ਦੇਹ ਮੇਰੀ ਇਓਂ ਸੜਦੀ,
'ਦੁਰਗਾ ਦੁਰਗਾ' ਮੈਂ ਕਹਿੰਦੀ,
ਤੇਰੇ ਹਮਦਰਦੀ ਭਰੇ ਬੋਲਾਂ ਖਾਤਰ
ਮਾਂ, ਮੈਂ ਤੈਨੂੰ ਫ਼ਰਿਆਦ ਕਰਾਂ...
ਦੇਵੀ ਦੁਰਗਾ ਦੀ ਮਹਿਮਾ ਗਾਉਂਦੇ ਕਲਾਕਾਰ ਵਿਜੈ ਚਿਤਰਕਰ ਦੀ ਅਵਾਜ਼ ਗੂੰਜਣ ਲੱਗਦੀ ਹੈ। ਉਸ ਵਰਗੇ ਪੈਤਕਾਰ ਕਲਾਕਾਰ ਆਮ ਤੌਰ 'ਤੇ ਪਹਿਲਾਂ ਗੀਤ ਲਿਖਦੇ ਹਨ ਫਿਰ ਪੇਂਟਿੰਗ ਕਰਦੇ ਹਨ ਜੋ ਲੰਬਾਈ ਵਿੱਚ 14 ਫੁੱਟ ਤੱਕ ਹੋ ਸਕਦੀ ਹੈ ਤੇ ਫਿਰ ਉਸ ਪੇਟਿੰਗ ਨੂੰ ਕਹਾਣੀ ਕਹਿਣ ਦੌਰਾਨ ਤੇ ਗੂੰਜਦੇ ਸੰਗੀਤ ਦੇ ਨਾਲ਼ ਦਰਸ਼ਕਾਂ ਨੂੰ ਭੇਂਟ ਕੀਤਾ ਜਾਂਦਾ ਹੈ।
41 ਸਾਲਾ ਵਿਜੈ ਝਾਰਖੰਡ ਦੇ ਪੂਰਬੀ ਸਿੰਘਭੂਮ ਜ਼ਿਲ੍ਹੇ ਦੇ ਪਿੰਡ ਅਮਾਡੋਬੀ ਵਿਖੇ ਰਹਿੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪੈਤਕਾਰ ਪੇਟਿੰਗਾਂ ਦਰਅਸਲ ਮੁਕਾਮੀ ਸੰਥਾਲੀ ਕਹਾਣੀਆਂ, ਪੇਂਡੂ ਜਨਜੀਵਨ, ਕੁਦਰਤ ਤੇ ਮਿੱਥ 'ਤੇ ਅਧਾਰਤ ਹੁੰਦੀਆਂ ਹਨ। ''ਸਾਡੀ ਪੇਂਟਿੰਗ ਦਾ ਵਿਸ਼ਾ-ਵਸਤੂ ਪੇਂਡੂ ਸੱਭਿਆਚਾਰ; ਆਪਣੇ ਚੁਗਿਰਦੇ ਦੀਆਂ ਸ਼ੈਆਂ, ਅਸੀਂ ਸਾਰਾ ਕੁਝ ਆਪਣੀ ਕਲਾ ਵਿੱਚ ਉਤਾਰ ਲੈਂਦੇ ਹਾਂ,'' ਵਿਜੈ ਕਹਿੰਦੇ ਹਨ, ਜੋ ਆਪਣੀ 10 ਸਾਲਾਂ ਦੀ ਉਮਰ ਤੋਂ ਹੀ ਪੈਤਕਾਰ ਪੇਂਟਿੰਗਾਂ ਬਣਾਉਂਦੇ ਰਹੇ ਹਨ। ''ਕਰਮਾ ਨਾਚ, ਬਾਹਾ ਨਾਚ ਤੇ ਰਮਾਇਣ, ਮਹਾਭਾਰਤ ਤੇ ਇੱਕ ਪਿੰਡ ਦਾ ਨਜ਼ਾਰਾ...'' ਉਹ ਸੰਥਾਲੀ ਪੇਂਟਿੰਗ ਦੇ ਹਰ ਹਿੱਸੇ ਨੂੰ ਬਿਆਨ ਕਰਦੇ ਹਨ,''ਦੇਖੋ ਇਸ ਵਿੱਚ ਔਰਤਾਂ ਘਰ ਦੇ ਕੰਮ ਕਰ ਰਹੀਆਂ ਹਨ ਪੁਰਸ਼ ਗੱਡੇ ਲੈ ਕੇ ਖੇਤਾਂ ਵਿੱਚੋਂ ਦੀ ਲੰਘ ਰਹੇ ਹਨ ਤੇ ਪੰਛੀਆਂ ਨਾਲ਼ ਅਕਾਸ਼ ਭਰਿਆ ਹੋਇਆ ਹੈ।''
