ਅਨੋਪਰਮ ਸੁਤਾਰ ਨੇ ਕਦੇ ਵੀ ਸੰਗੀਤ ਸਾਜ਼ ਨਹੀਂ ਵਜਾਇਆ, ਪਰ ਉਹ ਆਪਣੇ ਤਜ਼ਰਬੇ ਤੋਂ ਇਹ ਪਤਾ ਲਗਾ ਸਕਦੇ ਹਨ ਕਿ ਕਿਹੜੀ ਲੱਕੜ ਸਭ ਤੋਂ ਵਧੀਆ ਅਵਾਜ਼ ਪੈਦਾ ਕਰਦੀ ਹੈ। ਅੱਠਵੀਂ ਪੀੜ੍ਹੀ ਦੇ ਤਜ਼ਰਬੇਕਾਰ ਖਰਤਾਲ ਨਿਰਮਾਤਾ ਕਹਿੰਦੇ ਹਨ, "ਮੈਂ ਲੱਕੜ ਦੇ ਟੁਕੜੇ ਨੂੰ ਦੇਖ ਕੇ ਦੱਸ ਸਕਦਾ ਹਾਂ ਕਿ ਇਸ ਤੋਂ ਵਧੀਆ ਸੰਗੀਤ ਸਾਜ਼ ਬਣਾਉਣਾ ਸੰਭਵ ਹੈ ਜਾਂ ਨਹੀਂ।''
ਖਰਤਾਲ, ਰਾਜਸਥਾਨ ਦੇ ਲੋਕ ਅਤੇ ਭਗਤੀ ਸੰਗੀਤ ਵਿੱਚ ਵਰਤਿਆ ਜਾਣ ਵਾਲ਼ਾ ਇੱਕ ਆਘਾਤੀ ਸਾਜ਼ ਹੈ, ਜੋ ਲੱਕੜ ਦੇ ਚਾਰ ਟੁਕੜਿਆਂ ਦੀ ਵਰਤੋਂ ਕਰਕੇ ਬਣਾਇਆ ਜਾਂਦਾ ਹੈ, ਕਹਿਣ ਦਾ ਭਾਵ ਸਾਜ਼ ਨੂੰ ਦੋਵੇਂ ਪਾਸਿਓਂ ਇੰਝ ਫੜ੍ਹਿਆ ਜਾਂਦਾ ਹੈ- ਜਿਵੇਂ ਇੱਕ ਪਾਸਾ ਅੰਗੂਠਾ ਫੜ੍ਹਦਾ ਹੈ ਤੇ ਦੂਜਾ ਹਿੱਸਾ ਬਾਕੀਆਂ ਦੀਆਂ ਚਾਰ ਉਂਗਲਾਂ। ਜਦੋਂ ਆਪਸ ਵਿੱਚ ਵਜਾਇਆ ਜਾਂਦਾ ਹੈ ਤਾਂ ਬੜੀ ਛਣਕਾਹਟ ਨਿਕਲ਼ਦੀ ਹੈ। ਇਸ ਸਾਜ਼ ਵਿੱਚ, ਸਿਰਫ਼ ਤਾ ਅਤੇ ਕਾ ਦੇ ਨੋਟਾਂ ਦੀ ਵਰਤੋਂ ਕੀਤੀ ਜਾਂਦੀ ਹੈ। "ਕਲਾਕਾਰ ਬਨਵਾਤੇ ਹੈਂ," 57 ਸਾਲਾ ਉਹ ਕਹਿੰਦੇ ਹਨ।
ਰਾਜਸਥਾਨੀ ਖਰਤਾਲਾਂ ਵਿੱਚ ਆਮ ਤੌਰ 'ਤੇ ਮੰਜੀਰਾ ਜਾਂ ਕਰਾਤਾਲਾ ਵਰਗੀਆਂ ਘੰਟੀਆਂ ਨਹੀਂ ਲੱਗੀਆਂ ਹੁੰਦੀਆਂ।
ਇੱਕ ਹੁਨਰਮੰਦ ਕਾਰੀਗਰ, ਦੋ ਘੰਟਿਆਂ ਵਿੱਚ ਖਰਤਾਲ ਦੇ ਚਾਰ ਜੋੜੇ ਬਣਾ ਸਕਦਾ ਹੈ। "ਪਹਿਲਾਂ, ਇਸ ਵਿੱਚ ਪੂਰਾ-ਪੂਰਾ ਦਿਨ ਲੱਗ ਜਾਂਦਾ ਸੀ," ਉਹ ਆਪਣੇ ਕੈਰੀਅਰ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ। ਅਨੋਪਰਮ ਦਾ ਪਰਿਵਾਰ ਲਗਭਗ ਦੋ ਸਦੀਆਂ ਤੋਂ ਖਰਤਾਲ ਬਣਾਉਣ ਦੇ ਪੇਸ਼ੇ ਵਿੱਚ ਲੱਗਾ ਹੋਇਆ ਹੈ: "ਬਚਪਨ ਸੇ ਯੇਹੀ ਕਾਮ ਹੈ ਹਮਾਰਾ''।
ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਪਿਤਾ, ਮਰਹੂਮ ਉਸਲਾਰਾਮ ਇੱਕ ਬਹੁਤ ਦਿਆਲੂ ਤੇ ਧੀਰਜਵਾਨ ਗੁਰੂ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਬੜੇ ਸਬਰ ਨਾਲ਼ ਕੰਮ ਸਿਖਾਇਆ। "ਮੈਂ ਬਹੁਤ ਸਾਰੀਆਂ ਗ਼ਲਤੀਆਂ ਕੀਤੀਆਂ। ਲੇਕਿਨ ਵੋ ਕਭੀ ਨਹੀਂ ਚਿਲਾਤੇ ਥੇ, ਪਿਆਰ ਸੇ ਸਮਝਾਤੇ ਥੇ।'' ਖਰਤਾਲ ਬਣਾਉਣ ਦੀ ਕਲਾ ਸਿਰਫ਼ ਸੁਤਾਰ ਭਾਈਚਾਰੇ ਦੇ ਲੋਕਾਂ ਨੇ ਹੀ ਅਪਣਾਈ ਹੋਈ ਹੈ।














