸ਼ਕਲ ਹੈ। ਉਹ ਦੋਵਾਂ ਹੱਥਾਂ ਤੋਂ ਆਰੀ ਹਨ ਅਤੇ ਬਿਨਾਂ ਕਿਸੇ ਦੀ ਮਦਦ ਤੋਂ ਚਾਹ ਵੀ ਨਹੀਂ ਪੀ ਸਕਦੇ, ਪੱਥਰ ਚੁੱਕਣਾ ਅਤੇ ਸੁੱਟਣਾ ਤਾਂ ਦੂਰ ਦੀ ਗੱਲ ਰਹੀ।
ਵਸੀਮ ਕਹਿੰਦੇ ਹਨ, "ਉਸ ਦਿਨ ਦੀ ਘਟਨਾ ਨਾਲ਼ ਮੇਰਾ ਕੋਈ ਵਾਹ-ਵਾਸਤਾ ਨਹੀਂ।
2005 ਤੋਂ ਪਹਿਲਾਂ ਉਹ ਇੱਕ ਚਿੱਤਰਕਾਰ ਸਨ, ਫਿਰ ਉਹ ਹਾਦਸਾ ਹੋਇਆ ਤੇ ਉਨ੍ਹਾਂ ਦੇ ਦੋਵੇਂ ਹੱਥ ਨਕਾਰਾ ਹੋ ਗਏ। "ਇੱਕ ਦਿਨ, ਮੈਨੂੰ ਕੰਮ ਦੌਰਾਨ ਕਰੰਟ ਲੱਗ ਗਿਆ ਅਤੇ ਡਾਕਟਰ ਨੂੰ ਮੇਰੇ ਦੋਵੇਂ ਹੱਥ ਕੱਟਣੇ ਪਏ। ਅਜਿਹੇ ਮੁਸ਼ਕਲ ਹਾਲਾਤਾਂ ਵਿੱਚ ਵੀ, ਮੈਂ (ਇਸ ਦੁਕਾਨ ਦੀ ਮਦਦ ਨਾਲ਼) ਆਪਣੇ ਆਪ ਨੂੰ ਦੁਬਾਰਾ ਜੀਊਣਾ ਸਿਖਾਇਆ," ਉਨ੍ਹਾਂ ਨੇ ਮਾਣ ਨਾਲ਼ ਕਿਹਾ, ਉਨ੍ਹਾਂ ਨੇ ਨਿਰਾਸ਼ਾ ਵਿੱਚ ਸਮਾਂ ਬਰਬਾਦ ਨਾ ਕੀਤਾ ਸਗੋਂ ਰਾਹ ਲੱਭਣ ਵਿੱਚ ਸਮਾਂ ਬਿਤਾਇਆ।
ਵਸੀਮ ਦੀ ਦੁਕਾਨ ਵਿੱਚ, ਗਾਹਕ ਆਉਂਦੇ ਤੇ ਲੋੜੀਂਦਾ ਸਮਾਨ ਮੰਗਦੇ- ਕਰਿਆਨਾ, ਸਟੇਸ਼ਨਰੀ ਆਦਿ - ਅਤੇ ਆਪਣੇ-ਆਪ ਹੀ ਸਮਾਨ ਲੈ ਜਾਂਦੇ ਸਨ। "ਉਹ ਮੇਰੀ ਜੇਬ ਵਿੱਚ ਜਾਂ ਦੁਕਾਨ ਦੇ ਦਰਾਜ ਵਿੱਚ ਪੈਸੇ ਪਾਉਂਦੇ ਅਤੇ ਚਲੇ ਜਾਂਦੇ ਸਨ। ਪਿਛਲੇ 15 ਸਾਲਾਂ ਤੋਂ ਇਹੀ ਦੁਕਾਨ ਹੀ ਮੇਰੀ ਰੋਜ਼ੀ-ਰੋਟੀ ਦਾ ਸਾਧਨ ਰਹੀ ਸੀ।''
ਮੁਹੰਮਦ ਰਫ਼ੀਕ (73) ਨੂੰ ਉਸ ਦਿਨ 25 ਲੱਖ ਰੁਪਏ ਦਾ ਨੁਕਸਾਨ ਝੱਲਣਾ ਪਿਆ। ਖਰਗੌਨ ਦੇ ਚਾਂਦਨੀ ਚੌਕ ਇਲਾਕੇ ਵਿਖੇ ਉਨ੍ਹਾਂ ਦੀਆਂ ਚਾਰ ਦੁਕਾਨਾਂ ਸਨ, ਜਿਨ੍ਹਾਂ ਵਿੱਚੋਂ ਤਿੰਨ ਨੂੰ ਢਾਹ ਦਿੱਤਾ ਗਿਆ। ਰਫ਼ੀਕ ਦੱਸਦੇ ਹਨ,''ਮੈਂ ਉਨ੍ਹਾਂ ਦੇ ਪੈਰੀਂ ਪਿਆ, ਉਨ੍ਹਾਂ ਕੋਲ਼ ਵਿਲਕਿਆ, ਪਰ ਉਨ੍ਹਾਂ (ਨਗਰਨਿਗਮ ਅਧਿਕਾਰੀ) ਨੇ ਸਾਨੂੰ ਇੱਕ ਕਾਗ਼ਜ਼ ਤੱਕ ਨਾ ਦਿਖਾਇਆ। ਮੇਰੀ ਦੁਕਾਨ ਕਨੂੰਨੀ ਰੂਪ ਵਿੱਚ ਸਹੀ ਸੀ। ਪਰ ਉਨ੍ਹਾਂ ਨੂੰ ਕੋਈ ਫ਼ਰਕ ਹੀ ਕਿੱਥੇ ਪੈਂਦਾ ਹੈ।''
ਸੂਬਾ ਸਰਕਾਰ ਦੀਆਂ ਨਜ਼ਰਾਂ ਵਿਚ ਦੰਗਿਆਂ ਦੌਰਾਨ ਹੋਏ ਨੁਕਸਾਨ ਦੀ ਪੂਰਤੀ ਲਈ ਸਟੇਸ਼ਨਰੀ, ਚਿਪਸ, ਸਿਗਰਟ, ਕੈਂਡੀ, ਕੋਲ਼ਡ ਡਰਿੰਕ ਆਦਿ ਵੇਚਣ ਵਾਲੀਆਂ ਹੋਰ ਦੁਕਾਨਾਂ ਤੋਂ ਇਲਾਵਾ ਵਸੀਮ ਤੇ ਰਫ਼ੀਕ ਦੀਆਂ ਦੁਕਾਨਾਂ ਨੂੰ ਤਬਾਹ ਕਰਨਾ ਇੱਕ ਨਿਆਸੰਗਤ ਕਾਰਵਾਈ ਸੀ। ਬਾਅਦ 'ਚ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਹਾ ਕਿ ਢਾਹੇ ਗਏ ਢਾਂਚੇ ''ਗੈਰ-ਕਾਨੂੰਨੀ'' ਸਨ। ਪਰ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਪੱਤਰਕਾਰਾਂ ਨੂੰ ਕਿਹਾ ਸੀ, "ਜਿਨ੍ਹਾਂ ਘਰਾਂ ਤੋਂ ਪੱਥਰ ਆਏ ਹਨ, ਉਨ੍ਹਾਂ ਘਰਾਂ ਨੂੰ ਹੀ ਪੱਥਰਾਂ ਦੇ ਢੇਰ ਬਣਾਇਆ ਜਾਵੇਗਾ।''
ਬੁਲਡੋਜ਼ਰਾਂ ਤੋਂ ਪਹਿਲਾਂ, ਦੰਗਿਆਂ ਦੌਰਾਨ ਮੁਖਤਿਆਰ ਖਾਨ ਵਰਗੇ ਲੋਕਾਂ ਨੇ ਆਪਣੇ ਘਰ ਗੁਆ ਦਿੱਤੇ। ਉਨ੍ਹਾਂ ਦਾ ਘਰ ਸੰਜੇ ਨਗਰ ਦੇ ਹਿੰਦੂ ਬਹੁਗਿਣਤੀ ਇਲਾਕੇ 'ਚ ਸੀ। ਉਹ ਨਗਰ ਨਿਗਮ ਵਿੱਚ ਸਫਾਈ ਕਰਮਚਾਰੀ ਹਨ। ਜਿਸ ਦਿਨ ਹਿੰਸਾ ਭੜਕੀ ਉਸ ਦਿਨ ਉਹ ਕੰਮ 'ਤੇ ਗਏ ਸੀ। "ਮੈਨੂੰ ਇੱਕ ਦੋਸਤ ਦਾ ਫੋਨ ਆਇਆ ਤੇ ਉਹਨੇ ਮੈਨੂੰ ਜਲਦੀ ਵਾਪਸ ਆਉਣ ਅਤੇ ਪਰਿਵਾਰ ਨੂੰ ਸੁਰੱਖਿਅਤ ਸਥਾਨ 'ਤੇ ਲਿਜਾਣ ਲਈ ਕਿਹਾ," ਉਹ ਯਾਦ ਕਰਦੇ ਹਨ।
ਦੋਸਤ ਦੀ ਸਲਾਹ ਉਨ੍ਹਾਂ ਦੇ ਪਰਿਵਾਰ ਲਈ ਜੀਵਨ ਰੱਖਿਅਕ ਸਾਬਤ ਹੋਈ, ਕਿਉਂਕਿ ਮੁਖਤਿਆਰ ਖਾਨ ਦਾ ਘਰ ਸੰਜੇ ਨਗਰ ਦੇ ਹਿੰਦੂ ਬਹੁਗਿਣਤੀ ਖੇਤਰ ਵਿੱਚ ਸੀ। ਖੁਸ਼ਕਿਸਮਤੀ ਨਾਲ਼ ਉਹ ਸਮੇਂ ਸਿਰ ਉੱਥੇ ਪਹੁੰਚ ਗਏ ਅਤੇ ਆਪਣੇ ਪਰਿਵਾਰ ਨੂੰ ਮੁਸਲਿਮ ਬਹੁਗਿਣਤੀ ਵਾਲ਼ੇ ਇਲਾਕੇ 'ਚ ਆਪਣੀ ਭੈਣ ਦੇ ਘਰ ਲੈ ਗਏ।
ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਦਾ ਘਰ ਸਾੜ ਦਿੱਤਾ ਗਿਆ ਸੀ। "ਸਭ ਕੁਝ ਖ਼ਤਮ ਹੋ ਗਿਆ ਸੀ," ਉਹ ਕਹਿੰਦੇ ਹਨ।
ਮੁਖਤਿਆਰ ਪਿਛਲੇ 44 ਸਾਲਾਂ ਤੋਂ ਇਸ ਖੇਤਰ ਵਿੱਚ ਰਹਿ ਰਹੇ ਸਨ। "ਸਾਡੇ (ਸਾਡੇ ਮਾਪਿਆਂ) ਕੋਲ਼ ਇੱਕ ਛੋਟੀ ਜਿਹੀ ਝੌਂਪੜੀ ਸੀ। ਮੈਂ 15 ਸਾਲਾਂ ਤੱਕ ਪੈਸੇ ਬਚਾਏ ਅਤੇ 2016 ਵਿੱਚ ਸਾਡੇ ਲਈ ਇੱਕ ਘਰ ਬਣਾਇਆ। ਮੈਂ ਆਪਣੀ ਸਾਰੀ ਜ਼ਿੰਦਗੀ ਇੱਥੇ ਹੀ ਰਿਹਾ ਅਤੇ ਸਾਰਿਆਂ ਨਾਲ਼ ਚੰਗੇ ਸਬੰਧ ਵੀ ਕਾਇਮ ਰੱਖੇ।''
ਮਕਾਨ ਤਬਾਹ ਹੋਣ ਤੋਂ ਬਾਅਦ, ਮੁਖਤਿਆਰ ਹੁਣ ਖਰਗੌਨ ਵਿਖੇ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ, 5,000 ਰੁਪਏ ਪ੍ਰਤੀ ਮਹੀਨਾ ਕਿਰਾਇਆ ਅਦਾ ਕਰਦੇ ਹਨ, ਜੋ ਉਨ੍ਹਾਂ ਦੀ ਤਨਖਾਹ ਦਾ ਇੱਕ ਤਿਹਾਈ ਹਿੱਸਾ ਹੈ। ਉਨ੍ਹਾਂ ਨੂੰ ਨਵੇਂ ਭਾਂਡੇ, ਨਵੇਂ ਕੱਪੜੇ ਅਤੇ ਇੱਥੋਂ ਤੱਕ ਕਿ ਨਵਾਂ ਫਰਨੀਚਰ ਵੀ ਖਰੀਦਣਾ ਪਿਆ, ਕਿਉਂਕਿ ਉਨ੍ਹਾਂ ਦਾ ਘਰ ਅਤੇ ਉਨ੍ਹਾਂ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ।
"ਉਨ੍ਹਾਂ ਨੇ ਮੇਰੀ ਜ਼ਿੰਦਗੀ ਬਰਬਾਦ ਕਰਨ ਤੋਂ ਪਹਿਲਾਂ ਰਤਾ ਸੋਚਿਆ ਵੀ ਨਹੀਂ। ਪਿਛਲੇ 4-5 ਸਾਲਾਂ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਿਚਾਲੇ ਤਣਾਅ ਕਾਫ਼ੀ ਵੱਧ ਗਿਆ ਹੈ। ਪਹਿਲਾਂ ਕਦੇ ਵੀ ਸਥਿਤੀ ਇੰਨੀ ਖਰਾਬ ਨਹੀਂ ਸੀ। ਇਨ੍ਹੀਂ ਦਿਨੀਂ ਹਰ ਕੋਈ ਲੜਾਈ ਲਈ ਹਮੇਸ਼ਾ ਤਿਆਰ ਰਹਿੰਦਾ ਹੈ।''
ਮੁਖਤਿਆਰ ਨੂੰ ਅਜੇ ਤੱਕ 1.76 ਲੱਖ ਰੁਪਏ ਦਾ ਮੁਆਵਜ਼ਾ ਨਹੀਂ ਮਿਲਿਆ ਹੈ, ਹਾਲਾਂਕਿ ਇਹ ਉਨ੍ਹਾਂ ਦੇ ਨੁਕਸਾਨ ਦਾ ਸਿਰਫ਼ ਇੱਕ ਛੋਟਾ ਜਿਹਾ ਹਿੱਸਾ ਹੈ। ਪਰ ਇਹ ਕਹਾਣੀ ਲਿਖੇ ਜਾਣ ਤੱਕ ਉਨ੍ਹਾਂ ਨੂੰ ਮੁਆਵਜ਼ੇ ਦੀ ਰਕਮ ਨਹੀਂ ਮਿਲੀ ਸੀ। ਨਾ ਹੀ ਉਨ੍ਹਾਂ ਨੂੰ ਜਲਦੀ ਪੈਸੇ ਮਿਲ਼ਣ ਦੀ ਕੋਈ ਉਮੀਦ ਹੀ ਹੈ।
"ਮੈਂ ਮੁਆਵਜ਼ਾ ਅਤੇ ਨਿਆਂ ਦੋਵੇਂ ਚਾਹੁੰਦਾ ਹਾਂ ਕਿਉਂਕਿ ਮੇਰਾ ਘਰ ਢਾਹ ਦਿੱਤਾ ਗਿਆ। ਦੋ ਦਿਨ ਬਾਅਦ ਪ੍ਰਸ਼ਾਸਨ ਨੇ ਉਹੀ ਕੀਤਾ ਜੋ ਦੰਗਾਕਾਰੀਆਂ ਨੇ ਕੀਤਾ,'' ਉਹ ਹਿਰਖੇ ਮਨ ਨਾਲ਼ ਕਹਿੰਦੇ ਹਨ।
