ਮਾਰਚ ਦੀ ਗਰਮ ਤੇ ਤਪਦੀ ਦੁਪਹਿਰ ਦਾ ਵੇਲ਼ਾ ਹੈ ਤੇ ਔਰਾਪਾਣੀ ਪਿੰਡ ਦੇ ਕਈ ਲੋਕੀਂ ਛੋਟੀ ਜਿਹੀ ਚਰਚ ਵਿੱਚ ਇਕੱਠੇ ਹੋਏ ਹਨ। ਉਨ੍ਹਾਂ 'ਤੇ ਕੋਈ ਜ਼ਹਿਨੀ ਦਬਾਅ ਪਾ ਕੇ ਇੱਥੇ ਨਹੀਂ ਲਿਆਂਦਾ ਗਿਆ।

ਲੋਕੀਂ ਭੁੰਜੇ ਹੀ ਗੋਲ਼-ਘਤਾਰਾ ਬਣਾਈ ਬੈਠੇ ਹਨ, ਸਾਰਿਆਂ ਦੀ ਇੱਕ ਸਾਂਝੀ ਸਮੱਸਿਆ ਹੈ- ਉਨ੍ਹਾਂ ਨੂੰ ਬਲੱਡ ਪ੍ਰੈਸ਼ਰ ਦੇ ਗੰਭੀਰ ਮਸਲੇ ਹਨ, ਕਿਸੇ ਦਾ ਹਾਈ ਰਹਿੰਦਾ ਹੈ ਤੇ ਕਿਸੇ ਦਾ ਲੋਅ। ਇਸਲਈ, ਉਹ ਸਾਰੇ ਮਹੀਨੇ ਵਿੱਚ ਘੱਟੋ-ਘੱਟ ਇੱਕ ਵਾਰੀਂ ਤਾਂ ਜ਼ਰੂਰ ਮਿਲ਼ਦੇ ਹਨ ਤਾਂਕਿ ਉਨ੍ਹਾਂ ਦੇ ਬਲੱਡ ਪ੍ਰੈਸ਼ਰ ਦੀ ਜਾਂਚ ਵੀ ਹੋ ਜਾਵੇ ਤੇ ਆਪੋ-ਆਪਣੀ ਵਾਰੀਂ ਦੀ ਉਡੀਕ ਕਰਦਿਆਂ ਉਹ ਛੋਟੇ-ਮੋਟੇ ਮਸਲਿਆਂ 'ਤੇ ਗੱਲਬਾਤ ਵੀ ਕਰ ਸਕਣ।

''ਮੈਨੂੰ ਇਨ੍ਹਾਂ ਬੈਠਕਾਂ ਵਿੱਚ ਆਉਣਾ ਚੰਗਾ ਲੱਗਦਾ ਕਿਉਂਕਿ ਇੱਥੇ ਮੈਨੂੰ ਆਪਣੀਆਂ ਫ਼ਿਕਰਾਂ ਸਾਂਝੀਆਂ ਕਰਨ ਦਾ ਮੌਕਾ ਮਿਲ਼ਦਾ ਹੈ,'' ਰੂਪੀ ਬਘੇਲ ਕਹਿੰਦੇ ਹਨ। ਰੂਪੀ ਬਾਈ ਵਜੋਂ ਜਾਣੀ ਜਾਂਦੀ ਇਹ 53 ਸਾਲਾ ਮਹਿਲਾ ਪਿਛਲੇ ਪੰਜ ਸਾਲਾਂ ਤੋਂ ਇੱਥੇ ਆ ਰਹੀ ਹੈ। ਬੈਗਾ ਕਬੀਲੇ ਨਾਲ਼ ਤਾਅਲੁੱਕ ਰੱਖਣ ਵਾਲ਼ੇ ਰੂਪੀ ਇੱਕ ਛੋਟੇ ਕਿਸਾਨ ਹਨ ਜਿਨ੍ਹਾਂ ਨੂੰ ਖੇਤੀ ਦੇ ਤੇ ਘਰ ਦੇ ਹੋਰ ਖ਼ਰਚੇ ਪੂਰੇ ਕਰਨ ਲਈ ਜੰਗਲੀ ਉਤਪਾਦਾਂ ਦਾ ਸਹਾਰਾ ਲੈਣਾ ਪੈਂਦਾ ਹੈ। ਬੈਗਾ ਕਬੀਲਾ ਵਿਸ਼ੇਸ਼ ਤੌਰ 'ਤੇ ਕਮਜ਼ੋਰ ਕਬਾਇਲੀ ਸਮੂਹਾਂ (ਪੀਵੀਟੀਜੀ) ਵਜੋਂ ਸੂਚੀਬੱਧ ਹੈ। ਔਰਾਪਾਣੀ (ਜਿਹਨੂੰ ਓਰਾਪਾਣੀ ਵੀ ਕਿਹਾ ਜਾਂਦਾ ਹੈ) ਪਿੰਡ ਵਿਖੇ ਵੱਡੀ ਅਬਾਦੀ ਬੈਗਾ ਭਾਈਚਾਰੇ ਦੀ ਹੀ ਹੈ।

