ਵੁਲਰ ਝੀਲ਼ ਦੇ ਕੰਢੇ ਖੜ੍ਹੇ ਅਬਦੁਲ ਰਹੀਮ ਕਾਵਾ ਕਹਿੰਦੇ ਹਨ, "ਛੇ ਦਿਨ ਹੋ ਗਏ ਨੇ, ਮੈਨੂੰ ਇੱਕ ਵੀ ਮੱਛੀ ਨਹੀਂ ਮਿਲ਼ੀ। 65 ਸਾਲਾ ਇਹ ਮਛੇਰਾ ਆਪਣੀ ਪਤਨੀ ਅਤੇ ਬੇਟੇ ਨਾਲ਼ ਇੱਥੇ ਇੱਕ ਮੰਜ਼ਲਾ ਮਕਾਨ 'ਚ ਰਹਿੰਦਾ ਹੈ।
ਬਾਂਦੀਪੋਰਾ ਜ਼ਿਲ੍ਹੇ ਦੇ ਕਾਨੀ ਬਾਠੀ ਇਲਾਕੇ ਵਿੱਚ ਸਥਿਤ ਅਤੇ ਜੇਹਲਮ ਨਦੀ ਅਤੇ ਮਧੂਮਤੀ ਝਰਨਿਆਂ ਦੇ ਮੇਲ਼ ਤੋਂ ਬਣੀ ਵੁਲਰ ਝੀਲ਼ ਇਸ ਦੇ ਆਲ਼ੇ-ਦੁਆਲ਼ੇ ਰਹਿਣ ਵਾਲ਼ੇ ਲੋਕਾਂ ਲਈ ਰੋਜ਼ੀ-ਰੋਟੀ ਦਾ ਇੱਕੋ ਇੱਕ ਸਰੋਤ ਹੈ - ਲਗਭਗ 18 ਪਿੰਡਾਂ ਦੇ ਘੱਟੋ ਘੱਟ 100 ਪਰਿਵਾਰ ਇਸੇ ਝੀਲ਼ ਦੇ ਕੰਢੇ ਰਹਿੰਦੇ ਹਨ।
"ਮੱਛੀ ਫ੍ਹੜਨਾ ਹੀ ਸਾਡੀ ਰੋਜ਼ੀ-ਰੋਟੀ ਦਾ ਇੱਕੋ ਇੱਕ ਸਾਧਨ ਹੈ," ਅਬਦੁਲ ਕਹਿੰਦੇ ਹਨ। ਪਰ "ਝੀਲ਼ ਵਿੱਚ ਪਾਣੀ ਨਹੀਂ ਹੈ। ਹੁਣ ਅਸੀਂ ਪਾਣੀ ਵਿੱਚ ਤੁਰ ਕੇ ਇਸ ਝੀਲ਼ ਨੂੰ ਪਾਰ ਕਰ ਸਕਦੇ ਹਾਂ ਕਿਉਂਕਿ, ਕੋਨਿਆਂ ਵਿੱਚ ਪਾਣੀ ਦੀ ਡੂੰਘਾਈ ਸਿਰਫ਼ ਚਾਰ ਤੋਂ ਪੰਜ ਫੁੱਟ ਰਹਿ ਗਈ ਹੈ," ਉਹ ਝੀਲ਼ ਦੇ ਕਿਨਾਰਿਆਂ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ।
ਤੀਜੀ ਪੀੜ੍ਹੀ ਦਾ ਇਹ ਮਛੇਰਾ ਸਭ ਕੁਝ ਜਾਣਦਾ ਹੈ, ਅਬਦੁਲ ਪਿਛਲੇ 40 ਸਾਲਾਂ ਤੋਂ ਉੱਤਰੀ ਕਮਸ਼ੀਰ ਦੀ ਇਸ ਝੀਲ਼ ਵਿੱਚੋਂ ਮੱਛੀ ਫੜ੍ਹਦੇ ਰਹੇ ਹਨ।"ਜਦੋਂ ਮੈਂ ਬੱਚਾ ਸਾਂ, ਮੈਂ ਆਪਣੇ ਪਿਤਾ ਨਾਲ਼ ਮੱਛੀ ਫੜ੍ਹਨ ਜਾਂਦਾ ਹੁੰਦਾ ਸਾਂ। ਉਨ੍ਹਾਂ ਨੂੰ ਮੱਛੀਆਂ ਫੜ੍ਹਦਿਆਂ ਵੇਖ ਹੀ ਮੈਂ ਵੀ ਮੱਛੀ ਫੜ੍ਹਨੀ ਸਿੱਖ ਲਈ," ਉਹ ਕਹਿੰਦੇ ਹਨ। ਅਬਦੁਲ ਦਾ ਬੇਟਾ ਪਰਿਵਾਰਕ ਪੇਸ਼ੇ ਨੂੰ ਅੱਗੇ ਤੋਰ ਰਿਹਾ ਹੈ।
ਹਰ ਸਵੇਰ, ਅਬਦੁਲ ਅਤੇ ਉਨ੍ਹਾਂ ਦੇ ਸਾਥੀ ਮਛੇਰੇ ਆਪਣੇ ਜ਼ਾਲ਼ (ਜਲ-ਨਾਈਲੋਨ ਦੀ ਰੱਸੀ ਦੀ ਵਰਤੋਂ ਕਰਕੇ ਉਨ੍ਹਾਂ ਦੁਆਰਾ ਬੁਨਿਆ ਗਿਆ ਜਾਲ) ਲੈ ਕੇ ਵੁਲਰ ਲਈ ਰਵਾਨਾ ਹੁੰਦੇ ਹਨ। ਜਾਲ਼ ਨੂੰ ਪਾਣੀ ਵਿੱਚ ਸੁੱਟਦੇ ਹੋਏ, ਉਹ ਮੱਛੀਆਂ ਨੂੰ ਆਕਰਸ਼ਿਤ ਕਰਨ ਲਈ ਆਪਣੇ ਹੱਥੀਂ ਬਣਾਇਆ ਡਰੰਮ ਵਜਾਉਂਦੇ ਹਨ।
ਵੁਲਰ ਭਾਰਤ ਦੀ ਸਭ ਤੋਂ ਵੱਡੀ ਤਾਜ਼ੇ ਪਾਣੀ ਦੀ ਝੀਲ਼ ਹੈ ਪਰ ਪਿਛਲੇ ਚਾਰ ਸਾਲਾਂ ਵਿੱਚ ਵੁਲਰ ਝੀਲ਼ ਦਾ ਪਾਣੀ ਬਹੁਤ ਪ੍ਰਦੂਸ਼ਿਤ ਹੋ ਗਿਆ ਹੈ ਅਤੇ ਸਾਰਾ ਸਾਲ ਮੱਛੀ ਫੜ੍ਹਨਾ ਸੰਭਵ ਨਹੀਂ ਰਿਹਾ। "ਪਹਿਲਾਂ, ਅਸੀਂ ਸਾਲ ਵਿੱਚ ਘੱਟੋ ਘੱਟ ਛੇ ਮਹੀਨੇ ਮੱਛੀ ਫੜ੍ਹਦੇ ਸੀ। ਪਰ ਹੁਣ ਅਸੀਂ ਮਾਰਚ ਅਤੇ ਅਪ੍ਰੈਲ ਵਿੱਚ ਹੀ ਮੱਛੀਆਂ ਫੜ੍ਹਦੇ ਹਾਂ," ਅਬਦੁਲ ਕਹਿੰਦੇ ਹਨ।
