ਇੱਕ ਦੁਪਹਿਰ ਅਸ਼ੋਕ ਤਾਂਗੜੇ ਆਪਣੇ ਫ਼ੋਨ ਨੂੰ ਚੈੱਕ ਕਰ ਰਹੇ ਸਨ ਕਿ ਅਚਾਨਕ ਵਟ੍ਹਸਅਪ ਨੋਟੀਫ਼ਿਕੇਸ਼ਨ ਆਇਆ। ਸੁਨੇਹੇ ਅੰਦਰ ਵਿਆਹ ਦਾ ਡਿਜੀਟਲ ਕਾਰਡ ਸੀ ਜਿਸ ਅੰਦਰ ਅੱਲ੍ਹੜ ਦੁਲਹਾ ਤੇ ਦੁਲਹਨ ਅਜੀਬ ਨਜ਼ਰਾਂ ਨਾਲ਼ ਇੱਕ ਦੂਜੇ ਦੀਆਂ ਅੱਖਾਂ ਵਿੱਚ ਝਾਕ ਰਹੇ ਸਨ। ਕਾਰਡ ਵਿੱਚ ਵਿਆਹ ਦਾ ਸਮਾਂ, ਤਰੀਕ ਤੇ ਸਥਾਨ ਲਿਖਿਆ ਹੋਇਆ ਸੀ।
ਪਰ ਕਾਰਡ ਤਾਂਗੜੇ ਨੂੰ ਵਿਆਹ ਵਿੱਚ ਸ਼ਾਮਲ ਹੋਣ ਦਾ ਕੋਈ ਨਿਓਤਾ ਨਹੀਂ ਸੀ।
ਇਹ ਕਾਰਡ ਤਾਂ ਤਾਂਗੜੇ ਦੇ ਕਿਸੇ ਮੁਖਬਰ ਨੇ ਉਨ੍ਹਾਂ ਨੂੰ ਭੇਜਿਆ ਸੀ ਜੋ ਪੱਛਮੀ ਭਾਰਤ ਵਿਖੇ ਉਨ੍ਹਾਂ ਦੇ ਜ਼ਿਲ੍ਹੇ ਵਿੱਚ ਹੀ ਕਿਤੇ ਰਹਿੰਦਾ ਸੀ। ਵਿਆਹ ਦੇ ਕਾਰਡ ਦੇ ਨਾਲ਼-ਨਾਲ਼ ਉਨ੍ਹਾਂ ਨੇ ਦੁਲਹਨ ਦਾ ਜਨਮ-ਸਰਟੀਫ਼ਿਕੇਟ ਤੱਕ ਭੇਜ ਦਿੱਤਾ। ਉਹ ਮਹਿਜ 17 ਵਰ੍ਹਿਆਂ ਦੀ ਸੀ ਤੇ ਕਨੂੰਨ ਦੀ ਨਜ਼ਰ ਵਿੱਚ ਨਾਬਾਲਗ਼ ਵੀ।
ਕਾਰਡ ਨੂੰ ਪੜ੍ਹਦਿਆਂ 58 ਸਾਲਾ ਤਾਂਗੜੇ ਦੀ ਨਜ਼ਰ ਝਰੀਟੇ ਸਮੇਂ ਵੱਲ ਪਈ ਜਿਸ ਮੁਤਾਬਕ ਵਿਆਹ ਸਮਾਗਮ ਤਾਂ ਇੱਕ ਘੰਟੇ ਵਿੱਚ ਸ਼ੁਰੂ ਹੋਣ ਵਾਲ਼ਾ ਸੀ। ਉਨ੍ਹਾਂ ਨੇ ਯਕਦਮ ਆਪਣੇ ਸਹਿਯੋਗੀ ਤੇ ਦੋਸਤ ਤਤਵਾਸ਼ੀਲ ਕਾਂਬਲੇ ਨੂੰ ਫ਼ੋਨ ਘੁਮਾਇਆ ਤੇ ਛਾਲ਼ ਮਾਰ ਕੇ ਕਾਰ ਵਿੱਚ ਸਵਾਰ ਹੋ ਗਏ।
''ਬੀਡ ਸ਼ਹਿਰ ਵਿੱਚ ਜਿੱਥੇ ਅਸੀਂ ਰੁਕੇ ਸਾਂ ਉੱਥੋਂ ਇਹ ਥਾਂ ਕੋਈ ਅੱਧੇ ਘੰਟੇ ਦੀ ਦੂਰੀ 'ਤੇ ਸੀ,'' ਜੂਨ 2023 ਦੀ ਘਟਨਾ ਚੇਤੇ ਕਰਦਿਆਂ ਤਾਂਗੜੇ ਕਹਿੰਦੇ ਹਨ। ''ਰਸਤੇ ਵਿੱਚ ਹੀ ਅਸੀਂ ਇਹ ਤਸਵੀਰਾਂ ਸਥਾਨਕ ਪੁਲਿਸ ਸਟੇਸ਼ਨ ਤੇ ਗ੍ਰਾਮ ਸੇਵਕ ਨੂੰ ਭੇਜ ਦਿੱਤੀਆਂ ਤਾਂ ਜੋ ਸਮਾਂ ਵਿਅਰਥ ਨਾ ਹੋਵੇ।''
ਦਰਅਸਲ ਤਾਂਗੜੇ ਤੇ ਕਾਂਬਲੇ ਬਾਲ ਅਧਿਕਾਰ ਕਾਰਕੁੰਨ ਹਨ ਤੇ ਮਹਾਰਾਸ਼ਟਰ ਦੇ ਬੀਡ ਜ਼ਿਲ੍ਹੇ ਵਿਖੇ ਅਜਿਹੇ ਮਾਮਲਿਆਂ ਲਈ ਮੁਖਬਿਰੀ ਦਾ ਕੰਮ ਕਰਦੇ ਹਨ।
ਉਨ੍ਹਾਂ ਦੇ ਇਸ ਸੰਘਰਸ਼ ਮਗਰ ਉਨ੍ਹਾਂ ਦੇ ਮੁਖਬਰਾਂ ਦੀ ਇੱਕ ਵਿਸ਼ਾਲ ਲੜੀ ਹੈ ਜਿਸ ਅੰਦਰ ਲਾੜੀ ਨੂੰ ਪਸੰਦ ਕਰਨ ਵਾਲ਼ੇ ਪਿੰਡ ਦੇ ਕਿਸੇ ਮੁੰਡੇ ਤੋਂ ਲੈ ਕੇ ਸਕੂਲੀ ਅਧਿਆਪਕ ਜਾਂ ਕੋਈ ਸਮਾਜ ਸੇਵੀ ਤੱਕ ਸ਼ਾਮਲ ਹੁੰਦੇ ਹਨ ਜੋ ਜਾਣਦੇ ਹਨ ਕਿ ਬਾਲ ਵਿਆਹ ਇੱਕ ਜ਼ੁਰਮ ਹੈ। ਇਸ ਯਾਤਰਾ ਵਿੱਚ, ਉਨ੍ਹਾਂ ਨੇ ਜ਼ਿਲ੍ਹੇ ਭਰ ਵਿੱਚ 2,000 ਤੋਂ ਵੱਧ ਮੁਖਬਰਾਂ ਦਾ ਨੈੱਟਵਰਕ ਵਿਕਸਿਤ ਕੀਤਾ ਹੈ। ਇਹ ਉਹ ਮੁਖਬਰ ਹਨ ਜੋ ਵਿਆਹਾਂ ਨੂੰ ਰੋਕਣ ਵਿੱਚ ਉਨ੍ਹਾਂ ਦੀ ਮਦਦ ਕਰਦੇ ਹਨ।
"ਜਿਵੇਂ-ਜਿਵੇਂ ਸਾਡੇ ਮੁਖਬਰਾਂ ਦਾ ਨੈੱਟਵਰਕ ਵੱਧਦਾ ਗਿਆ, ਉਨ੍ਹਾਂ ਨੇ ਸਾਨੂੰ ਸੂਚਿਤ ਕਰਨਾ ਸ਼ੁਰੂ ਕਰ ਦਿੱਤਾ। ਇਸ ਨੈੱਟਵਰਕ ਨੂੰ ਬਣਾਉਣ ਵਿੱਚ ਸਾਨੂੰ ਦਸ ਸਾਲ ਲੱਗੇ ਹਨ। ਸਾਨੂੰ ਨਿਯਮਿਤ ਤੌਰ 'ਤੇ ਫ਼ੋਨ 'ਤੇ ਵਿਆਹ ਦੇ ਸੱਦੇ ਪ੍ਰਾਪਤ ਹੁੰਦੇ ਹਨ। ਪਰ ਉਨ੍ਹਾਂ ਵਿੱਚੋਂ ਕੋਈ ਵੀ ਸ਼ਾਮਲ ਹੋਣ ਦਾ ਨਿਓਤਾ ਨਹੀਂ ਹੁੰਦਾ," ਉਹ ਹੱਸਦੇ ਹੋਏ ਕਹਿੰਦੇ ਹਨ।
ਕਾਂਬਲੇ ਦਾ ਕਹਿਣਾ ਹੈ ਕਿ ਵਟ੍ਹਸਅਪ ਦੀ ਵਰਤੋਂ ਕਰਕੇ ਦਸਤਾਵੇਜ਼ ਦੀ ਫ਼ੋਟੋ ਲੈਣਾ ਬਹੁਤ ਆਸਾਨ ਹੈ। ਅਜਿਹੇ ਮਾਮਲਿਆਂ ਵਿੱਚ ਜਿੱਥੇ ਰਿਕਾਰਡ ਉਪਲਬਧ ਨਹੀਂ ਹੁੰਦੇ, ਉਹ ਲੜਕੀ ਦੇ ਸਕੂਲ ਜਾਂਦੇ ਹਨ ਜਿੱਥੇ ਉਨ੍ਹਾਂ ਨੂੰ ਉਸਦੀ ਉਮਰ ਦਾ ਰਿਕਾਰਡ ਮਿਲ਼ਦਾ ਹੈ। "ਇਸ ਤਰ੍ਹਾਂ ਮੁਖਬਰ ਗੁਮਨਾਮ ਹੀ ਰਹਿੰਦੇ ਹਨ," ਉਹ ਕਹਿੰਦੇ ਹਨ। ''ਵਟ੍ਹਸਅਪ ਆਉਣ ਤੋਂ ਮੁਖਬਰ ਨੂੰ ਖ਼ੁਦ ਸਾਰੇ ਦਸਤਾਵੇਜ਼ ਇਕੱਠੇ ਕਰਨੇ ਪੈਂਦੇ ਸਨ ਅਤੇ ਉਨ੍ਹਾਂ ਨੂੰ ਖੁਦ ਦਸਤਾਵੇਜ਼ ਇਕੱਠੇ ਕਰਨੇ ਪਏ। ਇਹ ਬਹੁਤ ਖਤਰਨਾਕ ਸੀ। ਜੇ ਪਿੰਡ ਦੇ ਕਿਸੇ ਵਿਅਕਤੀ ਦੇ ਮੁਖਬਰ ਹੋਣ ਦਾ ਪਤਾ ਲੱਗਦਾ ਹੈ ਤਾਂ ਪਿੰਡ ਦੇ ਲੋਕ ਉਸ ਦੀ ਜ਼ਿੰਦਗੀ ਨਰਕ ਬਣਾ ਸਕਦੇ ਹਨ।
42 ਸਾਲਾ ਕਾਰਕੁਨ ਦਾ ਕਹਿਣਾ ਹੈ ਕਿ ‘‘ਵਟ੍ਹਸਅਪ ਜਲਦੀ ਸਬੂਤ ਇਕੱਠੇ ਕਰਨ ਅਤੇ ਆਖਰੀ ਸਮੇਂ 'ਤੇ ਲੋਕਾਂ ਨੂੰ ਲਾਮਬੰਦ ਕਰਨ 'ਚ ਬਹੁਤ ਮਦਦਗਾਰ ਹੈ।
ਇੰਟਰਨੈੱਟ ਐਂਡ ਮੋਬਾਈਲ ਐਸੋਸੀਏਸ਼ਨ ਆਫ ਇੰਡੀਆ ( ਆਈ.ਏ.ਐੱਮ.ਏ.ਆਈ .) ਦੀ 2022 ਦੀ ਇਕ ਰਿਪੋਰਟ ਮੁਤਾਬਕ ਦੇਸ਼ ਦੇ 75.9 ਕਰੋੜ ਸਰਗਰਮ ਇੰਟਰਨੈੱਟ ਉਪਭੋਗਤਾਵਾਂ 'ਚੋਂ 39.9 ਕਰੋੜ ਪੇਂਡੂ ਭਾਰਤ ਤੋਂ ਹਨ, ਜਿਨ੍ਹਾਂ 'ਚੋਂ ਜ਼ਿਆਦਾਤਰ ‘‘ਵਟ੍ਹਸਅਪ ਦੀ ਵਰਤੋਂ ਕਰਦੇ ਹਨ।
ਕਾਂਬਲੇ ਕਹਿੰਦੇ ਹਨ, "ਸਭ ਤੋਂ ਵੱਡੀ ਚੁਣੌਤੀ ਜ਼ਰੂਰੀ ਕਾਨੂੰਨੀ ਅਤੇ ਪੁਲਿਸ ਦੀ ਮਦਦ ਨਾਲ਼ ਸਮੇਂ ਸਿਰ ਉੱਥੇ ਪਹੁੰਚਣਾ ਹੈ, ਨਾਲ਼ ਹੀ ਇਹ ਵੀ ਯਕੀਨੀ ਬਣਾਉਣਾ ਹੈ ਕਿ ਸਾਡੇ ਆਉਣ ਦੀ ਖ਼ਬਰ ਗੁਪਤ ਰਹੇ। ‘‘ਵਟ੍ਹਸਅਪ ਦੇ ਆਉਣ ਤੋਂ ਪਹਿਲਾਂ ਇਹ ਇੱਕ ਵੱਡੀ ਚੁਣੌਤੀ ਸੀ।
ਤਾਂਗੜੇ ਕਹਿੰਦੇ ਹਨ ਕਿ ਵਿਆਹ ਵਾਲ਼ੀ ਥਾਂ 'ਤੇ ਮੁਖਬਰਾਂ ਨੂੰ ਮਿਲਣਾ ਕਈ ਵਾਰ ਮਜ਼ਾਕੀਆ ਹੁੰਦਾ ਹੈ। "ਅਸੀਂ ਉਨ੍ਹਾਂ ਨੂੰ ਸਮਝਾਇਆ ਹੋਇਆ ਹੈ ਕਿ ਉਹ ਅਜਿਹਾ ਵਿਵਹਾਰ ਕਰਨ ਜਿਵੇਂ ਉਨ੍ਹਾਂ ਨੇ ਸਾਨੂੰ ਨਹੀਂ ਦੇਖਿਆ ਅਤੇ ਇੰਝ ਦੀ ਐਕਟਿੰਗ ਕਰਨ ਜਿਵੇਂ ਉਹ ਸਾਨੂੰ ਨਹੀਂ ਜਾਣਦੇ। ਪਰ ਹਰ ਕੋਈ ਇੰਨਾ ਸਮਾਰਟ ਨਹੀਂ ਹੁੰਦਾ। ਅਸੀਂ ਕਈ ਵਾਰ ਮੁਖਬਰਾਂ ਨਾਲ਼ ਦੁਰਵਿਵਹਾਰ ਕਰਦੇ ਹਾਂ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਕਿ ਉਹ ਮੁਖਬਰ ਹਨ," ਉਹ ਕਹਿੰਦੇ ਹਨ।
ਨੈਸ਼ਨਲ ਫੈਮਿਲੀ ਹੈਲਥ ਸਰਵੇ 2019-21 ( NFHS 5) ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਭਾਰਤ ਵਿੱਚ 20-24 ਸਾਲ ਦੀ ਉਮਰ ਦੀਆਂ 23.3 ਪ੍ਰਤੀਸ਼ਤ ਔਰਤਾਂ 18 ਸਾਲ ਦੀ ਉਮਰ ਤੋਂ ਪਹਿਲਾਂ ਵਿਆਹੀਆਂ ਜਾਂਦੀਆਂ ਹਨ। ਬੀਡ ਜ਼ਿਲ੍ਹੇ ਵਿੱਚ, ਜਿਸਦੀ ਆਬਾਦੀ ਲਗਭਗ 30 ਲੱਖ ਹੈ, ਇਹ ਇਹ ਗਿਣਤੀ ਰਾਸ਼ਟਰੀ ਔਸਤ ਨਾਲੋਂ ਦੁੱਗਣੀ ਹੈ - 43.7 ਪ੍ਰਤੀਸ਼ਤ। ਬਾਲ ਵਿਆਹ ਜਨਤਕ ਸਿਹਤ ਦੀ ਪ੍ਰਮੁੱਖ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਹ ਨਾਬਾਲਗ ਗਰਭ ਅਵਸਥਾਵਾਂ ਦਾ ਕਾਰਨ ਬਣਦਾ ਹੈ ਅਤੇ ਮਾਵਾਂ ਦੀ ਮੌਤ ਦਰ ਅਤੇ ਕੁਪੋਸ਼ਣ ਦੀ ਸੰਭਾਵਨਾ ਨੂੰ ਵਧਾਉਂਦਾ ਹੈ।
ਬੀਡ ਖੇਤਰ ਵਿੱਚ ਬਾਲ ਵਿਆਹ ਇੱਥੋਂ ਦੇ ਖੰਡ ਉਦਯੋਗ ਨਾਲ਼ ਨੇੜਿਓਂ ਜੁੜੇ ਹੋਏ ਹਨ। ਜ਼ਿਲ੍ਹਾ ਗੰਨਾ ਕੱਟਣ ਵਾਲਿਆਂ ਦਾ ਕੇਂਦਰ ਬਿੰਦੂ ਹੈ। ਉਹ ਖੰਡ ਫੈਕਟਰੀਆਂ ਲਈ ਗੰਨਾ ਕੱਟਣ ਲਈ ਹਰ ਸਾਲ ਸੈਂਕੜੇ ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ ਰਾਜ ਦੇ ਪੱਛਮੀ ਹਿੱਸੇ ਵਿੱਚ ਜਾਂਦੇ ਹਨ। ਬਹੁਤ ਸਾਰੇ ਕਾਮੇ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਕਬੀਲੇ ਦੇ ਭਾਈਚਾਰਿਆਂ ਨਾਲ਼ ਸਬੰਧਤ ਹਨ - ਜੋ ਭਾਰਤ ਵਿੱਚ ਸਭ ਤੋਂ ਹਾਸ਼ੀਏ 'ਤੇ ਰਹਿਣ ਵਾਲ਼ੇ ਭਾਈਚਾਰੇ ਹਨ।
ਉਤਪਾਦਨ ਦੀ ਵਧਦੀ ਲਾਗਤ, ਫਸਲਾਂ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਜਲਵਾਯੂ ਪਰਿਵਰਤਨ ਦੇ ਕਾਰਨ, ਇਸ ਜ਼ਿਲ੍ਹੇ ਦੇ ਕਿਸਾਨ ਅਤੇ ਮਜ਼ਦੂਰ ਇਸ ਸਮੇਂ ਆਪਣੀ ਆਮਦਨ ਦੇ ਇਕਲੌਤੇ ਸਰੋਤ ਵਜੋਂ ਖੇਤੀਬਾੜੀ 'ਤੇ ਗੁਜ਼ਾਰਾ ਕਰਨ ਵਿੱਚ ਅਸਮਰੱਥ ਹਨ। ਇਸ ਲਈ ਉਹ ਇਸ ਸਖਤ ਮਿਹਨਤ ਲਈ ਸਾਲ ਦੇ ਛੇ ਮਹੀਨੇ ਪਰਵਾਸ ਕਰਦੇ ਹਨ। ਉਹ ਇਸ ਕੰਮ ਤੋਂ ਲਗਭਗ 25,000-30,000 ਰੁਪਏ ਕਮਾਉਂਦੇ ਹਨ। (ਪੜ੍ਹੋ: The long road to the sugarcane fields )
ਠੇਕੇਦਾਰ ਇਸ ਕੰਮ ਲਈ ਜਿਨ੍ਹਾਂ ਕਾਮਿਆਂ ਨੂੰ ਕੰਮ 'ਤੇ ਰੱਖਦੇ ਹਨ ਉਹ ਵਿਆਹੇ ਜੋੜੇ ਚਾਹੁੰਦੇ ਹਨ। ਕਿਉਂਕਿ ਇਸ ਕੰਮ ਲਈ ਦੋ ਵਿਅਕਤੀਆਂ ਨੂੰ ਇਕੱਠੇ ਕੰਮ ਕਰਨਾ ਪੈਂਦਾ ਹੈ - ਇੱਕ ਗੰਨੇ ਨੂੰ ਕੱਟਣ ਲਈ ਅਤੇ ਦੂਜਾ ਬੰਡਲ ਬਣਾਉਣ ਅਤੇ ਉਨ੍ਹਾਂ ਨੂੰ ਟਰੈਕਟਰ ਟਰਾਲੀ ਵਿੱਚ ਲੋਡ ਕਰਨ ਲਈ। ਇਸ ਕਿੱਤੇ ਵਿੱਚ, ਜੋੜੇ ਨੂੰ ਇੱਕ ਯੂਨਿਟ ਵਜੋਂ ਮੰਨਿਆ ਜਾਂਦਾ ਹੈ। ਇਸ ਨਾਲ਼ ਠੇਕੇਦਾਰਾਂ ਲਈ ਕਾਮਿਆਂ ਨੂੰ ਵੰਡਣਾ ਆਸਾਨ ਹੋ ਜਾਂਦਾ ਹੈ। ਕਾਮਿਆਂ ਨੂੰ ਭੁਗਤਾਨ ਕਰਨ ਤੋਂ ਲੈ ਕੇ ਕੰਮ ਦੀ ਵੰਡ ਤੱਕ ਅਸਾਨ ਹੋ ਜਾਂਦੀ ਹੈ।