ਇਹ ਇਲਾਕਾ ਬਿਲਾਸਪੁਰ ਜ਼ਿਲ੍ਹੇ ਦੇ ਕੋਟਾ ਬਲਾਕ ਵਿਖੇ ਪੈਂਦਾ ਹੈ ਤੇ ਜੋ ਛੱਤਸੀਗੜ੍ਹ ਦੇ ਅਚਾਨਾਕਮਾਰ-ਅਮਾਰਕਾਂਟਕ ਬਾਇਓਸਫੀਅਰ ਰਿਜਰਵ (ਏਏਬੀਆਰ) ਦੇ ਨੇੜੇ ਵੀ ਸਥਿਤ ਹੈ। ''ਮੈਂ ਜੰਗਲ ਵਿੱਚ ਜਾ ਕੇ ਬਾਂਸ ਇਕੱਠੇ ਕਰ ਲਿਆਉਂਦੀ ਤੇ ਝਾੜੂ ਬਣਾ-ਬਣਾ ਵੇਚਿਆ ਕਰਦੀ। ਪਰ ਹੁਣ ਮੈਂ ਬਹੁਤਾ ਤੁਰ ਨਹੀਂ ਪਾਉਂਦੀ ਇਸੇ ਲਈ ਘਰੇ ਹੀ ਰਹਿੰਦੀ ਹਾਂ,'' ਆਪਣੀ ਹਾਈ ਬਲੱਡ-ਪ੍ਰੈਸ਼ਰ ਦੀ ਦਿੱਕਤ ਬਾਰੇ ਦੱਸਦਿਆਂ ਫੁਲਸੋਰੀ ਲਾਕੜਾ ਕਹਿੰਦੇ ਹਨ। ਸੱਠ ਸਾਲਾਂ ਨੂੰ ਢੁਕਣ ਵਾਲ਼ੇ ਫੁਲਸੋਰੀ ਹੁਣ ਘਰੇ ਰਹਿ ਕੇ ਆਪਣੀਆਂ ਬੱਕਰੀਆਂ ਤੇ ਗਾਵਾਂ ਦੀ ਦੇਖਭਾਲ਼ ਕਰਦੇ ਹਨ। ਉਂਝ ਬੈਗਾ ਕਬੀਲਾ ਆਪਣੀ ਰੋਜ਼ੀਰੋਟੀ ਵਾਸਤੇ ਜੰਗਲ 'ਤੇ ਨਿਰਭਰ ਰਹਿੰਦਾ ਹੈ।