''ਮੈਂ ਇਹ ਕਲਾ ਆਪਣੇ ਦਾਦਾ ਜੀ ਪਾਸੋਂ ਸਿੱਖੀ। ਉਹ ਮੰਨੇ-ਪ੍ਰਮੰਨੇ ਕਲਾਕਾਰ ਸਨ ਤੇ ਉਨ੍ਹਾਂ ਵੇਲ਼ਿਆਂ ਵਿੱਚ ਲੋਕੀਂ ਕਲਕੱਤਾ ਤੋਂ ਸਿਰਫ਼ ਉਨ੍ਹਾਂ ਨੂੰ ਸੁਣਨ (ਉਨ੍ਹਾਂ ਦੇ ਪੇਂਟਿੰਗ ਨੂੰ ਗਾਉਂਦਿਆਂ) ਆਇਆ ਕਰਦੇ।'' ਵਿਜੈ ਦਾ ਪਰਿਵਾਰ ਪੀੜ੍ਹੀਆਂ ਤੋਂ ਪੈਤਕਾਰ ਪੇਂਟਿੰਗ ਕਰਦਾ ਰਿਹਾ ਹੈ ਤੇ ਉਹ ਕਹਿੰਦੇ ਹਨ,''ਪਾਤ ਯੁਕਤ ਆਕਾਰ, ਮਾਨੇ ਪੈਤਕਾਰ, ਇਸੀਲਿਏ ਪੈਤਕਾਰ ਪੇਂਟਿੰਗ ਆਯਾ (ਪੋਥੀ ਵਰਗੀ ਸ਼ਕਲ ਹੋਣ ਕਾਰਨ, ਇਹਦਾ ਨਾਮ ਪੈਤਕਾਰ ਪੈ ਗਿਆ)।''
ਪੈਤਕਾਰ ਕਲਾ ਦਾ ਜਨਮ ਪੱਛਮੀ ਬੰਗਾਲ ਤੇ ਝਾਰਖੰਡ ਤੋਂ ਹੋਇਆ ਮੰਨਿਆ ਜਾਂਦਾ ਹੈ। ਇਹ ਕਲਾ ਇੱਕ ਤਰ੍ਹਾਂ ਨਾਲ਼ ਜਟਿਲ ਦ੍ਰਿਸ਼ਾਂ ਨੂੰ ਕਹਾਣੀ ਦਾ ਰੂਪ ਦੇ ਕੇ ਲੋਕਾਂ ਸਾਹਮਣੇ ਪੇਸ਼ ਕਰਨ ਦਾ ਇੱਕ ਢੰਗ ਹੈ ਜੋ ਪ੍ਰਾਚੀਨ ਸ਼ਾਹੀ ਪੋਥੀਆਂ (ਪਾਂਡੂਲਿਪੀ) ਤੋਂ ਪ੍ਰਭਾਵਤ ਸੀ। ''ਇਹ ਕਲਾ ਕਿੰਨੀ ਪੁਰਾਣੀ ਹੈ ਇਹ ਅੰਦਾਜ਼ਾ ਲਾ ਪਾਉਣਾ ਕਾਫ਼ੀ ਮੁਸ਼ਕਲ ਹੈ, ਕਿਉਂਕਿ ਇਹ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਸਫ਼ਰ ਕਰਦੀ ਰਹੀ ਹੈ ਤੇ ਇਹਦੇ ਬਾਰੇ ਕਿਤੇ ਕੋਈ ਲਿਖਤੀ ਸਬੂਤ ਵੀ ਨਹੀਂ ਮਿਲ਼ਦਾ,'' ਪ੍ਰੋ. ਪੁਰੂਸ਼ੋਤਮ ਸਰਮਾ ਕਹਿੰਦੇ ਹਨ, ਜੋ ਰਾਂਚੀ ਸੈਂਟਰਲ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਹਨ ਤੇ ਕਬਾਇਲੀ ਲੋਕ-ਕਥਾਵਾਂ ਦੇ ਮਾਹਰ ਵੀ।
ਅਮਾਡੋਬੀ ਨੇ ਕਈ ਪੈਤਕਾਰ ਕਲਾਕਾਰ ਪੈਦਾ ਕੀਤੇ ਤੇ 71 ਸਾਲਾ ਅਨਿਲ ਚਿਤਰਕਾਰ ਪਿੰਡ ਦੇ ਸਭ ਤੋਂ ਬਜ਼ੁਰਗ ਪੇਂਟਰ ਹਨ। ''ਮੇਰੀ ਹਰੇਕ ਪੇਂਟਿੰਗ ਵਿੱਚ ਇੱਕ ਗੀਤ ਲੁਕਿਆ ਹੁੰਦਾ ਹੈ ਤੇ ਅਸੀਂ ਉਹੀ ਗੀਤ ਗਾਉਂਦੇ ਹਾਂ,'' ਅਨਿਲ ਪੇਂਟਿੰਗ ਦੀਆਂ ਬਾਰੀਕੀਆਂ ਦੱਸਦੇ ਹਨ। ਸੰਥਾਲੀ ਤਿਓਹਾਰ ਮੌਕੇ ਪਾਰੀ ਨੂੰ ਕਰਮਾ ਨਾਚ ਦੀ ਆਪਣੀ ਪੋਥੀ ਪੇਂਟਿੰਗ ਦਿਖਾਉਂਦਿਆਂ ਉਹ ਕਹਿੰਦੇ ਹਨ,''ਇੱਕ ਵਾਰ ਜਦੋਂ ਕੋਈ ਕਹਾਣੀ ਦਿਮਾਗ਼ ਵਿੱਚ ਆਉਂਦੀ ਹੈ, ਅਸੀਂ ਉਹਨੂੰ ਬੁਰਸ਼ ਨਾਲ਼ ਕਾਗ਼ਜ਼ 'ਤੇ ਉਤਾਰਨ ਲੱਗਦੇ ਹਾਂ। ਪੇਂਟਿੰਗ ਦਾ ਸਭ ਤੋਂ ਮੁਸ਼ਕਲ ਹਿੱਸਾ ਗੀਤ ਲਿਖਣਾ ਤੇ ਫਿਰ ਉਹਨੂੰ ਪੇਂਟਿੰਗ ਵਿੱਚ ਉਤਾਰਨਾ ਤੇ ਅਖੀਰ ਲੋਕਾਂ ਨੂੰ ਸੁਣਾਉਣਾ ਹੈ।''
ਅਨਿਲ ਤੇ ਵਿਜੈ ਦੋਵੇਂ ਉਨ੍ਹਾਂ ਮੁੱਠੀ ਭਰ ਚਿੱਤਰਕਾਰਾਂ ਵਿੱਚੋਂ ਹਨ ਜਿਨ੍ਹਾਂ ਕੋਲ਼ ਪੈਤਕਾਰ ਕਲਾਕਾਰ ਹੋਣ ਲਈ ਸਭ ਤੋਂ ਜ਼ਰੂਰੀ ਗਿਆਨ ਭਾਵ ਸੰਗੀਤ ਦਾ ਇਲਮ ਮੌਜੂਦ ਹੈ। ਅਨਿਲ ਕਹਿੰਦੇ ਹਨ ਕਿ ਸੰਗੀਤ ਕੋਲ਼ ਹਰ ਭਾਵਨਾ ਨੂੰ ਪ੍ਰਗਟ ਕਰਦਾ ਗੀਤ ਮੌਜੂਦ ਹੈ-ਖ਼ੁਸ਼ੀ, ਗਮੀ, ਖੁਸ਼ਹਾਲੀ ਤੇ ਤਾਂਘ। ''ਪੇਂਡੂ ਇਲਾਕਿਆਂ ਵਿੱਚ ਅਸੀਂ ਦੇਵਤਿਆਂ ਤੇ ਮਹਾਂਕਾਵਾਂ ਨਾਲ਼ ਜੁੜੇ ਤਿਓਹਾਰਾਂ 'ਤੇ ਅਧਾਰਤ ਗੀਤ ਗਾਉਂਦੇ ਹਾਂ ਜਿਵੇਂ ਦੁਰਗਾ, ਕਾਲੀ, ਦਾਤਾ ਕਰਣ, ਨੌਕਾ ਵਿਲਾਸ਼, ਮਨਸਾ ਮੰਗਲ ਤੇ ਕੁਝ ਹੋਰ ਵੀ,'' ਉਹ ਕਹਿੰਦੇ ਹਨ।
ਅਨਿਲ ਨੇ ਆਪਣੇ ਪਿਤਾ ਤੋਂ ਸੰਗੀਤ ਸਿੱਖਿਆ ਅਤੇ ਕਿਹਾ ਜਾਂਦਾ ਹੈ ਕਿ ਉਨ੍ਹਾਂ (ਪਿਤਾ) ਕੋਲ਼ ਪੇਂਟਿੰਗਾਂ ਨਾਲ਼ ਸਬੰਧਤ ਗੀਤਾਂ ਦਾ ਸਭ ਤੋਂ ਵੱਡਾ ਭੰਡਾਰ ਸੀ। "[ਸੰਥਾਲੀ ਅਤੇ ਹਿੰਦੂ] ਤਿਉਹਾਰਾਂ ਦੌਰਾਨ, ਅਸੀਂ ਪਿੰਡ-ਪਿੰਡ ਜਾ ਕੇ ਆਪਣੀਆਂ ਪੇਂਟਿੰਗਾਂ ਦਿਖਾਉਂਦੇ ਸੀ ਅਤੇ ਏਕਤਾਰੀ ਅਤੇ ਹਾਰਮੋਨੀਅਮ ਦੇ ਨਾਲ਼ ਗਾਉਂਦੇ ਸੀ। ਲੋਕ ਪੇਂਟਿੰਗਾਂ ਖਰੀਦਦੇ ਅਤੇ ਬਦਲੇ ਵਿੱਚ ਕੁਝ ਪੈਸੇ ਜਾਂ ਅਨਾਜ ਦਿੰਦੇ," ਉਹ ਕਹਿੰਦੇ ਹਨ।