"ਜ਼ਿਆਦਾਤਰ [ਗੰਨੇ ਦੀ ਕਟਾਈ] ਪਰਿਵਾਰਾਂ ਨੂੰ ਜਿਉਣ ਦੀ ਆਪਣੀ ਨਿਰਾਸ਼ਾਜਨਕ ਕੋਸ਼ਿਸ਼ ਦੇ ਹਿੱਸੇ ਵਜੋਂ ਇਹ (ਬਾਲ ਵਿਆਹ) ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਸਮੱਸਿਆ ਇੰਨੀ ਸੌਖੀ ਨਹੀਂ ਹੈ," ਤਾਂਗੜੇ ਬਾਲ ਵਿਆਹ ਰੋਕੂ ਐਕਟ, 2006 ਦੇ ਤਹਿਤ ਗੈਰ-ਕਾਨੂੰਨੀ ਪ੍ਰਥਾ ਦਾ ਹਵਾਲ਼ਾ ਦਿੰਦੇ ਹੋਏ ਕਹਿੰਦੇ ਹਨ। "ਜੇ ਇਹ ਵਿਆਹ ਲਾੜੇ ਦੇ ਪਰਿਵਾਰ ਲਈ ਆਮਦਨੀ ਦਾ ਇੱਕ ਵਾਧੂ ਸਰੋਤ ਖੋਲ੍ਹਦਾ ਹੈ, ਤਾਂ ਇਹ ਲਾੜੀ ਦੇ ਪਰਿਵਾਰ ਵਿੱਚੋਂ ਇੱਕ ਮੈਂਬਰ (ਖਾਣ ਵਾਲ਼ੇ) ਨੂੰ ਵੀ ਘਟਾਉਂਦਾ ਹੈ," ਉਹ ਦੱਸਦੇ ਹਨ।
ਪਰ ਇਹੀ ਬਾਲ ਵਿਆਹ ਤਾਂਗੜੇ ਅਤੇ ਕਾਂਬਲੇ ਵਰਗੇ ਕਾਰਕੁਨਾਂ ਦੇ ਕੰਮ ਵਿੱਚ ਵਾਧਾ ਕਰਦਾ ਹੈ।
ਤਾਂਗੜੇ ਬੀਡ ਜ਼ਿਲ੍ਹੇ ਵਿੱਚ, ਉਹ ਬਾਲ ਭਲਾਈ ਕਮੇਟੀ (ਸੀਡਬਲਯੂਸੀ) ਦੀ ਪੰਜ ਮੈਂਬਰੀ ਟੀਮ ਦੀ ਅਗਵਾਈ ਕਰਦੇ ਹਨ, ਜੋ ਕਿ ਜੁਵੇਨਾਈਲ ਜਸਟਿਸ ਐਕਟ, 2015 ਦੇ ਤਹਿਤ ਗਠਿਤ ਇੱਕ ਖੁਦਮੁਖਤਿਆਰ ਸੰਸਥਾ ਹੈ। ਅਪਰਾਧ ਨਾਲ਼ ਲੜਨ ਵਿੱਚ ਉਨ੍ਹਾਂ ਦੇ ਸਾਥੀ, ਕਾਂਬਲੇ, ਜੋ ਇਸ ਜ਼ਿਲ੍ਹੇ ਦੇ ਸਾਬਕਾ ਸੀਡਬਲਯੂਸੀ ਮੈਂਬਰ ਹਨ, ਇਸ ਸਮੇਂ ਬਾਲ ਅਧਿਕਾਰਾਂ ਲਈ ਕੰਮ ਕਰਨ ਵਾਲ਼ੀ ਇੱਕ ਗੈਰ-ਸਰਕਾਰੀ ਸੰਸਥਾ ਨਾਲ਼ ਜੁੜੇ ਹੋਏ ਹਨ। ਉਨ੍ਹਾਂ ਕਿਹਾ,"ਪਿਛਲੇ ਪੰਜ ਸਾਲਾਂ 'ਚ ਸਾਡੇ 'ਚੋਂ ਇੱਕ ਨੇ ਅਥਾਰਿਟੀ ਸੰਭਾਲੀ ਹੈ ਅਤੇ ਦੂਜਾ ਫੀਲਡਵਰਕ 'ਤੇ ਹੈ। ਅਸੀਂ ਇੱਕ ਅਸਧਾਰਨ ਟੀਮ ਬਣਾਈ ਹੈ," ਤਾਂਗੜੇ ਕਹਿੰਦੇ ਹਨ।
*****
ਪੂਜਾ ਬੀਡ ਇਲਾਕੇ ਵਿੱਚ ਆਪਣੇ ਚਾਚਾ ਸੰਜੇ ਅਤੇ ਚਾਚੀ ਰਾਜਸ਼੍ਰੀ ਨਾਲ਼ ਰਹਿੰਦੀ ਹੈ, ਜਿਨ੍ਹਾਂ ਦੇ ਚਾਚਾ ਅਤੇ ਚਾਚੀ ਪਿਛਲੇ 15 ਸਾਲਾਂ ਤੋਂ ਗੰਨਾ ਕੱਟਣ ਲਈ ਹਰ ਸਾਲ ਪਰਵਾਸ ਕਰ ਰਹੇ ਹਨ। ਜੂਨ 2023 ਵਿੱਚ, ਤਾਂਗੜੇ ਅਤੇ ਕਾਂਬਲੇ ਉਸੇ (ਪੂਜਾ) ਦੇ ਗੈਰ-ਕਾਨੂੰਨੀ ਵਿਆਹ ਨੂੰ ਰੋਕਣ ਗਏ ਸਨ।
ਜਦੋਂ ਤੱਕ ਕਾਰਕੁੰਨ ਮੈਰਿਜ ਹਾਲ ਪਹੁੰਚਿਆ, ਗ੍ਰਾਮ ਸੇਵਕ ਅਤੇ ਪੁਲਿਸ ਪਹਿਲਾਂ ਹੀ ਉੱਥੇ ਪਹੁੰਚ ਚੁੱਕੇ ਸਨ ਤੇ ਇੱਕ ਵਾਰ ਹਫੜਾ-ਦਫੜੀ ਵੀ ਮੱਚ ਚੁੱਕੀ ਸੀ। ਵਿਆਹ ਦੇ ਜਸ਼ਨਾਂ ਵਿੱਚ ਮਸ਼ਰੂਫ਼ ਭੀੜ ਇੱਕ ਵਾਰ ਤਾਂ ਭੰਬਲਭੂਸੇ ਵਿੱਚ ਪਈ ਤੇ ਫਿਰ ਕੁਝ ਸਮੇਂ ਬਾਅਦ ਕਬਰਿਸਤਾਨ ਜਿਹੀ ਚੁੱਪ ਪਸਰ ਗਈ। ਚੁੱਪ ਰਹਿਣ ਦਾ ਕਾਰਨ ਇਹੀ ਸੀ ਕਿ ਵਿਆਹ ਕਰਾਉਣ ਮਗਰ ਸਬੰਧਤ ਬਾਲਗਾਂ ਨੂੰ ਪਤਾ ਸੀ ਕਿ ਉਨ੍ਹਾਂ ਵਿਰੁੱਧ ਕੇਸ ਦਰਜ ਕੀਤੇ ਜਾਣਗੇ, ਸੋ ਉਹ ਦੜ ਵੱਟ ਗਏ। ਕਾਂਬਲੇ ਕਹਿੰਦੇ ਹਨ, "ਉਸ ਦਿਨ, ਸੈਂਕੜੇ ਰਿਸ਼ਤੇਦਾਰ ਮੈਰਿਜ ਹਾਲ ਤੋਂ ਬਾਹਰ ਜਾ ਰਹੇ ਸਨ, ਜਦੋਂ ਕਿ ਦੋਵਾਂ ਬੱਚਿਆਂ ਦੇ ਮਾਪੇ ਪੁਲਿਸ ਦੇ ਪੈਰਾਂ 'ਤੇ ਡਿੱਗ-ਡਿੱਗ ਜਾਂਦੇ ਅਤੇ ਮੁਆਫੀ ਮੰਗਦੇ ਸਨ।"
ਵਿਆਹ ਦਾ ਆਯੋਜਨ ਕਰਨ ਵਾਲ਼ੇ 35 ਸਾਲਾ ਸੰਜੇ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ। "ਮੈਂ ਇੱਕ ਗ਼ਰੀਬ ਗੰਨਾ ਮਜ਼ਦੂਰ ਹਾਂ। ਮੈਂ ਬਹੁਤੀ ਡੂੰਘਿਆਈ ਨਾਲ਼ ਸੋਚਿਆ ਹੀ ਨਹੀਂ," ਉਹ ਕਹਿੰਦੇ ਹਨ।
ਪੂਜਾ ਅਤੇ ਉਸਦੀ ਵੱਡੀ ਭੈਣ ਉਰਜਾ ਦੇ ਪਿਤਾ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ ਜਦੋਂ ਉਹ ਛੋਟੀਆਂ ਸਨ ਅਤੇ ਬਾਅਦ ਵਿੱਚ ਉਨ੍ਹਾਂ ਦੀ ਮਾਂ ਨੇ ਦੁਬਾਰਾ ਵਿਆਹ ਕਰਵਾ ਲਿਆ। ਮਾਂ ਦੇ ਨਵੇਂ ਪਰਿਵਾਰ ਨੇ ਇਨ੍ਹਾਂ ਬੱਚੀਆਂ ਨੂੰ ਪ੍ਰਵਾਨ ਨਾ ਕੀਤਾ। ਇਸ ਤਰ੍ਹਾਂ, ਦੋਵਾਂ ਦਾ ਪਾਲਣ-ਪੋਸ਼ਣ ਸੰਜੇ ਅਤੇ ਰਾਜਸ਼੍ਰੀ ਨੇ ਕੀਤਾ।
ਪ੍ਰਾਇਮਰੀ ਸਕੂਲ ਦੀ ਪੜ੍ਹਾਈ ਤੋਂ ਬਾਅਦ, ਸੰਜੇ ਨੇ ਆਪਣੀਆਂ ਭਤੀਜੀਆਂ ਨੂੰ ਬੀਡ ਖੇਤਰ ਤੋਂ ਲਗਭਗ 250 ਕਿਲੋਮੀਟਰ ਦੂਰ ਪੁਣੇ ਸ਼ਹਿਰ ਦੇ ਇੱਕ ਬੋਰਡਿੰਗ ਸਕੂਲ ਵਿੱਚ ਦਾਖਲ ਕਰਵਾਇਆ।