PHOTO • Sweta Daga
PHOTO • Sweta Daga

ਬਿਲਾਸਪੁਰ ਜ਼ਿਲ੍ਹੇ ਦੇ ਔਰਾਪਾਣੀ ਪਿੰਡ ਦੇ ਇਸ ਸਮੂਹ ਦਰਮਿਆਨ ਇੱਕ ਗੱਲ ਸਾਂਝੀ ਹੈ- ਸਾਰੇ ਬਲੱਡ ਪ੍ਰੈਸ਼ਰ ਦੀ ਗੰਭੀਰ ਦਿੱਕਤ ਤੋਂ ਪਰੇਸ਼ਾਨ ਹਨ, ਕਿਸੇ ਦਾ ਹਾਈ ਰਹਿੰਦਾ ਹੈ ਤੇ ਕਿਸੇ ਦਾ ਲੋਅ। ਉਹ ਸਾਰੇ ਮਹੀਨੇ ਵਿੱਚ ਘੱਟੋਘੱਟ ਇੱਕ ਵਾਰੀਂ ਮਿਲ਼ਦੇ ਤੇ ਆਪੋ-ਆਪਣੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਵਾਉਂਦੇ ਤੇ ਇਸ ਦੇ ਪੱਧਰ ਨੂੰ ਸਹੀ ਕਰਨ ਦੇ ਤਰੀਕੇ ਵੀ ਸਿੱਖਦੇ ਹਨ ਜੇਐੱਸਐੱਸ ਵਿਖੇ ਕਲੱਸਟਰ ਕੋਆਰਡੀਨੇਟਰ ਬੇਨ ਰਤਨਾਕਰ (ਕਾਲ਼ੀ ਚੁੰਨੀ ਲਈ)

ਜੇਕਰ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-5 (NFHS-5), 2019-2021 ਦੀ ਮੰਨੀਏ ਤਾਂ ਛੱਤੀਸਗੜ੍ਹ ਦੀ 14 ਫ਼ੀਸਦ ਪੇਂਡੂ ਅਬਾਦੀ ਨੂੰ ਹਾਈਪਰਟੈਂਸ਼ਨ ਹੈ। ''ਜੇਕਰ ਕਿਸੇ ਵਿਅਕਤੀ ਦਾ ਸਿਸਟੋਲਿਕ ਬਲੱਡ ਪ੍ਰੈਸ਼ਰ ਦਾ ਪੱਧਰ 140 mmHg ਤੋਂ ਵੱਧ ਜਾਂ ਉਹਦੇ ਬਰਾਬਰ ਹੈ ਤੇ ਜੇਕਰ ਕਿਸੇ ਦਾ ਬਲੱਡ ਪ੍ਰੈਸ਼ਰ ਪੱਧਰ 90 mmHg ਤੋਂ ਵੱਧ ਜਾਂ ਉਹਦੇ ਬਰਾਬਰ ਹੈ ਤਾਂ ਉਹਨੂੰ ਹਾਈਪਰਟੈਂਸ਼ਨ ਹੋਣਾ ਮੰਨ ਲਿਆ ਜਾਂਦਾ ਹੈ।''

ਰਾਸ਼ਟਰੀ ਸਿਹਤ ਮਿਸ਼ਨ ਦਾ ਕਹਿਣਾ ਹੈ ਕਿ ਗ਼ੈਰ-ਸੰਚਾਰੀ ਰੋਗਾਂ ਦਾ ਵਾਧਾ ਰੋਕਣ ਲਈ ਹਾਈ ਬਲੱਡ ਪ੍ਰੈਸ਼ਰ ਦਾ ਛੇਤੀ ਤੋਂ ਛੇਤੀ ਪਤਾ ਲਗਾਉਣਾ ਅਹਿਮ ਹੈ। ਸਹਾਇਤਾ ਸਮੂਹ ਜ਼ਰੀਏ ਹੀ ਬੀਪੀ ਘੱਟ ਕਰਨ ਲਈ ਜੀਵਨਸ਼ੈਲੀ ਵਿੱਚ ਬਦਲਾਅ ਦੀ ਜਾਣਕਾਰੀ ਦਿੱਤੀ ਜਾਂਦੀ ਹੈ। '' ਮੈਂ ਮੀਟਿੰਗ ਮੇਂ ਆਤੀ ਹੂੰ, ਤੋ ਅਲਗ ਚੀਜ਼ ਸੀਖਣੇ ਕੇ ਲਿਏ ਮਿਲਤਾ ਹੈ, ਜੈਸੇ ਯੋਗਾ, ਜੋ ਮੇਰੇ ਸਰੀਰ ਕੋ ਮਜ਼ਬੂਤ ਰੱਖਤਾ ਹੈ, '' ਫੁਲਸੋਰੀ ਗੱਲ ਪੂਰੀ ਕਰਦੇ ਹਨ।

