ਮੁਹੰਮਦ ਅਸਲਮ ਦੇ ਪਿਘਲਿਆ ਹੋਇਆ ਪਿੱਤਲ ਸਾਂਚੇ ਵਿੱਚ ਪਾਉਂਦੀਆਂ ਹੀ ਛੋਟੇ ਛੋਟੇ ਕਣ ਹਵਾ ਵਿੱਚ ਫੈਲ ਗਏ। ਇਸ ਸਾਂਚੇ ਵਿੱਚ ਪਿੱਤਲ ਨੂੰ ਢਾਲ਼ ਕੇ ਚੰਦਨ ਪਿਆਲੀ ਬਣਾਈ ਜਾਵੇਗੀ ਜੋ ਕਿ ਪੂਜਾ ਵੇਲੇ ਕੰਮ ਆਉਣ ਵਾਲੀ ਇੱਕ ਛੋਟੀ ਕਟੋਰੀ ਹੈ।
ਪਿੱਤਲ ਦੇ ਕੰਮ ਦੇ ਤਜ਼ਰਬੇਕਾਰ ਅਸਲਮ ਦੇ ਹੱਥ ਸਹਿਜਤਾ ਤੇ ਸਾਵਧਾਨੀ ਨਾਲ਼ ਚੱਲ ਰਹੇ ਹਨ। ਉਹ ਭਾਂਡੇ ਵਿੱਚ ਪਿੱਤਲ ਪਾਉਂਦੇ ਹੋਏ ਦਬਾਅ ਜਾਂਚਦੇ ਹਨ ਤਾਂ ਕਿ ਅੰਦਰਲੀ ਰੇਤ ਜਿਸ ਨੇ ਪਿੱਤਲ ਨੂੰ ਆਕਾਰ ਦੇਣਾ ਹੈ- ਡੁੱਲ ਨਾ ਜਾਵੇ।
“ਆਪਣੇ ਹੱਥ ਸਹਿਜ ਰੱਖਣੇ ਪੈਂਦੇ ਹਨ ਨਹੀਂ ਤਾਂ ਸਾਂਚੇ ਦੇ ਅੰਦਰ ਦਾ ਸਮਾਨ ਹਿੱਲ ਜਾਵੇਗਾ, ਜਿਸ ਨਾਲ਼ ਅਦਤ (ਪਿੱਤਲ ਢਾਲ਼ ਕੇ ਬਣਨ ਵਾਲਾਂ ਸਮਾਨ) ਵੀ ਖਰਾਬ ਹੋ ਜਾਵੇਗਾ,” 55 ਸਾਲਾ ਅਸਲਮ ਦੱਸਦੇ ਹਨ। ਪਰ ਰੇਤਾ ਡੁੱਲਣ ਨਾਲ਼ੋਂ ਵਧੇਰੇ ਫ਼ਿਕਰ ਉਹਨਾਂ ਨੂੰ ਹਵਾ ਵਿੱਚ ਤੈਰਦੇ ਹੋਏ ਕਣਾਂ ਦੀ ਹੈ। “ਕੀ ਤੁਹਾਨੂੰ ਇਹ ਦਿਖਾਈ ਦੇ ਰਹੇ ਹਨ? ਇਸ ਸਾਰਾ ਪਿੱਤਲ ਬੇਕਾਰ ਜਾ ਰਿਹਾ ਹੈ ਤੇ ਇਸਦਾ ਖਰਚਾ ਸਾਨੂੰ ਹੀ ਪਵੇਗਾ,” ਉਹ ਦੁਖੀ ਹੁੰਦਿਆਂ ਕਹਿੰਦੇ ਹਨ। ਢਲਾਈ ਸਮੇਂ ਹਰ 100 ਕਿਲੋ ਪਿੱਤਲ ਵਿੱਚੋਂ 3 ਕਿਲੋ ਤਾਂ ਹਵਾ ਵਿੱਚ ਹੀ ਉੱਡ ਜਾਂਦਾ ਹੈ। ਇੱਕ ਅੰਦਾਜ਼ੇ ਨਾਲ਼ 50 ਰੁਪਏ ਤਾਂ ਹਵਾ ਵਿੱਚ ਹੀ ਗਾਇਬ ਹੋ ਜਾਂਦੇ ਹਨ।
ਮੋਰਾਦਾਬਾਦ ਦਾ ਪੀਰਜ਼ਾਦਾ ਇਲਾਕਾ ਪਿੱਤਲ ਦੇ ਕੰਮ ਲਈ ਮਸ਼ਹੂਰ ਹੈ ਤੇ ਅਸਲਮ ਉਹਨਾਂ ਮੁੱਠੀ ਭਰ ਸ਼ਿਲਪਕਾਰਾਂ ਵਿੱਚੋਂ ਹਨ ਜੋ ਇੱਥੇ ਦੀਆਂ ਭੱਠੀਆਂ 'ਤੇ ਕੰਮ ਕਰਦੇ ਹਨ। ਸ਼ਿਲਪਕਾਰ ਪਿੱਤਲ ਦੀ ਸਿੱਲੀ ਨੂੰ ਪਿਘਲਾ ਕੇ ਸਾਂਚਿਆਂ ਵਿੱਚ ਅਲੱਗ ਅਲੱਗ ਆਕਾਰ ਦਿੰਦੇ ਹਨ ਜਿਸ ਨੂੰ ਸਥਾਨਕ ਭਾਸ਼ਾ ਵਿੱਚ ‘ਢਲਾਈ ਕਾ ਕਾਮ’ ਕਿਹਾ ਜਾਂਦਾ ਹੈ।
ਅਸਲਮ ਤੇ ਉਹਨਾਂ ਦਾ ਸਹਾਇਕ ਰਈਸ ਜਾਨ ਇੱਥੇ ਰੋਜ਼ਾਨਾ 12 ਘੰਟੇ ਕੰਮ ਕਰਦੇ ਹਨ ਤੇ ਉਹਨਾਂ ਦੇ ਆਲੇ ਦੁਆਲੇ ਉਹਨਾਂ ਤੇ ਕੰਮ ਦਾ ਸਾਜੋ ਸਮਾਨ- ਕੋਲ਼ਾ, ਰੇਤਾ, ਲੱਕੜ ਦੇ ਫੱਟੇ, ਲੋਹੇ ਦੀਆਂ ਛੜਾਂ, ਵੱਖੋ ਵੱਖਰੇ ਸਾਈਜ਼ ਦੇ ਪਲਾਸ ਤੇ ਚਿਮਟੇ ਖਿੱਲਰੇ ਰਹਿੰਦੇ ਹਨ। ਅਸਲਮ ਇਸ ਪੰਜ ਵਰਗ ਫੁੱਟੀ ਭੀੜੀ ਜਿਹੀ ਥਾਂ ਦਾ 1500 ਰੁਪਏ ਮਹੀਨਾ ਕਿਰਾਇਆ ਅਦਾ ਕਰਦੇ ਹਨ।




















