'' ਯੇ ਬਤਾਨਾ ਮੁਸ਼ਕਲ ਹੋਗਾ ਕਿ ਕੌਨ ਹਿੰਦੂ ਹੈ ਔਰ ਕੌਨ ਮੁਸਲਮਾਨ। ''
ਇਹ ਗੱਲ 68 ਸਾਲਾ ਮੁਹੰਮਦ ਸ਼ਾਬੀਰ ਕੁ਼ਰੈਸ਼ੀ ਆਪਣੇ ਤੇ ਆਪਣੇ ਗੁਆਂਢੀ, 52 ਸਾਲਾ ਅਜੈ ਸੈਣੀ ਬਾਰੇ ਕਹਿ ਰਹੇ ਹਨ। ਇਹ ਦੋਵੇਂ ਅਯੋਧਿਆ ਦੇ ਵਾਸੀ ਹਨ ਤੇ ਦੋਵਾਂ ਦੀ ਦੋਸਤੀ ਕਰੀਬ 40 ਸਾਲ ਪੁਰਾਣੀ ਹੈ ਜਿਹਦੀ ਸ਼ੁਰੂਆਤ ਰਾਮਕੋਟ ਦੇ ਦੁਰਾਹੀ ਕੂਆਂ ਤੋਂ ਹੋਈ।
ਦੋਵੇਂ ਪਰਿਵਾਰ ਇੱਕ ਦੂਜੇ ਦੇ ਇੰਨੇ ਕਰੀਬ ਹਨ ਕਿ ਇੱਕ ਦੂਜੇ ਨਾਲ਼ ਆਪਣੇ ਰੋਜ਼ਮੱਰਾ ਦੇ ਮਸਲੇ ਤੇ ਚਿੰਤਾਵਾਂ ਸਾਂਝੀਆਂ ਕਰਦੇ ਹਨ। ਇੱਕ ਵਾਰ ਦੀ ਗੱਲ ਚੇਤੇ ਕਰਦਿਆਂ ਅਜੈ ਸੈਣੀ ਕਹਿੰਦੇ ਹਨ,''ਇੱਕ ਵਾਰੀਂ ਇੰਝ ਹੀ ਮੈਂ ਘਰੋਂ ਬਾਹਰ ਗਿਆ ਸਾਂ ਤੇ ਮਗਰੋਂ ਮੈਨੂੰ ਫ਼ੋਨ ਆਇਆ ਕਿ ਮੇਰੀ ਧੀ ਬੀਮਾਰ ਹੋ ਗਈ ਹੈ। ਇਸ ਤੋਂ ਪਹਿਲਾਂ ਕਿ ਮੈਂ ਵਾਪਸ ਮੁੜ ਪਾਉਂਦਾ, ਮੇਰੀ ਪਤਨੀ ਨੇ ਦੱਸਿਆ ਕਿ ਕੂਰੈਸ਼ੀ ਪਰਿਵਾਰ ਉਨ੍ਹਾਂ ਦੀ ਧੀ ਨੂੰ ਹਸਪਤਾਲ ਲੈ ਗਿਆ ਤੇ ਇਲਾਜ ਕਰਾਇਆ।''
ਮਗਰਲੇ ਪਾਸੇ ਜਿੱਥੇ ਉਹ ਦੋਵੇਂ ਬੈਠ ਕੇ ਗੱਲਾਂ ਕਰ ਰਹੇ ਹਨ ਉੱਥੇ ਮੱਝਾਂ, ਬੱਕਰੀਆਂ ਬੱਝੀਆਂ ਹਨ ਤੇ ਛੇ ਮੁਰਗੀਆਂ ਇੱਧਰ-ਉੱਧਰ ਟਹਿਲ ਵੀ ਰਹੀਆਂ ਹੁੰਦੀਆਂ ਹਨ। ਦੋਵਾਂ ਪਰਿਵਾਰਾਂ ਦੇ ਬੱਚੇ ਆਲ਼ੇ-ਦੁਆਲ਼ੇ ਖੇਡ ਰਹੇ ਹਨ।
ਇਹ ਜਨਵਰੀ 2024 ਦੀ ਗੱਲ ਰਹੀ ਜਦੋਂ ਅਯੋਧਿਆ ਵਿੱਚ ਰਾਮ ਮੰਦਰ ਦੇ ਸ਼ਾਨਦਾਰ ਉਦਘਾਟਨ ਭਾਵ ਸਥਾਪਤੀ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਲੋਹੇ ਦੇ ਨਵੇਂ ਦੋਹਰੇ ਬੈਰੀਕੇਡ ਲਗਾਏ ਗਏ ਜੋ ਉਨ੍ਹਾਂ ਦੇ ਘਰਾਂ ਨੂੰ ਮੰਦਰ ਦੀਆਂ ਕੰਧਾਂ ਨਾਲ਼ੋਂ ਅੱਡ ਕਰ ਰਹੇ ਸਨ।
ਸੈਣੀ ਦਾ ਪਰਿਵਾਰ ਅੱਸੀ ਦੇ ਦਹਾਕੇ ਵਿੱਚ ਅਯੋਧਿਆ ਰਹਿਣ ਆਇਆ। ਉਦੋਂ ਤੋਂ ਕੁਰੈਸ਼ੀ ਪਰਿਵਾਰ ਉਨ੍ਹਾਂ ਦਾ ਗੁਆਂਢੀ ਪਰਿਵਾਰ ਰਿਹਾ ਹੈ। ਉਹ ਗਭਰੇਟ ਉਮਰ ਦੇ ਸਨ ਜਦੋਂ ਉਹ ਅਯੋਧਿਆ ਆਏ। ਉਨ੍ਹਾਂ ਦਿਨਾਂ 'ਚ ਉਹ ਬਾਬਰੀ ਮਸਜਿਦ ਵਾਲ਼ੀ ਥਾਂ 'ਤੇ ਭਗਵਾਨ ਰਾਮ ਦੀ ਮੂਰਤੀ ਦੇਖਣ ਆਉਣ ਵਾਲ਼ੇ ਲੋਕਾਂ ਨੂੰ ਇੱਕ ਰੁਪਏ 'ਚ ਹਾਰ ਵੇਚਿਆ ਕਰਦੇ ਸਨ।
ਕੁਰੈਸ਼ੀ ਮੂਲ਼ ਰੂਪ ਵਿੱਚ ਕਸਾਈ ਸਨ ਅਤੇ ਉਨ੍ਹਾਂ ਦੇ ਪਰਿਵਾਰ ਦੀ ਅਯੋਧਿਆ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਮੀਟ ਦੀ ਦੁਕਾਨ ਸੀ। 1992 'ਚ ਉਨ੍ਹਾਂ ਦੇ ਘਰ ਨੂੰ ਅੱਗ ਲਾ ਦਿੱਤੀ ਗਈ, ਜਿਸ ਤੋਂ ਬਾਅਦ ਪਰਿਵਾਰ ਨੇ ਵੈਲਡਿੰਗ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ।