ਉਹ ਜਨ ਸਿਹਤ ਸਹਿਯੋਗ (ਜੇਐੱਸਐੱਸ) ਦੇ 31 ਸਾਲਾ ਸੀਨੀਅਰ ਸਿਹਤ ਵਰਕਰ ਸੂਰਜ ਬੇਗਮ ਵੱਲੋਂ ਦਿੱਤੀ ਗਈ ਜਾਣਕਾਰੀ ਦਾ ਹਵਾਲਾ ਦੇ ਰਹੇ ਸਨ, ਜੋ ਕਿ ਇੱਕ ਗ਼ੈਰ-ਸਰਕਾਰੀ ਮੈਡੀਕਲ ਸੰਸਥਾ ਹੈ ਤੇ ਲਗਭਗ ਤਿੰਨ ਦਹਾਕਿਆਂ ਤੋਂ ਇਸੇ ਖੇਤਰ ਵਿੱਚ ਕੰਮ ਕਰ ਰਹੀ ਹੈ। ਸੂਰਜ, ਗਰੁੱਪ ਨੂੰ ਵਿਤੋਂਵੱਧ ਹਾਈ ਜਾਂ ਵਿਤੋਂਵੱਧ ਲੋਅ ਬੀਪੀ ਦੇ ਪ੍ਰਭਾਵ ਬਾਰੇ ਦੱਸਦੇ ਹਨ ਅਤੇ ਇਹਦੇ ਨਾਲ਼ ਦਿਮਾਗ਼ ਦੀ ਕਾਰਜਪ੍ਰਣਾਲੀ 'ਤੇ ਪੈਣ ਵਾਲ਼ੇ ਬੁਰੇ ਅਸਰਾਂ ਬਾਰੇ ਸਮਝਾਉਂਦਿਆਂ ਕਹਿੰਦੇ ਹਨ: "ਜੇ ਅਸੀਂ ਆਪਣੇ ਦਿਮਾਗ਼ ਨੂੰ ਬੀਪੀ ਦੇ ਅਸਰਾਂ ਤੋਂ ਬਚਾਉਣਾ ਹੈ ਤਾਂ ਸਾਨੂੰ ਨਿਯਮਿਤ ਤੌਰ 'ਤੇ ਦਵਾਈਆਂ ਲੈਣੀਆਂ ਪੈਣਗੀਆਂ, ਕਸਰਤ ਕਰਨੀ ਪਵੇਗੀ।''

87 ਸਾਲਾ ਮਨੋਹਰ ਉਰਾਨਵ, ਜਿਨ੍ਹਾਂ ਨੂੰ ਪਿਆਰ ਨਾਲ਼ ਮਨੋਹਰ ਕਾਕਾ ਵੀ ਕਿਹਾ ਜਾਂਦਾ ਹੈ, ਪਿਛਲੇ 10 ਸਾਲਾਂ ਤੋਂ ਸਵੈ-ਸਹਾਇਤਾ ਸਮੂਹ ਦੀਆਂ ਮੀਟਿੰਗਾਂ ਵਿੱਚ ਆ ਰਹੇ ਹਨ। "ਮੇਰਾ ਬੀਪੀ ਹੁਣ ਕੰਟਰੋਲ ਵਿੱਚ ਹੈ, ਪਰ ਮੈਨੂੰ ਆਪਣੇ ਗੁੱਸੇ ਨੂੰ ਕਾਬੂ ਕਰਨ ਵਿੱਚ ਸਮਾਂ ਲੱਗਿਆ। ਹੁਣ ਮੈਂ ਤਣਾਅ ਨਾ ਲੈਣ ਦਾ ਤਰੀਕਾ ਸਿੱਖ ਲਿਆ ਹੈ!" ਉਹ ਕਹਿੰਦੇ ਹਨ।

ਜੇਐੱਸਐੱਸ ਨਾ ਸਿਰਫ਼ ਹਾਈ ਬਲੱਡ ਪ੍ਰੈਸ਼ਰ ਬਲਕਿ ਹੋਰ ਪੁਰਾਣੀਆਂ ਬਿਮਾਰੀਆਂ ਲਈ ਹੋਰ ਸਵੈ-ਸਹਾਇਤਾ ਸਮੂਹਾਂ ਨੂੰ ਵੀ ਸੰਗਠਿਤ ਕਰਦਾ ਹੈ - ਅਜਿਹੇ 84 ਗਰੁੱਪ 50 ਪਿੰਡਾਂ ਵਿੱਚ ਕੰਮ ਕਰ ਰਹੇ ਹਨ, ਜਿਨ੍ਹਾਂ ਦਾ ਲਾਭ ਇੱਕ ਹਜ਼ਾਰ ਤੋਂ ਵੱਧ ਲੋਕੀਂ ਲੈ ਰਹੇ ਹਨ। ਨੌਜਵਾਨ ਕਾਮੇ ਵੀ ਇੱਥੇ ਆਉਂਦੇ ਹਨ, ਪਰ ਬਜ਼ੁਰਗ ਨਾਗਰਿਕ ਵੱਡੀ ਗਿਣਤੀ ਵਿੱਚ ਆਉਂਦੇ ਹਨ।