ਜਿਓਂ ਹੀ, ਊਰਜਾ ਨੇ ਗ੍ਰੈਜੁਏਟ ਮੁਕੰਮਲ ਕੀਤੀ ਤੇ ਸਕੂਲ ਦੇ ਬੱਚਿਆਂ ਨੇ ਪੂਜਾ ਨੂੰ ਚਿੜ੍ਹਾਉਣਾ ਸ਼ੁਰੂ ਕਰ ਦਿੱਤਾ। ''ਉਹ 'ਮੈਨੂੰ ਪੇਂਡੂਆਂ ਵਾਂਗ ਬੋਲਦੀ ਹੈ' ਕਹਿ ਕੇ ਮੇਰਾ ਮਜ਼ਾਕ ਉਡਾਇਆ ਕਰਦੇ, '' ਉਹ ਕਹਿੰਦੀ ਹੈ। ''ਜਦੋਂ ਮੇਰੀ ਭੈਣ ਵੀ ਉੱਥੇ ਹੁੰਦੀ ਤਾਂ ਮੈਨੂੰ ਬਚਾਅ ਲਿਆ ਕਰਦੀ। ਉਹਦੇ ਜਾਣ ਤੋਂ ਬਾਅਦ, ਮੈਂ ਇਹ ਸਭ ਬਰਦਾਸ਼ਤ ਨਾ ਕਰ ਸਕੀ ਤੇ ਸਕੂਲੋਂ ਘਰ ਭੱਜ ਆਈ।''
'ਬਹੁਤੇ ਪਰਿਵਾਰਾਂ (ਗੰਨਾ ਕੱਟਣ ਵਾਲ਼ੇ) ਨਾਲ਼ ਜ਼ਬਰਦਸਤੀ (ਬਾਲ ਵਿਆਹ) ਕੀਤੀ ਜਾਂਦੀ ਹੈ। ਇਹ ਕਦਮ ਬਹੁਤਾ ਸੋਚ ਕੇ ਨਹੀਂ ਚੁੱਕਿਆ ਜਾਂਦਾ ਇਹਦੇ ਨਾਲ਼ ਤਾਂ ਬੱਸ ਵਾਧੂ ਆਮਦਨੀ ਦਾ ਸਵਾਲ ਜੁੜਿਆ ਹੁੰਦਾ ਹੈ। ਜਿੱਥੇ ਤੱਕ ਲਾੜੀ ਦੇ ਪਰਿਵਾਰ ਦੀ ਗੱਲ ਹੈ ਤਾਂ ਖਾਣ ਵਾਲ਼ਾ ਇੱਕ ਜੀਅ ਘੱਟ ਜਾਂਦਾ ਹੈ, ' ਤਾਂਗੜੇ ਕਹਿੰਦੇ ਹਨ
ਨਵੰਬਰ 2022 ਵਿੱਚ ਜਦੋਂ ਪੂਜਾ ਘਰ ਵਾਪਸ ਪਰਤੀ ਤਾਂ ਸੰਜੈ ਤੇ ਰਾਜਸ਼੍ਰੀ ਨੇ 500 ਕਿਲੋਮੀਟਰ ਦੂਰ ਸਤਾਰਾ ਜਿਲ੍ਹੇ ਵਿਖੇ ਗੰਨਾ ਕੱਟਣ ਜਾਣ ਦੌਰਾਨ ਉਹਨੂੰ ਵੀ ਨਾਲ਼ ਹੀ ਲੈ ਲਿਆ। ਉਨ੍ਹਾਂ ਨੇ ਉੱਥੇ ਛੇ ਮਹੀਨੇ ਰੁਕਣਾ ਸੀ। ਪਤੀ-ਪਤਨੀ ਨੂੰ ਕੁੜੀ ਨੂੰ ਇਕੱਲਿਆਂ ਮਗਰ ਛੱਡਣਾ ਠੀਕ ਨਾ ਲੱਗਿਆ। ਉਨ੍ਹਾਂ ਮੁਤਾਬਕ, ਭਾਵੇਂ ਕਿ ਕੰਮ ਦੀ ਥਾਂ 'ਤੇ ਵੀ ਹਾਲਤ ਕੋਈ ਰਹਿਣ ਲਾਇਕ ਨਹੀਂ ਸੀ।
ਸੰਜੈ ਕਹਿੰਦੇ ਹਨ,''ਅਸੀਂ ਕੱਖ-ਕਾਨ ਦੀ ਕੱਚੀ ਝੌਂਪੜੀ ਵਿੱਚ ਰਹਿੰਦੇ ਹਾਂ ਜਿੱਥੇ ਪਖਾਨਾ ਤੱਕ ਨਹੀਂ ਹੁੰਦਾ। ਸਾਨੂੰ ਖੇਤਾਂ ਵਿੱਚ ਜੰਗਲ-ਪਾਣੀ ਜਾਣਾ ਪੈਂਦਾ ਹੈ। ਅਸੀਂ ਪਹਿਲਾਂ 18-18 ਘੰਟੇ ਖੇਤਾਂ ਵਿੱਚ ਗੰਨਾ ਕੱਟਦੇ ਹਾਂ ਤੇ ਫਿਰ ਖੁੱਲ੍ਹੇ ਅਸਮਾਨ ਹੇਠ ਖਾਣਾ ਪਕਾਉਂਦੇ ਹਾਂ। ਸਾਲਾਂ ਤੋਂ ਇੰਝ ਹੀ ਕਰਦੇ ਰਹਿਣ ਨਾਲ਼ ਸਾਡੀ ਆਦਤ ਬਣ ਗਈ ਹੈ ਪਰ ਪੂਜਾ ਲਈ ਇਹ ਮੁਸ਼ਕਲ ਸਮਾਂ ਸੀ।''
ਸਤਾਰਾ ਮੁੜਨ ਤੋਂ ਬਾਅਦ, ਸੰਜੈ ਨੂੰ ਪੂਜਾ ਲਈ ਰਿਸ਼ਤੇਦਾਰੀ ਵਿੱਚੋਂ ਹੀ ਕੋਈ ਮੁੰਡਾ ਪਸੰਦ ਆ ਗਿਆ ਤੇ ਉਨ੍ਹਾਂ ਨੇ ਪੂਜਾ ਦਾ ਵਿਆਹ ਕਰਨ ਦਾ ਫੈਸਲਾ ਕੀਤਾ, ਇਹ ਜਾਣਦੇ ਹੋਇਆਂ ਵੀ ਕਿ ਉਹ ਨਾਬਾਲਗ਼ ਸੀ। ਕਿਉਂਕਿ ਪਤੀ-ਪਤਨੀ ਲਈ ਘਰ ਰਹਿੰਦਿਆਂ ਨੇੜੇ-ਤੇੜੇ ਕੰਮ ਲੱਭਣਾ ਮੁਸ਼ਕਲ ਸੀ।
''ਹੁਣ ਮੌਸਮ ਵੀ ਖੇਤੀ ਦਾ ਦੋਸਤ ਨਹੀਂ ਰਿਹਾ, '' ਸੰਜੈ ਕਹਿੰਦੇ ਹਨ, ''ਆਪਣੀ ਦੋ ਏਕੜ ਦੀ ਜ਼ਮੀਨ 'ਤੇ ਅਸੀਂ ਬੱਸ ਆਪਣੇ ਗੁਜਾਰੇ ਜੋਗੀ ਫ਼ਸਲ ਹੀ ਉਗਾਉਂਦੇ ਹਾਂ। ਮੈਂ ਉਹਦੇ ਲਈ ਚੰਗਾ ਹੀ ਸੋਚਿਆ ਸੀ। ਕਿਉਂਕਿ ਅਸੀਂ ਬਾਰ-ਬਾਰ ਪ੍ਰਵਾਸ ਕਰਨਾ ਹੁੰਦਾ ਹੈ ਤੇ ਪੂਜਾ ਨੂੰ ਹਰ ਵਾਰੀਂ ਨਾਲ਼ ਨਹੀਂ ਲਿਜਾ ਸਕਦੇ ਤੇ ਨਾ ਹੀ ਮਗਰ ਹੀ ਛੱਡ ਸਕਦੇ ਹਾਂ।''
*****
ਅਸ਼ੋਕ ਤਾਂਗੜੇ ਨੇ ਪਹਿਲੀ ਵਾਰ ਲਗਭਗ 15 ਸਾਲ ਪਹਿਲਾਂ ਬੀਡ ਵਿੱਚ ਗੰਨਾ ਕੱਟਣ ਵਾਲ਼ੇ ਪਰਿਵਾਰਾਂ ਵਿੱਚ ਬਾਲ ਵਿਆਹ ਦੇ ਇਸ ਵਰਤਾਰੇ ਨੂੰ ਦੇਖਿਆ ਸੀ ਜਦੋਂ ਉਹ ਆਪਣੀ ਪਤਨੀ ਅਤੇ ਪ੍ਰਸਿੱਧ ਸਮਾਜਿਕ ਕਾਰਕੁਨ ਮਨੀਸ਼ਾ ਟੋਕਲੇ ਨਾਲ਼ ਜ਼ਿਲ੍ਹੇ ਭਰ ਵਿੱਚ ਘੁੰਮ ਰਹੇ ਸਨ, ਜਿਨ੍ਹਾਂ ਦਾ ਕੰਮ ਗੰਨਾ ਕੱਟਣ ਵਾਲ਼ੀਆਂ ਔਰਤਾਂ ਦੇ ਆਲ਼ੇ-ਦੁਆਲ਼ੇ ਕੇਂਦਰਿਤ ਹੈ।
''ਜਦੋਂ ਮੈਂ ਮਨੀਸ਼ਾ ਦੇ ਨਾਲ਼ ਗਿਆ ਤੇ ਕੁਝ ਲੋਕਾਂ ਨੂੰ ਮਿਲ਼ਿਆ ਤਾਂ ਮੈਨੂੰ ਪਤਾ ਲੱਗਿਆ ਕਿ ਉਹ ਤਾਂ ਸਾਰੇ ਹੀ ਬਾਲ ਉਮਰੇ ਵਿਆਹ ਗਏ ਸਨ ਜਾਂ ਕੁਝ ਕੁ ਤਾਂ ਉਸ ਤੋਂ ਵੀ ਪਹਿਲਾਂ ਹੀ, '' ਉਹ ਕਹਿੰਦੇ ਹਨ। ''ਫਿਰ ਮੈਂ ਸੋਚਿਆ ਕਿ ਸਾਨੂੰ ਤਾਂ ਇੱਥੇ ਖਾਸ ਤੌਰ 'ਤੇ ਕੰਮ ਕਰਨਾ ਪਵੇਗਾ।''
ਉਨ੍ਹਾਂ ਨੇ ਕਾਂਬਲੇ ਨਾਲ਼ ਰਾਬਤਾ ਕੀਤਾ ਜੋ ਬੀਡ ਵਿਖੇ ਵਿਕਾਸ ਸੈਕਟਰ ਵਿੱਚ ਕੰਮ ਕਰਦੇ ਸਨ ਅਤੇ ਦੋਵਾਂ ਨੇ ਇੱਕ ਟੀਮ ਬਣਾਉਣ ਦਾ ਫੈਸਲਾ ਕੀਤਾ।