ਕੁਰੈਸ਼ੀ ਨੇ ਆਪਣੇ ਆਲ਼ੇ-ਦੁਆਲ਼ੇ ਖੇਡ ਰਹੇ ਗੁਆਂਢੀਆਂ ਦੇ ਹਮਉਮਰ ਬੱਚਿਆਂ ਵੱਲ ਇਸ਼ਾਰਾ ਕਰਦਿਆਂ ਕਿਹਾ, "ਇਨ੍ਹਾਂ ਬੱਚਿਆਂ ਨੂੰ ਦੇਖੋ... ਉਹ ਹਿੰਦੂ ਹਨ... ਅਸੀਂ ਮੁਸਲਮਾਨ ਹਾਂ। ਉਹ ਸਾਰੇ ਭਰਾ-ਭੈਣਾਂ ਵਰਗੇ ਹਨ। " ਅਬ ਆਪ ਹਮਾਰੇ ਰਹਿਨ ਸਹਿਨ ਸੇ ਪਤਾ ਕੀਜੀਏ ਕਿ ਯਹਾ ਕੌਨ ਕਯਾ ਹੈ। ਹਮ ਏਕ ਦੂਸਰੇ ਕੇ ਸਾਥ ਭੇਦਭਾਵ ਨਹੀਂ ਕਰਤੇ, '' ਉਹ ਅੱਗੇ ਕਹਿੰਦੇ ਹਨ। ਅਜੈ ਸੈਣੀ ਦੀ ਪਤਨੀ, ਗੁੜੀਆ ਸੈਣੀ ਨੇ ਪਤੀ ਦੀ ਹਾਂ ਵਿੱਚ ਹਾਂ ਮਿਲ਼ਾਉਂਦਿਆਂ ਕਿਹਾ,''ਸਾਨੂੰ ਇਸ ਗੱਲ ਨਾਲ਼ ਭੋਰਾ ਫ਼ਰਕ ਨਹੀਂ ਪੈਂਦਾ ਕਿ ਉਹ ਮੁਸਲਮਾਨ ਹਨ।''
ਇੱਕ ਦਹਾਕਾ ਪਹਿਲਾਂ ਕੁਰੈਸ਼ੀ ਦੀ ਇੱਕਲੌਤੀ ਬੇਟੀ ਨੂਰਜਹਾਂ ਦੇ ਵਿਆਹ ਬਾਰੇ ਅਜੈ ਕਹਿੰਦੇ ਹਨ, 'ਅਸੀਂ ਜਸ਼ਨਾਂ 'ਚ ਹਿੱਸਾ ਲਿਆ। ਅਸੀਂ ਮਹਿਮਾਨਾਂ ਦਾ ਸਵਾਗਤ ਕਰਨ ਅਤੇ ਸੇਵਾ ਕਰਨ ਦਾ ਕੰਮ ਵੀ ਕੀਤਾ। ਸਾਨੂੰ ਵੀ ਓਨਾ ਹੀ ਮਾਣ-ਸਤਿਕਾਰ ਮਿਲ਼ਿਆ ਜਿੰਨਾ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ। ਅਸੀਂ ਹਮੇਸ਼ਾ ਇੱਕ ਦੂਜੇ ਦੇ ਨਾਲ਼ ਖੜ੍ਹੇ ਰਹਿੰਦੇ ਹਾਂ।''
ਫਿਰ ਗੱਲਬਾਤ ਰਾਮ ਮੰਦਰ ਵੱਲ ਨੂੰ ਮੁੜ ਗਈ। ਜਿਸ ਥਾਵੇਂ ਉਹ ਬੈਠੇ ਸਨ ਮੰਦਰ ਨਜ਼ਰੀਂ ਪੈ ਰਿਹਾ ਸੀ। ਇਹ ਨਿਰਮਾਣ ਅਧੀਨ ਢਾਂਚਾ ਪ੍ਰਭਾਵ ਪਾਉਣ ਵਾਲ਼ਾ ਹੈ। ਚਾਰੇ ਪਾਸੇ ਅਸਮਾਨ ਛੂੰਹਦੀਆਂ ਕਰੇਨਾਂ ਤਾਇਨਾਤ ਹਨ। ਚੁਫ਼ੇਰਾ ਸਰਦੀਆਂ ਦੀ ਧੁੰਦਲੀ ਉਦਾਸੀ ਨਾਲ਼ ਭਰਿਆ ਪਿਆ ਹੈ।
ਆਪਣੇ ਇੱਟਾਂ ਤੇ ਗਾਰੇ ਦੀ ਚਿਣਾਈ ਵਾਲ਼ੇ ਘਰ, ਜੋ ਇਸ ਆਲੀਸ਼ਨ ਮੰਦਰ ਤੋਂ ਬਹੁਤੀ ਦੂਰ ਵੀ ਨਹੀਂ ਹਨ, ਦੇ ਬਾਹਰ ਖੜ੍ਹੇ ਹੋ ਕੇ ਕੁਰੈਸ਼ੀ ਮੰਦਰ ਦੇ ਵਿਸ਼ਾਲ ਢਾਂਚੇ ਵੱਲ ਇਸ਼ਾਰਾ ਕਰਦਿਆਂ ਕਹਿੰਦੇ ਹਨ: "ਵੋ ਮਸਜਿਦ ਥੀ , ਵਹਾਂ ਜਬ ਮਘਰੀਬ ਕੇ ਵਕਤ ਅਜ਼ਾਨ ਹੋਤੀ ਥੀ ਤੋ ਮੇਰੇ ਘਰ ਮੇ ਚਿਰਾਗ ਜਲਤਾ ਥਾ", ਉਹ ਮਸਜਿਦ ਢਾਹੇ ਜਾਣ ਤੋਂ ਪਹਿਲਾਂ ਦੇ ਸਮੇਂ ਨੂੰ ਯਾਦ ਕਰਦੇ ਹਨ।
ਪਰ ਜਨਵਰੀ 2024 ਦੀ ਸ਼ੁਰੂਆਤ ਵੇਲ਼ੇ, ਇਹ ਸਮੇਂ ਦੇ ਨਾਲ਼ ਖ਼ਾਮੋਸ਼ ਹੋਈ ਅਜ਼ਾਨ ਹੀ ਨਹੀਂ ਸੀ ਜਿਹਨੇ ਕੂਰੈਸ਼ੀ ਨੂੰ ਪਰੇਸ਼ਾਨ ਕੀਤਾ, ਸਗੋਂ ਹੋਰ ਵੀ ਬੜਾ ਕੁਝ ਸੀ।
''ਸਾਨੂੰ ਦੱਸਿਆ ਗਿਆ ਹੈ ਕਿ ਰਾਮ ਮੰਦਰ ਕੰਪਲੈਕਸ ਦੀ ਕੰਧ ਨਾਲ਼ ਲੱਗਦੇ ਇਨ੍ਹਾਂ ਸਾਰੇ ਘਰਾਂ ਨੂੰ ਹਟਾ ਦਿੱਤਾ ਜਾਵੇਗਾ। ਅਪ੍ਰੈਲ-ਮਈ (2023) ਵਿੱਚ, ਭੂਮੀ ਮਾਲ ਵਿਭਾਗ ਦੇ ਜ਼ਿਲ੍ਹਾ ਅਧਿਕਾਰੀਆਂ ਨੇ ਖੇਤਰ ਦਾ ਦੌਰਾ ਕੀਤਾ ਅਤੇ ਘਰਾਂ ਦਾ ਮਾਪ ਵਗੈਰਾ ਲਿਆ,'' ਸੈਣੀ ਨੇ ਇਸ ਰਿਪੋਰਟਰ ਨੂੰ ਦੱਸਿਆ। ਕਿਉਂਕਿ ਸੈਣੀ ਤੇ ਕੁਰੈਸ਼ੀ ਦਾ ਘਰ ਮੰਦਰ ਕੰਪਾਊਂਡ ਤੇ ਦੋਹਰੇ ਬੈਰੀਕੇਡ ਵਾਲ਼ੀ ਵਾੜ ਦੇ ਨਾਲ਼ ਲੱਗਦਾ ਹੈ।