PHOTO • Sweta Daga
PHOTO • Sweta Daga

ਖੱਬੇ: ਮਹਾਰੰਗੀ ਏਕਾ ਇਸ ਸਮੂਹ ਦਾ ਹਿੱਸਾ ਹਨ ਸੱਜੇ: ਬਸੰਤੀ ਏਕਾ ਪਿੰਡ ਦੇ ਸਿਹਤ ਵਰਕਰ ਹਨ ਜੋ ਗਰੁੱਪ ਦੇ ਮੈਂਬਰਾਂ ਦੇ ਬਲੱਡ ਪ੍ਰੈਸ਼ਰ ਦੀ ਜਾਂਚ ਕਰਦੇ ਹਨ

"ਘਰਾਂ ਤੇ ਸਮਾਜ ਵਿੱਚ ਬਜ਼ੁਰਗਾਂ ਵੱਲ ਕੋਈ ਧਿਆਨ ਨਹੀਂ ਦਿੰਦਾ ਕਿਉਂਕਿ ਉਹ ਲਾਚਾਰ ਹੋ ਚੁੱਕੇ ਹੁੰਦੇ ਨੇ ਤੇ ਕੋਈ ਕੰਮ ਕਰਨ ਜੋਗੇ ਵੀ ਨਹੀਂ ਰਹਿੰਦੇ। ਇਸ ਗੱਲ ਦਾ ਉਨ੍ਹਾਂ ਦੀ ਮਾਨਸਿਕ ਅਤੇ ਸਰੀਰਕ ਸਿਹਤ 'ਤੇ ਗੰਭੀਰ ਅਸਰ ਪੈਂਦਾ ਹੈ। ਉਹ ਇਕਲਾਪਾ ਹੰਢਾਉਂਦੇ ਨੇ ਤੇ ਕਈ ਮਾਮਲਿਆਂ ਵਿੱਚ ਉਨ੍ਹਾਂ ਨੂੰ ਅਖੀਰਲੇ ਦਿਨਾਂ ਵਿੱਚ ਓਨਾ ਸਨਮਾਨ ਵੀ ਨਹੀਂ ਮਿਲ਼ਦਾ," ਜੇਐੱਸਐੱਸ ਪ੍ਰੋਗਰਾਮ ਕੋਆਰਡੀਨੇਟਰ ਮੀਨਲ ਮਦਨਕਰ ਕਹਿੰਦੇ ਹਨ।

ਅਕਸਰ ਇਸ ਉਮਰ ਦੇ ਲੋਕਾਂ ਨੂੰ ਡਾਕਟਰੀ ਦੇਖਭਾਲ਼ ਅਤੇ ਸਹਾਇਤਾ ਦੀ ਲੋੜ ਤਾਂ ਪੈਂਦੀ ਹੀ ਹੈ, ਉਨ੍ਹਾਂ ਨੇ ਕੀ ਖਾਣਾ ਤੇ ਕੀ ਨਹੀਂ ਇਹ ਵੀ ਦੇਖੇ ਜਾਣ ਦੀ ਲੋੜ ਰਹਿੰਦੀ ਹੈ। "ਇੱਥੇ ਅਸੀਂ ਉਹ ਚੀਜ਼ਾਂ ਸਿੱਖਦੇ ਹਾਂ ਜੋ ਸਾਨੂੰ ਆਪਣੀ ਦੇਖਭਾਲ਼ ਕਰਨ ਵਿੱਚ ਮਦਦ ਕਰਦੀਆਂ ਹਨ, ਜਿਵੇਂ ਕਿ ਚੌਲ਼ ਤੇ ਨਿੱਤ ਦਾ ਭੋਜਨ ਖਾਂਦੇ ਰਹਿਣ ਨਾਲ਼ੋਂ ਕਿਵੇਂ ਅਸੀਂ ਮੋਟਾ ਅਨਾਜ (ਮਿਲਟਸ) ਆਪਣੇ ਖਾਣੇ ਵਿੱਚ ਸ਼ਾਮਲ ਕਰਨਾ ਹੈ, ਇੰਨਾ ਹੀ ਨਹੀਂ ਮੈਨੂੰ ਇੱਥੇ ਮੇਰੀਆਂ ਦਵਾਈਆਂ ਵੀ ਮਿਲ਼ਦੀਆਂ ਨੇ," ਰੂਪਾ ਬਘੇਲ ਕਹਿੰਦੇ ਹਨ।