ਇੱਥੇ ਪ੍ਰਦੂਸ਼ਣ ਦਾ ਮੁੱਖ ਸਰੋਤ ਜੇਹਲਮ ਨਦੀ ਦੁਆਰਾ ਲਿਆਇਆ ਜਾਣ ਵਾਲ਼ਾ ਕੂੜਾ ਹੈ, ਜੋ ਸ਼੍ਰੀਨਗਰ ਵਿੱਚੋਂ ਦੀ ਵਗਦੀ ਹੈ ਤੇ ਸ਼ਹਿਰ-ਵਾਸੀਆਂ ਵੱਲੋਂ ਨਦੀ ਵਿੱਚ ਸੁੱਟਿਆ ਕੂੜਾ ਵੀ ਆਪਣੇ ਨਾਲ਼ ਲਿਆਉਂਦੀ ਹੈ। 1990 ਦੇ ਰਾਮਸਰ ਕਨਵੈਨਸ਼ਨ ਵਿੱਚ ਕਦੇ ਇਸ ਝੀਲ਼ ਨੂੰ "ਅੰਤਰਰਾਸ਼ਟਰੀ ਮਹੱਤਤਾ ਵਾਲ਼ੀ ਵੈਟਲੈਂਡ" ਦਾ ਨਾਮ ਦਿੱਤਾ ਗਿਆ ਸੀ ਤੇ ਹੁਣ ਇਹੀ ਝੀਲ਼ ਸੀਵਰੇਜ, ਉਦਯੋਗਿਕ ਗੰਦਗੀ ਅਤੇ ਬਾਗਬਾਨੀ ਰਹਿੰਦ-ਖੂੰਹਦ ਲਈ ਡੰਪਿੰਗ ਗਰਾਊਂਡ ਬਣ ਗਈ ਹੈ। ਮਛੇਰੇ ਕਹਿੰਦੇ ਹਨ, "ਝੀਲ਼ ਦੇ ਐਨ ਵਿਚਕਾਰ ਪਾਣੀ ਦਾ ਪੱਧਰ ਜੋ ਕਦੇ 40-60 ਫੁੱਟ ਹੋਇਆ ਕਰਦਾ ਸੀ, ਹੁਣ ਘਟ ਕੇ ਸਿਰਫ਼ 8-10 ਫੁੱਟ ਰਹਿ ਗਿਆ ਹੈ।''
ਉਨ੍ਹਾਂ ਦੀ ਯਾਦਦਾਸ਼ਤ ਚੰਗੀ ਹੈ। ਭਾਰਤੀ ਪੁਲਾੜ ਖੋਜ ਸੰਗਠਨ ਦੁਆਰਾ 2022 ਦੇ ਇੱਕ ਅਧਿਐਨ ਤੋਂ ਪਤਾ ਲੱਗਿਆ ਹੈ ਕਿ 2008 ਅਤੇ 2019 ਦੇ ਵਕਫ਼ੇ ਦੌਰਾਨ ਝੀਲ਼ ਇੱਕ ਚੌਥਾਈ ਤੱਕ ਸੁੰਗੜ ਗਈ ਸੀ।
ਅਬਦੁਲ ਕਹਿੰਦੇ ਹਨ ਕਿ ਸੱਤ ਜਾਂ ਅੱਠ ਸਾਲ ਪਹਿਲਾਂ ਵੀ, ਉਹ ਦੋ ਤਰ੍ਹਾਂ ਦੀ ਗਾਡ (ਮੱਛੀਆਂ) ਫੜ੍ਹਦੇ ਸਨ- ਕਸ਼ਮੀਰੀ ਅਤੇ ਪੰਜੀਆਬ। ਇਹ ਹਰ ਗੈਰ-ਕਸ਼ਮੀਰੀ ਸ਼ੈਅ ਲਈ ਸਥਾਨਕ ਸ਼ਬਦ ਹੈ। ਉਹ ਫੜ੍ਹੀ ਗਈ ਮੱਛੀ ਨੂੰ ਵੁਲਰ ਮਾਰਕੀਟ ਵਿੱਚ ਠੇਕੇਦਾਰਾਂ ਨੂੰ ਵੇਚਦੇ ਸਨ। ਵੁਲਰ ਝੀਲ਼ ਦੀਆਂ ਮੱਛੀਆਂ ਕਸ਼ਮੀਰ ਦੇ ਲੋਕਾਂ ਦੇ ਨਾਲ਼-ਨਾਲ਼ ਸ਼੍ਰੀਨਗਰ ਦੇ ਲੋਕਾਂ ਦਾ ਢਿੱਡ ਭਰਦੀਆਂ।