ਇਹ ਕਲਾ ਇੱਕ ਤਰ੍ਹਾਂ ਨਾਲ਼ ਜਟਿਲ ਦ੍ਰਿਸ਼ਾਂ ਨੂੰ ਕਹਾਣੀ ਦਾ ਰੂਪ ਦੇ ਕੇ ਲੋਕਾਂ ਸਾਹਮਣੇ ਪੇਸ਼ ਕਰਨ ਦਾ ਇੱਕ ਢੰਗ ਹੈ ਜੋ ਪ੍ਰਾਚੀਨ ਸ਼ਾਹੀ ਪੋਥੀਆਂ (ਪਾਂਡੂਲਿਪੀ) ਤੋਂ ਪ੍ਰਭਾਵਤ ਸੀ
ਹਾਲ ਹੀ ਦੇ ਸਾਲਾਂ ਵਿੱਚ, ਸੰਥਾਲ ਦੀ ਉਤਪਤੀ ਬਾਰੇ ਇੱਕ ਲੋਕ ਕਹਾਣੀ ਦਾ ਵਰਣਨ ਕਰਨ ਵਾਲੀਆਂ ਪੈਤਕਾਰ ਪੇਂਟਿੰਗਾਂ ਆਪਣੇ ਮੂਲ਼ ਅਕਾਰ- 12 ਤੋਂ 14 ਫੁੱਟ ਤੋਂ ਘਟ ਕੇ A4 ਆਕਾਰ ਤੱਕ ਸਿਮਟ ਗਈਆਂ ਹਨ – ਇੱਕ ਫੁੱਟ ਲੰਬਾਈ ਦੇ ਹਿਸਾਬ ਨਾਲ਼ ਪੇਂਟਿੰਗ 200 ਤੋਂ 2,000 ਰੁਪਏ ਵਿੱਚ ਵਿਕਦੀ। "ਅਸੀਂ ਵੱਡੀਆਂ ਪੇਂਟਿੰਗਾਂ ਨਹੀਂ ਵੇਚ ਸਕਦੇ, ਇਸ ਲਈ ਅਸੀਂ ਛੋਟੀਆਂ ਪੇਂਟਿੰਗਾਂ ਬਣਾਉਂਦੇ ਹਾਂ। ਜੇ ਕੋਈ ਗਾਹਕ ਪਿੰਡ ਆ ਜਾਵੇ, ਤਾਂ ਅਸੀਂ ਇੱਕ ਪੇਂਟਿੰਗ 400-500 ਰੁਪਏ ਵਿੱਚ ਵੇਚਦੇ ਹਾਂ," ਅਨਿਲ ਕਹਿੰਦੇ ਹਨ।
ਅਨਿਲ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੇਲਿਆਂ ਅਤੇ ਵਰਕਸ਼ਾਪਾਂ ਵਿੱਚ ਹਿੱਸਾ ਲਿਆ ਹੈ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਕਲਾ ਅੰਤਰਰਾਸ਼ਟਰੀ ਪੱਧਰ 'ਤੇ ਜਾਣੀ ਜਾਂਦੀ ਹੈ ਪਰ ਇਹ ਟਿਕਾਊ ਰੋਜ਼ੀ-ਰੋਟੀ ਨਹੀਂ ਹੈ। "ਮੋਬਾਈਲ ਫ਼ੋਨ ਦੇ ਆਉਣ ਨਾਲ਼ ਲਾਈਵ ਸੰਗੀਤ ਪ੍ਰਦਰਸ਼ਨ ਦੀਆਂ ਪਰੰਪਰਾਵਾਂ ਵਿੱਚ ਗਿਰਾਵਟ ਆਈ ਹੈ, ਕਿਉਂਕਿ ਹੁਣ ਜ਼ਿਆਦਾਤਰ ਲੋਕਾਂ ਕੋਲ਼ ਮੋਬਾਈਲ ਫ਼ੋਨ ਹਨ, ਜਿਸ ਕਾਰਨ ਗਾਉਣ ਅਤੇ ਸੰਗੀਤ ਵਜਾਉਣ ਦੀ ਪੁਰਾਣੀ ਪਰੰਪਰਾ ਅਲੋਪ ਹੋ ਗਈ ਹੈ। ਅਨਿਲ ਕਹਿੰਦੇ ਹਨ ਕਿ ਹੁਣ ਤਾਂ ' ਫੁਲਕਾ ਫੁਲਕਾ ਚੂਲ , ਉਡੀ ਉਡੀ ਜਾਏ ' ਵਰਗੇ ਗਾਣੇ ਪ੍ਰਸਿੱਧ ਹੋ ਗਏ ਹਨ। ਉਹ ਇੱਕ ਮਸ਼ਹੂਰ ਗੀਤ ਦੇ ਬੋਲ ਬਾਰੇ ਟਿੱਪਣੀ ਕਰਦੇ ਹਨ ਜੋ ਹਨ- ਗਿੱਲੇ ਵਾਲ਼ ਹਵਾ ਵਿੱਚ ਲਹਿਰਾਉਂਦੇ ਨੇ।