ਸੈਸ਼ਨ ਤੋਂ ਬਾਅਦ, ਆਉਣ ਵਾਲ਼ਿਆਂ ਨੂੰ ਕੋਦੋ ਮਿਲਟ ਦੀ ਖੀਰ ਦਿੱਤੀ ਜਾਂਦੀ ਹੈ। ਜੇਐੱਸਐੱਸ ਸਟਾਫ਼ ਨੂੰ ਉਮੀਦ ਹੈ ਕਿ ਇਹਦਾ ਜ਼ਾਇਕਾ ਉਨ੍ਹਾਂ ਅੰਦਰ ਵਧੇਰੇ ਮਿਲਟ ਖਾਣ ਦੀ ਚੇਟਕ ਪੈਦਾ ਕਰੇਗਾ ਤੇ ਇੰਝ ਉਹ ਅਗਲੇ ਮਹੀਨੇ ਇੱਥੇ ਆਉਣ ਦੀ ਉਡੀਕ ਕਰਦੇ ਰਹਿਣਗੇ। ਬਿਲਾਸਪੁਰ ਅਤੇ ਮੁੰਗੇਲੀ ਜ਼ਿਲ੍ਹਿਆਂ ਦੇ ਪੇਂਡੂ ਭਾਈਚਾਰਿਆਂ ਨੂੰ ਜ਼ਿਆਦਾਤਰ ਆਪਣੀ ਖੁਰਾਕ ਅਤੇ ਜਨਤਕ ਵੰਡ ਪ੍ਰਣਾਲੀ (ਪੀਡੀਐਸ) ਰਾਹੀਂ ਮਿਲ਼ੇ ਚਿੱਟੇ ਚੌਲ਼ਾਂ ਜਿਹੇ ਪ੍ਰੋਸੈਸਡ ਕਾਰਬੋਹਾਈਡਰੇਟ ਨਾਲ਼ ਭਰਪੂਰ ਭੋਜਨ ਖਾਣ ਨਾਲ਼ ਡਾਈਬਿਟੀਜ਼ ਹੋ ਜਾਂਦੀ ਹੈ।

"ਅਨਾਜ ਉਗਾਉਣ ਅਤੇ ਖਾਣ-ਪੀਣ ਦੀਆਂ ਆਦਤਾਂ ਵਿੱਚ ਤਬਦੀਲੀ ਆਈ ਹੈ। ਇੱਥੋਂ ਦੇ ਭਾਈਚਾਰੇ ਵੱਖ-ਵੱਖ ਕਿਸਮਾਂ ਦੇ ਅਨਾਜ ਉਗਾਉਂਦੇ ਅਤੇ ਖਾਇਆ ਕਰਦੇ ਜੋ ਵਧੇਰੇ ਪੌਸ਼ਟਿਕ ਅਤੇ ਸਿਹਤਮੰਦ ਹੁੰਦੇ। ਪਰ ਹੁਣ ਇਸ ਦੀ ਥਾਂ ਪਾਲਿਸ਼ ਕੀਤੇ ਚਿੱਟੇ ਚੌਲ਼ਾਂ ਨੇ ਲੈ ਲਈ ਹੈ,'' ਮੀਨਲ ਕਹਿੰਦੇ ਹਨ। ਮੀਟਿੰਗ ਵਿੱਚ ਸ਼ਾਮਲ ਹੋਏ ਬਹੁਤੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਮੋਟੇ ਅਨਾਜ ਨੂੰ ਲਾਂਭੇ ਰੱਖ ਚੌਲ ਤੇ ਕਣਕ ਨੂੰ ਖਾਣੇ ਵਿੱਚ ਸ਼ਾਮਲ ਕਰ ਲਿਆ ਹੈ।