ਪਿਛਲੇ 2-3 ਸਾਲਾਂ 'ਚ ਭਾਜਪਾ ਸ਼ਾਸਿਤ ਕਈ ਸੂਬੇ ''ਬੁਲਡੋਜ਼ਰ ਨਿਆ'' ਦੇ ਸਮਾਨਾਰਥੀ ਬਣ ਗਏ ਹਨ। ਮੱਧ ਪ੍ਰਦੇਸ਼ ਤੋਂ ਇਲਾਵਾ ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ ਅਤੇ ਮਹਾਰਾਸ਼ਟਰ ਵਰਗੇ ਸੂਬਿਆਂ 'ਚ ਅਪਰਾਧ ਦੇ ਦੋਸ਼ੀ ਲੋਕਾਂ ਦੇ ਮਕਾਨਾਂ ਅਤੇ ਦੁਕਾਨਾਂ ਨੂੰ ਬੁਲਡੋਜ਼ਰ ਹਵਾਲੇ ਕਰਨ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਪ੍ਰਸ਼ਾਸਨ ਨੇ ਇਸ ਗੱਲ ਦੀ ਪਰਵਾਹ ਤੱਕ ਨਹੀਂ ਕੀਤੀ ਕਿ ਦੋਸ਼ੀ ਸੱਚਮੁੱਚ ਦੋਸ਼ੀ ਹੈ ਵੀ ਜਾਂ ਨਹੀਂ। ਪਰ ਜ਼ਿਆਦਾਤਰ ਮਾਮਲਿਆਂ ਵਿੱਚ ਮੁਸਲਮਾਨਾਂ ਦੀਆਂ ਜਾਇਦਾਦਾਂ ਨੂੰ ਤਬਾਹ ਕਰ ਦਿੱਤਾ ਗਿਆ।
ਪੀਪਲਜ਼ ਯੂਨੀਅਨ ਆਫ਼ ਸਿਵਲ ਲਿਬਰਟੀਜ਼ (ਪੀ.ਯੂ.ਸੀ.ਐਲ.) ਤੋਂ ਮਿਲ਼ੀ ਇਕ ਰਿਪੋਰਟ ਮੁਤਾਬਕ ਖਰਗੌਨ ਵਿੱਚ ਸਰਕਾਰ ਨੇ ਸਿਰਫ਼ ਮੁਸਲਮਾਨਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਇਸ ਰਿਪੋਰਟ ਵਿੱਚ, ਰਾਜ ਦੁਆਰਾ ਢਾਹੇ ਗਏ 50 ਇਮਾਰਤੀ ਢਾਂਚਿਆਂ ਦੀ ਜਾਂਚ ਕੀਤੀ ਗਈ, ਜੋ ਸਾਰੇ ਹੀ ਮੁਸਲਮਾਨਾਂ ਨਾਲ਼ ਸਬੰਧਤ ਸਨ।
ਉਨ੍ਹਾਂ ਕਿਹਾ ਕਿ ਭਾਵੇਂ ਦੋਵੇਂ ਭਾਈਚਾਰੇ ਹਿੰਸਾ ਤੋਂ ਪ੍ਰਭਾਵਿਤ ਹੋਏ ਹਨ ਪਰ ਪ੍ਰਸ਼ਾਸਨ ਵੱਲੋਂ ਤਬਾਹ ਕੀਤੀਆਂ ਗਈਆਂ ਸਾਰੀਆਂ ਜਾਇਦਾਦਾਂ ਮੁਸਲਮਾਨਾਂ ਦੀਆਂ ਹਨ। ਕਿਸੇ ਨੂੰ ਕੋਈ ਨੋਟਿਸ ਜਾਰੀ ਨਹੀਂ ਕੀਤਾ ਗਿਆ, ਉਨ੍ਹਾਂ ਨੂੰ ਸਾਮਾਨ ਚੁੱਕਣ ਤੱਕ ਦਾ ਕੋਈ ਸਮਾਂ ਨਹੀਂ ਦਿੱਤਾ ਗਿਆ। ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਵਿਚ ਅਧਿਕਾਰੀਆਂ ਨੇ ਘਰਾਂ ਅਤੇ ਦੁਕਾਨਾਂ 'ਤੇ ਸਿੱਧੇ ਬੁਲਡੋਜ਼ਰ ਚਲਾਏ ਅਤੇ ਸਭ ਕੁਝ ਤਬਾਹ ਕਰ ਦਿੱਤਾ।
