“ਸਾਡੇ ਪਿੰਡ ਵਿੱਚ ਕੁੜੀਆਂ ਸੁਰੱਖਿਅਤ ਨਹੀਂ। ਸ਼ਾਮ ਦੇ ਅੱਠ ਜਾਂ ਨੌਂ ਵਜੇ ਤੋਂ ਬਾਅਦ ਉਹ ਘਰ ਤੋਂ ਬਾਹਰ ਨਹੀਂ ਨਿਕਲਦੀਆਂ,” ਸ਼ੁਕਲਾ ਘੋਸ਼ ਦੱਸਦੇ ਹਨ। ਉਹ ਪੱਛਮ ਮੇਦਨੀਪੁਰ ਦੇ ਪਿੰਡ ਕੂਆਪੁਰ ਦੀ ਗੱਲ ਕਰ ਰਹੇ ਹਨ। “ਕੁੜੀਆਂ ਦੇ ਮਨ ਵਿੱਚ ਖੌਫ਼ ਹੈ ਪਰ ਫਿਰ ਵੀ ਉਹਨਾਂ ਨੂੰ ਲੱਗਦਾ ਹੈ ਕਿ ਵਿਰੋਧ ਕਰਨਾ ਜ਼ਰੂਰੀ ਹੈ।”

ਘੋਸ਼ ਅਤੇ ਕੂਆਪੁਰ ਦੀਆਂ ਕੁੜੀਆਂ ਉਹਨਾਂ ਹਜ਼ਾਰਾਂ ਕਿਸਾਨ ਅਤੇ ਮਜ਼ਦੂਰਾਂ ਦੇ ਝੁੰਡ ਦਾ ਹਿੱਸਾ ਹਨ ਜੋ ਪਿਛਲੇ ਹਫ਼ਤੇ ਪੱਛਮੀ ਬੰਗਾਲ ਦੇ ਵੱਖ ਵੱਖ ਪਿੰਡਾਂ ਤੇ ਕਸਬਿਆਂ ਤੋਂ ਇਕੱਠੇ ਹੋ ਕੇ ਕੋਲਕਾਤਾ ਦੇ ਆਰ. ਜੀ. ਕਰ ਹਸਪਤਾਲ ਵਿੱਚ ਟ੍ਰੇਨਿੰਗ ਕਰ ਰਹੀ ਇੱਕ ਨੌਜਵਾਨ ਡਾਕਟਰ ਦੇ ਬਲਾਤਕਾਰ ਅਤੇ ਕਤਲ ਦੀ  ਦਿਲ ਦਹਿਲਾ ਦੇਣ ਵਾਲ਼ੀ ਘਟਨਾ ਦਾ ਵਿਰੋਧ ਕਰ ਰਹੇ ਹਨ।

21 ਸਤੰਬਰ 2024 ਨੂੰ ਚੱਲੇ ਇਸ ਰੋਸ ਮਾਰਚ ਨੇ ਕੇਂਦਰੀ ਕੋਲਕਾਤਾ ਦੀ ਕਾਲਜ ਰੋਡ ਤੋਂ ਸ਼ੁਰੂ ਹੋ ਕੇ ਸ਼ਿਆਮਬਜ਼ਾਰ ਤੱਕ ਲਗਭਗ 3.5 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ।

ਰੋਸ ਕਰਨ ਵਾਲ਼ਿਆਂ ਦੀ ਮੰਗ ਹੈ ਕਿ ਫੌਰਨ ਇਨਸਾਫ ਕੀਤਾ ਜਾਵੇ ਅਤੇ ਮੁਜ਼ਰਮਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ, ਕੋਲਕਾਤਾ ਦੇ ਪੁਲਿਸ ਕਮਿਸ਼ਨਰ ਦਾ ਅਸਤੀਫ਼ਾ (ਵਿਰੋਧ ਕਰ ਰਹੇ ਡਾਕਟਰਾਂ ਦੀ ਵੀ ਇਹੀ ਮੰਗ ਸੀ ਜੋ ਕਿ ਸਰਕਾਰ ਨੇ ਮੰਨ ਲਈ ਹੈ), ਅਤੇ ਮੁੱਖ ਮੰਤਰੀ ਮਮਤਾ ਬੈਨਰਜੀ ਦਾ ਅਸਤੀਫ਼ਾ ਜੋ ਕਿ ਸਿਹਤ ਅਤੇ ਪਰਿਵਾਰ ਭਲਾਈ ਦੇ ਨਾਲ਼-ਨਾਲ਼ ਗ੍ਰਹਿ ਮੰਤਰਾਲੇ ਦਾ ਕੰਮ ਦੇਖਦੇ ਹਨ।