ਕਰੀਬ 10-12 ਸਾਲ ਪਹਿਲਾਂ, ਜਦੋਂ ਉਨ੍ਹਾਂ ਨੇ ਪਹਿਲਾ ਬਾਲ ਵਿਆਹ ਰੁਕਵਾਇਆ ਸੀ, ਉਸ ਵੇਲ਼ੇ ਬੀਡ ਵਿਖੇ ਇਹ ਕੋਈ ਅਲੋਕਾਰੀ ਕੰਮ ਬਣ ਕੇ ਸਾਹਮਣੇ ਆਇਆ।
''ਲੋਕ ਹੈਰਾਨ ਸਨ ਅਤੇ ਉਨ੍ਹਾਂ ਨੇ ਸਾਡੀ ਭਰੋਸੇਯੋਗਤਾ 'ਤੇ ਸਵਾਲ ਚੁੱਕੇ," ਤਾਂਗੜੇ ਕਹਿੰਦੇ ਹਨ। "ਸ਼ਾਮਲ ਬਾਲਗਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਅਜਿਹਾ ਕੁਝ ਵੀ ਹੋ ਸਕਦਾ ਹੈ। ਬਾਲ ਵਿਆਹਾਂ ਨੂੰ ਪੂਰੀ ਤਰ੍ਹਾਂ ਸਮਾਜਿਕ ਜਾਇਜ਼ਤਾ ਦਿੱਤੀ ਗਈ ਸੀ। ਕਈ ਵਾਰ, ਠੇਕੇਦਾਰ ਖੁਦ ਵਿਆਹ ਸਮਾਰੋਹ ਦਾ ਖਰਚਾ ਚੁੱਕਦੇ ਸਨ ਅਤੇ ਲਾੜੇ ਅਤੇ ਲਾੜੇ ਨੂੰ ਗੰਨਾ ਕੱਟਣ ਲਈ ਲੈ ਜਾਂਦੇ ਸਨ।''
ਫਿਰ ਦੋਵਾਂ ਕਾਰਕੁੰਨਾਂ ਨੇ ਬੱਸਾਂ ਅਤੇ ਦੋ ਪਹੀਆ ਵਾਹਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ, ਬੀਡ ਦੇ ਪਿੰਡਾਂ ਨੂੰ ਪਾਰ ਕਰਕੇ ਲੋਕਾਂ ਦਾ ਇੱਕ ਨੈੱਟਵਰਕ ਬਣਾਇਆ ਜੋ ਆਖਰਕਾਰ ਉਨ੍ਹਾਂ ਦੇ ਮੁਖਬਰ ਬਣ ਗਏ। ਕਾਂਬਲੇ ਦਾ ਮੰਨਣਾ ਹੈ ਕਿ ਸਥਾਨਕ ਅਖਬਾਰਾਂ ਨੇ ਜਾਗਰੂਕਤਾ ਵਧਾਉਣ ਦੇ ਨਾਲ਼-ਨਾਲ਼ ਜ਼ਿਲ੍ਹੇ ਵਿੱਚ ਉਨ੍ਹਾਂ ਦੀ ਪ੍ਰੋਫਾਈਲ ਨੂੰ ਪ੍ਰਸਿੱਧ ਬਣਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ।
ਪਿਛਲੇ 10 ਸਾਲਾਂ ਵਿੱਚ, ਉਨ੍ਹਾਂ ਨੇ ਜ਼ਿਲ੍ਹੇ ਵਿੱਚ 4,500 ਤੋਂ ਵੱਧ ਬਾਲ ਵਿਆਹਾਂ ਲਈ ਸੂਹ ਦੇਣ ਦਾ ਕੰਮ ਕੀਤਾ। ਵਿਆਹ ਨੂੰ ਰੋਕਣ ਤੋਂ ਬਾਅਦ, ਸ਼ਾਮਲ ਬਾਲਗਾਂ ਵਿਰੁੱਧ ਬਾਲ ਵਿਆਹ ਰੋਕੂ ਐਕਟ, 2006 ਦੇ ਤਹਿਤ ਪੁਲਿਸ ਕੇਸ ਦਰਜ ਕੀਤਾ ਜਾਂਦਾ ਹੈ।
ਜੇ ਵਿਆਹ ਪੂਰਾ ਹੋ ਜਾਂਦਾ ਹੈ, ਤਾਂ ਆਦਮੀ 'ਤੇ ਜਿਣਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ ( ਪੋਕਸੋ ) ਦੇ ਤਹਿਤ ਦੋਸ਼ ਲਗਾਇਆ ਜਾਂਦਾ ਹੈ, ਜਦੋਂ ਕਿ ਸੀਡਬਲਯੂਸੀ ਨਾਬਾਲਗ ਲੜਕੀ ਨੂੰ ਸੁਰੱਖਿਆ ਦੇ ਅਧੀਨ ਲੈਂਦੀ ਹੈ।
"ਅਸੀਂ ਲੜਕੀ ਨੂੰ ਸਲਾਹ ਦਿੰਦੇ ਹਾਂ ਤੇ ਉਹਦੇ ਮਾਪਿਆਂ ਨੂੰ ਵੀ। ਉਨ੍ਹਾਂ ਨੂੰ ਬਾਲ ਵਿਆਹ ਦੇ ਕਾਨੂੰਨੀ ਨਤੀਜਿਆਂ ਬਾਰੇ ਦੱਸਦੇ ਹਾਂ," ਤਾਂਗੜੇ ਕਹਿੰਦੇ ਹਨ। ਫਿਰ ਸੀਡਬਲਯੂਸੀ ਹਰ ਮਹੀਨੇ ਪਰਿਵਾਰ ਨਾਲ਼ ਸੰਪਰਕ ਕਰਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਲੜਕੀ ਦਾ ਦੁਬਾਰਾ ਵਿਆਹ ਨਾ ਹੋਵੇ। ਇਸ ਵਿੱਚ ਸ਼ਾਮਲ ਜ਼ਿਆਦਾਤਰ ਮਾਪੇ ਗੰਨਾ ਕੱਟਣ ਵਾਲ਼ੇ ਹਨ।
*****
ਜੂਨ 2023 ਦੇ ਪਹਿਲੇ ਹਫ਼ਤੇ ਵਿੱਚ, ਤਾਂਗੜੇ ਨੂੰ ਬੀਡ ਦੇ ਇੱਕ ਦੂਰ-ਦੁਰਾਡੇ, ਪਹਾੜੀ ਪਿੰਡ ਵਿੱਚ ਬਾਲ ਵਿਆਹ ਹੋਣ ਬਾਰੇ ਇੱਕ ਹੋਰ ਸੂਚਨਾ ਮਿਲੀ – ਜੋ ਉਨ੍ਹਾਂ ਦੀ ਰਿਹਾਇਸ਼ ਤੋਂ ਦੋ ਘੰਟੇ ਤੋਂ ਵੱਧ ਦੂਰ ਪੈਂਦਾ ਹੈ। "ਮੈਂ ਦਸਤਾਵੇਜ਼ ਉਸ ਤਾਲੁਕਾ ਵਿੱਚ ਮੌਜੂਦ ਆਪਣੇ ਸੰਪਰਕ ਨੂੰ ਭੇਜ ਦਿੱਤੇ ਕਿਉਂਕਿ ਮੈਂ ਸਮੇਂ ਸਿਰ ਨਹੀਂ ਪਹੁੰਚ ਪਾਉਣਾ ਸੀ," ਉਹ ਕਹਿੰਦੇ ਹਨ। "ਉਸਨੇ ਉਹੀ ਕੀਤਾ ਜੋ ਕਰਨ ਦੀ ਲੋੜ ਸੀ। ਮੇਰੇ ਲੋਕਾਂ ਨੂੰ ਹੁਣ ਕਾਰਵਾਈ ਕਰਨ ਦਾ ਢੰਗ ਪਤਾ ਹੈ।''
ਜਦੋਂ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਵਿਆਹ ਦਾ ਪਰਦਾਫਾਸ਼ ਕੀਤਾ, ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਲੜਕੀ ਦਾ ਇਹ ਤੀਜਾ ਵਿਆਹ ਸੀ। ਪਿਛਲੇ ਦੋਵੇਂ ਵਿਆਹ ਕੋਵਿਡ -19 ਦੇ ਦੋ ਸਾਲਾਂ ਦੇ ਅੰਦਰ ਹੋਏ ਸਨ। ਲਕਸ਼ਮੀ ਨਾਂ ਦੀ ਇਹ ਲੜਕੀ ਸਿਰਫ 17 ਸਾਲ ਦੀ ਸੀ।
ਮਾਰਚ 2020 ਵਿੱਚ ਕੋਵਿਡ -19 ਦਾ ਪ੍ਰਕੋਪ ਤਾਂਗੜੇ ਅਤੇ ਕਾਂਬਲੇ ਦੀ ਸਾਲਾਂ ਦੀ ਸਖ਼ਤ ਮਿਹਨਤ ਲਈ ਇੱਕ ਵੱਡਾ ਝਟਕਾ ਸੀ। ਸਰਕਾਰ ਦੁਆਰਾ ਲਾਗੂ ਤਾਲਾਬੰਦੀ ਨੇ ਸਕੂਲਾਂ ਅਤੇ ਕਾਲਜਾਂ ਨੂੰ ਲੰਬੇ ਸਮੇਂ ਲਈ ਬੰਦ ਕਰ ਬੱਚਿਆਂ ਨੂੰ ਘਰੇ ਰਹਿਣ ਲਈ ਮਜ਼ਬੂਰ ਕਰ ਦਿੱਤਾ। ਮਾਰਚ 2021 ਵਿੱਚ ਜਾਰੀ ਯੂਨੀਸੈੱਫ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਕੂਲ ਬੰਦ ਹੋਣ, ਵਧਦੀ ਗ਼ਰੀਬੀ, ਮਾਪਿਆਂ ਦੀ ਮੌਤ ਹੋਣ ਅਤੇ ਕੋਵਿਡ -19 ਦੇ ਨਿਕਲ਼ਣ ਵਾਲ਼ੇ ਹੋਰ ਨਤੀਜਿਆਂ ਨੇ "ਲੱਖਾਂ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਤੇ ਉਨ੍ਹਾਂ ਦਾ ਜੀਵਨ ਜਿਲ੍ਹਣ ਹੋ ਨਿਬੜਿਆ।''
