ਹਰਮਨਦੀਪ ਸਿੰਘ ਚਾਰੇ ਪਾਸੇ ਖਿੱਲਰੇ ਰੰਗ-ਬਿਰੰਗੇ ਪਤੰਗਾਂ ਵਿਚਾਲੇ ਖੜ੍ਹਾ ਹੈ। ਥੋੜ੍ਹੀ ਦੂਰ, ਪੰਜਾਬ ਅਤੇ ਹਰਿਆਣਾ ਦੇ ਵਿਚਾਲੇ ਸ਼ੰਭੂ ਬਾਰਡਰ ’ਤੇ, ਦਿੱਲੀ ਵੱਲ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਪੁਲਿਸ ਨੇ ਵੱਡੇ-ਵੱਡੇ ਬੈਰੀਕੇਡ ਲਾ ਦਿੱਤੇ ਹਨ।
17 ਸਾਲਾ ਹਰਮਨਦੀਪ ਨੇ ਮੁਜ਼ਾਹਰਾ ਕਰ ਰਹੇ ਕਿਸਾਨਾਂ ਉੱਤੇ ਅੱਥਰੂ ਗੈਸ ਦੇ ਗੋਲ਼ੇ ਸੁੱਟਣ ਵਾਲ਼ੇ ਡਰੋਨਾਂ ਨੂੰ ਹੇਠਾਂ ਲਾਹੁਣ ਲਈ ਪਤੰਗਾਂ ਦਾ ਇਸਤੇਮਾਲ ਕੀਤਾ ਜੋ ਇਸ ਹਮਲੇ ਦੇ ਵਿਰੋਧ ਦਾ ਇੱਕ ਨਿਰਾਲਾ ਤਰੀਕਾ ਹੈ। “ਮੈਂ ਆਪਣੀਆਂ ਅੱਖਾਂ ਦੇ ਆਲ਼ੇ-ਦੁਆਲ਼ੇ ਟੂਥਪੇਸਟ ਵੀ ਲਾਇਆ ਹੋਇਆ ਹੈ ਕਿਉਂਕਿ ਇਹ ਅੱਥਰੂ ਗੈਸ ਦੇ ਅਸਰ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਅਸੀਂ ਅੱਗੇ ਵਧਾਂਗੇ ਤੇ ਇਹ ਲੜਾਈ ਜਿੱਤਾਂਗੇ,” ਉਸਨੇ ਕਿਹਾ।
ਹਰਮਨਦੀਪ 13 ਫਰਵਰੀ 2024 ਨੂੰ ਦਿੱਲੀ ਵੱਲ ਸ਼ਾਂਤੀਪੂਰਵਕ ਮਾਰਚ ਲਈ ਜਾਣ ਵਾਲ਼ੇ ਹਜ਼ਾਰਾਂ ਕਿਸਾਨਾਂ-ਮਜ਼ਦੂਰਾਂ ਵਿੱਚੋਂ ਇੱਕ ਹੈ। ਸ਼ੰਭੂ ਬਾਰਡਰ ’ਤੇ ਉਹਨਾਂ ਦਾ ਸਾਹਮਣਾ ਪੈਰਾਮਿਲਟਰੀ, ਰੈਪਿਡ ਐਕਸ਼ਨ ਫੋਰਸ ਦੇ ਜਵਾਨਾਂ, ਅਤੇ ਪੁਲਿਸ ਅਫ਼ਸਰਾਂ ਨਾਲ਼ ਹੋਇਆ। ਦਿੱਲੀ ਵਿੱਚ ਮੁਜ਼ਾਹਰਾ ਕਰਨ ਜਾਣ ਤੋਂ ਕਿਸਾਨਾਂ ਨੂੰ ਰੋਕਣ ਲਈ ਸੜਕ ’ਤੇ ਲੋਹੇ ਦੀਆਂ ਕਿੱਲਾਂ ਅਤੇ ਕੰਕਰੀਟ ਦੀਆਂ ਦੀਵਾਰਾਂ ਖੜ੍ਹੀਆਂ ਕਰ ਦਿੱਤੀਆਂ ਗਈਆਂ।