PHOTO • Sarbajaya Bhattacharya
PHOTO • Sarbajaya Bhattacharya

ਖੱਬੇ: ਪੱਛਮੀ ਮੇਦਨੀਪੁਰ ਦੇ ਆਈ. ਸੀ. ਡੀ. ਐੱਸ. ਕਾਮਿਆਂ ਦੀ ਜ਼ਿਲ੍ਹਾ ਸਕੱਤਰ, ਸ਼ੁਕਲਾ ਘੋਸ਼ ਕਹਿੰਦੇ ਹਨ ਕਿ ਉਹਨਾਂ ਦੇ ਪਿੰਡ ਕੂਆਪੁਰ ਦੀਆਂ ਕੁੜੀਆਂ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ। ਸੱਜੇ: ਮੀਤਾ ਰੇ, ਇੱਕ ਖੇਤ ਮਜ਼ਦੂਰ, ਹੂਗਲੀ ਦੇ ਨਾਕੁੰਡਾ ਤੋਂ ਰੋਸ ਮਾਰਚ ਵਿੱਚ ਸ਼ਾਮਿਲ ਹੋਣ ਆਏ ਹਨ

“ਤਿਲੋਤੰਮਾ ਤੋਮਾਰ ਨਾਮ, ਜੁਰਛੇ ਸੋਹੋਰ ਜੁਰਛੇ ਗਰਾਮ [ਤਿਲੋਤੰਮਾ ਤੇਰੇ ਲਈ ਸ਼ਹਿਰ ਤੇ ਪਿੰਡ ਇਕੱਠੇ ਹੋ ਰਹੇ ਹਨ]!” ਇਸ ਰੈਲੀ ਵਿੱਚੋਂ ਇਹੀ ਨਾਅਰੇ ਸੁਣਾਈ ਦੇ ਰਹੇ ਹਨ। ‘ਮਰਨ ਵਾਲ਼ੀ 31 ਸਾਲਾ ਡਾਕਟਰ ਨੂੰ ਤਿਲੋਤੰਮਾ ਨਾਮ ਸ਼ਹਿਰ ਦੇ ਲੋਕਾਂ ਨੇ ਦਿੱਤਾ ਹੈ। ਇਹ ਦੁਰਗਾ ਮਾਂ ਦਾ ਹੀ ਇੱਕ ਨਾਮ ਹੈ ਜਿਸਦਾ ਮਤਲਬ ਹੈ ਉਹ ਜੋ ਬਹੁਤ ਮਹੀਨ ਕਣਾਂ ਨਾਲ਼ ਬਣਿਆ ਹੈ’ ਜੋ ਵਿਸ਼ੇਸ਼ਣ ਕੋਲਕਾਤਾ ਸ਼ਹਿਰ ਲਈ ਵੀ ਵਰਤਿਆ ਜਾਂਦਾ ਹੈ।