ਤਾਂਗੜੇ ਨੇ ਆਪਣੇ ਬੀਡ ਜ਼ਿਲ੍ਹੇ ਵਿੱਚ ਇਸ ਦਾ ਨੇੜਿਓਂ ਅਨੁਭਵ ਕੀਤਾ, ਜਿੱਥੇ ਨਾਬਾਲਗ ਕੁੜੀਆਂ ਦਾ ਵੱਡੇ ਪੱਧਰ 'ਤੇ ਵਿਆਹ ਕਰਵਾ ਦਿੱਤਾ ਜਾਂਦਾ ਸੀ (ਪੜ੍ਹੋ: ਬੀਡ ਦਾ ਬਾਲ ਵਿਆਹ: ਬਚਪਨ ਦੇ ਕੁਚਲਦੇ ਸੁਪਨੇ )।
2021 ਵਿੱਚ, ਮਹਾਰਾਸ਼ਟਰ ਵਿੱਚ ਤਾਲਾਬੰਦੀ ਦੇ ਦੂਜੇ ਗੇੜ ਦੌਰਾਨ, ਲਕਸ਼ਮੀ ਦੀ ਮਾਂ ਵਿਜੈਮਾਲਾ ਨੇ ਬੀਡ ਜ਼ਿਲ੍ਹੇ ਵਿੱਚ ਆਪਣੀ ਧੀ ਲਈ ਇੱਕ ਲਾੜਾ ਲੱਭਿਆ ਸੀ। ਉਸ ਸਮੇਂ ਲਕਸ਼ਮੀ ਦੀ ਉਮਰ 15 ਸਾਲ ਸੀ।
"ਮੇਰਾ ਪਤੀ ਸ਼ਰਾਬੀ ਹੈ," ਵਿਜੈਮਾਲਾ ਕਹਿੰਦੀ ਹਨ। "ਗੰਨਾ ਕੱਟਣ ਲਈ ਛੇ ਮਹੀਨਿਆਂ ਦੇ ਪ੍ਰਵਾਸ ਨੂੰ ਛੱਡ ਕੇ ਉਹ ਜ਼ਿਆਦਾ ਕੰਮ ਨਹੀਂ ਕਰਦਾ। ਉਹ ਸ਼ਰਾਬ ਪੀ ਕੇ ਘਰ ਆਉਂਦਾ ਹੈ ਅਤੇ ਮੈਨੂੰ ਕੁੱਟਦਾ ਹੈ। ਜਦੋਂ ਮੇਰੀ ਧੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ, ਤਾਂ ਉਹ ਉਸ ਨੂੰ ਵੀ ਕੁੱਟਦਾ ਹੈ। ਮੈਂ ਚਾਹੁੰਦੀ ਸੀ ਕਿ ਉਹ ਉਸ ਤੋਂ ਦੂਰ ਰਹੇ," 30 ਸਾਲਾ ਮਾਂ ਦਾ ਕਹਿਣਾ ਹੈ।
ਪਰ ਲਕਸ਼ਮੀ ਦੇ ਸਹੁਰਿਆਂ ਨੇ ਵੀ ਉਸ ਨਾਲ਼ ਬਦਸਲੂਕੀ ਕੀਤੀ। ਵਿਆਹ ਤੋਂ ਇੱਕ ਮਹੀਨੇ ਬਾਅਦ, ਉਸਨੇ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਤੋਂ ਬਚਣ ਲਈ ਖੁਦ 'ਤੇ ਪੈਟਰੋਲ ਛਿੜਕ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਘਟਨਾ ਤੋਂ ਬਾਅਦ, ਉਸ ਦੇ ਸਹੁਰੇ ਪਰਿਵਾਰ ਨੇ ਉਸ ਨੂੰ ਵਾਪਸ ਉਸਦੇ ਪੇਕੇ ਘਰ ਛੱਡ ਦਿੱਤਾ ਅਤੇ ਕਦੇ ਵਾਪਸ ਲੈਣ ਨਾ ਆਏ।
ਲਗਭਗ ਛੇ ਮਹੀਨੇ ਬਾਅਦ, ਨਵੰਬਰ ਵਿੱਚ, ਵਿਜੈਮਾਲਾ ਅਤੇ ਉਨ੍ਹਾਂ ਦੇ ਪਤੀ, 33 ਸਾਲਾ ਪੁਰਸ਼ੋਤਮ ਲਈ ਗੰਨਾ ਕੱਟਣ ਲਈ ਪੱਛਮੀ ਮਹਾਰਾਸ਼ਟਰ ਜਾਣ ਦਾ ਸਮਾਂ ਆ ਗਿਆ। ਉਹ ਲਕਸ਼ਮੀ ਨੂੰ ਆਪਣੇ ਨਾਲ਼ ਲੈ ਗਏ ਤਾਂ ਜੋ ਉਹ ਵੀ ਖੇਤਾਂ ਵਿੱਚ ਮਜ਼ਦੂਰੀ ਕਰ ਸਕੇ। ਲਕਸ਼ਮੀ ਨੂੰ ਕੰਮ ਵਾਲ਼ੀ ਥਾਂ 'ਤੇ ਰਹਿਣ-ਸਹਿਣ ਦੀਆਂ ਮਾੜੀਆਂ ਹਾਲਤਾਂ ਬਾਰੇ ਪਤਾ ਸੀ। ਪਰ ਅੱਗੇ ਕੀ ਕੀ ਹੋ ਸਕਦਾ ਹੈ ਇਸ ਵਾਸਤੇ ਉਹ ਕਦੇ ਤਿਆਰ ਨਾ ਹੋ ਸਕੀ।
ਗੰਨੇ ਦੇ ਖੇਤਾਂ ਵਿੱਚ, ਪੁਰਸ਼ੋਤਮ ਦੀ ਮੁਲਾਕਾਤ ਇੱਕ ਆਦਮੀ ਨਾਲ਼ ਹੋਈ ਜੋ ਵਿਆਹ ਕਰਨਾ ਚਾਹੁੰਦਾ ਸੀ। ਉਨ੍ਹਾਂ ਨੇ ਉਸ ਆਦਮੀ ਨੂੰ ਆਪਣੀ ਧੀ ਬਾਰੇ ਦੱਸਿਆ, ਜੋ ਫੱਟ ਸਹਿਮਤ ਹੋ ਗਿਆ। ਉਹ 45 ਸਾਲ ਦਾ ਸੀ। ਲਕਸ਼ਮੀ ਅਤੇ ਵਿਜੈਮਾਲਾ ਦੀ ਇੱਛਾ ਦੇ ਵਿਰੁੱਧ, ਪਿਤਾ ਨੇ ਧੀ ਦਾ ਵਿਆਹ ਇੱਕ ਅਜਿਹੇ ਆਦਮੀ ਨਾਲ਼ ਕਰ ਦਿੱਤਾ ਜੋ ਉਸਦੀ ਉਮਰ ਤੋਂ ਲਗਭਗ ਤਿੰਨ ਗੁਣਾ ਸੀ।
"ਮੈਂ ਉਹਦੇ ਬੜੇ ਤਰਲੇ ਕੱਢੇ ਕਿ ਇੰਝ ਨਾ ਕਰੇ," ਵਿਜੈਮਾਲਾ ਕਹਿੰਦੀ ਹਨ। "ਪਰ ਉਸਨੇ ਮੇਰੀ ਇੱਕ ਨਾ ਸੁਣੀ। ਝਿੜਕ ਕੇ ਮੈਨੂੰ ਚੁੱਪ ਕਰਾ ਦਿੱਤਾ ਅਤੇ ਮੈਂ ਆਪਣੀ ਧੀ ਦੀ ਮਦਦ ਨਾ ਕਰ ਸਕੀ। ਪਰ ਉਸ ਤੋਂ ਬਾਅਦ ਮੈਂ ਕਦੇ ਵੀ ਆਪਣੇ ਪਤੀ ਨਾਲ਼ ਗੱਲ ਨਾ ਕੀਤੀ।''
ਪਰ ਇੱਕ ਮਹੀਨੇ ਬਾਅਦ, ਲਕਸ਼ਮੀ ਘਰ ਵਾਪਸ ਆ ਗਈ ਤੇ ਵਿਆਹ ਦੇ ਇੱਕ ਹੋਰ ਕੌੜੇ ਤਜ਼ਰਬੇ ਤੋਂ ਜਿਵੇਂ-ਕਿਵੇਂ ਬੱਚ ਨਿਕਲੀ। "ਫਿਰ ਤੋਂ ਉਹੀ ਕਹਾਣੀ ਸੀ," ਉਹ ਕਹਿੰਦੀ ਹਨ। "ਉਹ ਨੌਕਰਾਣੀ ਚਾਹੁੰਦਾ ਸੀ, ਪਤਨੀ ਨਹੀਂ।''
ਲਕਸ਼ਮੀ ਉਸ ਤੋਂ ਬਾਅਦ ਇੱਕ ਸਾਲ ਤੋਂ ਵੱਧ ਸਮੇਂ ਤੱਕ ਆਪਣੇ ਮਾਪਿਆਂ ਨਾਲ਼ ਰਹੀ। ਉਹ ਘਰ ਦੀ ਦੇਖਭਾਲ਼ ਕਰਦੀ ਜਦੋਂ ਕਿ ਵਿਜੈਮਾਲਾ ਆਪਣੇ ਛੋਟੇ ਜਿਹੇ ਖੇਤ ਵਿੱਚ ਕੰਮ ਕਰਦੀ, ਜਿੱਥੇ ਪਰਿਵਾਰ ਸਵੈ-ਖਪਤ ਲਈ ਬਾਜਰੇ ਦੀ ਖੇਤੀ ਕਰਦਾ ਹੈ। "ਮੈਂ ਵਾਧੂ ਕਮਾਈ ਕਰਨ ਲਈ ਹੋਰਨਾਂ ਦੇ ਖੇਤਾਂ ਵਿੱਚ ਮਜ਼ਦੂਰ ਵਜੋਂ ਵੀ ਕੰਮ ਕਰਦੀ ਹਾਂ," ਵਿਜੈਮਾਲਾ ਕਹਿੰਦੀ ਹਨ। ਉਨ੍ਹਾਂ ਨੂੰ ਮਹੀਨੇ ਦੇ ਬੱਸ 2,500 ਰੁਪਏ ਮਿਲ਼ਦੇ ਹਨ। "ਮੇਰੀ ਕੰਗਾਲੀ ਹੀ ਮੇਰਾ ਸੰਤਾਪ ਹੈ। ਮੈਨੂੰ ਇਸ ਨਾਲ਼ ਨਜਿੱਠਣਾ ਪੈਂਦਾ ਹੈ," ਉਹ ਅੱਗੇ ਕਹਿੰਦੀ ਹਨ।