ਅਮਾਡੋਬੀ ਵਿੱਚ ਕਦੇ 40 ਤੋਂ ਵੱਧ ਘਰ ਸਨ ਜਿੱਥੇ ਪੈਤਕਾਰ ਪੇਂਟਿੰਗ ਦਾ ਅਭਿਆਸ ਕਰਦੇ ਸਨ, ਪਰ ਅੱਜ ਸਿਰਫ਼ ਕੁਝ ਹੀ ਘਰ ਇਸ ਕਲਾ ਦਾ ਅਭਿਆਸ ਕਰ ਰਹੇ ਹਨ, ਬਜ਼ੁਰਗ ਕਲਾਕਾਰ ਕਹਿੰਦੇ ਹਨ। "ਮੈਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੇਂਟਿੰਗ ਸਿਖਾਈ, ਪਰ ਉਨ੍ਹਾਂ ਸਾਰਿਆਂ ਨੇ ਇਹ ਕੰਮ ਛੱਡ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਉਹ ਇਸ ਤੋਂ ਪੈਸੇ ਨਹੀਂ ਕਮਾ ਸਕਦੇ ਸਨ," ਅਨਿਲ ਕਹਿੰਦੇ ਹਨ। "ਮੈਂ ਆਪਣੇ ਬੱਚਿਆਂ ਨੂੰ ਵੀ ਇਹ ਹੁਨਰ ਸਿਖਾਇਆ, ਪਰ ਉਹ ਵੀ ਇਸ ਤੋਂ ਦੂਰ ਚਲੇ ਗਏ ਕਿਉਂਕਿ ਉਹ ਇਸ ਤੋਂ ਕਾਫ਼ੀ ਕਮਾਈ ਨਹੀਂ ਕਰ ਸਕਦੇ ਸਨ।'' ਉਨ੍ਹਾਂ ਦਾ ਵੱਡਾ ਬੇਟਾ ਜਮਸ਼ੇਦਪੁਰ ਵਿੱਚ ਰਾਜ ਮਿਸਤਰੀ (ਮਿਸਤਰੀ) ਵਜੋਂ ਕੰਮ ਕਰਦਾ ਹੈ ਜਦਕਿ ਛੋਟਾ ਬੇਟਾ ਮਜ਼ਦੂਰੀ ਕਰਦਾ ਹੈ। ਅਨਿਲ ਅਤੇ ਉਨ੍ਹਾਂ ਦੀ ਪਤਨੀ ਪਿੰਡ ਵਿੱਚ ਇੱਕ ਛੋਟੀ ਜਿਹੀ ਝੌਂਪੜੀ ਵਿੱਚ ਰਹਿੰਦੇ ਹਨ ਅਤੇ ਉਹ ਕੁਝ ਬੱਕਰੀਆਂ ਅਤੇ ਮੁਰਗੀਆਂ ਪਾਲਦੇ ਹਨ; ਇੱਕ ਤੋਤਾ ਉਨ੍ਹਾਂ ਦੇ ਘਰ ਦੇ ਬਾਹਰ ਪਿੰਜਰੇ ਵਿੱਚ ਰਹਿੰਦਾ ਹੈ।
2013 ਵਿੱਚ, ਝਾਰਖੰਡ ਸਰਕਾਰ ਨੇ ਅਮਾਡੋਬੀ ਪਿੰਡ ਨੂੰ ਸੈਰ-ਸਪਾਟਾ ਕੇਂਦਰ ਬਣਾਇਆ ਪਰ ਇਹ ਸਿਰਫ਼ ਕੁਝ ਸੈਲਾਨੀਆਂ ਨੂੰ ਆਕਰਸ਼ਿਤ ਕਰਨ ਵਿੱਚ ਸਫ਼ਲ ਰਿਹਾ। "ਜੇ ਸੈਲਾਨੀ ਜਾਂ ਸਾਹਿਬ (ਸਰਕਾਰੀ ਅਧਿਕਾਰੀ) ਆਉਣ ਤਾਂ ਅਸੀਂ ਉਨ੍ਹਾਂ ਲਈ ਗਾਉਂਦੇ ਹਾਂ ਤੇ ਉਹ ਸਾਨੂੰ ਕੁਝ ਪੈਸੇ ਦਿੰਦੇ ਹਨ। ਪਿਛਲੇ ਸਾਲ ਮੈਂ ਸਿਰਫ਼ ਦੋ ਪੇਂਟਿੰਗਾਂ ਵੇਚੀਆਂ," ਉਹ ਕਹਿੰਦੇ ਹਨ।