“ਔਰਤਾਂ ਨੂੰ ਸੁਰੱਖਿਅਤ ਮਹਿਸੂਸ ਕਰਾਉਣਾ ਪੁਲਿਸ ਅਤੇ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੈ,” ਸ਼ੁਕਲਾ ਆਪਣੀ ਗੱਲ ਜਾਰੀ ਰੱਖਦੇ ਹਨ। “ਜੇ ਕੁੜੀਆਂ ਇਹਨਾਂ ਨੂੰ ਆਰੋਪੀਆਂ ਦਾ ਹੀ ਬਚਾਅ ਕਰਦਿਆਂ ਦੇਖਣਗੀਆਂ ਤਾਂ ਉਹ ਕਿਵੇਂ ਸੁਰੱਖਿਅਤ ਮਹਿਸੂਸ ਕਰਨਗੀਆਂ?” ਪੱਛਮੀ ਮੇਦਨੀਪੁਰ ਦੇ ਆਈ. ਸੀ. ਡੀ. ਐੱਸ. ਕਾਮਿਆਂ ਦੀ ਜ਼ਿਲ੍ਹਾ ਸਕੱਤਰ ਦਾ ਕਹਿਣਾ ਹੈ।

“ਖੇਤ ਮਜ਼ਦੂਰਾਂ ਦੀ ਸੁਰੱਖਿਆ ਲਈ ਅਖੀਰ ਇਹਨਾਂ (ਰਾਜ ਸਰਕਾਰ) ਨੇ ਕੀ ਕੀਤਾ ਹੈ?” ਇੱਕ ਪ੍ਰਦਰਸ਼ਕਾਰੀ ਮੀਤਾ ਰੇ ਪੁੱਛਦੇ ਹਨ। ਪਿੰਡ ਵਿੱਚ ਕੁੜੀਆਂ ਰਾਤ ਨੂੰ ਘਰੋਂ ਬਾਹਰ ਨਿਕਲ਼ਣ ਤੋਂ ਡਰਦੀਆਂ ਹਨ। ਇਹੀ ਕਾਰਨ ਹੈ ਕਿ ਅੱਜ ਮੈਂ ਇੱਥੇ ਆਈ ਹਾਂ। ਸਾਨੂੰ ਔਰਤਾਂ ਅਤੇ ਬੱਚੀਆਂ ਦੀ ਸੁਰੱਖਿਆ ਲਈ ਲੜਨਾ ਪਵੇਗਾ।” ਰੇ ਹੂਗਲੀ ਜਿਲ੍ਹੇ ਦੇ ਨਾਕੁੰਡਾ ਵਿੱਚ ਖੇਤ ਮਜ਼ਦੂਰ ਹਨ।

45 ਸਾਲਾ ਰੇ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ੌਚ ਲਈ ਪੱਕੇ ਬਾਥਰੂਮ ਚਾਹੀਦੇ ਹਨ ਨਾ ਕਿ ਖੁੱਲ੍ਹੇ ਖੇਤ। ਮੀਤਾ ਕੋਲ਼ ਦੋ ਵਿੱਘਾ ਜ਼ਮੀਨ ਹੈ ਜਿਸ ਤੇ ਉਹ ਆਲੂ, ਚੌਲ ਅਤੇ ਤਿਲਾਂ ਦੀ ਖੇਤੀ ਕਰਦੇ ਹਨ, ਪਰ ਹਾਲ ਵਿੱਚ ਹੀ ਆਏ ਹੜ੍ਹਾਂ ਕਾਰਨ ਫ਼ਸਲ ਬਰਬਾਦ ਹੋ ਗਈ। “ਸਾਨੂੰ ਕਿਸੇ ਕਿਸਮ ਦੀ ਰਾਹਤ ਨਹੀਂ ਮਿਲ਼ੀ,” ਮੀਤਾ ਦੱਸਦੇ ਹਨ ਜੋ ਕਿ ਖੇਤਾਂ ਵਿੱਚ 14 ਘੰਟੇ ਕੰਮ ਕਰ ਕੇ ਦਿਹਾੜੀ ਦੇ 250 ਰੁਪਏ ਕਮਾਉਂਦੇ ਹਨ। ਉਹਨਾਂ ਨੇ ਆਪਣੇ ਮੋਢਿਆਂ ਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦਾ ਲਾਲ ਝੰਡਾ ਚੁੱਕਿਆ ਹੋਇਆ ਹੈ। ਉਹਨਾਂ ਦੇ ਪਤੀ ਦੀ ਮੌਤ ਹੋ ਚੁੱਕੀ ਹੈ ਪਰ ਫਿਰ ਵੀ ਉਹਨਾਂ ਨੂੰ ਵਿਧਵਾ ਪੈਨਸ਼ਨ ਨਹੀਂ ਮਿਲ਼ਦੀ। ਉਹਨਾਂ ਨੂੰ ਤ੍ਰਿਣਮੂਲ ਕਾਂਗਰਸ ਦੀ ਸਰਕਾਰ ਦੇ ਇੱਕ ਵੱਡੇ ਪ੍ਰੋਗਰਾਮ ਲਕਸ਼ਮੀ ਭੰਡਾਰ ਤਹਿਤ 1,000 ਰੁਪਏ ਮਿਲ਼ਦੇ ਹਨ ਪਰ ਉਹਨਾਂ ਅਨੁਸਾਰ ਇਹ ਰਕਮ ਪਰਿਵਾਰ ਦੇ ਭਰਣ-ਪੋਸ਼ਣ ਲਈ ਕਾਫ਼ੀ ਨਹੀਂ।