*****
ਇਹ ਸਭ ਇੱਕ ਅਫਵਾਹ ਨਾਲ਼ ਸ਼ੁਰੂ ਹੋਇਆ, ਜਿਵੇਂ ਕਿ ਅਕਸਰ ਹੁੰਦਾ ਹੈ। 10 ਅਪ੍ਰੈਲ, 2022 ਨੂੰ ਰਾਮ ਨੌਮੀ ਦੇ ਦਿਨ, ਇੱਕ ਝੂਠੀ ਖ਼ਬਰ ਫੈਲਾਈ ਗਈ ਕਿ ਪੁਲਿਸ ਨੇ ਖਰਗੌਨ ਦੇ ਤਾਲਾਬ ਚੌਕ ਨੇੜੇ ਇੱਕ ਹਿੰਦੂ ਜਲੂਸ ਨੂੰ ਰੋਕ ਲਿਆ ਹੈ। ਇਹ ਖ਼ਬਰ ਸੋਸ਼ਲ ਮੀਡੀਆ 'ਤੇ ਫੈਲ ਗਈ ਅਤੇ ਗੁੱਸੇ ਵਿੱਚ ਆਈ ਭੀੜ ਧੜਾਧੜ ਮੌਕੇ 'ਤੇ ਇਕੱਠੀ ਹੋਣ ਲੱਗੀ ਅਤੇ ਕਾਰਵਾਈ ਦੇ ਸਮਰਥਨ ਵਿੱਚ ਭੜਕਾਊ ਨਾਅਰੇ ਬਾਜ਼ੀ ਕਰਨ ਲੱਗੀ।
ਉਸ ਸਮੇਂ ਮੁਸਲਮਾਨ ਨੇੜੇ ਦੀ ਮਸਜਿਦ 'ਚ ਨਮਾਜ਼ ਅਦਾ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਸਨ ਅਤੇ ਰਸਤੇ ਵਿੱਚ ਗੁੱਸੇ 'ਚ ਆਈ ਭੀੜ ਨਾਲ਼ ਉਨ੍ਹਾਂ ਦੀ ਝੜਪ ਹੋ ਗਈ। ਇਹ ਝੜਪ ਹਿੰਸਕ ਰੂਪ ਧਾਰ ਗਈ ਅਤੇ ਜਲਦੀ ਹੀ ਸ਼ਹਿਰ ਦੇ ਹੋਰ ਇਲਾਕਿਆਂ ਵਿੱਚ ਫੈਲ ਗਈ ਜਿੱਥੇ ਕੱਟੜਪੰਥੀ ਹਿੰਦੂ ਸੰਗਠਨ ਮੁਸਲਮਾਨਾਂ ਦੇ ਘਰਾਂ ਅਤੇ ਦੁਕਾਨਾਂ ਨੂੰ ਨਿਸ਼ਾਨਾ ਬਣਾਉਣ ਲੱਗੇ।
ਮਾਮਲਾ ਹੋਰ ਬਦ ਤੋਂ ਬਦਤਰ ਉਦੋਂ ਹੋ ਨਿਬੜਿਆ ਸੀ ਜਦੋਂ ਸੀਐੱਨਐੱਨ ਨਿਊਜ਼ 18 ਦੇ ਐਂਕਰ ਅਮਨ ਚੋਪੜਾ ਨੇ ਉਸੇ ਸਮੇਂ ਖਰਗੌਨ ਹਿੰਸਾ 'ਤੇ ਇੱਕ ਬਹਿਸ ਛੇੜ ਦਿੱਤੀ, ਜਿਸ ਦਾ ਸਿਰਲੇਖ ਸੀ: "ਹਿੰਦੂ ਰਾਮ ਨੌਮੀ ਮਨਾਏ, 'ਰਫ਼ੀਕ' ਪੱਥਰ ਵਰ੍ਹਾਏ।''