ਕਲਾਕਾਰ ਕਰਮਾ ਪੂਜਾ, ਬੰਧਨ ਪਰਵ ਅਤੇ ਸਥਾਨਕ ਹਿੰਦੂ ਤਿਉਹਾਰਾਂ ਅਤੇ ਮੇਲਿਆਂ ਵਰਗੇ ਸੰਥਾਲ ਤਿਉਹਾਰਾਂ ਦੌਰਾਨ ਨੇੜਲੇ ਪਿੰਡਾਂ ਵਿੱਚ ਪੇਂਟਿੰਗਾਂ ਵੇਚਦੇ ਹਨ। "ਪਹਿਲਾਂ, ਅਸੀਂ ਪੇਂਟਿੰਗਾਂ ਵੇਚਣ ਲਈ ਪਿੰਡੋ-ਪਿੰਡੀ ਜਾਂਦੇ ਸੀ। ਅਸੀਂ ਬੰਗਾਲ, ਉੜੀਸਾ ਅਤੇ ਛੱਤੀਸਗੜ੍ਹ ਵਰਗੀਆਂ ਥਾਵਾਂ 'ਤੇ ਵੀ ਜਾਂਦੇ ਸੀ," ਅਨਿਲ ਚਿੱਤਰਕਰ ਕਹਿੰਦੇ ਹਨ।
*****
ਵਿਜੈ ਸਾਨੂੰ ਪੈਤਕਾਰ ਕਲਾ ਦੀ ਮਗਰਲੀ ਪ੍ਰਕਿਰਿਆ ਦਿਖਾਉਂਦੇ ਹਨ। ਪਹਿਲਾਂ ਉਹ ਇੱਕ ਛੋਟੇ ਪੱਥਰ ਦੇ ਟੁਕੜੇ 'ਤੇ ਥੋੜ੍ਹਾ ਜਿਹਾ ਪਾਣੀ ਪਾਉਂਦੇ ਹਨ ਅਤੇ ਇਸ ਵਿੱਚੋਂ ਭੂਰਾ ਲਾਲ ਰੰਗ ਪ੍ਰਾਪਤ ਕਰਨ ਲਈ ਇਸ 'ਤੇ ਇੱਕ ਹੋਰ ਪੱਥਰ ਰਗੜਦੇ ਹਨ। ਫਿਰ, ਇੱਕ ਛੋਟੇ ਬੁਰਸ਼ ਦੀ ਮਦਦ ਨਾਲ਼, ਉਹ ਪੇਂਟਿੰਗ ਸ਼ੁਰੂ ਕਰਦੇ ਹਨ।
ਪੈਤਕਾਰ ਚਿੱਤਰਾਂ ਵਿੱਚ ਵਰਤੇ ਗਏ ਰੰਗ ਨਦੀ ਕੰਢੇ ਪਏ ਪੱਥਰਾਂ ਨੂੰ ਰਗੜਨ, ਫੁੱਲਾਂ ਅਤੇ ਪੱਤਿਆਂ ਦੇ ਅਰਕ ਤੋਂ ਲਏ ਗਏ ਹਨ। ਪੱਥਰ ਲੱਭਣਾ ਸਭ ਤੋਂ ਚੁਣੌਤੀਪੂਰਨ ਕੰਮ ਹੈ। "ਸਾਨੂੰ ਇਸ ਨੂੰ ਲੱਭਣ ਲਈ ਕਿਸੇ ਪਹਾੜੀ ਜਾਂ ਨਦੀ ਦੇ ਕਿਨਾਰੇ ਜਾਣਾ ਪੈਂਦਾ ਹੈ; ਕਈ ਵਾਰ ਚੂਨਾ ਪੱਥਰ ਪ੍ਰਾਪਤ ਕਰਨ ਵਿੱਚ ਤਿੰਨ ਤੋਂ ਚਾਰ ਦਿਨ ਲੱਗ ਜਾਂਦੇ ਹਨ," ਵਿਜੈ ਕਹਿੰਦੇ ਹਨ।
ਕਲਾਕਾਰ ਪੀਲ਼ੇ ਰੰਗ ਲਈ ਹਲਦੀ, ਹਰੇ ਲਈ ਬੀਨਜ਼ ਜਾਂ ਮਿਰਚਾਂ ਅਤੇ ਜਾਮਨੀ ਲਈ ਲੈਂਟਾਨਾ ਫਲ ਦੀ ਵਰਤੋਂ ਕਰਦੇ ਹਨ। ਸਿਆਹ ਕਾਲ਼ਾ ਰੰਗ ਮਿੱਟੀ ਦੇ ਤੇਲ ਵਾਲ਼ੇ ਦੀਵੇ (ਬੱਤੀ) ਤੋਂ ਇਕੱਤਰ ਕੀਤਾ ਜਾਂਦਾ ਹੈ; ਪੱਥਰਾਂ ਨੂੰ ਰਗੜ ਕੇ ਲਾਲ, ਚਿੱਟੇ ਅਤੇ ਇੱਟ-ਰੰਗੇ ਰੰਗ ਕੱਢੇ ਜਾਂਦੇ ਹਨ।
ਹਾਲਾਂਕਿ ਇਹ ਪੇਂਟਿੰਗਾਂ ਕੱਪੜੇ ਜਾਂ ਕਾਗ਼ਜ਼ 'ਤੇ ਬਣਾਈਆਂ ਜਾ ਸਕਦੀਆਂ ਹਨ, ਪਰ ਅੱਜ, ਜ਼ਿਆਦਾਤਰ ਕਲਾਕਾਰ 70 ਕਿਲੋਮੀਟਰ ਦੂਰ ਜਮਸ਼ੇਦਪੁਰ ਤੋਂ ਖਰੀਦੇ ਗਏ ਕਾਗ਼ਜ਼ ਦੀ ਵਰਤੋਂ ਕਰਕੇ ਪੇਂਟਿੰਗ ਬਣਾਉਣਾ ਪਸੰਦ ਕਰਦੇ ਹਨ। "ਇੱਕ ਸ਼ੀਟ ਦੀ ਕੀਮਤ 70 ਰੁਪਏ ਤੋਂ ਲੈ ਕੇ 120 ਰੁਪਏ ਤੱਕ ਹੁੰਦੀ ਹੈ ਅਤੇ ਇਸ ਤੋਂ ਚਾਰ ਛੋਟੀਆਂ ਪੇਂਟਿੰਗਾਂ ਆਸਾਨੀ ਨਾਲ਼ ਬਣਾਈਆਂ ਜਾ ਸਕਦੀਆਂ ਹਨ," ਵਿਜੈ ਕਹਿੰਦੇ ਹਨ।
ਪੇਂਟਿੰਗਾਂ ਨੂੰ ਸੁਰੱਖਿਅਤ ਰੱਖਣ ਲਈ ਇਨ੍ਹਾਂ ਕੁਦਰਤੀ ਰੰਗਾਂ ਵਿੱਚ ਨੀਮ ( ਅਜ਼ਾਦੀਰਾਚਤਾ ਇੰਡੀਕਾ ) ਜਾਂ ਬਬੂਲ (ਅਕਾਕਿਆ ਨੀਲੋਟਿਕਾ) ਦੇ ਰੁੱਖਾਂ ਦੀ ਰਾਲ ਮਿਲ਼ਾਈ ਜਾਂਦੀ ਹੈ। "ਇੰਝ ਕਰਨ ਨਾਲ਼ ਕੀੜੇ ਕਾਗ਼ਜ਼ 'ਤੇ ਹਮਲਾ ਨਹੀਂ ਕਰਦੇ ਅਤੇ ਪੇਂਟਿੰਗ ਸਦਾਬਹਾਰ ਬਣੀ ਰਹਿੰਦੀ ਹੈ," ਵਿਜੈ ਕਹਿੰਦੇ ਹਨ, ਜਿਨ੍ਹਾਂ ਮੁਤਾਬਕ ਕੁਦਰਤੀ ਰੰਗਾਂ ਦੀ ਵਰਤੋਂ ਬੜੀ ਅਹਿਮ ਰਹਿੰਦੀ ਹੈ।
*****
ਅਨਿਲ ਨੂੰ ਅੱਠ ਸਾਲ ਪਹਿਲਾਂ ਦੋਵੇਂ ਅੱਖਾਂ ਦਾ ਮੋਤੀਆਬਿੰਦ ਹੋ ਗਿਆ ਸੀ। ਉਨ੍ਹਾਂ ਨੇ ਚਿੱਤਰਕਾਰੀ ਬੰਦ ਕਰ ਦਿੱਤੀ ਕਿਉਂਕਿ ਉਨ੍ਹਾਂ ਦੀ ਨਜ਼ਰ ਧੁੰਦਲੀ ਹੋ ਗਈ ਸੀ "ਮੈਂ ਠੀਕ ਤਰ੍ਹਾਂ ਨਹੀਂ ਦੇਖ ਸਕਦਾ। ਮੈਂ ਚਿੱਤਰ ਵਾਹ ਸਕਦਾ ਹਾਂ, ਗੀਤ ਸਕਦਾ ਹਾਂ ਪਰ ਚਿੱਤਰਾਂ ਵਿੱਚ ਰੰਗ ਨਹੀਂ ਭਰ ਸਕਦਾ," ਉਹ ਆਪਣੀ ਇੱਕ ਪੇਂਟਿੰਗ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੇ ਹਨ। ਇਹ ਪੇਂਟਿੰਗ ਦੋ ਨਾਂਵਾਂ ਹੇਠ ਤਿਆਰ ਹੋਈ ਹੈ- ਚਿੱਤਰ ਵਾਹੁਣ ਲਈ ਅਨਿਲ ਦਾ ਅਤੇ ਦੂਜਾ ਨਾਮ ਉਨ੍ਹਾਂ ਦੇ ਇੱਕ ਵਿਦਿਆਰਥੀ ਦਾ ਜਿਹਨੇ ਇਸ ਵਿੱਚ ਰੰਗ ਭਰੇ ਹਨ।
ਹੁਨਰਮੰਦ ਪੈਤਕਾਰ ਕਲਾਕਾਰ, 36 ਸਾਲਾ ਅੰਜਨਾ ਪਤਕਰ ਕਹਿੰਦੀ ਹਨ, "ਹੁਣ ਮੈਂ ਇਹ ਕੰਮ ਕਰਨਾ ਬੰਦ ਕਰ ਦਿੱਤਾ ਹੈ। ਇੱਕ ਤਾਂ ਮੇਰੇ ਪਤੀ ਪਰੇਸ਼ਾਨ ਹੋ ਜਾਂਦੇ ਹਨ ਤੇ ਦੂਜਾ ਮੈਂ ਘਰ ਦੇ ਕੰਮਾਂ ਦੇ ਨਾਲ਼-ਨਾਲ਼ ਪੇਂਟਿੰਗ ਕਰਨ ਕਾਰਨ ਥੱਕ ਜਾਂਦੀ ਹਾਂ। ਇਹ ਬਹੁਤ ਮੁਸ਼ਕਲ ਕੰਮ ਹੈ, ਇਸ ਦਾ ਕੋਈ ਫਾਇਦਾ ਨਹੀਂ ਹੈ। ਤਾਂ ਫਿਰ ਇਹਨੂੰ ਜਾਰੀ ਰੱਖਣ ਦਾ ਕੀ ਮਤਲਬ?" ਅੰਜਨਾ ਪੁੱਛਦੀ ਹਨ, ਜਿਨ੍ਹਾਂ ਕੋਲ਼ 50 ਪੇਂਟਿੰਗਾਂ ਹਨ ਪਰ ਉਹ ਉਨ੍ਹਾਂ ਨੂੰ ਵੇਚਣ ਵਿੱਚ ਅਸਮਰੱਥ ਹਨ। ਉਹ ਕਹਿੰਦੀ ਹਨ ਕਿ ਉਨ੍ਹਾਂ ਦੇ ਬੱਚੇ ਇਸ ਕਲਾ ਨੂੰ ਸਿੱਖਣ ਵਿੱਚ ਦਿਲਚਸਪੀ ਨਹੀਂ ਰੱਖਦੇ।
ਅੰਜਨਾ ਦੀ ਤਰ੍ਹਾਂ, 24 ਸਾਲਾ ਗਣੇਸ਼ ਗਯਾਨ ਕਦੇ ਪੈਤਕਾਰ ਪੇਂਟਿੰਗ ਦੇ ਮਾਹਰ ਸਨ, ਪਰ ਅੱਜ ਉਹ ਪਿੰਡ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦੇ ਹਨ ਅਤੇ ਕਦੇ-ਕਦਾਈਂ ਹੱਥੀਂ ਮਜ਼ਦੂਰੀ ਵੀ ਕਰਦੇ ਹਨ। "ਮੈਂ ਪਿਛਲੇ ਸਾਲ ਸਿਰਫ਼ ਤਿੰਨ ਪੇਂਟਿੰਗਾਂ ਵੇਚੀਆਂ। ਇਸੇ ਆਮਦਨੀ 'ਤੇ ਨਿਰਭਰ ਰਹਿ ਕੇ ਅਸੀਂ ਆਪਣੇ ਪਰਿਵਾਰ ਦਾ ਗੁਜ਼ਾਰਾ ਕਿਵੇਂ ਕਰ ਸਕਦੇ ਹਾਂ?"
"ਨਵੀਂ ਪੀੜ੍ਹੀ ਨੂੰ ਗੀਤ ਲਿਖਣੇ ਨਹੀਂ ਆਉਂਦੇ। ਪੈਤਕਾਰ ਪੇਂਟਿੰਗ ਤਾਂ ਹੀ ਬਚੀ ਰਹੇਗੀ ਜੇ ਕੋਈ ਗਾਉਣਾ ਅਤੇ ਕਹਾਣੀ ਦੱਸਣਾ ਸਿੱਖ ਲਵੇ। ਨਹੀਂ ਤਾਂ, ਇਹ ਮਰ ਜਾਵੇਗੀ," ਅਨਿਲ ਕਹਿੰਦੇ ਹਨ।
ਕਹਾਣੀ ਵਿੱਚ ਪੈਤਕਾਰ ਗੀਤਾਂ ਦਾ ਅੰਗਰੇਜ਼ੀ ਅਨੁਵਾਦ ਜੋਸ਼ੁਆ ਬੋਧੀਨੇਤਰਾ ਨੇ ਸੀਤਾਰਾਮ ਬਾਸਕੀ ਅਤੇ ਰੋਨਿਤ ਹੇਮਬ੍ਰੋਮ ਦੀ ਮਦਦ ਨਾਲ਼ ਕੀਤਾ ਹੈ।
ਇਹ ਕਹਾਣੀ ਮ੍ਰਿਣਾਲਿਨੀ ਮੁਖਰਜੀ ਫਾਊਂਡੇਸ਼ਨ (ਐੱਮਐੱਮਐੱਫ) ਦੀ ਫੈਲੋਸ਼ਿਪ ਤਹਿਤ ਲਿਖੀ ਗਈ ਹੈ।
ਪੰਜਾਬੀ ਤਰਜਮਾ: ਕਮਲਜੀਤ ਕੌਰ