PHOTO • Sarbajaya Bhattacharya
PHOTO • Sarbajaya Bhattacharya

ਰਾਸ਼ਟਰੀ ਮੈਡੀਕਲ ਕਾਲਜ ਅਤੇ ਹਸਪਤਾਲ, ਕੋਲਕਾਤਾ ਵਿਖੇ ਕੰਧਾਂ ਤੇ ਬਣਾਏ ਚਿੱਤਰ

PHOTO • Sarbajaya Bhattacharya
PHOTO • Sarbajaya Bhattacharya

ਖੱਬੇ: ਰਾਸ਼ਟਰੀ ਮੈਡੀਕਲ ਕਾਲਜ ਅਤੇ ਹਸਪਤਾਲ, ਕੋਲਕਾਤਾ ਵਿੱਚ ਕੰਧਾਂ ਤੇ ਬਣਾਏ ਚਿੱਤਰ ਵਿੱਚ ਲਿਖਿਆ ਹੈ, ‘ਸਰਕਾਰ ਬਲਾਤਕਾਰੀਆਂ ਦਾ ਬਚਾਅ ਕਰਦੀ ਹੈ, ਸਰਕਾਰ ਵੀ ਬਲਾਤਕਾਰੀ ਹੈ’। ਸੱਜੇ: ‘ਪਿੱਤਰਸੱਤਾ ਮੁਰਦਾਬਾਦ’

*****

“ਮੈਂ ਇੱਥੇ ਇੱਕ ਔਰਤ ਹੋਣ ਦੇ ਨਾਤੇ ਆਈ ਹਾਂ।”

ਮਾਲਦਾ ਜਿਲ੍ਹੇ ਦੇ ਪਿੰਡ ਚੰਚਲ ਦੀ ਰਹਿਣ ਵਾਲ਼ੀ ਬਾਨੂ ਬੈਵਾ ਨੇ ਆਪਣੀ ਸਾਰੀ ਉਮਰ ਖੇਤਾਂ ਵਿੱਚ ਕੰਮ ਕੀਤਾ ਹੈ। 63 ਸਾਲਾ ਬਾਨੂ ਆਪਣੇ ਜਿਲ੍ਹੇ ਤੋਂ ਆਈਆਂ ਹੋਰ ਔਰਤਾਂ ਦੇ ਨਾਲ਼ ਝੁੰਡ ਵਿੱਚ ਖੜ੍ਹੇ ਹਨ ਜੋ ਇਸ ਰੈਲੀ ਵਿੱਚ ਕੰਮ-ਕਾਜੀ ਔਰਤਾਂ ਦੇ ਹੱਕਾਂ ਲਈ ਲੜਨ ਆਏ ਹਨ।