PHOTO • Sweta Daga
PHOTO • Sweta Daga

ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-5 ( NFHS- 5) , 2019-2021 ਦੀ ਮੰਨੀਏ ਤਾਂ ਛੱਤੀਸਗੜ੍ਹ ਦੀ 14 ਫ਼ੀਸਦ ਪੇਂਡੂ ਅਬਾਦੀ ਨੂੰ ਹਾਈਪਰਟੈਂਸ਼ਨ ਹੈ। ਜੀਵਨਸ਼ੈਲੀ ਵਿੱਚ ਤਬਦੀਲੀਆਂ ਅਤੇ ਯੋਗਾ ਬਾਰੇ ਜਾਣਕਾਰੀ ਜੋ ਬੀਪੀ ਨੂੰ ਘਟਾਉਣ ਵਿੱਚ ਮਦਦ ਕਰਦੀ ਹੈ , ਇੱਕ ਸਹਾਇਤਾ ਸਮੂਹ ਵੱਲੋਂ ਦਿੱਤੀ ਜਾਂਦੀ ਹੈ

ਖੇਤੀਬਾੜੀ ਦੇ ਤਰੀਕਿਆਂ ਵਿੱਚ ਤਬਦੀਲੀ ਆਈ ਹੈ ਜੋ ਤਰੀਕੇ ਪਹਿਲਾਂ ਪ੍ਰਚਲਿਤ ਸਨ ਹੁਣ ਮਗਰ ਛੁੱਟ ਗਏ ਹਨ। ਪਹਿਲਾਂ ਵੱਖ-ਵੱਖ ਦਾਲਾਂ ਅਤੇ ਤਿਲਹਨ (ਦਾਲਾਂ, ਫਲ਼ੀਦਾਰ ਸਬਜ਼ੀਆਂ ਅਤੇ ਤੇਲ ਬੀਜ) ਉਗਾਏ ਜਾਂਦੇ ਸਨ, ਪ੍ਰੋਟੀਨ ਅਤੇ ਜ਼ਰੂਰੀ ਵਿਟਾਮਿਨਾਂ ਦੀ ਸਪਲਾਈ ਹੁੰਦੀ ਸੀ, ਪਰ ਹੁਣ ਇਸ ਦਾ ਸੇਵਨ ਨਹੀਂ ਕੀਤਾ ਜਾਂਦਾ। ਇੱਥੋਂ ਤੱਕ ਕਿ ਸਰ੍ਹੋਂ, ਮੂੰਗਫਲੀ, ਤੇਲ ਬੀਜਾਂ ਅਤੇ ਤਿਲ ਵਰਗੇ ਪੌਸ਼ਟਿਕ ਤੇਲ ਵਾਲ਼ੇ ਵੱਖ-ਵੱਖ ਬੀਜ ਵੀ ਉਨ੍ਹਾਂ ਦੀ ਖੁਰਾਕ ਤੋਂ ਲਗਭਗ ਦੂਰ ਹੋ ਗਏ ਹਨ।

ਵਿਚਾਰ ਵਟਾਂਦਰੇ ਅਤੇ ਬਲੱਡ ਪ੍ਰੈਸ਼ਰ ਦੀ ਜਾਂਚ ਤੋਂ ਬਾਅਦ, ਵੇਲ਼ਾ ਆਉਂਦਾ ਹੈ ਮੌਜ-ਮਸਤੀ ਦਾ- ਕੁਝ ਕਸਰਤ ਅਤੇ ਯੋਗਾ ਦਾ, ਥੱਕੀਆਂ ਅਵਾਜ਼ਾਂ, ਭਾਰੇ ਸਾਹ ਹਾਸੇ-ਮਜ਼ਾਕ ਦੀਆਂ ਕੂਕਾਂ 'ਚ ਬਦਲ ਹਵਾ ਵਿੱਚ ਤੈਰਨ ਲੱਗਦੇ ਹਨ।

