ਇਸ ਸਭ ਕਾਸੇ ਦੀ ਸ਼ੁਰੂਆਤ ਕਾਗ਼ਜ਼ ਦੇ ਇੱਕ ਟੁਕੜੇ ਅਤੇ ਇੱਕ ਅਜਨਬੀ ਦੇ ਸਵਾਲ ਤੋਂ ਹੋਈ ਸੀ।
ਕਮਲੇਸ਼ ਡੰਡੋਲੀਆ, ਜੋ ਉਸ ਸਮੇਂ 12 ਸਾਲਾਂ ਦੇ ਸਨ, ਰਾਤੇੜ ਪਿੰਡ ਵਿਖੇ ਆਪਣੇ ਘਰ ਦੇ ਨੇੜੇ ਇੱਕ ਸੈਲਾਨੀ ਗੈਸਟ ਹਾਊਸ ਦੇ ਨੇੜੇ ਸੈਰ ਕਰ ਰਹੇ ਸਨ ਜਦੋਂ ਉਨ੍ਹਾਂ ਨੇ ਇੱਕ ਵਿਦੇਸ਼ੀ ਨੂੰ ਦੇਖਿਆ। "ਉਨ੍ਹਾਂ ਨੇ ਪੁੱਛਿਆ ਕੀ ਮੈਂ ਭਾਰਿਆ ਜਾਣਦਾ ਹਾਂ" ਕਮਲੇਸ਼ ਦੇ ਜਵਾਬ ਦੇਣ ਤੋਂ ਪਹਿਲਾਂ, "ਉਸ ਆਦਮੀ ਨੇ ਮੈਨੂੰ ਇੱਕ ਰੁੱਕਾ ਫੜ੍ਹਾਇਆ ਤੇ ਮੈਨੂੰ ਪੜ੍ਹਨ ਲਈ ਕਿਹਾ।''
ਇਹ ਅਜਨਬੀ ਇਸ ਮੌਕੇ ਦਾ ਫਾਇਦਾ ਉਠਾ ਰਿਹਾ ਸੀ - ਇੱਥੇ ਤਾਮੀਆ ਬਲਾਕ ਦੀ ਪਤਾਲਕੋਟ ਘਾਟੀ ਵਿੱਚ, ਭਾਰਿਆ ਭਾਈਚਾਰੇ ਦੇ ਬਹੁਤ ਸਾਰੇ ਲੋਕ ਰਹਿੰਦੇ ਹਨ, ਜਿਨ੍ਹਾਂ ਨੂੰ ਮੱਧ ਪ੍ਰਦੇਸ਼ ਵਿੱਚ ਵਿਸ਼ੇਸ਼ ਪੱਛੜੀ ਜਨਜਾਤੀ ਸਮੂਹ (ਪੀਵੀਟੀਜੀ) ਵਜੋਂ ਸੂਚੀਬੱਧ ਕੀਤਾ ਗਿਆ ਹੈ। ਕਮਲੇਸ਼, ਭਾਰਿਆ ਭਾਈਚਾਰੇ ਨਾਲ਼ ਸਬੰਧ ਰੱਖਦੇ ਹਨ ਅਤੇ ਭਾਈਚਾਰੇ ਦੀ ਭਾਸ਼ਾ – ਭਰਿਆਤੀ ਚੰਗੀ ਤਰ੍ਹਾਂ ਬੋਲ ਲੈਂਦੇ ਸਨ।
ਭਰੋਸੇ ਨਾਲ਼ ਭਰੇ ਨੌਜਵਾਨ ਮੁੰਡੇ ਨੇ ਰੁੱਕਾ ਪੜ੍ਹਨਾ ਸ਼ੁਰੂ ਕਰ ਦਿੱਤਾ। ਇਸ ਵਿੱਚ ਉਨ੍ਹਾਂ ਦੇ ਭਾਈਚਾਰੇ ਬਾਰੇ ਆਮ ਜਾਣਕਾਰੀ ਸੀ ਅਤੇ ਕਿਉਂਕਿ ਲਿਪੀ (ਸਕ੍ਰਿਪਟ) ਦੇਵਨਾਗਰੀ ਸੀ, "ਮੈਨੂੰ ਇਹ ਆਸਾਨ ਲੱਗਿਆ।'' ਉਹ ਯਾਦ ਕਰਦੇ ਹਨ,"ਸ਼ਬਦ ਭਰਿਆਤੀ ਭਾਸ਼ਾ ਵਿੱਚ ਲਿਖੇ ਗਏ ਸਨ," ਉਹ ਚੇਤਿਆਂ ਵਿੱਚ ਗੁਆਚਦਿਆਂ ਕਹਿੰਦੇ ਹਨ,''ਉਨ੍ਹਾਂ ਦੀਆਂ ਧੁਨਾਂ ਮੈਂ ਜਾਣਦਾ ਸਾਂ, ਪਰ ਸ਼ਬਦ ਅਜਨਬੀ ਜਾਪ ਰਹੇ ਸਨ।''
ਉਹ ਇੱਕ ਮਿੰਟ ਲਈ ਰੁਕਦੇ, ਜਿਓਂ ਯਾਦਦਾਸ਼ਤ 'ਤੇ ਜ਼ੋਰ ਦਿੰਦੇ ਹੋਣ। "ਇੱਕ ਸ਼ਬਦ ਸੀ ਜੋ ਕਿਸੇ ਜੰਗਲੀ ਜੜ੍ਹੀ-ਬੂਟੀ [ਚਿਕਿਤਸਕ ਪੌਦੇ] ਦਾ ਨਾਮ ਸੀ। ਕਾਸ਼ ਮੈਂ ਇਸ ਨੂੰ ਲਿਖ ਲਿਆ ਹੁੰਦਾ," ਉਹ ਨਿਰਾਸ਼ਾ ਵਿੱਚ ਆਪਣਾ ਸਿਰ ਹਿਲਾਉਂਦੇ ਹੋਏ ਕਹਿੰਦੇ ਹਨ। "ਮੈਨੂੰ ਹੁਣ ਇਹ ਸ਼ਬਦ ਜਾਂ ਇਸਦਾ ਅਰਥ ਯਾਦ ਨਹੀਂ ਹੈ।''
ਇਸ ਮੁਸ਼ਕਲ ਨੇ ਕਮਲੇਸ਼ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ: "ਮੈਂ ਸੋਚਿਆ ਕਿ ਭਰਿਆਤੀ ਦੇ ਹੋਰ ਵੀ ਬਹੁਤ ਸਾਰੇ ਸ਼ਬਦ ਹੋਣਗੇ ਜੋ ਮੈਂ ਨਹੀਂ ਜਾਣਦਾ।'' ਉਹ ਜਾਣਦੇ ਸਨ ਕਿ ਉਨ੍ਹਾਂ ਨੂੰ ਭਰਿਆਤੀ ਚੰਗੀ ਤਰ੍ਹਾਂ ਬੋਲਣੀ ਆਉਂਦੀ ਹੈ- ਉਹ ਆਪਣੇ ਦਾਦਾ-ਦਾਦੀ ਨਾਲ਼ ਭਰਿਆਤੀ ਵਿੱਚ ਗੱਲਬਾਤ ਕਰਦਿਆਂ ਵੱਡੇ ਹੋਏ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਪਾਲਿਆ ਸੀ। "ਗਭਰੇਟ ਉਮਰ ਤੱਕ ਮੈਂ ਸਿਰਫ਼ ਇਹੀ ਇੱਕੋ ਭਾਸ਼ਾ ਜਾਣਦਾ ਸਾਂ। ਮੈਨੂੰ ਅਜੇ ਵੀ ਚੰਗੀ ਤਰ੍ਹਾਂ ਹਿੰਦੀ ਬੋਲਣੀ ਮੁਸ਼ਕਲ ਲੱਗਦੀ ਹੈ," ਉਹ ਹੱਸਦੇ ਹੋਏ ਕਹਿੰਦੇ ਹਨ।





