“ਔਰਤਾਂ ਨੂੰ ਰਾਤ ਵੇਲ਼ੇ ਕੰਮ ਕਰਨ ਦੀ ਅਜ਼ਾਦੀ ਹੋਣੀ ਚਾਹੀਦੀ ਹੈ,” ਨਮਿਤਾ ਮਹਾਤੋ ਸਰਕਾਰ ਦੇ ਉਸ ਆਦੇਸ਼ ਵੱਲ ਧਿਆਨ ਦਿਵਾਉਂਦਿਆਂ ਕਹਿੰਦੇ ਹਨ ਜਿਸ ਅਨੁਸਾਰ ਹਸਪਤਾਲਾਂ ਵਿੱਚ ਔਰਤ ਕਰਮਚਾਰੀ ਰਾਤ ਵੇਲ਼ੇ ਕੰਮ ਨਹੀਂ ਕਰ ਸਕਦੀਆਂ। ਇਸ ਆਦੇਸ਼ ਦੀ ਸੁਪਰੀਮ ਕੋਰਟ ਨੇ ਵੀ ਆਲੋਚਨਾ ਕੀਤੀ ਹੈ।

ਉਮਰ ਦੇ ਪੰਜਾਹਵਿਆਂ ਵਿੱਚ ਨਮਿਤਾ ਪੁਰੂਲੀਆ ਜਿਲ੍ਹੇ ਤੋਂ ਆਈਆਂ ਹੋਰ ਔਰਤਾਂ ਨਾਲ਼ ਕਾਲਜ ਚੌਂਕ ਦੇ ਗੇਟ ਸਾਹਮਣੇ ਖੜ੍ਹੇ ਹਨ। ਇਹ ਇਲਾਕਾ ਕਾਫ਼ੀ ਗਹਿਮਾ ਗਹਿਮੀ ਵਾਲ਼ਾ ਹੈ ਜਿੱਥੇ ਤਿੰਨ ਯੂਨੀਵਰਸਿਟੀ, ਸਕੂਲ, ਕਈ ਕਿਤਾਬਾਂ ਦੀਆਂ ਸਟਾਲਾਂ, ਅਤੇ ਦ ਇੰਡੀਅਨ ਕੌਫੀ ਹਾਊਸ ਹੈ।

ਗੌਰਾਂਗੜੀ ਪਿੰਡ ਦੇ ਨਮਿਤਾ ਕੁਰਮੀ ਭਾਈਚਾਰੇ (ਸੂਬੇ ਵਿੱਚ ਹੋਰ ਪਿਛੜੇ ਵਰਗ ਵਜੋਂ ਦਰਜ) ਨਾਲ਼ ਸਬੰਧ ਰੱਖਦੇ ਹਨ ਅਤੇ ਰੌਂਗ ਮਿਸਤਰੀ (ਰੰਗ ਕਰਨ ਵਾਲ਼ੇ ਮਿਸਤਰੀ) ਵਜੋਂ ਠੇਕੇਦਾਰ ਹੇਠਾਂ ਕੰਮ ਕਰਦੇ ਹਨ ਜਿਸਦੇ ਦਿਹਾੜੀ ਦੇ ਉਹਨਾਂ ਨੂੰ 300-350 ਰੁਪਏ ਮਿਲ਼ਦੇ ਹਨ। “ਮੈਂ ਲੋਕਾਂ ਦੇ ਘਰਾਂ ਵਿੱਚ ਖਿੜਕੀ, ਦਰਵਾਜ਼ੇ ਅਤੇ ਜੰਗਲੇ ਰੰਗ ਕਰਨ ਦਾ ਕੰਮ ਕਰਦੀ ਹਾਂ,” ਉਹ ਦੱਸਦੇ ਹਨ। ਉਹਨਾਂ ਨੂੰ ਸਰਕਾਰ ਵੱਲੋਂ ਵਿਧਵਾ ਪੈਨਸ਼ਨ ਵੀ ਮਿਲ਼ਦੀ ਹੈ।