"ਜਿਓਂ ਹੀ ਅਸੀਂ ਮਸ਼ੀਨ ਨੂੰ, ਇਹਦੇ ਪੁਰਜਿਆਂ ਨੂੰ ਤੇਲ ਦਿੰਦੇ ਹਾਂ ਇਹ ਭੱਜਣ ਲੱਗਦੀ ਹੈ। ਸਾਨੂੰ ਆਪਣੀਆਂ ਮਾਸਪੇਸ਼ੀਆਂ ਨੂੰ ਵੀ ਤੇਲ ਦੇਣਾ ਚਾਹੀਦਾ ਹੈ। ਇੱਕ ਮੋਟਰਸਾਈਕਲ ਵਾਂਗਰ ਸਾਨੂੰ ਵੀ ਆਪਣੇ ਇੰਜਣਾਂ ਨੂੰ ਤੇਲ ਦੇਣ ਦੀ ਲੋੜ ਰਹਿੰਦੀ ਹੈ, "ਸੂਰਜ ਸਮਝਾਉਂਦੇ ਹਨ। ਸਮੂਹ ਨੇ ਹੋਰ ਖੁੱਲ੍ਹ ਕੇ ਹਾਸਾ-ਮਜ਼ਾਕ ਕੀਤਾ, ਸਮੇਂ ਨੂੰ ਮਾਣਿਆ ਤੇ ਕੁਝ ਪਲਾਂ ਬਾਅਦ ਸਭ ਆਪੋ-ਆਪਣੇ ਘਰਾਂ ਨੂੰ ਰਵਾਨਾ ਹੋ ਗਏ।

ਤਰਜਮਾ: ਕਮਲਜੀਤ ਕੌਰ

Sweta Daga

ਸਵੇਤਾ ਡਾਗਾ ਬੰਗਲੁਰੂ ਦੀ ਇੱਕ ਲੇਖਕ ਅਤੇ ਫੋਟੋਗ੍ਰਾਫਰ ਹਨ ਅਤੇ 2015 ਦੀ ਪਾਰੀ ਦੀ ਫ਼ੈਲੋ ਹਨ। ਉਹ ਮਲਟੀਮੀਡੀਆ ਪਲੇਟਫਾਰਮਾਂ ਵਿੱਚ ਕੰਮ ਕਰਦੀ ਹਨ ਅਤੇ ਜਲਵਾਯੂ ਪਰਿਵਰਤਨ, ਲਿੰਗ ਅਤੇ ਸਮਾਜਿਕ ਅਸਮਾਨਤਾ ਬਾਰੇ ਲਿਖਦੀ ਹਨ।

Other stories by Sweta Daga
Editor : PARI Desk

ਪਾਰੀ ਡੈਸਕ ਸਾਡੇ (ਪਾਰੀ ਦੇ) ਸੰਪਾਦਕੀ ਕੰਮ ਦਾ ਧੁਰਾ ਹੈ। ਸਾਡੀ ਟੀਮ ਦੇਸ਼ ਭਰ ਵਿੱਚ ਸਥਿਤ ਪੱਤਰਕਾਰਾਂ, ਖ਼ੋਜਕਰਤਾਵਾਂ, ਫ਼ੋਟੋਗ੍ਰਾਫਰਾਂ, ਫ਼ਿਲਮ ਨਿਰਮਾਤਾਵਾਂ ਅਤੇ ਅਨੁਵਾਦਕਾਂ ਨਾਲ਼ ਮਿਲ਼ ਕੇ ਕੰਮ ਕਰਦੀ ਹੈ। ਡੈਸਕ ਪਾਰੀ ਦੁਆਰਾ ਪ੍ਰਕਾਸ਼ਤ ਟੈਕਸਟ, ਵੀਡੀਓ, ਆਡੀਓ ਅਤੇ ਖ਼ੋਜ ਰਿਪੋਰਟਾਂ ਦੇ ਉਤਪਾਦਨ ਅਤੇ ਪ੍ਰਕਾਸ਼ਨ ਦਾ ਸਮਰਥਨ ਵੀ ਕਰਦੀ ਹੈ ਤੇ ਅਤੇ ਪ੍ਰਬੰਧਨ ਵੀ।

Other stories by PARI Desk
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur