ਜੱਜ
:
...ਜਵਾਬ ਦਿਉ ਕਿ
ਤੁਸੀਂ ਕੰਮ ਕਿਉਂ ਨਹੀਂ ਕੀਤਾ
?
ਬਰੌਡਸਕੀ
:
ਮੈਂ ਕੰਮ ਕੀਤਾ। ਮੈਂ ਕਵਿਤਾਵਾਂ ਲਿਖੀਆਂ।
ਜੱਜ
:
ਬਰੌਡਸਕੀ, ਚੰਗਾ ਹੋਵੇਗਾ ਜੇ ਤੁਸੀਂ ਅਦਾਲਤ ਨੂੰ ਇਹ ਦੱਸੋ ਕਿ
ਨੌਕਰੀਆਂ ਵਿਚਕਾਰ ਲਈ ਬਰੇਕ ਦੌਰਾਨ ਕੰਮ ਕਿਉਂ ਨਹੀਂ ਕੀਤਾ।
ਬਰੌਡਸਕੀ
:
ਮੈਂ ਕਵਿਤਾਵਾਂ ਲਿਖੀਆਂ। ਮੈਂ ਕੰਮ ਕੀਤਾ।
1964 ਵਿੱਚ ਮੁਕੱਦਮੇ ਦੀਆਂ ਦੋ ਲੰਬੀਆਂ ਪੇਸ਼ੀਆਂ ਦੇ ਬਿਰਤਾਂਤ ਵਿੱਚ, ਜਿਹਨਾਂ ਨੂੰ ਫਰੀਡਾ ਵਿਗਦੋਰੋਵਾ ਨੇ ਬੜੀ ਸੁਹਿਰਤਾ ਨਾਲ਼ ਦਰਜ ਕੀਤਾ, 23 ਸਾਲਾ ਰੂਸੀ ਕਵੀ ਜੋਸੇਫ਼ ਐਲੇਕਸੈਂਡਰੋਵਿਚ ਬਰੌਡਸਕੀ ਆਪਣੇ ਦੇਸ਼ ਅਤੇ ਆਉਣ ਵਾਲ਼ੀਆਂ ਨਸਲਾਂ ਲਈ ਆਪਣੀ ਕਵਿਤਾ ਦੀ ਮਹੱਤਤਾ ਦਾ ਬਚਾਅ ਕਰਦਾ ਹੈ। ਪਰ ਜੱਜ ਕਾਇਲ ਨਾ ਹੋਇਆ ਅਤੇ ਉਸਨੇ ਬਰੌਡਸਕੀ ਨੂੰ ਖ਼ਤਰਨਾਕ ਸਮਾਜਿਕ ਸੁਆਰਥ ਪਾਲਣ ਬਦਲੇ ਪੰਜ ਸਾਲ ਦੀ ਅੰਦਰੂਨੀ ਜਲਾਵਤਨੀ ਤੇ ਬਾਮੁਸ਼ੱਕਤ ਸਜਾ ਸੁਣਾਈ।
ਜਿਸ ਸਾਲ ਨੂੰ ਹੁਣ ਅਸੀਂ ਅਲਵਿਦਾ ਕਹਿ ਰਹੇ ਹਾਂ, ਇਸ ਸਾਲ ਵਿੱਚ People’s Archive of Rural India ਨੇ ਬਹੁਤ ਸਾਰੀਆਂ ਕਵਿਤਾਵਾਂ ਛਾਪੀਆਂ, ਬਹੁਤ ਸਾਰੇ ਗਾਇਕਾਂ ਨੂੰ ਸਾਹਮਣੇ ਲਿਆਂਦਾ, ਲੋਕ ਗੀਤਾਂ ਦਾ ਇੱਕ ਨਵਾਂ ਸੰਗ੍ਰਹਿ ਸ਼ੁਰੂ ਕੀਤਾ, ਅਤੇ ਪਹਿਲਾਂ ਤੋਂ ਮੌਜੂਦ ਢਾਂਚੇ ਵਿੱਚ ਹੋਰ ਗੀਤ ਸ਼ਾਮਲ ਕੀਤੇ।
ਤਾਂ ਅਸੀਂ ਕਵਿਤਾ ਨੂੰ ਐਨੀ ਅਹਿਮੀਅਤ ਕਿਉਂ ਦਿੰਦੇ ਹਾਂ? ਕੀ ਇਹ ਸੱਚਮੁੱਚ ਹੀ ‘ਕੰਮ’ ਹੈ? ਜਾਂ ਇਹ ਬਰੌਡਸਕੀ ਨੂੰ ਤਸੀਹੇ ਦੇਣ ਵਾਲ਼ਿਆਂ ਦੇ ਦਾਅਵੇ ਮੁਤਾਬਕ ਸਮਾਜਿਕ ਸੁਆਰਥ ਹੈ?
ਇੱਕ ਕਵੀ ਦੇ ‘ਕੰਮ’ ਦੀ ਵਾਜਬੀਅਤ, ਉਚਿਤਤਾ, ਅਤੇ ਕਦਰੋ-ਕੀਮਤ ’ਤੇ ਸਵਾਲ ਚੁੱਕਣੇ ਦਾਰਸ਼ਨਿਕਾਂ ਅਤੇ ਸਿਆਸਤਦਾਨਾਂ, ਦੋਵਾਂ ਦਾ ਸਦੀਆਂ ਪੁਰਾਣਾ ਰੁਝੇਵਾਂ ਰਿਹਾ ਹੈ। ਅਕਾਦਮਿਕ ਦੁਨੀਆ ਅਤੇ ਇਸ ਤੋਂ ਬਾਹਰ ਵੀ ਬਹੁਤੇ ਬੜੀ ਕਾਹਲੀ ਨਾਲ਼ ਅਤੇ ਆਪਣੀ ਸੁਵਿਧਾ ਮੁਤਾਬਕ ਕਵਿਤਾ ਨੂੰ ਹੋਰ ਜ਼ਿਆਦਾ ਵਿਗਿਆਨਕ, ਸਬੂਤ ਆਧਾਰਤ ਜਾਣਕਾਰੀ ਦੇ ਤਰੀਕਿਆਂ ਦੇ ਪੱਖ ਵਿੱਚ ਬਾਹਰ ਧੱਕ ਦਿੰਦੇ, ਵੱਖ ਕਰ ਦਿੰਦੇ। ਪੇਂਡੂ ਪੱਤਰਕਾਰੀ ਦੇ ਲਾਈਵ ਸੰਗ੍ਰਹਿ ਵਿੱਚ ਕਵਿਤਾ, ਸੰਗੀਤ ਅਤੇ ਗੀਤਾਂ ਦੇ ਕਾਮਯਾਬ ਹਿੱਸੇ ਹੋਣਾ ਬੜਾ ਨਿਰਾਲਾ ਹੈ।
PARI ਹਰ ਤਰ੍ਹਾਂ ਦੇ ਰਚਨਾਤਮਕ ਪ੍ਰਗਟਾਵੇ ਨੂੰ ਸ਼ਾਮਲ ਕਰਦਾ ਹੈ, ਇਸ ਕਰਕੇ ਨਹੀਂ ਕਿ ਉਹ ਸਾਨੂੰ ਵੱਖਰੀਆਂ ਕਹਾਣੀਆਂ ਦੱਸ ਸਕਦੇ ਹਨ, ਪਰ ਇਸ ਕਰਕੇ ਵੀ ਕਿ ਉਹ ਸਾਨੂੰ ਕਹਾਣੀ ਕਹਿਣ ਦੇ, ਭਾਰਤ ਦੇ ਪੇਂਡੂ ਇਲਾਕੇ ਦੇ ਲੋਕਾਂ ਦੀ ਜ਼ਿੰਦਗੀ ਅਤੇ ਤਜ਼ਰਬਿਆਂ ਨੂੰ ਦਰਜ ਕਰਨ ਦੇ ਨਵੇਂ ਤਰੀਕੇ ਵੀ ਪੇਸ਼ ਕਰਦੇ ਹਨ। ਨਿਜੀ ਤਜ਼ਰਬਿਆਂ ਅਤੇ ਸਮੂਹਿਕ ਯਾਦਾਸ਼ਤ ਨਾਲ਼ ਲਬਰੇਜ਼ ਰਚਨਾਤਮਕ ਕਲਪਨਾ ਹੀ ਹੈ ਜਿਸ ਨਾਲ਼ ਸਾਨੂੰ ਇਤਿਹਾਸ ਅਤੇ ਪੱਤਰਕਾਰਤਾ ਤੋਂ ਪਰ੍ਹੇ ਦੇ ਮਨੁੱਖੀ ਗਿਆਨ ਤੱਕ ਪਹੁੰਚਣ ਦਾ ਰਾਹ ਮਿਲ਼ਦਾ ਹੈ। ਲੋਕਾਂ ਦੀਆਂ ਜ਼ਿੰਦਗੀਆਂ ਨਾਲ਼ ਜੁੜੇ ਸਾਡੇ ਸਮਿਆਂ ਦੇ ਅਮਲਾਂ – ਸਿਆਸੀ, ਸਮਾਜਿਕ, ਸੱਭਿਆਚਾਰਕ ਅਤੇ ਆਰਥਿਕ – ਨੂੰ ਦਰਜ ਕਰਨ ਅਤੇ ਸੰਗ੍ਰਹਿਤ ਕਰਨ ਦਾ ਇੱਕ ਵੱਖਰਾ ਤਰੀਕਾ।
ਇਸ ਸਾਲ PARI ਨੇ ਕਈ ਭਾਸ਼ਾਵਾਂ ਵਿੱਚ ਕਵਿਤਾਵਾਂ ਛਾਪੀਆਂ ਹਨ – ਪੰਚਮਹਿਲੀ ਭੀਲੀ, ਅੰਗਰੇਜ਼ੀ, ਹਿੰਦੀ ਅਤੇ ਬੰਗਲਾ। ਇੱਕ ਵਡੇਰੇ ਅਨੁਭਵ ਵਿੱਚ ਇੱਕ ਸ਼ਖਸ ਨੂੰ ਚਿਤਵ ਕੇ ਇਹ ਕਵਿਤਾਵਾਂ ਸਾਡੇ ਸਮਿਆਂ ਦੀ ਗਵਾਹੀ ਭਰਦੀਆਂ ਹਨ। ਕੁਝ ਨੇ ਨਿਜੀ ਅਨੁਭਵਾਂ ਵਿੱਚ ਸੁਭਾਵਿਕ ਤਣਾਅ ਅਤੇ ਦੁਚਿੱਤੀ ਨੂੰ ਸਾਹਮਣੇ ਲਿਆਂਦਾ ਜਿਵੇਂ ਕਿ ਸ਼ਹਿਰ ’ਚ ਰਹਿੰਦਿਆਂ, ਪਿੰਡ ਨੂੰ ਚੇਤੇ ਕਰਦਿਆਂ , ਕਈਆਂ ਨੇ ਭਾਸ਼ਾਵਾਂ ਦੀ ਪਿੱਤਰ ਸੱਤਾ ’ਤੇ ਰੋਹ ਜ਼ਾਹਰ ਕੀਤਾ ਅਤੇ ਭਾਸ਼ਾ ਦੇ ਵਿੱਚ ਹੀ ਬਗ਼ਾਵਤ ਦੀਆਂ ਨਵੀਆਂ ਵਿਰਲਾਂ ਸਿਰਜੀਆਂ ਜਿਵੇਂ ਕਿ ਤੰਦ ਨਾਲ ਲਮਕਦੀਆਂ ਜ਼ਿੰਦਗੀਆਂ ਅਤੇ ਭਾਸ਼ਾਵਾਂ , ਕਈਆਂ ਨੇ ਜ਼ਾਲਮ ਦੇ ਝੂਠ ਤੋਂ ਪਰਦਾ ਲਾਹਿਆ ਜਿਵੇਂ ਕਿ ਅੰਨਦਾਤਾ ਤੇ ਸਰਕਾਰ ਬਹਾਦੁਰ , ਅਤੇ ਕਈ ਹੋਰਨਾਂ ਨੇ ਇਤਿਹਾਸਕ ਅਤੇ ਸਾਂਝੇ ਸੱਚ ਨੂੰ ਬਿਨ੍ਹਾਂ ਡਰੇ ਬਿਆਨ ਕੀਤਾ ਜਿਵੇਂ ਕਿ ਕਿੱਸਾ-ਏ-ਕਿਤਾਬ ਤੇ ਤਿੰਨ ਹਮਸਾਏ ।
ਲਿਖਣਾ ਇੱਕ ਸਿਆਸੀ ਕਾਰਜ ਹੈ, ਅਤੇ ਜਦ ਕੋਈ ਦ ਗ੍ਰਾਇੰਡਮਿਲ ਸੌਂਗਜ਼ ਪ੍ਰਾਜੈਕਟ ਵਿਚਲੇ ਗੀਤਾਂ ਨੂੰ ਸੁਣਦਾ ਹੈ ਤਾਂ ਉਹ ਸਮਝ ਪਾਉਂਦਾ ਹੈ ਕਿ ਇੱਕ ਕਵਿਤਾ, ਗੀਤ, ਓਵੀ ਨੂੰ ਤਰਤੀਬ ਦੇਣਾ ਰਿਸ਼ਤੇ, ਭੈਣਚਾਰੇ, ਅਤੇ ਵਿਰੋਧ ਦਾ ਇੱਕ ਸਾਂਝਾ ਕਾਰਜ ਹੈ। ਇਹ ਗੀਤ ਕਿਸੇ ਸ਼ਖਸ ਦੇ ਜੀਵਨ ਦਾ ਅਰਥ ਸਮਝਣ ਲਈ ਰਾਹ ਬਣੇ ਹਨ, ਭਾਸ਼ਾ ਵਿੱਚ ਵਿੱਚ ਉਹ ਹਰ ਚੀਜ਼ ਜੋ ਪ੍ਰਵਾਹ ਵਿੱਚ ਹੈ – ਸਮਾਂ, ਸੱਭਿਆਚਾਰ, ਭਾਵਨਾਵਾਂ – ਸਮਾਉਣਾ ਦਾ ਤਰੀਕਾ ਬਣੇ ਹਨ। PARI ਨੇ ਇਸ ਸਾਲ ਪੇਂਡੂ ਮਹਾਰਾਸ਼ਟਰ ਅਤੇ ਕਰਨਾਟਕ ਦੀਆਂ 3,000 ਤੋਂ ਜ਼ਿਆਦਾ ਔਰਤਾਂ ਵੱਲੋਂ ਆਪਣੇ ਨੇੜਲੀ ਦੁਨੀਆਂ ਬਾਰੇ ਵੱਖ-ਵੱਖ ਵਿਸ਼ਿਆਂ ’ਤੇ ਗਾਏ 1,00,000 ਲੋਕ ਗੀਤਾਂ ਦੇ ਕਾਮਯਾਬ ਸੰਗ੍ਰਹਿ ਵਿੱਚ ਹੋਰ ਮੋਹਣੀਆਂ ਕਿਸ਼ਤਾਂ ਸ਼ਾਮਲ ਕੀਤੀਆਂ ਹਨ।
PARI ਵਿੱਚ ਇਸ ਸਾਲ ਰਣ ਦੇ ਗੀਤ , ਕੱਛੀ ਲੋਕਗੀਤਾਂ ਦੇ ਨਵੇਂ ਮਲਟੀਮੀਡੀਆ ਸੰਗ੍ਰਹਿ ਨਾਲ ਵਿਭਿੰਨਤਾ ਹੋਰ ਵੱਧ ਗਈ ਹੈ। ਇਸ ਵੱਧ ਰਹੇ ਸੰਗ੍ਰਹਿ ਵਿੱਚ, ਜੋ ਕੱਛ ਮਹਿਲਾ ਵਿਕਾਸ ਸੰਗਠਨ (KMVS) ਦੇ ਨਾਲ਼ ਮਿਲ਼ ਕੇ ਸ਼ੁਰੂ ਕੀਤਾ ਗਿਆ, ਪਿਆਰ, ਬਿਰਹਾ, ਦੁੱਖ, ਵਿਆਹ, ਭਗਤੀ, ਮਾਤਭੂਮੀ, ਲਿੰਗਕ ਜਾਗਰੂਕਤਾ, ਜਮਹੂਰੀ ਹੱਕਾਂ ਦੇ ਵਿਸ਼ਿਆਂ ਉੱਤੇ ਗੀਤ ਇਕੱਠੇ ਕੀਤੇ ਜਾਂਦੇ ਹਨ। ਜਿਸ ਜਗ੍ਹਾ ਤੋਂ ਇਹ ਗੀਤ ਆਉਂਦੇ ਹਨ, ਇਹਨਾਂ ਦਾ ਸੰਗ੍ਰਹਿ ਓਨਾ ਹੀ ਵਿਭਿੰਨ ਹੈ। ਇਸ ਸੰਗ੍ਰਹਿ ਵਿੱਚ ਵੱਖ-ਵੱਖ ਸੰਗੀਤਕ ਤਰਜ਼ਾਂ ਵਜਾਉਣ ਵਾਲ਼ੇ ਗੁਜਰਾਤ ਦੇ 305 ਤਾਲਵਾਦਕਾਂ, ਗਾਇਕਾਂ, ਸਾਜ਼ਵਾਦਕਾਂ ਦੇ ਸਾਂਝੇ ਸਮੂਹ ਵੱਲੋਂ ਦਿੱਤੇ 341 ਗੀਤਾਂ ਦਾ ਬਹੁਮੁੱਲਾ ਸੰਗ੍ਰਹਿ ਹੋਵੇਗਾ, ਅਤੇ ਇਹ PARI ਵਿੱਚ ਕੱਛ ਦੇ ਕਿਸੇ ਵੇਲੇ ਕਾਮਯਾਬ ਰਹੀਆਂ ਜ਼ੁਬਾਨੀ ਰਵਾਇਤਾਂ ਨੂੰ ਪੁਨਰ ਜੀਵਤ ਕਰੇਗਾ।
PARI ਕਵਿਤਾ ਨੇ ਜੋ ਕੀਤਾ ਹੈ, ਉਹ ਇਸ ਵਿਚਾਰ ਨੂੰ ਚੁਣੌਤੀ ਦੇਣ ਲਈ ਕੀਤਾ ਹੈ ਕਿ ਕਵਿਤਾ ਅਮੀਰ ਵਰਗ ਅਤੇ ਉੱਚੀ ਸਿੱਖਿਆ ਹਾਸਲ ਵਰਗ ਲਈ ਰੱਖਿਅਤ ਹੈ, ਜਾਂ ਅਲੰਕਾਰਕ ਅਤੇ ਭਾਸ਼ਾਈ ਵਿਕਸਣ ਦਾ ਮਸਲਾ ਹੈ। ਕਵਿਤਾਵਾਂ ਅਤੇ ਲੋਕ ਗੀਤਾਂ ਵਿੱਚ ਵਖਰੇਵਾਂ ਨਾ ਕਰਕੇ, ਅਸੀਂ ਇਸ ਵਿਭਿੰਨ ਰਵਾਇਤ ਦੇ ਸੱਚੇ ਰਖਵਾਲਿਆਂ ਅਤੇ ਰਚੇਤਾਵਾਂ – ਹਰ ਵਰਗ, ਜਾਤ, ਲਿੰਗ ਦੇ ਲੋਕ – ਨੂੰ ਕਬੂਲ ਕਰਦੇ ਹਾਂ। ਕਡੂਬਾਈ ਖਰਾਤ ਜਾਂ ਸ਼ਾਹੀਰ ਦਾਦੂ ਸਾਲਵੇ ਵਰਗੇ ਲੋਕ ਜੋ ਆਮ ਲੋਕਾਂ ਦੀਆਂ ਦੁੱਖ-ਤਕਲੀਫਾਂ ਦੇ ਨਾਲ-ਨਾਲ ਬਰਾਬਰੀ ਅਤੇ ਅੰਬੇਦਕਰ ਬਾਰੇ ਗੀਤ ਗਾਉਂਦੇ ਹਨ, ਜਨਤਕ ਸਿਆਸਤ ਤੋਂ ਕਵਿਤਾਵਾਂ ਬਣਾਉਂਦੇ ਹਨ। ਸੁਕੁਮਾਰ ਬਿਸਵਾਸ , ਸ਼ਾਂਤੀਪੁਰ ਦੇ ਲੰਕਾਪਾਰਾ ਦਾ ਇੱਕ ਆਮ ਨਾਰੀਅਲ ਵਿਕਰੇਤਾ, ਰਹੱਸਮਈ ਸਿਆਣਪ ਭਰੇ ਬੜੇ ਸੋਹਣੇ ਗੀਤ ਗਾਉਂਦਾ ਹੈ, ਜੋ ਬਿਨ੍ਹਾਂ ਸ਼ੱਕ 1971 ਦੀ ਬੰਗਲਾਦੇਸ਼ ਜੰਗ ਤੋਂ ਬਾਅਦ ਭਾਰਤ ਵਿੱਚ ਰਹਿਣ ਦੇ ਉਸਦੇ ਅਨੁਭਵ ਨਾਲ ਘੜੇ ਗਏ ਹਨ। ਪੱਛਮੀ ਬੰਗਾਲ ਦੇ ਪੀੜਾ ਪਿੰਡ ਦੇ ਰਹਿਣ ਵਾਲੇ ਆਜ਼ਾਦੀ ਘੁਲਾਟੀਏ, ਲੋਖੀਕਾਂਤੋ ਮਹਾਤੋ , 97 ਸਾਲ ਦੀ ਉਮਰ ਵਿੱਚ ਇੱਕ ਗਾਇਕ ਦੀ ਗੂੰਜਦੀ ਆਵਾਜ਼ ਨਾਲ, ਸਾਬਤ ਕਰਦੇ ਹਨ ਕਿ ਕਿਵੇਂ ਸੰਗੀਤ ਅਤੇ ਗੀਤਾਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਲੋੜੀਂਦੀ ਉਮੀਦ ਤੇ ਜਾਨ ਫੂਕੀ।
ਪਰ ਕੌਣ ਕਹਿੰਦਾ ਹੈ ਕਿ ਕਵਿਤਾਵਾਂ ਜਾਂ ਗੀਤ ਸਿਰਫ਼ ਲਫ਼ਜਾਂ ਵਿੱਚ ਲਿਖੇ ਜਾ ਸਕਦੇ ਹਨ? PARI ਉੱਤੇ ਛਾਪੀਆਂ ਜਾਂਦੀਆਂ ਕਈ ਰਿਪੋਰਟਾਂ ਵਿੱਚ ਇੱਕ ਵੱਖਰੀ ਤਰ੍ਹਾਂ ਦੀਆਂ ਸਤਰਾਂ ਨੇ ਰੰਗ ਭਰੇ ਹਨ ਅਤੇ ਦ੍ਰਿਸ਼ਟੀਕੋਣ ਪੇਸ਼ ਕੀਤੇ ਹਨ। ਆਪਣੇ ਅਨੋਖੇ ਢੰਗ ਨਾਲ ਕਈ ਕਲਾਕਾਰਾਂ ਨੇ ਰੌਚਕ ਨਗ ਤਿਆਰ ਕੀਤੇ ਹਨ ਜੋ ਹੁਣ ਪ੍ਰਕਾਸ਼ਿਤ ਰਿਪੋਰਟ ਦਾ ਅਨਿੱਖੜਵਾਂ ਅੰਗ ਬਣ ਗਏ ਹਨ।
PARI ਵਿੱਚ ਕਹਾਣੀ ਕਹਿਣ ਲਈ ਚਿੱਤਰਕਾਰੀ ਨਵਾਂ ਢੰਗ ਨਹੀਂ। ਅਸੀਂ ਅਜਿਹੀਆਂ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਹਨ ਜਿਹਨਾਂ ਵਿੱਚ ਚਿੱਤਰਕਾਰੀ ਜ਼ਰੀਏ ਸਟੋਰੀ ਦੀਆਂ ਉਲਝਣਾਂ ਨੂੰ ਸੁਲਝਾਇਆ ਗਿਆ । ਕਈ ਵਾਰ ਅਸੀਂ ਚਿੱਤਰਕਾਰੀ ਨੂੰ ਨੈਤਿਕ ਕਾਰਨਾਂ ਕਰਕੇ ਵਰਤਿਆ ਜਿਵੇਂ ਕਿ ਜਦ ਬਚਪਨ ਗੁਆਚ ਜਾਂਦਾ ਹੈ... । ਇੱਕ ਰਿਪੋਰਟ ਵਿੱਚ ਲੇਖਕ, ਜੋ ਖੁਦ ਇੱਕ ਪੇਂਟਰ ਹਨ, ਨੇ ਰਿਪੋਰਟ ਵਿੱਚ ਨਵੀਂ ਤਾਕਤ ਅਤੇ ਮਾਅਨੇ ਲਿਆਉਣ ਲਈ ਤਸਵੀਰਾਂ ਦੀ ਜਗ੍ਹਾ ਚਿੱਤਰਕਾਰੀ ਨੂੰ ਵਰਤਣ ਦਾ ਫੈਸਲਾ ਲਿਆ। ਪਰ ਜਦੋਂ PARI ਵਿੱਚ ਕਿਸੇ ਕਵੀ ਜਾਂ ਗਾਇਕ ਦੀਆਂ ਸਤਰਾਂ ਵਿੱਚ ਕਲਾਕਾਰ ਆਪਣੀਆਂ ਸਤਰਾਂ ਸ਼ਾਮਲ ਕਰਦੇ ਹਨ, ਤਾਂ ਉਹ ਪੇਜ ਉੱਪਰਲੇ ਭਰਪੂਰ ਬਾਗ਼ ਵਿੱਚ ਨਵੇਂ ਮਾਅਨੇ ਸ਼ਾਮਲ ਕਰ ਦਿੰਦੇ ਹਨ।
ਆਓ ਜ਼ਰਾ, ਇਸ ਸ਼ਾਨਦਾਰ ਚਿੱਤਰਪਟ ਨੂੰ ਬਣਾਉਣ ਵਾਲ਼ੇ ਤਾਣੇ-ਬਾਣੇ ਨੂੰ ਛੂਹ ਕੇ ਮਹਿਸੂਸ ਤਾਂ ਕਰੋ।
ਟੀਮ ਵੱਲੋਂ ਅਸੀਂ ਇਸ ਲੇਖ ਵਿਚਲੀਆਂ ਤਸਵੀਰਾਂ ਦੇ ਸੰਪਾਦਨ ਵਿੱਚ ਮਦਦ ਕਰਨ ਲਈ ਰਿਕਿਨ ਸਾਂਕਲੇਚਾ ਦਾ ਧੰਨਵਾਦ ਕਰਦੇ ਹਾਂ।
ਅਸੀਂ ਜੋ ਕੰਮ ਕਰਦੇ ਹਾਂ, ਜੇ ਉਸ ਵਿੱਚ ਤੁਹਾਡੀ ਦਿਲਚਸਪੀ ਹੈ ਅਤੇ ਤੁਸੀਂ PARI ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ, ਕਿਰਪਾ ਕਰਕੇ ਸਾਨੂੰ [email protected] ਉੱਤੇ ਲਿਖੋ। ਆਜ਼ਾਦ ਲੇਖਕਾਂ, ਪੱਤਰਕਾਰਾਂ, ਫੋਟੋਗ੍ਰਾਫਰਾਂ, ਫਿਲਮਸਾਜ਼ਾਂ, ਅਨੁਵਾਦਕਾਂ, ਸੰਪਾਦਕਾਂ, ਚਿੱਤਰਕਾਰਂ ਅਤੇ ਖੋਜੀਆਂ ਨੂੰ ਅਸੀਂ ਆਪਣੇ ਨਾਲ ਕੰਮ ਕਰਨ ਦਾ ਸੱਦਾ ਦਿੰਦੇ ਹਾਂ।
PARI ਇੱਕ ਗੈਰ ਲਾਭਕਾਰੀ ਸੰਸਥਾ ਹੈ ਅਤੇ ਅਸੀਂ ਉਹਨਾਂ ਲੋਕਾਂ ਦੇ ਦਾਨ ਦੇ ਸਿਰ ’ਤੇ ਕੰਮ ਕਰਦੇ ਹਾਂ ਜਿਹੜੇ ਸਾਡੇ ਬਹੁਭਾਸ਼ੀ ਆਨਲਾਈਨ ਰੋਜ਼ਨਾਮਚੇ ਅਤੇ ਸੰਗ੍ਰਹਿ ਦੀ ਕਦਰ ਕਰਦੇ ਹਨ। ਜੇ ਤੁਸੀਂ PARI ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹੋ ਤਾਂ ਦਾਨ ਲਈ ਕਲਿਕ ਕਰੋ।
ਤਰਜਮਾ: ਕਮਲਜੀਤ ਕੌਰ