PHOTO • Sarbajaya Bhattacharya
PHOTO • Sarbajaya Bhattacharya

ਖੱਬੇ: ਮਾਲਦਾ ਤੋਂ ਖੇਤੀ ਮਜ਼ਦੂਰ ਬਾਨੂ ਬੈਵਾ (ਹਰੀ ਸਾੜੀ ਵਿੱਚ) ਕਹਿੰਦੇ ਹਨ, ‘ਮੈਂ ਇੱਕ ਔਰਤ ਹੋਣ ਦੇ ਨਾਤੇ ਇੱਥੇ ਆਈ ਹਾਂ ’। ਸੱਜੇ: ਨਮਿਤਾ ਮਹਾਤੋ (ਗੁਲਾਬੀ ਸਾੜੀ ਵਿੱਚ) ਪੁਰੂਲੀਆ ਵਿੱਚ ਦਿਹਾੜੀ ' ਤੇ ਕੰਮ ਕਰਦੇ ਹਨ ਅਤੇ ਉਹਨਾਂ ਅਨੁਸਾਰ ਕੰਮ ਕਰਨ ਵਾਲ਼ੀ ਥਾਂ ' ਤੇ ਉਹਨਾਂ ਦੀ ਸੁਰੱਖਿਆਂ ਦੀ ਜਿੰਮੇਵਾਰੀ ਠੇਕੇਦਾਰ ਦੀ ਹੋਣੀ ਚਾਹੀਦੀ ਹੈ

PHOTO • Sarbajaya Bhattacharya
PHOTO • Sarbajaya Bhattacharya

ਖੱਬੇ: ਇੱਕ ਪ੍ਰਦਰਸ਼ਨਕਾਰੀ ਗੀਤ ਰਾਹੀਂ ਇਨਸਾਫ ਦੀ ਮੰਗ ਕਰਦੇ ਹੋਏ । ਸੱਜੇ: ਪੱਛਮੀ ਬੰਗਾਲ ਖੇਤੀਬਾੜੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਤੁਸ਼ਾਰ ਘੋਸ਼ ਦਾ ਕਹਿਣਾ ਹੈ, ‘ਆਰ. ਜੀ. ਕਰ ਵਿਖੇ ਵਾਪਰੇ ਇਸ ਹਾਦਸੇ ਦੇ ਵਿਰੋਧ ਨਾਲ਼ ਲੋਕਾਂ ਦਾ ਧਿਆਨ ਕੰਮ-ਕਾਜੀ ਔਰਤਾਂ ਨੂੰ ਰੋਜ਼ਾਨਾ ਦਰਪੇਸ਼ ਮੁਸ਼ਕਿਲਾਂ ਵੱਲ ਵੀ ਜਾਣਾ ਚਾਹੀਦਾ ਹੈ’

ਨਮਿਤਾ ਆਪਣੇ ਬੇਟੇ ਜੋ ਲੋਹੇ ਦੀ ਫੈਕਟਰੀ ਵਿੱਚ ਕੰਮ ਕਰਦਾ ਹੈ, ਨੂੰਹ ਅਤੇ ਪੋਤੀ ਨਾਲ਼ ਰਹਿੰਦੇ ਹਨ। ਉਹਨਾਂ ਦੀ ਬੇਟੀ ਵਿਆਹੀ ਹੋਈ ਹੈ। “ਉਸਨੇ ਸਾਰੇ ਇਮਤਿਹਾਨ ਅਤੇ ਇੰਟਰਵਿਊ ਪਾਸ ਕਰ ਲਏ ਸੀ ਪਰ ਕਦੇ ਵੀ ਉਸਦੀ ਭਰਤੀ ਦੀ ਚਿੱਠੀ ਨਹੀਂ ਆਈ,” ਉਹ ਸ਼ਿਕਾਇਤ ਭਰੇ ਲਹਿਜੇ ਵਿੱਚ ਕਹਿੰਦੇ ਹਨ, “ਇਸ ਸਰਕਾਰ ਨੇ ਸਾਨੂੰ ਕੋਈ ਰੋਜ਼ਗਾਰ ਨਹੀਂ ਦਿੱਤਾ।” ਉਹਨਾਂ ਦਾ ਪਰਿਵਾਰ ਇੱਕ ਵਿੱਘਾ ਜ਼ਮੀਨ ‘ਤੇ ਸਾਲ ਵਿੱਚ ਇੱਕ ਵਾਰ ਚੌਲਾਂ ਦੀ ਖੇਤੀ ਕਰਦਾ ਹੈ ਅਤੇ ਸਿੰਚਾਈ ਲਈ ਮੀਂਹ ‘ਤੇ ਨਿਰਭਰ ਹੈ।

*****

ਆਰ. ਜੀ. ਕਰ ਕੇਸ, ਜਿੱਥੇ ਇੱਕ ਨੌਜਵਾਨ ਡਾਕਟਰ ਦਾ ਜਿਣਸੀ-ਸ਼ੋਸ਼ਣ ਅਤੇ ਕਤਲ ਹੋਇਆ, ਨੇ ਕੰਮ-ਕਾਜੀ ਔਰਤਾਂ ਦੀਆਂ ਮੁਸ਼ਕਿਲਾਂ ਵੱਲ ਸਭ ਦਾ ਧਿਆਨ ਖਿੱਚਿਆ ਹੈ। ਮਛਿਆਰਾ ਔਰਤਾਂ, ਇੱਟਾਂ ਦੇ ਭੱਠੇ ਤੇ ਕੰਮ ਕਰਨ ਵਾਲ਼ੀਆਂ ਤੇ ਮਨਰੇਗਾ ਦਾ ਕੰਮ ਕਰਨ ਵਾਲ਼ੀਆਂ  ਔਰਤਾਂ ਲਈ ਪਖਾਨਾ ਘਰਾਂ ਦੀ ਕਮੀ, ਬੱਚਿਆਂ ਦੀ ਦੇਖਭਾਲ਼ ਲਈ ਕਰੈਚ ਦੀ ਅਣਹੋਂਦ ਅਤੇ ਔਰਤ ਹੋਣ ਕਰਨ ਘੱਟ ਮਜਦੂਰੀ ਮਿਲਣਾ, ਤੁਸ਼ਾਰ ਘੋਸ਼ ਅਨੁਸਾਰ ਮੁੱਖ ਸਮੱਸਿਆਵਾਂ ਹਨ। ਤੁਸ਼ਾਰ ਘੋਸ਼ ਪੱਛਮੀ ਬੰਗਾਲ ਖੇਤੀਬਾੜੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਹਨ। “ਆਰ. ਜੀ. ਕਰ ਵਿਖੇ ਵਾਪਰੇ ਇਸ ਹਾਦਸੇ ਦੇ ਵਿਰੋਧ ਨਾਲ਼ ਲੋਕਾਂ ਦਾ ਧਿਆਨ ਕੰਮ-ਕਾਜੀ ਔਰਤਾਂ ਨੂੰ ਰੋਜ਼ਾਨਾ ਦਰਪੇਸ਼ ਮੁਸ਼ਕਿਲਾਂ ਵੱਲ ਵੀ ਜਾਣਾ ਚਾਹੀਦਾ ਹੈ,” ਉਹ ਕਹਿੰਦੇ ਹਨ।

9 ਅਗਸਤ 2024 ਨੂੰ ਵਾਪਰੇ ਇਸ ਹਾਦਸੇ ਤੋਂ ਬਾਦ ਪੱਛਮੀ ਬੰਗਾਲ ਵਿੱਚ ਵਿਰੋਧ ਦਾ ਦੌਰ ਸ਼ੁਰੂ ਹੋ ਗਿਆ ਹੈ। ਸ਼ਹਿਰ ਤੋਂ ਕਸਬੇ ਤੇ ਪਿੰਡਾਂ ਤੱਕ ਆਮ ਜਨ ਨੇ ਜਨਤਕ ਥਾਵਾਂ ‘ਤੇ ਰੋਸ ਪ੍ਰਗਟਾਉਣਾ ਸ਼ੁਰੂ ਕਰ ਦਿੱਤਾ ਹੈ ਜਿਸ ਵਿੱਚ ਬਹੁਗਿਣਤੀ ਔਰਤਾਂ ਦੀ ਹੈ। ਪੂਰੇ ਸੂਬੇ ਵਿੱਚ ਜੂਨੀਅਰ ਡਾਕਟਰਾਂ ਦੇ ਪ੍ਰਦਰਸ਼ਨ  ਨੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਹੁੰਦੇ ਭ੍ਰਿਸ਼ਟਾਚਾਰ, ਤਾਕਤ ਦੀ ਦੁਰਵਰਤੋਂ ਅਤੇ ਦਬਾਉਣ ਦੇ ਚਲਣ 'ਤੇ ਖਾਸ ਰੌਸ਼ਨੀ ਪਾਈ ਹੈ। ਫ਼ਿਲਹਾਲ, ਹਾਦਸੇ ਨੂੰ ਹੋਇਆਂ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ ਪਰ ਵਿਰੋਧ ਪ੍ਰਦਸ਼ਨ ਮੱਠੇ ਪੈਣ ਦਾ ਨਾਮ ਤੱਕ ਨਹੀਂ ਲੈ ਰਹੇ।