ਇਹ ਸਪੱਸ਼ਟ ਨਹੀਂ ਸੀ ਕਿ ਚੋਪੜਾ ਇਸ ਪ੍ਰੋਗਰਾਮ ਦੀ ਆੜ ਵਿੱਚ ਮੁਹੰਮਦ ਰਫ਼ੀਕ ਨੂੰ ਨਿਸ਼ਾਨਾ ਬਣਾ ਰਿਹਾ ਸੀ ਜਾਂ ਇੱਕ ਆਮ ਮੁਸਲਿਮ ਨਾਮ ਦਾ ਇਸਤੇਮਾਲ ਕਰਨਾ ਚਾਹੁੰਦਾ ਸੀ। ਪਰ ਇਸ ਪ੍ਰੋਗਰਾਮ ਦਾ ਰਫ਼ੀਕ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਬਹੁਤ ਬੁਰਾ ਅਸਰ ਪਿਆ। ਉਹ ਕਹਿੰਦੇ ਹਨ,"ਉਸ ਤੋਂ ਬਾਅਦ ਮੈਂ ਕਈ ਦਿਨਾਂ ਤੱਕ ਸੌਂ ਨਹੀਂ ਸਕਿਆ। ਇਸ ਉਮਰ ਵਿੱਚ, ਮੈਂ ਇੰਨਾ ਤਣਾਅ ਨੂੰ ਨਹੀਂ ਝੱਲ ਸਕਦਾ।''
ਰਫ਼ੀਕ ਦੀਆਂ ਦੁਕਾਨਾਂ ਨੂੰ ਤਬਾਹ ਹੋਇਆਂ ਡੇਢ ਸਾਲ ਹੋ ਗਿਆ ਹੈ। ਪਰ ਉਨ੍ਹਾਂ ਕੋਲ਼ ਅਜੇ ਵੀ ਚੋਪੜਾ ਦੇ ਸ਼ੋਅ ਦਾ ਪ੍ਰਿੰਟਆਊਟ ਪਿਆ ਹੋਇਆ ਹੈ। ਉਸ ਨੂੰ ਦੇਖ ਕੇ ਉਨ੍ਹਾਂ ਨੂੰ ਅੱਜ ਵੀ ਓਨਾ ਹੀ ਦੁੱਖ ਹੁੰਦਾ ਹੈ ਜਿੰਨਾ ਪਹਿਲੀ ਵਾਰ ਹੋਇਆ ਸੀ।
ਉਹ ਕਹਿੰਦੇ ਹਨ ਕਿ ਚੋਪੜਾ ਦੇ ਪ੍ਰੋਗਰਾਮ ਤੋਂ ਬਾਅਦ, ਹਿੰਦੂਆਂ ਨੇ ਕੁਝ ਸਮੇਂ ਲਈ ਉਨ੍ਹਾਂ ਤੋਂ ਕੋਲ਼ਡ ਡਰਿੰਕ ਅਤੇ ਡੇਅਰੀ ਉਤਪਾਦ ਖਰੀਦਣੇ ਬੰਦ ਕਰ ਦਿੱਤੇ। ਹਿੰਦੂ ਕੱਟੜਪੰਥੀ ਸੰਗਠਨਾਂ ਨੇ ਪਹਿਲਾਂ ਹੀ ਮੁਸਲਮਾਨਾਂ ਦੇ ਆਰਥਿਕ ਬਾਈਕਾਟ ਦਾ ਸੱਦਾ ਦਿੱਤਾ ਹੋਇਆ ਸੀ। ਇਸ ਪ੍ਰੋਗਰਾਮ ਨੇ ਸਥਿਤੀ ਨੂੰ ਹੋਰ ਵੀ ਬਦਤਰ ਬਣਾ ਦਿੱਤਾ। ਰਫ਼ੀਕ ਮੈਨੂੰ ਕਹਿੰਦੇ ਹਨ, "ਬੇਟਾ, ਤੂੰ ਵੀ ਇੱਕ ਪੱਤਰਕਾਰ ਹੈਂ। ਕੀ ਕਿਸੇ ਪੱਤਰਕਾਰ ਨੂੰ ਇੰਝ ਕਰਨਾ ਚਾਹੀਦੈ?''