ਗੁੜੀਆ ਅੱਗੇ ਕਹਿੰਦੀ ਹਨ, "ਸਾਨੂੰ ਖੁਸ਼ੀ ਹੈ ਕਿ ਸਾਡੇ ਘਰ ਦੇ ਨੇੜੇ ਇੰਨਾ ਵੱਡਾ ਮੰਦਰ ਬਣ ਗਿਆ ਹੈ ਅਤੇ ਇਹ ਸਾਰਾ ਵਿਕਾਸ ਜੋ ਆਲ਼ੇ-ਦੁਆਲ਼ੇ ਹੋ ਰਿਹਾ ਹੈ। ਪਰ ਇਹ ਚੀਜ਼ਾਂ [ਮੁੜ ਵਸੇਬਾ] ਸਾਡੀ ਮਦਦ ਨਹੀਂ ਕਰਨ ਵਾਲ਼ੀਆਂ।" ਉਹ ਅੱਗੇ ਕਹਿੰਦੀ ਹਨ, "ਅਯੋਧਿਆ ਕਾ ਕਾਯਾਪਲਟ ਹੋ ਰਹਾ ਹੈ , ਪਰ ਹਮ ਲੋਗੋ ਕੋ ਪਲਟ ਕੇ। ' '
ਨੇੜੇ ਹੀ ਰਹਿੰਦੇ ਗਿਆਨਮਤੀ ਯਾਦਵ ਨੇ ਪਹਿਲਾਂ ਹੀ ਆਪਣਾ ਘਰ ਗੁਆ ਲਿਆ ਹੈ ਅਤੇ ਉਨ੍ਹਾਂ ਦਾ ਪਰਿਵਾਰ ਹੁਣ ਗਾਂ ਦੇ ਗੋਬਰ ਅਤੇ ਪਰਾਲੀ ਨਾਲ਼ ਬਣੀ ਇੱਕ ਅਸਥਾਈ ਝੌਂਪੜੀ ਵਿੱਚ ਰਹਿੰਦਾ ਹੈ। "ਅਸੀਂ ਕਦੇ ਨਹੀਂ ਸੋਚਿਆ ਸੀ ਕਿ ਭਗਵਾਨ ਰਾਮ ਦਾ ਮੰਦਰ ਬਣਨ ਵੇਲ਼ੇ ਸਾਨੂੰ ਆਪਣਾ ਘਰ ਛੱਡਣਾ ਪਵੇਗਾ," ਗਿਆਨਮਤੀ ਦਾ ਕਹਿਣਾ ਹੈ ਜੋ ਇੱਕ ਵਿਧਵਾ ਹਨ ਅਤੇ ਜਿਵੇਂ-ਕਿਵੇਂ ਆਪਣੇ ਪਰਿਵਾਰ ਨੂੰ ਇਸ ਨਵੀਂ ਥਾਵੇਂ ਇਕੱਠਾ ਰੱਖਣ ਦੀ ਕੋਸ਼ਿਸ਼ ਕਰ ਰਹੀ ਹਨ। ਯਾਦਵ ਪਰਿਵਾਰ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਚਲਾਉਂਦਾ ਹੈ।
ਅਹੀਰਾਨਾ ਮੁਹੱਲੇ 'ਚ ਮੰਦਰ ਦੇ ਪ੍ਰਵੇਸ਼ ਦੁਆਰ ਦੇ ਨਾਲ਼ ਲੱਗਦੇ ਉਨ੍ਹਾਂ ਦੇ 6 ਕਮਰਿਆਂ ਦੇ ਪੱਕੇ ਮਕਾਨ ਨੂੰ ਦਸੰਬਰ 2023 'ਚ ਢਾਹ ਦਿੱਤਾ ਗਿਆ ਸੀ। "ਉਹ ਬੁਲਡੋਜ਼ਰ ਲੈ ਕੇ ਆਏ ਅਤੇ ਸਾਡਾ ਘਰ ਢਾਹ ਦਿੱਤਾ।''
''ਜਦੋਂ ਅਸੀਂ ਉਨ੍ਹਾਂ ਨੂੰ ਦਸਤਾਵੇਜ਼, ਮਕਾਨ ਟੈਕਸ ਅਤੇ ਬਿਜਲੀ ਦੇ ਬਿੱਲ ਦਿਖਾਉਣ ਦੀ ਕੋਸ਼ਿਸ਼ ਕੀਤੀ ਤਾਂ ਅਧਿਕਾਰੀਆਂ ਨੇ ਕਿਹਾ ਕਿ ਇਸ ਦਾ ਕੋਈ ਫਾਇਦਾ ਨਹੀਂ ਹੈ।'' ਉਸ ਰਾਤ, ਚਾਰ ਬੱਚਿਆਂ ਅਤੇ ਇੱਕ ਬਜ਼ੁਰਗ (ਸਹੁਰੇ) ਵਾਲ਼ੇ ਇਸ ਪਰਿਵਾਰ ਤੇ ਉਨ੍ਹਾਂ ਦੇ ਛੇ ਪਸ਼ੂਆਂ ਨੂੰ ਬਗ਼ੈਰ ਛੱਤ ਤੋਂ ਅੱਤ ਦੀ ਇਸ ਠੰਡ ਵਿੱਚ ਸੜਕ 'ਤੇ ਲਿਆ ਖੜ੍ਹਾ ਕੀਤਾ। "ਸਾਨੂੰ ਘਰੋਂ ਕੁਝ ਵੀ ਚੁੱਕਣ ਦੀ ਇਜਾਜ਼ਤ ਨਾ ਦਿੱਤੀ ਗਈ," ਉਹ ਕਹਿੰਦੇ ਹਨ। ਤਰਪਾਲ ਦਾ ਤੰਬੂ ਲਾਉਣ ਤੋਂ ਪਹਿਲਾਂ ਵੀ ਪਰਿਵਾਰ ਦੋ ਵਾਰੀਂ ਉਜੜ ਚੁੱਕਿਆ ਹੈ।
"ਇਹ ਮੇਰੇ ਪਤੀ ਦੇ ਪਰਿਵਾਰ ਦਾ ਘਰ ਹੈ। ਉਹ ਅਤੇ ਉਸਦੇ ਭੈਣ-ਭਰਾ ਪੰਜ ਦਹਾਕੇ ਪਹਿਲਾਂ ਇੱਥੇ ਪੈਦਾ ਹੋਏ ਸਨ। ਪਰ ਭਾਵੇਂ ਸਾਡੇ ਕੋਲ਼ ਆਪਣੀ ਮਾਲਕੀ ਸਾਬਤ ਕਰਨ ਲਈ ਦਸਤਾਵੇਜ਼ ਸਨ, ਪਰ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲ ਸਕਿਆ ਕਿਉਂਕਿ ਅਧਿਕਾਰੀਆਂ ਨੇ ਕਿਹਾ ਕਿ ਇਹ ਨਜ਼ੂਲ ਭੂਮੀ (ਸਰਕਾਰੀ ਜ਼ਮੀਨ) ਹੈ," ਗਿਆਨਮਤੀ ਕਹਿੰਦੀ ਹਨ।
ਕੁਰੈਸ਼ੀ ਅਤੇ ਉਨ੍ਹਾਂ ਦੇ ਪੁੱਤਰਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਲੋੜੀਂਦਾ ਮੁਆਵਜ਼ਾ ਮਿਲ਼ਦਾ ਹੈ ਤਾਂ ਉਹ ਅਯੋਧਿਆ ਸ਼ਹਿਰ ਦੀ ਹੱਦ ਦੇ ਅੰਦਰ ਜ਼ਮੀਨ ਦਾ ਇੱਕ ਹੋਰ ਟੁਕੜਾ ਖਰੀਦ ਸਕਦੇ ਹਨ, ਪਰ ਇਸ ਨਾਲ਼ ਵੀ ਉਨ੍ਹਾਂ ਦੇ ਜੀਵਨ ਵਿੱਚ ਖੁਸ਼ੀ ਨਹੀਂ ਮੁੜਨ ਵਾਲ਼ੀ। "ਇੱਥੇ ਹਰ ਕੋਈ ਸਾਨੂੰ ਜਾਣਦਾ ਹੈ; ਸਾਡੀ ਉਨ੍ਹਾਂ ਨਾਲ਼ ਨੇੜਲਾ ਰਿਸ਼ਤਾ ਹੈ। ਜੇ ਅਸੀਂ ਇਸ ਥਾਂ ਨੂੰ ਛੱਡ ਕੇ [ਮੁਸਲਿਮ ਬਹੁਗਿਣਤੀ] ਫੈਜ਼ਾਬਾਦ ਪਹੁੰਚ ਜਾਂਦੇ ਹਾਂ,'' ਸ਼ਬੀਰ ਦੇ ਸਭ ਤੋਂ ਛੋਟੇ ਪੁੱਤਰਾਂ ਵਿੱਚੋਂ ਇੱਕ, ਜਮਾਲ ਕੁਰੈਸ਼ੀ ਕਹਿੰਦੇ ਹਨ, "ਤਾਂ ਅਸੀਂ ਵੀ ਆਮ ਅਬਾਦੀ ਵਾਂਗਰ ਹੀ ਵਿਚਰਾਂਗੇ ਨਾ ਕੀ ਅਯੋਧਿਆਵਾਸੀ ਵਾਂਗਰ।''
ਅਜੈ ਸੈਣੀ ਨੇ ਵੀ ਇਸੇ ਤਰ੍ਹਾਂ ਦੀ ਭਾਵਨਾ ਸਾਂਝੀ ਕੀਤੀ। ਉਨ੍ਹਾਂ ਕਿਹਾ,''ਸਾਡਾ ਵਿਸ਼ਵਾਸ ਇਸ ਜ਼ਮੀਨ 'ਤੇ ਟਿਕਿਆ ਹੋਇਆ ਹੈ। ਜੇ ਸਾਨੂੰ ਇੱਥੋਂ 15 ਕਿਲੋਮੀਟਰ ਦੂਰ ਭੇਜਿਆ ਜਾਂਦਾ ਹੈ, ਤਾਂ ਸਾਡਾ ਵਿਸ਼ਵਾਸ ਅਤੇ ਕਾਰੋਬਾਰ ਦੋਵੇਂ ਖੋਹ ਲਏ ਜਾਣਗੇ।''
ਸੈਣੀ ਦੀ ਇਹ ਥਾਂ ਛੱਡਣ ਤੋਂ ਆਨਾਕਾਨੀ ਕਰਨ ਮਗਰ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਸਵਾਲ ਵੀ ਜੁੜਿਆ ਹੈ। "ਮੈਂ ਨਯਾਘਾਟ ਨੇੜੇ ਨਾਗੇਸ਼ਵਰਨਾਥ ਮੰਦਰ ਵਿੱਚ ਫੁੱਲ ਵੇਚਦਾ ਹਾਂ ਅਤੇ ਹਰ ਰੋਜ਼ 20 ਮਿੰਟ ਸਾਈਕਲ ਚਲਾ ਕੇ ਉੱਥੇ ਅਪੜਦਾ ਤੇ ਫੁੱਲ ਵੇਚਦਾ। ਸ਼ਰਧਾਲੂਆਂ ਦੀ ਗਿਣਤੀ ਦੇ ਹਿਸਾਬ ਨਾਲ਼ ਮੈਂ ਇੱਕ ਦਿਨ ਵਿੱਚ 50-500 ਰੁਪਏ ਕਮਾਉਂਦਾ ਹਾਂ, ਬੱਸ ਇਸੇ ਆਮਦਨੀ ਨਾਲ਼ ਮੇਰਾ ਪਰਿਵਾਰ ਚੱਲਦਾ ਹੈ,'' ਉਹ ਕਹਿੰਦੇ ਹਨ। ''ਸਾਨੂੰ ਵਾਧੂ ਯਾਤਰਾ ਅਤੇ ਵਾਧੂ ਖਰਚਿਆਂ ਲਈ ਤਿਆਰ ਰਹਿਣਾ ਪੈਂਦਾ ਹੈ।"
"ਸਾਨੂੰ ਇਸ ਗੱਲ 'ਤੇ ਵੀ ਮਾਣ ਹੈ ਕਿ ਸਾਡੇ ਘਰ ਦੇ ਮਗਰਲੇ ਪਾਸੇ ਅਜਿਹਾ ਸ਼ਾਨਦਾਰ ਮੰਦਰ ਮੌਜੂਦ ਹੈ। ਇਸ ਨੂੰ ਦੇਸ਼ ਦੀ ਹਾਈ ਕੋਰਟ ਨੇ ਵਿਸ਼ਵਾਸ ਦੇ ਆਧਾਰ 'ਤੇ ਮਨਜ਼ੂਰੀ ਦਿੱਤੀ ਹੈ। ਇਸ ਲਈ ਇਸ ਦਾ ਵਿਰੋਧ ਕਰਨ ਦਾ ਕੋਈ ਕਾਰਨ ਨਹੀਂ ਹੈ," ਜਮਾਲ ਕਹਿੰਦੇ ਹਨ।
"ਸਾਨੂੰ ਹੁਣ ਇੱਥੇ ਰਹਿਣ ਦਾ ਮੌਕਾ ਨਹੀਂ ਮਿਲ਼ੇਗਾ। ਸਾਨੂੰ ਇੱਥੋਂ ਬਾਹਰ ਕੱਢਿਆ ਜਾ ਰਿਹਾ ਹੈ,'' ਜਮਾਲ ਗੱਲ ਪੂਰੀ ਕਰਦੇ ਹਨ।
ਇੱਥੇ ਪਰਿਵਾਰ ਪਹਿਲਾਂ ਹੀ ਮਿਲਟਰੀ ਜ਼ੋਨ ਵਿੱਚ ਰਹਿਣ ਦਾ ਦਬਾਅ ਮਹਿਸੂਸ ਕਰ ਰਹੇ ਹਨ ਜਿੱਥੇ ਹਥਿਆਰਬੰਦ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐੱਫ.) ਦੇ ਜਵਾਨ ਘੁੰਮ ਰਹੇ ਹਨ ਅਤੇ ਉਨ੍ਹਾਂ ਦੇ ਘਰ ਦੇ ਨੇੜੇ ਮੰਦਰ ਦੇ ਪਿਛਲੇ ਕੰਪਲੈਕਸ ਵਿੱਚ ਬਤੌਰ ਪਹਿਰਾ ਬੁਰਜ ਖੜ੍ਹੇ ਹਨ। "ਹਰ ਮਹੀਨੇ, ਵੱਖ-ਵੱਖ ਸੰਸਥਾਵਾਂ ਵਸਨੀਕਾਂ ਦਾ ਨਿਰੀਖਣ ਕਰਨ ਲਈ ਚਾਰ ਵਾਰ ਇੱਥੇ ਆਉਂਦੀਆਂ ਹਨ। ਜੇ ਮਹਿਮਾਨ ਅਤੇ ਰਿਸ਼ਤੇਦਾਰ ਰਾਤ ਭਰ ਠਹਿਰਦੇ ਹਨ, ਤਾਂ ਉਨ੍ਹਾਂ ਦਾ ਵੇਰਵਾ ਪੁਲਿਸ ਨੂੰ ਦੇਣਾ ਲਾਜ਼ਮੀ ਕਰ ਦਿੱਤਾ ਗਿਆ ਹੈ," ਗੁੜੀਆ ਕਹਿੰਦੀ ਹਨ।
ਅਹੀਰਾਨਾ ਗਲੀ ਅਤੇ ਮੰਦਰ ਦੇ ਨੇੜੇ ਕੁਝ ਸੜਕਾਂ 'ਤੇ ਸਥਾਨਕ ਲੋਕਾਂ ਨੂੰ ਗੱਡੀਆਂ ਵਗੈਰਾ ਵਰਤਣ ਤੋਂ ਰੋਕਿਆ ਗਿਆ ਹੈ। ਉਨ੍ਹਾਂ ਨੂੰ ਹੁਣ ਹਨੂੰਮਾਨ ਗੜ੍ਹੀ ਦੇ ਕੇਂਦਰ ਤੱਕ ਪਹੁੰਚਣ ਲਈ ਚੱਕਰ ਲਗਾਉਣਾ ਪੈਂਦਾ ਹੈ।
ਦੁਰਾਹੀਕੂਆਂ ਇਲਾਕੇ 'ਚ ਉਨ੍ਹਾਂ ਦੇ ਘਰ ਤੋਂ ਅੱਗੇ ਦਾ ਰਸਤਾ ਸਿਆਸੀ ਨੇਤਾਵਾਂ, ਮੰਤਰੀਆਂ ਅਤੇ ਮਸ਼ਹੂਰ ਹਸਤੀਆਂ ਵਰਗੇ ਵੀਆਈਪੀ ਲੋਕਾਂ ਲਈ ਖੋਲ੍ਹ ਦਿੱਤਾ ਗਿਆ ਸੀ, ਜੋ 22 ਜਨਵਰੀ, 2024 ਨੂੰ ਰਾਮ ਮੰਦਰ ਦੇ ਸ਼ਾਨਦਾਰ ਉਦਘਾਟਨ ਲਈ ਆਏ ਸਨ।
*****
ਸੋਮਵਾਰ, 05 ਫ਼ਰਵਰੀ 2024 ਨੂੰ, ਰਾਜ ਸਰਕਾਰ ਨੇ ਆਪਣਾ ਬਜਟ ਪੇਸ਼ ਕੀਤਾ ਅਤੇ ਇਸ ਨੂੰ ਭਗਵਾਨ ਰਾਮ ਨੂੰ ਸਮਰਪਿਤ ਕੀਤਾ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਕਿਹਾ, "ਰਾਮ ਸਾਡੀ ਸੋਚ, ਸੰਕਲਪ ਅਤੇ ਬਜਟ ਦੇ ਹਰ ਅੱਖਰ ਵਿੱਚ ਹਨ।' ਬਜਟ ਵਿੱਚ ਸੈਰ-ਸਪਾਟਾ ਵਿਕਾਸ ਲਈ 150 ਕਰੋੜ ਰੁਪਏ, ਅੰਤਰਰਾਸ਼ਟਰੀ ਰਾਮਾਇਣ ਅਤੇ ਵੈਦਿਕ ਖੋਜ ਸੰਸਥਾਨ ਲਈ 10 ਕਰੋੜ ਰੁਪਏ ਅਤੇ ਅਯੋਧਿਆ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ 1,500 ਕਰੋੜ ਰੁਪਏ ਸ਼ਾਮਲ ਹਨ।
ਕਿਹਾ ਜਾਂਦਾ ਹੈ ਕਿ ਮੰਦਰ ਕੰਪਲੈਕਸ 70 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ। 2.7 ਏਕੜ ਦੇ ਖੇਤਰ ਵਿੱਚ ਫੈਲੇ ਰਾਮ ਮੰਦਰ ਨੂੰ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ (ਐਸਆਰਜੇਟੀਕੇਟੀ) ਤੋਂ ਫੰਡ ਮਿਲ਼ਦਾ ਹੈ। ਇਹ ਉਨ੍ਹਾਂ ਕੁਝ ਸੰਗਠਨਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਵਿਦੇਸ਼ੀ ਯੋਗਦਾਨ ਰੈਗੂਲੇਸ਼ਨ ਐਕਟ (ਐੱਫਸੀਆਰਏ) ਦੇ ਤਹਿਤ ਵਿਦੇਸ਼ੀ ਨਾਗਰਿਕਾਂ ਤੋਂ ਦਾਨ ਪ੍ਰਾਪਤ ਕਰਨ ਦੀ ਆਗਿਆ ਹੈ। ਭਾਰਤੀ ਨਾਗਰਿਕਾਂ ਦੁਆਰਾ ਟਰੱਸਟ ਨੂੰ ਦਿੱਤੇ ਗਏ ਦਾਨ ਨੂੰ ਟੈਕਸ ਤੋਂ ਛੋਟ ਦਿੱਤੀ ਗਈ ਹੈ।
ਰਾਜ ਦੇ ਬਜਟ ਤੋਂ ਇਲਾਵਾ, ਕੇਂਦਰ ਸਰਕਾਰ ਦੁਆਰਾ ਪਹਿਲਾਂ ਹੀ ਵੱਡੀ ਰਕਮ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਸ ਦੇ ਤਹਿਤ ਵਿਕਾਸ ਦੇ ਨਾਮ 'ਤੇ 11,100 crore ਰੱਖੇ ਗਏ ਹਨ। ਰੇਲਵੇ ਸਟੇਸ਼ਨ ਦੇ ਪੁਨਰ ਨਿਰਮਾਣ ਲਈ 240 ਕਰੋੜ ਰੁਪਏ ਅਤੇ ਨਵੇਂ ਹਵਾਈ ਅੱਡੇ ਲਈ 1,450 ਕਰੋੜ ਰੁਪਏ ਰੱਖੇ ਗਏ ਹਨ।
ਸਥਾਪਤੀ ਤੋਂ ਬਾਅਦ ਇੱਥੇ ਆਉਣ ਵਾਲ਼ੇ ਸ਼ਰਧਾਲੂਆਂ ਦੀ ਗਿਣਤੀ ਵਧਣ ਦੀ ਉਮੀਦ ਹੈ। ਉੱਤਰ ਪ੍ਰਦੇਸ਼ ਸਰਕਾਰ ਦੇ ਪ੍ਰਮੁੱਖ ਸਕੱਤਰ (ਸੈਰ-ਸਪਾਟਾ) ਮੁਕੇਸ਼ ਮੇਸ਼ਰਾਮ ਕਹਿੰਦੇ ਹਨ,"ਮੰਦਰ ਖੁੱਲ੍ਹਣ ਤੋਂ ਬਾਅਦ, ਅਯੋਧਿਆ ਵਿੱਚ ਹਰ ਰੋਜ਼ ਲਗਭਗ 3 ਲੱਖ ਸੈਲਾਨੀ ਆਉਣ ਦੀ ਉਮੀਦ ਹੈ।''
ਵਾਧੂ ਸ਼ਰਧਾਲੂਆਂ ਦੇ ਆਉਣ ਦੀ ਤਿਆਰੀ ਵਿੱਚ ਸ਼ਹਿਰ-ਵਿਆਪੀ ਬੁਨਿਆਦੀ ਢਾਂਚੇ ਦੇ ਵਿਸਥਾਰ ਪ੍ਰੋਜੈਕਟ ਸ਼ਾਮਲ ਹੋਣਗੇ ਜਿਹਦੇ ਤਹਿਤ ਲੋਕਾਂ ਨੂੰ ਆਪਣੇ ਪੁਰਾਣੇ ਘਰਾਂ ਤੇ ਰਿਸ਼ਤੇਦਾਰਾਂ ਤੋਂ ਦੂਰ ਹੋਣਾ ਹੋਵੇਗਾ।
ਕੁਰੈਸ਼ੀ ਦੇ ਬੇਟੇ ਜਮਾਲ ਕਹਿੰਦੇ ਹਨ, "ਗਲ਼ੀ ਦੀ ਨੁੱਕਰ ਵਿੱਚ ਜਿਹੜੇ ਮੁਸਲਿਮ ਪਰਿਵਾਰ ਰਹਿੰਦੇ ਹਨ, ਸਾਡੇ ਰਿਸ਼ਤੇਦਾਰ ਹੀ ਹਨ, ਨੂੰ ਪਹਿਲਾਂ ਹੀ ਮੁਆਵਜ਼ਾ ਦਿੱਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਦੇ ਘਰ ਨੂੰ ਪਹਿਲਾਂ ਹੀ ਅੰਸ਼ਕ ਤੌਰ 'ਤੇ ਢਾਹ ਦਿੱਤਾ ਗਿਆ ਹੈ ਕਿਉਂਕਿ ਇਹ ਮੰਦਰ ਦੀ ਕੰਧ ਨਾਲ਼ ਲੱਗਦੇ ਸਨ।'' ਉਨ੍ਹਾਂ ਦਾ ਕਹਿਣਾ ਹੈ ਕਿ ਮੰਦਰ ਟਰੱਸਟ (ਐਸਆਰਜੇਟੀਕੇਟੀ) ਮੰਦਰ ਦੇ 70 ਏਕੜ ਦੇ ਅਹਾਤੇ ਵਿੱਚ ਰਹਿਣ ਵਾਲ਼ੇ 50 ਮੁਸਲਿਮ ਪਰਿਵਾਰਾਂ ਸਮੇਤ ਲਗਭਗ 200 ਪਰਿਵਾਰਾਂ ਦੀਆਂ ਜਾਇਦਾਦਾਂ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਯੋਜਨਾ ਬਣਾ ਰਿਹਾ ਹੈ।
''ਟਰੱਸਟ ਨੇ ਉਹ ਮਕਾਨ ਖਰੀਦੇ ਹਨ ਜੋ ਮੰਦਰ ਦੇ ਘੇਰੇ ਵਿਚ ਰੁਕਾਵਟ ਪਾ ਰਹੇ ਸਨ ਅਤੇ ਇਸ ਸਬੰਧ ਵਿਚ ਲੋਕਾਂ ਨੂੰ ਮੁਆਵਜ਼ਾ ਦਿੱਤਾ ਗਿਆ ਹੈ। ਹੋਰ ਜ਼ਮੀਨ ਐਕੁਆਇਰ ਕਰਨ ਦੀ ਕੋਈ ਯੋਜਨਾ ਨਹੀਂ ਹੈ," ਵੀਐੱਚਪੀ ਨੇਤਾ ਸ਼ਰਦ ਸ਼ਰਮਾ ਕਹਿੰਦੇ ਹਨ। ਪਰ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਟਰੱਸਟ ਮੰਦਰ ਦੇ ਆਲ਼ੇ-ਦੁਆਲ਼ੇ ਦੇ ਘਰਾਂ ਅਤੇ ਫਕੀਰਰਾਮ ਮੰਦਰ ਅਤੇ ਬਦਰ ਮਸਜਿਦ ਵਰਗੇ ਧਾਰਮਿਕ ਸਥਾਨਾਂ ਨਾਲ਼ ਸਬੰਧਤ ਜ਼ਮੀਨ ਜ਼ਬਰਦਸਤੀ ਐਕਵਾਇਰ ਕਰ ਰਿਹਾ ਹੈ।
ਇਸ ਦੌਰਾਨ ਜਿਨ੍ਹਾਂ ਲੋਕਾਂ (ਯਾਧਵਾਂ) ਨੂੰ ਪਹਿਲਾਂ ਹੀ ਬਾਹਰ ਕੱਢਿਆ ਜਾ ਚੁੱਕਾ ਹੈ, ਉਨ੍ਹਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ 'ਤੇ ਭਗਵਾਨ ਰਾਮ ਦੀ ਇਕ ਵੱਡੀ ਤਸਵੀਰ ਲਗਾ ਦਿੱਤੀ ਹੈ। "ਜੇ ਅਸੀਂ ਅਜਿਹੇ ਪੋਸਟਰ ਨਹੀਂ ਲਗਾਉਂਦੇ, ਤਾਂ ਇੱਥੇ ਰਹਿਣਾ ਵੀ ਮੁਸ਼ਕਲ ਹੋ ਜਾਵੇਗਾ," ਰਾਜਨ ਕਹਿੰਦੇ ਹਨ, ਜਿਨ੍ਹਾਂ ਨੇ ਆਪਣੇ ਬੇਘਰ ਹੋਏ ਪਰਿਵਾਰ ਦੀ ਦੇਖਭਾਲ਼ ਕਰਨ ਲਈ ਆਪਣੀ ਕੁਸ਼ਤੀ ਦੀ ਸਿਖਲਾਈ ਅੱਧ ਵਿਚਾਲ਼ੇ ਹੀ ਛੱਡ ਦਿੱਤੀ ਸੀ। "ਹਰ ਹਫ਼ਤੇ, ਅਧਿਕਾਰੀ ਅਤੇ ਕੁਝ ਅਜਨਬੀ ਲੋਕੀਂ ਇੱਥੇ ਆਉਂਦੇ ਹਨ ਅਤੇ ਸਾਨੂੰ ਝੌਂਪੜੀ ਵਾਲ਼ੀ ਥਾਂ ਖਾਲੀ ਕਰਨ ਦੀ ਧਮਕੀ ਦਿੰਦੇ ਹਨ। ਅਸੀਂ ਇਸ ਥਾਂ ਦੇ ਮਾਲਕ ਜ਼ਰੂਰ ਹਾਂ ਪਰ ਸਾਨੂੰ ਪੱਕੀ ਉਸਾਰੀ ਕਰਨ ਦੀ ਇਜਾਜ਼ਤ ਨਹੀਂ,'' ਉਨ੍ਹਾਂ ਪਾਰੀ ਨੂੰ ਦੱਸਿਆ।
*****
"ਉਸ ਦਿਨ ਮੇਰਾ ਘਰ ਸੜ ਰਿਹਾ ਸੀ। ਇਸ ਨੂੰ ਲੁੱਟਿਆ ਜਾ ਰਿਹਾ ਸੀ। ਸਾਨੂੰ [ਭੀੜ ਨੇ] ਘੇਰ ਲਿਆ ਸੀ," ਕੁਰੈਸ਼ੀ 6 ਦਸੰਬਰ, 1992 ਦੀਆਂ ਘਟਨਾਵਾਂ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ, ਜਦੋਂ ਹਿੰਦੂ ਭੀੜ ਨੇ ਬਾਬਰੀ ਮਸਜਿਦ ਢਾਹ ਦਿੱਤੀ ਸੀ ਅਤੇ ਅਯੋਧਿਆ ਵਿੱਚ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਸੀ।
ਤੀਹ ਸਾਲ ਪਹਿਲਾਂ ਦੀ ਇਸ ਘਟਨਾ ਨੂੰ ਯਾਦ ਕਰਦਿਆਂ, ਉਹ ਕਹਿੰਦੇ ਹਨ, "ਉਸ ਸਮੇਂ, ਸਾਡੇ ਇਲਾਕੇ ਦੇ ਲੋਕਾਂ ਨੇ ਮੈਨੂੰ ਲੁਕਾਇਆ ਤੇ ਮਰਨੋਂ ਬਚਾਇਆ । ਇਸ ਨੂੰ ਮੈਂ ਮਰਨ ਤੱਕ ਕਦੇ ਨਹੀਂ ਭੁੱਲਾਂਗਾ।''
ਕੁਰੈਸ਼ੀ ਪਰਿਵਾਰ ਹਿੰਦੂ ਬਹੁਗਿਣਤੀ ਵਾਲ਼ੇ ਦੁਰਾਹੀ ਕੂਆਂ ਖੇਤਰ ਵਿਚ ਰਹਿਣ ਵਾਲ਼ੇ ਮੁੱਠੀ ਭਰ ਮੁਸਲਮਾਨਾਂ ਵਿੱਚੋਂ ਇੱਕ ਹੈ। "ਅਸੀਂ ਕਦੇ ਵੀ ਇਸ ਜਗ੍ਹਾ ਨੂੰ ਛੱਡਣ ਬਾਰੇ ਨਹੀਂ ਸੋਚਿਆ। ਇਹ ਸਾਡੇ ਪੁਰਖਿਆਂ ਦਾ ਘਰ ਹੈ। ਮੈਨੂੰ ਨਹੀਂ ਪਤਾ ਕਿ ਸਾਡੀਆਂ ਕਿੰਨੀਆਂ ਪੀੜ੍ਹੀਆਂ ਇੱਥੇ ਰਹਿ ਚੁੱਕੀਆਂ ਹਨ,'' ਕੁਰੈਸ਼ੀ ਨੇ ਧਾਤੂ ਦੀ ਖਾਟ 'ਤੇ ਬੈਠੇ ਪੱਤਰਕਾਰਾਂ ਨੂੰ ਕਿਹਾ,''ਇੱਥੋਂ ਦੇ ਹਿੰਦੂਆਂ ਵਾਂਗ ਮੈਂ ਵੀ ਇਸੇ ਇਲਾਕੇ ਦਾ ਰਹਿਣ ਵਾਲ਼ਾ ਹਾਂ।'' ਉਹ ਇੱਕ ਵੱਡੇ ਪਰਿਵਾਰ ਦੇ ਮੁਖੀਆ ਹਨ ਜਿਸ ਵਿੱਚ ਦੋ ਭਰਾ ਤੇ ਉਨ੍ਹਾਂ ਦੇ ਪਰਿਵਾਰ ਸ਼ਾਮਲ ਹਨ, ਜਿਸ ਵਿੱਚ ਕੁੱਲ ਅੱਠ ਪੁੱਤਰ, ਉਨ੍ਹਾਂ ਦੀਆਂ ਪਤਨੀਆਂ ਤੇ ਬੱਚੇ ਸ਼ਾਮਲ ਹਨ। ਉਹ ਦੱਸਦੇ ਹਨ ਕਿ ਇਸ ਤੋਂ ਪਹਿਲਾਂ ਦੰਗਿਆਂ ਦੌਰਾਨ ਉਨ੍ਹਾਂ ਦੇ ਪਰਿਵਾਰ ਦੇ 18 ਲੋਕ ਨੂੰ ਉਨ੍ਹਾਂ ਦੇ ਗੁਆਂਢ ਵਿੱਚ ਹਿੰਦੂਆਂ ਦੁਆਰਾ ਪਨਾਹ ਅਤੇ ਸੁਰੱਖਿਆ ਦਿੱਤੀ ਗਈ ਸੀ।
ਗੁੜੀਆ ਸੈਣੀ ਕਹਿੰਦੀ ਹਨ,"ਉਹ ਸਾਡੇ ਪਰਿਵਾਰ ਵਰਗੇ ਹਨ। ਉਹ ਸਾਡੀਆਂ ਮੁਸ਼ਕਲਾਂ ਅਤੇ ਦੁੱਖਾਂ ਵਿੱਚ ਸਾਡੇ ਨਾਲ਼ ਖੜ੍ਹਦੇ ਰਹੇ ਹਨ। ਇਸ ਲਈ ਅਜਿਹੇ ਹਿੰਦੂਤਵ ਦਾ ਕੀ ਫਾਇਦਾ ਹੈ ਜੇ ਤੁਸੀਂ ਹਿੰਦੂ ਹੋਣ ਦੇ ਨਾਤੇ ਉਨ੍ਹਾਂ ਦੇ ਮੁਸ਼ਕਲ ਸਮੇਂ ਵਿੱਚ ਉਨ੍ਹਾਂ ਦੇ ਨਾਲ਼ ਨਹੀਂ ਹੋ?
''ਇਹ ਅਯੋਧਿਆ ਹੈ। ਇੱਥੇ ਤੁਸੀਂ ਇਹ ਨਹੀਂ ਸਮਝ ਸਕਦੇ ਕਿ ਕੌਣ ਹਿੰਦੂ ਹੈ ਅਤੇ ਕੌਣ ਮੁਸਲਮਾਨ ਹੈ। ਇੱਥੋਂ ਦੇ ਲੋਕ ਇੱਕ ਦੂਜੇ ਨਾਲ਼ ਬਹੁਤ ਨੇੜਿਓਂ ਜੁੜੇ ਹੋਏ ਹਨ," ਕੁਰੈਸ਼ੀ ਕਹਿੰਦੇ ਹਨ।
ਉਨ੍ਹਾਂ ਦੇ ਘਰ ਦੇ ਸਾੜਨ ਤੋਂ ਬਾਅਦ, ਪਰਿਵਾਰ ਨੇ ਜ਼ਮੀਨ ਦੇ ਛੋਟੇ ਜਿਹੇ ਹਿੱਸੇ 'ਤੇ ਦੋਬਾਰਾ ਉਸਾਰੀ ਕੀਤੀ। 60 ਮੈਂਬਰਾਂ ਦਾ ਇਹ ਵੱਡਾ ਪਰਿਵਾਰ ਹੁਣ ਖੁੱਲ੍ਹੇ ਵਿਹੜੇ ਦੇ ਆਲ਼ੇ ਦੁਆਲ਼ੇ ਬਣੇ ਤਿੰਨ ਵੱਖ-ਵੱਖ ਢਾਂਚਿਆਂ ਵਿੱਚ ਰਹਿੰਦਾ ਹੈ।
ਕੁਰੈਸ਼ੀ ਦੇ ਦੋ ਬੇਟੇ ਅਬਦੁਲ ਵਾਹਿਦ (45) ਅਤੇ ਚੌਥਾ ਮਾਜਲ (35) ਵੈਲਡਿੰਗ ਦਾ ਕਾਰੋਬਾਰ ਕਰਦੇ ਹਨ। ਜਮਾਲ ਕਹਿੰਦੇ ਹਨ, "ਅਸੀਂ 15 ਸਾਲਾਂ ਤੋਂ ਇਸ ਖੇਤਰ ਵਿੱਚ ਕੰਮ ਕੀਤਾ ਹੈ, ਵੈਲਡਿੰਗ ਦੇ ਕਈ ਕੰਮ ਕੀਤੇ ਹਨ, ਜਿਸ ਵਿੱਚ 13 ਸੁਰੱਖਿਆ ਟਾਵਰ ਅਤੇ ਘੇਰੇ ਦੇ ਆਲ਼ੇ-ਦੁਆਲ਼ੇ 23 ਬੈਰੀਕੇਡ ਲਗਾਉਣਾ ਸ਼ਾਮਲ ਹੈ।'' ਉਨ੍ਹਾਂ ਦਾ ਕਹਿਣਾ ਹੈ ਕਿ ਉਹ ਆਰਐੱਸਐੱਸ, ਵੀਐੱਚਪੀ ਅਤੇ ਸਾਰੇ ਹਿੰਦੂ ਮੰਦਰਾਂ ਨਾਲ਼ ਕੰਮ ਕਰ ਰਹੇ ਹਨ ਅਤੇ ਆਰਐੱਸਐੱਸ ਦੀ ਇਮਾਰਤ ਦੇ ਅੰਦਰ ਇੱਕ ਨਿਗਰਾਨੀ ਟਾਵਰ ਸਥਾਪਤ ਕਰ ਰਹੇ ਹਨ। "ਯਹੀ ਤੋ ਅਯੋਧਿਆ ਹੈ ! ਹਿੰਦੂ ਅਤੇ ਮੁਸਲਮਾਨ ਇੱਕ ਦੂਜੇ ਨਾਲ਼ ਸ਼ਾਂਤੀ ਨਾਲ਼ ਰਹਿੰਦੇ ਹਨ ਅਤੇ ਕੰਮ ਕਰਦੇ ਹਨ," ਜਮਾਲ ਕਹਿੰਦੇ ਹਨ।
ਉਨ੍ਹਾਂ ਦੀ ਦੁਕਾਨ, ਨਿਊਜ ਸਟਾਈਲ ਇੰਜੀਨੀਅਰਿੰਗ, ਉਨ੍ਹਾਂ ਦੇ ਘਰ ਦੇ ਬਿਲਕੁਲ ਸਾਹਮਣੇ ਹੈ। ਵਿਡੰਬਨਾ ਇਹ ਹੈ ਕਿ ਇਨ੍ਹਾਂ ਸੱਜੇ ਪੱਖੀ ਸੰਗਠਨਾਂ ਦੇ ਪੈਰੋਕਾਰਾਂ ਨੇ ਉਨ੍ਹਾਂ ਵਰਗੇ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਨਾਲ਼ ਸਿਰਫ਼ ਇਕੱਲਾ ਕੁਰੈਸ਼ੀ ਪਰਿਵਾਰ ਹੀ ਪਰੇਸ਼ਾਨ ਨਹੀਂ ਹੋਇਆ ਹੈ। ਜਮਾਲ ਕਹਿੰਦੇ ਹਨ, "ਮੁਸੀਬਤ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਬਾਹਰੀ ਲੋਕ ਆਉਂਦੇ ਹਨ ਅਤੇ ਵਿਵਾਦ ਪੈਦਾ ਕਰਦੇ ਹਨ।''
ਇੱਥੋਂ ਦੇ ਪਰਿਵਾਰ ਫਿਰਕੂ ਤਣਾਅ ਖੜ੍ਹਾ ਕੀਤੇ ਜਾਣ ਤੋਂ ਭਲੀਭਾਂਤੀ ਜਾਣੂ ਹਨ, ਖਾਸ ਕਰਕੇ ਚੋਣਾਂ ਦੇ ਸਾਲ ਵਿੱਚ। ਉਨ੍ਹਾਂ ਕਿਹਾ,''ਅਸੀਂ ਅਜਿਹੀਆਂ ਕਈ ਖ਼ਤਰਨਾਕ ਸਥਿਤੀਆਂ ਵੇਖੀਆਂ ਹਨ। ਅਸੀਂ ਇਹ ਵੀ ਜਾਣਦੇ ਹਾਂ ਕਿ ਇਹ ਰਾਜਨੀਤਿਕ ਲਾਭ ਲਈ ਕੀਤਾ ਜਾਂਦਾ ਹੈ। ਕੁਰਸੀ ਖ਼ਾਤਰ ਇਹੀ ਖੇਡਾਂ ਦਿੱਲੀ ਅਤੇ ਲਖਨਊ ਵਿੱਚ ਵੀ ਖੇਡੀਆਂ ਜਾਂਦੀਆਂ ਹਨ। ਇਹ ਨਫ਼ਰਤ ਦੀ ਹਵਾ ਸਾਡੇ ਰਿਸ਼ਤਿਆਂ ਨੂੰ ਨਹੀਂ ਬਦਲ ਸਕਦੀ," ਕੁਰੈਸ਼ੀ ਜ਼ੋਰ ਦੇ ਕੇ ਕਹਿੰਦੇ ਹਨ।
ਸੈਣੀ ਇਹ ਵੀ ਜਾਣਦੇ ਹਨ ਕਿ ਉਨ੍ਹਾਂ ਦੀ ਹਿੰਦੂ ਪਛਾਣ ਭੀੜ ਦੇ ਸਾਹਮਣੇ ਉਨ੍ਹਾਂ ਦੀ ਰੱਖਿਆ ਕਰ ਸਕਦੀ ਹੈ ਪਰ ਇਹ ਵੀ ਅਸਥਾਈ ਬਚਾਅ ਹੀ ਹੈ। ਇਸੇ ਗੱਲ ਦਾ ਲਾਭ ਉਨ੍ਹਾਂ ਨੂੰ 1992 ਵੇਲ਼ੇ ਦੰਗਿਆਂ ਦੌਰਾਨ ਕੁਰੈਸ਼ੀ ਦੀ ਰੱਖਿਆ ਕਰਦਿਆਂ ਮਿਲ਼ਿਆ ਸੀ, ਕਿਉਂਕਿ ਉਦੋਂ ਉਨ੍ਹਾਂ ਦੇ ਘਰ ਦੀ ਤਲਾਸ਼ੀ ਨਹੀਂ ਲਈ ਗਈ ਸੀ। "ਜੇ ਸਾਡੇ ਗੁਆਂਢੀ ਦੇ ਘਰ 'ਤੇ ਹਮਲਾ ਹੁੰਦਾ ਹੈ, ਤਾਂ ਇਹ ਸਾਨੂੰ ਵੀ ਪ੍ਰਭਾਵਿਤ ਕਰਦਾ ਹੈ। ਇਸ ਅੱਗ ਦਾ ਸੇਕ ਸਾਡੇ ਘਰ ਵੀ ਪਹੁੰਚੇਗਾ ਹੀ,'' ਦ੍ਰਿੜ ਅਵਾਜ਼ ਵਿੱਚ ਸੈਣੀ ਕਹਿੰਦੇ ਹਨ। ਕੁਰੈਸ਼ੀ ਪਰਿਵਾਰ ਬਾਰੇ ਗੱਲ ਕਰਦਿਆਂ ਉਹ ਕਹਿੰਦੇ ਹਨ, "ਅਸੀਂ ਹਮੇਸ਼ਾ ਇੱਕ ਦੂਜੇ ਦੇ ਨਾਲ਼ ਖੜ੍ਹੇ ਰਹਾਂਗੇ।''
"ਸਾਡਾ ਮੋਹ ਭਰਿਆ ਰਿਸ਼ਤਾ ਹੈ ਤੇ ਅਸੀਂ ਰਲ਼-ਮਿਲ਼ ਕੇ ਰਹਿੰਦੇ ਹਾਂ," ਗੁੜੀਆ ਕਹਿੰਦੀ ਹਨ।
ਤਰਜਮਾ: ਕਮਲਜੀਤ ਕੌਰ