ਤਰਜਮਾ: ਨਵਨੀਤ ਕੌਰ ਧਾਲੀਵਾਲ

Sarbajaya Bhattacharya

ਸਰਬਜਯਾ ਭੱਟਾਚਾਰਿਆ, ਪਾਰੀ ਦੀ ਸੀਨੀਅਰ ਸਹਾਇਕ ਸੰਪਾਦਕ ਹਨ। ਉਹ ਬੰਗਾਲੀ ਭਾਸ਼ਾ ਦੀ ਮਾਹਰ ਅਨੁਵਾਦਕ ਵੀ ਹਨ। ਕੋਲਕਾਤਾ ਵਿਖੇ ਰਹਿੰਦਿਆਂ ਉਹਨਾਂ ਨੂੰ ਸ਼ਹਿਰ ਦੇ ਇਤਿਹਾਸ ਤੇ ਘੁਮੱਕੜ ਸਾਹਿਤ ਬਾਰੇ ਜਾਣਨ 'ਚ ਰੁਚੀ ਹੈ।

Other stories by Sarbajaya Bhattacharya
Editor : Priti David

ਪ੍ਰੀਤੀ ਡੇਵਿਡ ਪੀਪਲਜ਼ ਆਰਕਾਈਵ ਆਫ਼ ਇੰਡੀਆ ਦੇ ਇਕ ਪੱਤਰਕਾਰ ਅਤੇ ਪਾਰੀ ਵਿਖੇ ਐਜੁਕੇਸ਼ਨ ਦੇ ਸੰਪਾਦਕ ਹਨ। ਉਹ ਪੇਂਡੂ ਮੁੱਦਿਆਂ ਨੂੰ ਕਲਾਸਰੂਮ ਅਤੇ ਪਾਠਕ੍ਰਮ ਵਿੱਚ ਲਿਆਉਣ ਲਈ ਸਿੱਖਿਅਕਾਂ ਨਾਲ ਅਤੇ ਸਮਕਾਲੀ ਮੁੱਦਿਆਂ ਨੂੰ ਦਸਤਾਵੇਜਾ ਦੇ ਰੂਪ ’ਚ ਦਰਸਾਉਣ ਲਈ ਨੌਜਵਾਨਾਂ ਨਾਲ ਕੰਮ ਕਰਦੀ ਹਨ ।

Other stories by Priti David
Translator : Navneet Kaur Dhaliwal

ਪੰਜਾਬ ਦੀ ਜੰਮਪਲ ਨਵਨੀਤ ਕੌਰ ਧਾਲੀਵਾਲ ਖੇਤੀਬਾੜੀ ਵਿਗਿਆਨੀ ਹਨ। ਉਹ ਮਨੁੱਖੀ ਸਮਾਜ ਦੀ ਸਿਰਜਣਾ, ਕੁਦਰਤੀ ਵਸੀਲਿਆਂ ਦੀ ਸਾਂਭ-ਸੰਭਾਲ਼ ਤੇ ਵਿਰਾਸਤ ਤੇ ਰਵਾਇਤੀ ਗਿਆਨ ਨੂੰ ਸਾਂਭੇ ਜਾਣ ਵਿੱਚ ਯਕੀਨ ਰੱਖਦੀ ਹਨ।

Other stories by Navneet Kaur Dhaliwal