ਮਈ 2023 ਵਿੱਚ, ਕਿਸੇ ਪਰਿਵਾਰ ਦਾ ਇੱਕ ਮੈਂਬਰ ਵਿਆਹ ਦਾ ਪ੍ਰਸਤਾਵ ਲੈ ਕੇ ਵਿਜੈਮਾਲਾ ਕੋਲ਼ ਪਹੁੰਚਿਆ। "ਮੁੰਡਾ ਇੱਕ ਚੰਗੇ ਪਰਿਵਾਰ ਤੋਂ ਸੀ," ਉਹ ਕਹਿੰਦੀ ਹਨ। "ਵਿੱਤੀ ਤੌਰ 'ਤੇ, ਉਹ ਸਾਡੇ ਨਾਲ਼ੋਂ ਕਿਤੇ ਬਿਹਤਰ ਸਨ। ਮੈਂ ਸੋਚਿਆ ਕਿ ਇਹ ਉਸ ਲਈ ਚੰਗਾ ਰਹੇਗਾ। ਮੈਂ ਇੱਕ ਅਨਪੜ੍ਹ ਔਰਤ ਹਾਂ। ਮੈਂ ਆਪਣੀ ਪੂਰੀ ਸਮਰੱਥਾ ਨਾਲ਼ ਫੈਸਲਾ ਲਿਆ।'' ਇਹੀ ਉਹ ਵਿਆਹ ਸੀ ਜਿਸ ਬਾਰੇ ਤਾਂਗੜੇ ਅਤੇ ਕਾਂਬਲੇ ਨੂੰ ਸੂਹ ਮਿਲ਼ੀ ਸੀ।
ਅੱਜ, ਵਿਜੈਮਾਲਾ ਕਹਿੰਦੀ ਹਨ, ਇਹ ਕਰਨਾ ਸਹੀ ਨਹੀਂ ਸੀ।
"ਮੇਰੇ ਪਿਤਾ ਸ਼ਰਾਬੀ ਸਨ ਅਤੇ ਉਨ੍ਹਾਂ ਨੇ 12 ਸਾਲ ਦੀ ਉਮਰ ਵਿੱਚ ਮੇਰਾ ਵਿਆਹ ਕਰਵਾ ਦਿੱਤਾ ਸੀ," ਉਹ ਕਹਿੰਦੀ ਹਨ। "ਉਦੋਂ ਤੋਂ, ਮੈਂ ਆਪਣੇ ਪਤੀ ਨਾਲ਼ ਗੰਨਾ ਕੱਟਣ ਲਈ ਪਰਵਾਸ ਕਰ ਰਹੀ ਹਾਂ। ਜਦੋਂ ਮੈਂ ਕਿਸ਼ੋਰ ਸੀ ਤਾਂ ਮੇਰੇ ਕੋਲ ਲਕਸ਼ਮੀ ਸੀ। ਬਿਨਾਂ ਜਾਣੇ, ਮੈਂ ਉਹੀ ਕੀਤਾ ਜੋ ਮੇਰੇ ਪਿਤਾ ਨੇ ਕੀਤਾ ਸੀ। ਸਮੱਸਿਆ ਇਹ ਹੈ ਕਿ ਮੇਰੇ ਕੋਲ਼ ਇਹ ਦੱਸਣ ਵਾਲ਼ਾ ਕੋਈ ਨਹੀਂ ਹੈ ਕਿ ਕੀ ਸਹੀ ਹੈ ਕੀ ਗ਼ਲਤ। ਮੈਂ ਇਕੱਲੀ ਹਾਂ।''
ਲਕਸ਼ਮੀ, ਜੋ ਪਿਛਲੇ ਤਿੰਨ ਸਾਲਾਂ ਤੋਂ ਸਕੂਲ ਤੋਂ ਬਾਹਰ ਹੈ, ਉਸ ਅੰਦਰ ਪੜ੍ਹਾਈ ਜਾਰੀ ਰੱਖਣ ਦੀ ਇੱਛਾ ਨਹੀਂ ਬਚੀ। "ਮੈਂ ਹਮੇਸ਼ਾਂ ਘਰ ਦੀ ਦੇਖਭਾਲ਼ ਕੀਤੀ ਹੈ ਅਤੇ ਘਰੇਲੂ ਕੰਮ ਕੀਤੇ ਹਨ," ਉਹ ਕਹਿੰਦੀ ਹੈ। "ਮੈਨੂੰ ਨਹੀਂ ਪਤਾ ਕਿ ਮੈਂ ਸਕੂਲ ਵਾਪਸ ਜਾ ਵੀ ਸਕਦੀ ਹਾਂ ਜਾਂ ਨਹੀਂ। ਮੇਰਾ ਭਰੋਸਾ ਹਿੱਲ ਚੁੱਕਿਆ ਹੈ।''
*****
ਤਾਂਗੜੇ ਨੂੰ ਸ਼ੱਕ ਹੈ ਕਿ ਲਕਸ਼ਮੀ ਦੇ 18 ਸਾਲ ਦੇ ਹੁੰਦਿਆਂ ਹੀ ਉਸਦੀ ਮਾਂ ਉਸਦਾ ਫਿਰ ਤੋਂ ਵਿਆਹ ਕਰਾਉਣ ਦੀ ਕੋਸ਼ਿਸ਼ ਕਰੇਗੀ। ਪਰ ਇਹ ਹੁਣ ਇੰਨਾ ਸੌਖਾ ਨਹੀਂ ਰਿਹਾ।
"ਸਾਡੇ ਸਮਾਜ ਦੀ ਸਮੱਸਿਆ ਇਹ ਹੈ ਕਿ ਜੇ ਕਿਸੇ ਲੜਕੀ ਦੇ ਦੋ ਵਿਆਹ ਨੇਪਰੇ ਨਾ ਚੜ੍ਹਨ ਜਾਂ ਕੋਈ ਵਿਆਹ ਨਾ ਹੋਵੇ, ਤਾਂ ਲੋਕ ਸੋਚਦੇ ਹਨ ਕਿ ਉਸ ਵਿੱਚ ਹੀ ਕੋਈ ਕਮੀ ਹੋਵੇਗੀ," ਤਾਂਗੜੇ ਕਹਿੰਦੇ ਹਨ। "ਕੋਈ ਵੀ ਉਨ੍ਹਾਂ ਆਦਮੀਆਂ ਤੋਂ ਸਵਾਲ ਨਹੀਂ ਕਰਦਾ ਜਿਨ੍ਹਾਂ ਨਾਲ਼ ਉਨ੍ਹਾਂ ਦੇ ਵਿਆਹ ਹੋਏ ਹੁੰਦੇ ਹਨ। ਬੱਸ ਤਸਵੀਰ ਦੇ ਇਸੇ ਪਹਿਲੂ ਨਾਲ਼ ਹੀ ਸਾਡੀ ਲੜਾਈ ਹੈ। ਸਾਨੂੰ ਅਜਿਹੇ ਲੋਕਾਂ ਵਜੋਂ ਦੇਖਿਆ ਜਾਂਦਾ ਹੈ ਜੋ ਵਿਆਹ ਵਿੱਚ ਵਿਘਨ ਪਾਉਂਦੇ ਹਨ ਅਤੇ ਲੜਕੀ ਦੀ ਸਾਖ ਨੂੰ ਖ਼ਰਾਬ ਕਰਦੇ ਹਨ।''
ਸੰਜੇ ਅਤੇ ਰਾਜਸ਼੍ਰੀ ਆਪਣੀ ਭਤੀਜੀ ਪੂਜਾ ਦਾ ਵਿਆਹ ਨਾ ਕਰਨ ਦੇਣ ਲਈ ਦੋਵਾਂ ਕਾਰਕੁੰਨਾਂ ਨੂੰ ਇਸੇ ਨਜ਼ਰ ਨਾਲ਼ ਦੇਖਦੇ ਹਨ।
"ਉਨ੍ਹਾਂ ਨੂੰ ਇੰਝ ਅੜਿਕਾ ਨਹੀਂ ਡਾਹੁਣਾ ਚਾਹੀਦਾ ਸੀ," 33 ਸਾਲਾ ਰਾਜਸ਼੍ਰੀ ਕਹਿੰਦੀ ਹਨ। "ਇਹ ਇੱਕ ਚੰਗਾ ਪਰਿਵਾਰ ਸੀ। ਉਹ ਉਸ ਦੀ ਦੇਖਭਾਲ਼ ਕਰਦੇ। ਉਸ ਨੂੰ 18 ਸਾਲ ਦੀ ਹੋਣ ਵਿੱਚ ਅਜੇ ਇੱਕ ਸਾਲ ਬਾਕੀ ਹੈ ਅਤੇ ਉਹ ਉਦੋਂ ਤੱਕ ਇੰਤਜ਼ਾਰ ਕਰਨ ਲਈ ਤਿਆਰ ਨਹੀਂ ਹਨ। ਅਸੀਂ ਵਿਆਹ ਲਈ 2 ਲੱਖ ਰੁਪਏ ਉਧਾਰ ਲਏ ਸਨ। ਸਾਨੂੰ ਸਿਰਫ਼ ਨੁਕਸਾਨ ਹੀ ਝੱਲਣਾ ਪਵੇਗਾ।''
ਤਾਂਗੜੇ ਕਹਿੰਦੇ ਹਨ ਕਿ ਜੇ ਸੰਜੈ ਅਤੇ ਰਾਜਸ਼੍ਰੀ ਦੀ ਬਜਾਏ ਪਿੰਡ ਦਾ ਕੋਈ ਪ੍ਰਭਾਵਸ਼ਾਲੀ ਪਰਿਵਾਰ ਹੁੰਦਾ, ਤਾਂ ਉਨ੍ਹਾਂ ਨੂੰ ਵੱਡੀ ਦੁਸ਼ਮਣੀ ਦਾ ਸਾਹਮਣਾ ਕਰਨਾ ਪੈਂਦਾ। "ਅਸੀਂ ਆਪਣਾ ਕੰਮ ਕਰਨ ਬਦਲੇ ਕਈ ਦੁਸ਼ਮਣ ਬਣਾਏ ਹਨ," ਉਹ ਕਹਿੰਦੇ ਹਨ। "ਹਰ ਵਾਰ ਜਦੋਂ ਸਾਨੂੰ ਕੋਈ ਸੂਹ ਮਿਲ਼ਦੀ ਹੈ ਤਾਂ ਅਸੀਂ ਆਪਣੇ ਪੱਧਰ 'ਤੇ ਸ਼ਾਮਲ ਪਰਿਵਾਰਾਂ ਦੇ ਪਿਛੋਕੜ ਦੀ ਜਾਂਚ ਕਰਦੇ ਹਾਂ।''