"ਜਦੋਂ ਝੀਲ਼ ਵਿੱਚ ਪਾਣੀ ਹੁੰਦਾ ਸੀ ਤਾਂ ਮੈਂ ਮੱਛੀਆਂ ਫੜ੍ਹ ਕੇ ਅਤੇ ਵੇਚ ਕੇ 1,000 ਰੁਪਏ ਤੱਕ ਕਮਾ ਲੈਂਦਾ ਸੀ," ਅਬਦੁਲ ਕਹਿੰਦੇ ਹਨ। "ਹੁਣ ਜਿਸ ਦਿਨ ਚੰਗੀ ਤਾਦਾਦ ਵਿੱਚ ਮੱਛੀ ਫੜ੍ਹੀ ਵੀ ਜਾਵੇ ਤਾਂ ਵੀ ਮੈਂ ਤਿੰਨ ਸੌ [ਰੁਪਏ] ਹੀ ਕਮਾ ਪਾਉਂਦਾ ਹਾਂ।'' ਜਿਸ ਦਿਨ ਉਨ੍ਹਾਂ ਨੂੰ ਜ਼ਿਆਦਾ ਮੱਛੀ ਨਹੀਂ ਮਿਲ਼ਦੀ, ਉਹ ਇਸ ਨੂੰ ਵੇਚਣ ਬਜਾਇ ਆਪਣੇ ਖਾਣ ਲਈ ਘਰ ਲੈ ਆਉਂਦੇ ਹਨ।
ਪ੍ਰਦੂਸ਼ਣ ਅਤੇ ਪਾਣੀ ਦੇ ਪੱਧਰ ਵਿੱਚ ਗਿਰਾਵਟ ਕਾਰਨ ਝੀਲ਼ ਵਿੱਚ ਮੱਛੀਆਂ ਦੀ ਘਾਟ ਹੋ ਗਈ ਹੈ। ਨਤੀਜੇ ਵਜੋਂ, ਇੱਥੇ ਮਛੇਰੇ ਹੁਣ ਨਵੰਬਰ ਅਤੇ ਫਰਵਰੀ ਦੇ ਵਿਚਕਾਰ ਵਾਟਰ ਚੇਸਟਨਟਸ (ਸੰਗਾਘਾ) ਇਕੱਠਾ ਕਰਕੇ ਵੇਚਦੇ ਹਨ ਤੇ ਆਪਣਾ ਔਖਾ ਸਮਾਂ ਲੰਘਾਉਂਦੇ ਹਨ। ਇਹ ਸਥਾਨਕ ਠੇਕੇਦਾਰਾਂ ਨੂੰ ਲਗਭਗ 30-40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਵੇਚੇ ਜਾਂਦੇ ਹਨ।
ਇਹ ਫਿਲਮ ਵੁਲਰ ਝੀਲ਼ ਵਿੱਚ ਫੈਲੇ ਪ੍ਰਦੂਸ਼ਣ ਦੇ ਨਾਲ਼-ਨਾਲ਼ ਸਾਨੂੰ ਉਨ੍ਹਾਂ ਮਛੇਰਿਆਂ ਦੀ ਕਹਾਣੀ ਵੀ ਦੱਸਦੀ ਹੈ ਜਿਨ੍ਹਾਂ ਦੀ ਰੋਜ਼ੀ-ਰੋਟੀ ਖੁੱਸ ਰਹੀ ਹੈ।
ਤਰਜਮਾ: ਕਮਲਜੀਤ ਕੌਰ