ਮੇਰੇ ਕੋਲ਼ ਇਸ ਸਵਾਲ ਦਾ ਕੋਈ ਜਵਾਬ ਨਾ ਰਿਹਾ ਤੇ ਮੈਂ ਆਪਣੇ ਪੇਸ਼ੇ ਬਾਰੇ ਸ਼ਰਮਿੰਦਾ ਮਹਿਸੂਸ ਕਰਨ ਲੱਗਾ। ਇਹ ਦੇਖ ਉਹ ਮੁਸਕਰਾਏ ਤੇ ਝੱਟ ਦੇਣੀ ਬੇਲੋ,"ਮੈਂ ਤੁਹਾਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੁੰਦਾ ਸਾਂ। ਤੁਸੀਂ ਚੰਗੇ ਆਦਮੀ ਜਾਪਦੇ ਓ।" ਇੰਨਾ ਕਹਿ ਉਨ੍ਹਾਂ ਨੇ ਮੈਨੂੰ ਕੋਲਡ-ਡਰਿੰਕ ਪੀਣ ਦੀ ਪੇਸ਼ਕਸ਼ ਕਰਦਿਆਂ ਕਿਹਾ,"ਮੇਰੇ ਕੋਲ਼ ਅਜੇ ਵੀ ਇੱਕ ਦੁਕਾਨ ਬਚੀ ਹੋਈ ਹੈ ਅਤੇ ਮੇਰੇ ਬੇਟੇ ਵਿੱਤੀ ਤੌਰ 'ਤੇ ਸਮਰੱਥ ਹਨ। ਪਰ ਹਰ ਕਿਸੇ ਕੋਲ਼ ਇਹ ਸਹੂਲਤ ਨਹੀਂ ਵੀ ਹੁੰਦੀ। ਬਹੁਤੇ ਲੋਕ ਤਾਂ ਆਈ-ਚਲਾਈ ਕਰਦੇ ਨੇ।''
ਵਸੀਮ ਕੋਲ਼ ਦੁਬਾਰਾ ਆਪਣੀ ਦੁਕਾਨ ਖੜ੍ਹੀ ਕਰਨ ਜੋਗੇ ਪੈਸੇ ਨਹੀਂ ਹਨ। ਦੁਕਾਨ ਢਾਹੇ ਜਾਣ ਦੇ ਡੇਢ ਸਾਲ ਬਾਅਦ ਵੀ ਉਨ੍ਹਾਂ ਦੇ ਹੱਥ ਖਾਲੀ ਹਨ ਕਿਉਂਕਿ ਉਨ੍ਹਾਂ ਕੋਲ਼ੋਂ ਕਮਾਈ ਦੇ ਸਾਧਨ ਹੀ ਖੋਹ ਲਏ ਗਏ ਹਨ। ਖਰਗੌਨ ਨਗਰ ਨਿਗਮ ਨੇ ਕਿਹਾ ਸੀ ਕਿ ਉਹ ਉਨ੍ਹਾਂ ਦੀ ਮਦਦ ਕਰਨਗੇ: "ਮੁਝੇ ਬੋਲਾ ਥਾ ਮਦਦ ਕਰੇਂਗੇ ਲੇਕਿਨ ਬਸ ਨਾਮ ਕੇ ਲਿਏ ਥਾ ਵੋਹ । ''
"ਦੋਵਾਂ ਹੱਥਾਂ ਤੋਂ ਅਪਾਹਜ ਆਦਮੀ ਕਰ ਵੀ ਕੀ ਸਕਦਾ ਏ?" ਉਹ ਅੱਗੇ ਕਹਿੰਦੇ ਹਨ।
ਸਰਕਾਰ ਵੱਲੋਂ ਕਰਿਆਨੇ ਦੀ ਦੁਕਾਨ ਢਾਹੇ ਜਾਣ ਤੋਂ ਬਾਅਦ, ਵਸੀਮ ਆਪਣੇ ਵੱਡੇ ਭਰਾ ਦੀ ਮਦਦ ਦੇ ਭਰੋਸੇ ਬੈਠੇ ਹਨ, ਜੋ ਖਰਗੌਨ ਵਿਖੇ ਇੱਕ ਛੋਟੀ ਜਿਹੀ ਦੁਕਾਨ ਦਾ ਮਾਲਕ ਹੈ। "ਮੈਂ ਆਪਣੇ ਦੋਵੇਂ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖ਼ਲ ਕਰਵਾਇਆ ਹੈ। ਤੀਜਾ ਬੱਚਾ 2 ਸਾਲ ਦਾ ਹੈ। ਉਹ ਵੀ ਸਰਕਾਰੀ ਸਕੂਲ ਵਿੱਚ ਹੀ ਪੜ੍ਹੇਗਾ। ਮੇਰੇ ਬੱਚਿਆਂ ਦਾ ਭਵਿੱਖ ਖ਼ਤਰੇ ਵਿੱਚ ਹੈ। ਮੈਨੂੰ ਆਪਣੀ ਕਿਸਮਤ ਨਾਲ਼ ਸਮਝੌਤਾ ਕਰਨ ਲਈ ਮਜ਼ਬੂਰ ਕੀਤਾ ਗਿਆ ਹੈ।''
ਤਰਜਮਾ: ਕਮਲਜੀਤ ਕੌਰ