ਜੇ ਕੋਈ ਸਥਾਨਕ ਸਿਆਸਤਦਾਨਾਂ ਨਾਲ਼ ਸਬੰਧ ਰੱਖਣ ਵਾਲ਼ਾ ਪਰਿਵਾਰ ਹੋਵੇ, ਤਾਂ ਦੋਵੇਂ ਕਾਰਕੁੰਨ ਪਹਿਲਾਂ ਹੀ ਪ੍ਰਸ਼ਾਸਨ ਨੂੰ ਫ਼ੋਨ ਕਰ ਦਿੰਦੇ ਹਨ ਅਤੇ ਸਥਾਨਕ ਪੁਲਿਸ ਸਟੇਸ਼ਨ ਤੋਂ ਵਾਧੂ ਬੈਕਅੱਪ ਵੀ ਮੰਗਦੇ ਹਨ।
ਕਾਂਬਲੇ ਕਹਿੰਦੇ ਹਨ, "ਸਾਡੇ 'ਤੇ ਹਮਲਾ ਕੀਤਾ ਗਿਆ, ਬੇਇੱਜ਼ਤੀ ਕੀਤੀ ਗਈ ਅਤੇ ਧਮਕੀਆਂ ਦਿੱਤੀਆਂ ਗਈਆਂ। ਆਪਣੀ ਗ਼ਲਤੀ ਤਾਂ ਕੋਈ ਨਹੀਂ ਮੰਨਦਾ।''
ਤਾਂਗੜੇ ਯਾਦ ਕਰਦੇ ਹਨ ਕਿ ਇੱਕ ਵਾਰ, ਲਾੜੇ ਦੀ ਮਾਂ ਨੇ ਵਿਰੋਧ ਵਿੱਚ ਆਪਣਾ ਸਿਰ ਕੰਧ ਨਾਲ਼ ਦੇ ਮਾਰਿਆ, ਜਿਸ ਨਾਲ਼ ਉਸਦੇ ਮੱਥੇ ਵਿੱਚੋਂ ਖੂਨ ਵਗਣ ਲੱਗਿਆ। ਇਹ ਅਧਿਕਾਰੀਆਂ ਨੂੰ ਭਾਵਨਾਤਮਕ ਤੌਰ 'ਤੇ ਬਲੈਕਮੇਲ ਕਰਨ ਦੀ ਕੋਸ਼ਿਸ਼ ਸੀ। "ਫਿਰ ਵੀ ਕੁਝ ਮਹਿਮਾਨ ਬੇਸ਼ਰਮੀ ਨਾਲ਼ ਖਾਣਾ ਖਾਂਦੇ ਰਹੇ," ਟਾਂਗੜੇ ਹੱਸਦੇ ਹੋਏ ਕਹਿੰਦੇ ਹਨ। "ਪਰ ਉਸ ਪਰਿਵਾਰ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਸੀ। ਕਈ ਵਾਰ, ਜਦੋਂ ਬਾਲ ਵਿਆਹ ਨੂੰ ਰੋਕਣ ਲਈ ਸਾਡੇ ਨਾਲ਼ ਅਪਰਾਧੀਆਂ ਵਰਗਾ ਵਿਵਹਾਰ ਕੀਤਾ ਜਾਂਦਾ ਹੈ, ਤਾਂ ਤੁਸੀਂ ਹੈਰਾਨ ਹੋਣ ਤੋਂ ਇਲਾਵਾ ਹੋਰ ਕੁਝ ਕਰ ਨਹੀਂ ਸਕਦੇ, ਪਰ ਅਸੀਂ ਵੀ ਸਿਰਫ਼ ਇਹੀ ਸੋਚਦੇ ਹਾਂ ਕਿ ਕੀ ਸਾਡੇ ਨਾਲ਼ ਇੰਝ ਹੋਣਾ ਜਾਇਜ਼ ਹੈ?" ਉਹ ਕਹਿੰਦੇ ਹਨ।
ਪਰ ਅਜਿਹੇ ਤਜ਼ਰਬੇ ਵੀ ਹੁੰਦੇ ਹਨ ਜੋ ਸਾਡੀ ਮਿਹਨਤ ਨੂੰ ਸਾਰਥਕ ਬਣਾਉਂਦੇ ਹਨ।
ਸਾਲ 2020 ਦੀ ਸ਼ੁਰੂਆਤ 'ਚ ਤਾਂਗੜੇ ਅਤੇ ਕਾਂਬਲੇ ਨੇ 17 ਸਾਲ ਦੀ ਲੜਕੀ ਦਾ ਵਿਆਹ ਰੁਕਵਾ ਦਿੱਤਾ। ਬੱਚੀ ਨੇ ਆਪਣੀ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਦਿੱਤੀ ਸੀ ਅਤੇ ਗ਼ਰੀਬੀ ਨਾਲ਼ ਜੂਝ ਰਹੇ ਉਸ ਦੇ ਪਿਤਾ (ਗੰਨਾ ਕੱਟਣ ਵਾਲ਼ੇ) ਨੇ ਫੈਸਲਾ ਕੀਤਾ ਕਿ ਹੁਣ ਉਸ ਦਾ ਵਿਆਹ ਕਰਨ ਦਾ ਸਮਾਂ ਆ ਗਿਆ ਹੈ। ਪਰ ਦੋਵਾਂ ਕਾਰਕੁੰਨਾਂ ਨੂੰ ਵਿਆਹ ਬਾਰੇ ਪਤਾ ਲੱਗ ਗਿਆ ਅਤੇ ਉਨ੍ਹਾਂ ਨੇ ਵਿਆਹ ਨਾ ਹੋਣ ਦਿੱਤਾ। ਇਹ ਉਨ੍ਹਾਂ ਕੁਝ ਵਿਆਹਾਂ ਵਿੱਚੋਂ ਇੱਕ ਸੀ ਜੋ ਕੋਵਿਡ -19 ਦੇ ਫੈਲਣ ਦੌਰਾਨ ਹੁੰਦੇ ਰਹੇ ਸਨ ਤੇ ਇੱਕ ਨੂੰ ਉਹ ਰੋਕਣ ਵਿੱਚ ਕਾਮਯਾਬ ਰਹੇ ਸਨ।
"ਅਸੀਂ ਉਸ ਅਭਿਆਸ ਦੀ ਪਾਲਣਾ ਕੀਤੀ ਜੋ ਅਸੀਂ ਆਮ ਤੌਰ 'ਤੇ ਕਰਦੇ ਹਾਂ," ਤਾਂਗੜੇ ਯਾਦ ਕਰਦੇ ਹਨ। "ਅਸੀਂ ਪੁਲਿਸ ਕੇਸ ਦਰਜ ਕੀਤਾ, ਕਾਗਜ਼ੀ ਕਾਰਵਾਈ ਪੂਰੀ ਕੀਤੀ ਅਤੇ ਪਿਤਾ ਨੂੰ ਸਲਾਹ ਦੇਣ ਦੀ ਕੋਸ਼ਿਸ਼ ਕੀਤੀ। ਪਰ ਲੜਕੀ ਦੇ ਦੁਬਾਰਾ ਵਿਆਹ ਹੋਣ ਦਾ ਖਤਰਾ ਹਮੇਸ਼ਾ ਰਹਿੰਦਾ ਹੈ।''
ਮਈ 2023 ਵਿੱਚ, ਲੜਕੀ ਦਾ ਪਿਤਾ ਬੀਡ ਵਿੱਚ ਤਾਂਗੜੇ ਦੇ ਦਫ਼ਤਰ ਵਿੱਚ ਗਿਆ। ਇੱਕ ਮਿੰਟ ਲਈ ਤਾਂਗੜੇ ਨੇ ਉਸ ਨੂੰ ਨਹੀਂ ਪਛਾਣਿਆ। ਦੋਵਾਂ ਨੂੰ ਮਿਲ਼ਿਆਂ ਕੁਝ ਸਮਾਂ ਬੀਤ ਚੁੱਕਾ ਸੀ। ਪਿਤਾ ਨੇ ਆਪਣੀ ਪਛਾਣ ਦੱਸੀ ਅਤੇ ਤਾਂਗੜੇ ਨੂੰ ਇਹ ਵੀ ਦੱਸਿਆ ਕਿ ਉਹਨੇ ਧੀ ਦੇ ਗ੍ਰੈਜੁਏਟ ਹੋਣ ਤੱਕ ਉਡੀਕ ਕੀਤੀ ਤੇ ਫਿਰ ਹੀ ਵਿਆਹ ਬਾਰੇ ਸੋਚਿਆ। ਧੀ ਵੱਲੋਂ ਸਹਿਮਤੀ ਦੇਣ 'ਤੇ ਹੀ ਮੁੰਡੇ ਵਾਲ਼ਿਆਂ ਨੂੰ ਹਾਂ ਕੀਤੀ ਗਈ ਸੀ। ਪਿਤਾ ਨੇ ਤਾਂਗੜੇ ਦਾ ਉਨ੍ਹਾਂ ਦੀ ਸੇਵਾ ਦੇਣ ਲਈ ਧੰਨਵਾਦ ਕੀਤਾ ਅਤੇ ਲਿਸ਼ਕਣੇ ਪੇਪਰ ਵਿੱਚ ਲਪੇਟਿਆ ਮਿਠਾਈ ਦਾ ਡੱਬਾ ਅੱਗੇ ਵਧਾਇਆ।
ਅਖ਼ੀਰ, ਤਾਂਗੜੇ ਅਤੇ ਕਾਂਬਲੇ ਨੂੰ ਵੀ ਵਿਆਹ ਵਿੱਚ ਸ਼ਾਮਲ ਹੋਣ ਦਾ ਸੱਦਾ ਮਿਲ਼ ਹੀ ਗਿਆ।
ਸਟੋਰੀ ਵਿਚਲੇ ਬੱਚਿਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਨਾਮ ਉਨ੍ਹਾਂ ਦੀ ਪਛਾਣ ਨੂੰ ਸੁਰੱਖਿਅਤ ਰੱਖਣ ਦੇ ਮੱਦੇਨਜ਼ਰ ਬਦਲ ਦਿੱਤੇ ਗਏ ਹਨ।
ਇਹ ਕਹਾਣੀ ਥਾਮਸਨ ਰਾਇਟਰਜ਼ ਫਾਊਂਡੇਸ਼ਨ ਦੀ ਮਦਦ ਨਾਲ਼ ਤਿਆਰ ਕੀਤੀ ਗਈ ਸੀ। ਸਮੱਗਰੀ ਲਈ ਲੇਖਕ ਅਤੇ ਪ੍ਰਕਾਸ਼ਕ ਦੀ ਹੀ ਜ਼ਿੰਮੇਵਾਰੀ ਹੈ।
ਪੰਜਾਬੀ ਤਰਜਮਾ: ਕਮਲਜੀਤ ਕੌਰ