ਮਮਤਾ ਪਰੇਡ ਪਾਰੀ ਦੀ ਸਾਡੀ ਸਹਿਕਰਮੀ ਸਨ। ਇੱਕ ਸ਼ਾਨਦਾਰ ਪੱਤਰਕਾਰ ਜਿਨ੍ਹਾਂ ਦੇ ਆਪਣੇ ਮਨ ਅੰਦਰ ਭਵਿੱਖ ਦੀਆਂ ਕਈ ਯੋਜਨਾਵਾਂ ਉਲੀਕ ਰੱਖੀਆਂ ਸਨ, 11 ਦਸੰਬਰ 2022 ਨੂੰ ਅਚਾਨਕ ਇਸ ਜਹਾਨੋਂ ਰੁਖਸਤ ਹੋ ਗਈ।
ਮਮਤਾ ਦੀ ਪਹਿਲੀ ਬਰਸੀ ਮੌਕੇ ਅਸੀਂ ਖ਼ਾਸ ਪੌਡਕਾਸਟ ਲੈ ਕੇ ਆਏ ਹਾਂ ਜਿੱਥੇ ਤੁਸੀਂ ਮਮਤਾ ਨੂੰ ਆਪਣੇ ਲੋਕਾਂ ਭਾਵ ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੇ ਵਾੜਾ ਤਾਲੁਕਾ ਦੇ ਵਰਲੀ ਆਦਿਵਾਸੀ ਭਾਈਚਾਰੇ ਬਾਰੇ ਗੱਲ ਕਰਦਿਆਂ ਸੁਣ ਸਕਦੇ ਹੋ। ਉਨ੍ਹਾਂ ਨੇ ਇਹ ਰਿਕਾਰਡਿੰਗ ਆਪਣੀ ਮੌਤ ਤੋਂ ਕੁਝ ਕੁ ਮਹੀਨੇ ਪਹਿਲਾਂ ਕੀਤੀ ਸੀ।
ਮਮਤਾ ਦੀ ਕਲਮ ਨੇ ਉਨ੍ਹਾਂ ਲੋਕਾਂ ਨੂੰ ਆਪਣੀਆਂ ਬੁਨਿਆਦੀ ਸੁਵਿਧਾਵਾਂ ਤੇ ਹੱਕਾਂ ਲਈ ਸੰਘਰਸ਼ ਕਰਦਿਆਂ ਦੀ ਕਹਾਣੀ ਲਿਖੀ। ਇੱਕ ਨਿਡਰ ਪੱਤਰਕਾਰ ਹੋਣ ਦੀ ਗਵਾਹੀ ਭਰਦਿਆਂ ਮਮਤਾ ਨੇ ਉਨ੍ਹਾਂ ਛੋਟੀਆਂ ਬਸਤੀਆਂ ਬਾਰੇ ਵੀ ਲਿਖਿਆ ਜਿਨ੍ਹਾਂ ਨੂੰ ਕਦੇ ਨਕਸ਼ੇ ਵਿੱਚ ਵੀ ਥਾਂ ਨਾ ਮਿਲ਼ੀ। ਉਨ੍ਹਾਂ ਨੇ ਭੁੱਖ ਨਾਲ਼ ਵਿਲ਼ਕਦੀਆਂ ਜ਼ਿੰਦਗੀਆਂ, ਬਾਲ ਮਜ਼ਦੂਰੀ, ਬੰਧੂਆ ਮਜ਼ਦੂਰੀ, ਸਕੂਲ ਜਾਣ ਲਈ ਤਰਸਦੇ ਬਾਲ, ਜ਼ਮੀਨੀ ਹੱਕ, ਉਜਾੜੇ, ਰੋਜ਼ੀਰੋਟੀ ਤੇ ਹੋਰ ਵੀ ਕਈ ਮੁੱਦਿਆਂ ਨੂੰ ਸਾਹਮਣੇ ਲਿਆਂਦਾ।