ਪਹਿਲੇ ਬੈਰੀਕੇਡ ਕੋਲ ਗੁਰਜੰਟ ਸਿੰਘ ਖਾਲਸਾ ਇਕੱਠ ਨੂੰ ਸੰਬੋਧਨ ਕਰਦਿਆਂ ਪੰਜ ਮੁੱਖ ਮੰਗਾਂ ਦਾ ਜ਼ਿਕਰ ਕਰਦੇ ਹਨ – ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਮੁਤਾਬਕ ਘੱਟੋ-ਘੱਟ ਸਮਰਥਨ ਮੁੱਲ (MSP) ਦੀ ਗਾਰੰਟੀ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਲਈ ਪੂਰਨ ਕਰਜ਼ਮਾਫੀ, ਲਖੀਮਪੁਰ ਖੀਰੀ ਕਾਂਡ ਦੇ ਪੀੜਤ ਕਿਸਾਨਾਂ ਲਈ ਇਨਸਾਫ਼ ਅਤੇ ਦੋਸ਼ੀਆਂ ਦੀ ਗ੍ਰਿਫ਼ਤਾਰੀ, ਕਿਸਾਨਾਂ ਅਤੇ ਮਜ਼ਦੂਰਾਂ ਲਈ ਪੈਨਸ਼ਨ ਸਕੀਮ ਦੀ ਸ਼ੁਰੂਆਤ, ਅਤੇ 2020-21 ਦੇ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ਾ।
2020-21 ਵਿੱਚ ਕਿਸਾਨਾਂ ਨੇ ਪਾਰਲੀਮੈਂਟ ਵਿੱਚ ਧੱਕੇ ਨਾਲ਼ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ – ਕੀਮਤ ਗਾਰੰਟੀ ਅਤੇ ਖੇਤੀ ਸੇਵਾਵਾਂ ਸਬੰਧੀ ਕਿਸਾਨ (ਸ਼ਕਤੀਕਰਨ ਅਤੇ ਸੁਰੱਖਿਆ) ਸਮਝੌਤਾ ਐਕਟ, 2020 , ਕਿਸਾਨ ਉਪਜ ਵਪਾਰ ਅਤੇ ਵਣਜ (ਵਾਧਾ ਅਤੇ ਸਹਾਇਕ) ਐਕਟ, 2020 ਅਤੇ ਜ਼ਰੂਰੀ ਵਸਤਾਂ (ਸੋਧ) ਐਕਟ, 2020 ਖਿਲਾਫ਼ ਵਿਰੋਧ ਜਤਾਉਣ ਲਈ ਇਕੱਠੇ ਹੋਏ ਸਨ। ਨਵੰਬਰ 2021 ਵਿੱਚ ਸਰਕਾਰ ਇਹਨਾਂ ਨੂੰ ਵਾਪਸ ਲੈਣ ਲਈ ਮੰਨ ਗਈ। ਅੰਦੋਲਨ ’ਤੇ PARI ਦੀਆਂ ਰਿਪੋਰਟਾਂ ਪੜ੍ਹੋ: ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ: ਪੂਰੀ ਕਵਰੇਜ
“ਅਸੀਂ ਪ੍ਰਦਰਸ਼ਨ ਕਦੇ ਖ਼ਤਮ ਕੀਤਾ ਹੀ ਨਹੀਂ ਸੀ,” ਕਰਨਾਲ਼ ਦੇ ਰਹਿਣ ਵਾਲ਼ੇ 22 ਸਾਲਾ ਖਾਲਸਾ ਨੇ ਕਿਹਾ। “ਅਸੀਂ ਵਕਫ਼ਾ ਲਿਆ ਸੀ ਕਿਉਂਕਿ ਸਾਡੀ ਸਰਕਾਰ ਨਾਲ਼ ਮੀਟਿੰਗ ਹੋਈ ਸੀ ਜਿਸ ਦੌਰਾਨ ਕੇਂਦਰੀ ਮੰਤਰੀਆਂ ਨੇ ਸਾਡੀਆਂ ਸਾਰੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ। ਅਸੀਂ ਹੁਣ ਤੱਕ ਇਸ ਕਰਕੇ ਇੰਤਜ਼ਾਰ ਕੀਤਾ ਕਿਉਂਕਿ ਸਰਕਾਰ ਵੱਲੋਂ ਬਣਾਈ ਕਮੇਟੀ ਨਾਲ਼ ਗੱਲਬਾਤ ਚੱਲ ਰਹੀ ਸੀ। ਪਰ ਦੋ ਸਾਲ ਬਾਅਦ ਮੀਟਿੰਗਾਂ ਅਚਾਨਕ ਰੋਕ ਦਿੱਤੀਆਂ ਗਈਆਂ ਅਤੇ ਕਮੇਟੀ ਭੰਗ ਕਰ ਦਿੱਤੀ ਗਈ, ਜਿਸ ਕਾਰਨ ਸਾਨੂੰ ਮੁੜ ਆਉਣਾ ਪਿਆ।”
ਸੜਕ ਦੇ ਨਾਲ਼ ਪੈਂਦੇ ਖੇਤਾਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ-ਮਜ਼ਦੂਰ ਇਕੱਠੇ ਹੋ ਕੇ ਅਫ਼ਸਰਾਂ ਨੂੰ ਚੁਣੌਤੀ ਦੇਣ ਅਤੇ ਉਹਨਾਂ ਦਾ ਧਿਆਨ ਭਟਕਾਉਣ ਲੱਗੇ ਤਾਂ ਕਿ ਪ੍ਰਦਰਸ਼ਨਕਾਰੀ ਬਾਰਡਰ ਟੱਪ ਸਕਣ।
ਜਿਵੇਂ ਹੀ ਪ੍ਰਦਰਸ਼ਨਕਾਰੀ ਸ਼ੰਭੂ ’ਤੇ ਬੈਰੀਕੇਡ ਤੋੜ ਕੇ ਲੰਘਣ ਲੱਗੇ, ਪੁਲਿਸ ਨੇ ਅੱਥਰੂ ਗੈਸ ਦੇ ਗੋਲ਼ੇ ਦਾਗ ਦਿੱਤੇ ਜਿਸ ਨਾਲ਼ ਕਾਫੀ ਲੋਕ ਜ਼ਖ਼ਮੀ ਹੋ ਗਏ। ਉੱਥੇ ਮੌਜੂਦ ਲੋਕਾਂ ਨੇ ਕਿਹਾ ਕਿ ਪੁਲਿਸ ਭੀੜ ਨੂੰ ਖਿੰਡਾਉਣ ਲਈ ਹਵਾ ਵਿੱਚ ਅੱਥਰੂ ਗੈਸ ਦੇ ਗੋਲ਼ੇ ਦਾਗਣ ਦੀ ਥਾਂ ਇਹਨਾਂ ਨੂੰ ਚੁਣ ਕੇ ਵਿਅਕਤੀਆਂ ਵੱਲ ਦਾਗ ਰਹੀ ਸੀ। ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪਾਣੀ ਦੀਆਂ ਬੁਛਾੜਾਂ ਵੀ ਕੀਤੀਆਂ ਗਈਆਂ। ਕਈ ਬਜ਼ੁਰਗ ਕਿਸਾਨ-ਮਜ਼ਦੂਰ ਅੱਥਰੂ ਗੈਸ ਦੇ ਗੋਲ਼ਿਆਂ ਨੂੰ ਨਕਾਰਾ ਕਰਨ ਲਈ ਲਾਠੀਆਂ ਲੈ ਕੇ ਆਏ। ਜਿਵੇਂ ਹੀ ਕੋਈ ਗੋਲਾ ਨਕਾਰਾ ਹੁੰਦਾ, ਭੀੜ ਖੁਸ਼ੀ ਮਨਾਉਂਦੀ।
ਅੰਮ੍ਰਿਤਸਰ ਦਾ ਰਹਿਣ ਵਾਲ਼ਾ ਕਿਸਾਨ, ਤਿਰਪਾਲ ਸਿੰਘ ਅੱਥਰੂ ਗੈਸ ਦੇ ਗੋਲ਼ਿਆਂ ਨੂੰ ਨਕਾਰਾ ਕਰਨ ਵਾਲਿਆਂ ਵਿੱਚੋਂ ਸੀ। “ਅਸੀਂ ਨਿਹੱਥੇ ਹਾਂ, ਪਰ ਫੇਰ ਵੀ ਉਹ ਸਾਡੇ ’ਤੇ ਰਬੜ ਦੀਆਂ ਗੋਲ਼ੀਆਂ, ਪੈਲੇਟ, ਪੈਟਰੋਲ ਬੰਬ ਅਤੇ ਅੱਥਰੂ ਗੈਸ ਦੇ ਗੋਲ਼ਿਆਂ ਵਰਗੇ ਹਥਿਆਰ ਵਰਤ ਰਹੇ ਹਨ,” ਉਹਨਾਂ ਕਿਹਾ। “ਇਹ ਸੜਕ ਲੋਕਾਂ ਦੀ ਹੈ, ਅਸੀਂ ਸਿਰਫ਼ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਾਂ। ਸ਼ਾਂਤ ਹੋਣ ਦੇ ਬਾਵਜੂਦ ਸਾਡੇ ’ਤੇ ਹਮਲਾ ਕੀਤਾ ਜਾ ਰਿਹਾ ਹੈ। ਇਸ ਵੇਲੇ ਮੈਨੂੰ ਲੱਗ ਰਿਹਾ ਹੈ ਜਿਵੇਂ ਮੈਂ ਸ਼ੰਭੂ ਬਾਰਡਰ ’ਤੇ ਕੈਦ ਹੋ ਗਿਆ ਹੋਵਾਂ।”
50 ਸਾਲਾ ਕਿਸਾਨ ਮਹਿਸੂਸ ਕਰ ਰਿਹਾ ਹੈ ਕਿ ਸਰਕਾਰ ਨੇ ਉਹਨਾਂ ਨਾਲ਼ ਧੋਖਾ ਕੀਤਾ ਹੈ। “ਸਰਕਾਰ MSP ’ਤੇ ਗਾਰੰਟੀ ਇਸ ਕਰਕੇ ਨਹੀਂ ਦੇ ਰਹੀ ਕਿਉਂਕਿ ਉਹ ਆਪਣੀ ਪਾਰਟੀ ਨੂੰ ਫੰਡ ਦੇਣ ਵਾਲ਼ੇ ਉਹਨਾਂ ਅਮੀਰ ਕਾਰਪੋਰੇਟਾਂ ਨੂੰ ਖੁਸ਼ ਰੱਖਣਾ ਚਾਹੁੰਦੀ ਹੈ,” ਉਹਨਾਂ ਨੇ ਕਿਹਾ। “MSP ਦੀ ਗਾਰੰਟੀ ਤੋਂ ਬਿਨ੍ਹਾਂ ਵੱਡੇ ਕਾਰਪੋਰੇਟ ਘਰਾਣੇ ਸਾਡੀ ਲੁੱਟ ਕਰ ਸਕਦੇ ਹਨ। ਉਹ ਕਿਸੇ ਵੀ ਵੇਲੇ ਆ ਕੇ ਨਾ ਮਾਤਰ ਭਾਅ ’ਤੇ ਸਾਡੀਆਂ ਫ਼ਸਲਾਂ ਖਰੀਦ ਕੇ ਮਹਿੰਗੇ ਭਾਅ ’ਤੇ ਵੇਚ ਸਕਣਗੇ,” ਉਹਨਾਂ ਕਿਹਾ। ਜੇ ਸਰਕਾਰ ਵੱਡੇ ਕਾਰਪੋਰੇਟ ਘਰਾਣਿਆਂ ਦੇ ਸੈਂਕੜੇ-ਕਰੋੜਾਂ ਦੇ ਕਰਜ਼ੇ ਮਾਫ਼ ਕਰ ਸਕਦੀ ਹੈ, ਤਿਰਪਾਲ ਸਿੰਘ ਦਾ ਮੰਨਣਾ ਹੈ ਕਿ ਉਹ ਕੁਝ ਕੁ ਲੱਖ ਜਾਂ ਉਸ ਤੋਂ ਵੀ ਘੱਟ ਦੇ ਕਿਸਾਨਾਂ-ਮਜ਼ਦੂਰਾਂ ਦੇ ਕਰਜ਼ੇ ਵੀ ਮਾਫ਼ ਕਰ ਸਕਦੀ ਹੈ।
ਅੱਥਰੂ ਗੈਸ ਦੇ ਧੂੰਏਂ ਅਤੇ ਪਾਣੀ ਦੀਆਂ ਬੁਛਾੜਾਂ ਦਾ ਮੁਕਾਬਲਾ ਕਰਦੇ ਹੋਏ ਕੁਝ ਪ੍ਰਦਰਸ਼ਨਕਾਰੀ ਬੈਰੀਕੇਡਾਂ ਦੇ ਅੱਗੇ ਵਿਛਾਈਆਂ ਕਿੱਲਾਂ ਹਟਾਉਣ ਦੀ ਕੋਸ਼ਿਸ਼ ਵਿੱਚ ਲੱਗ ਗਏ। ਐਨ ਉਸੇ ਮੌਕੇ ਪੁਲਿਸ ਨੇ ਭੀੜ ਨੂੰ ਵਾਪਸ ਖਦੇੜਨ ਲਈ ਉਹਨਾਂ ਉੱਤੇ, ਖ਼ਾਸ ਕਰਕੇ ਲੱਤਾਂ ’ਤੇ ਨਿਸ਼ਾਨਾ ਵਿੰਨ੍ਹ ਕੇ, ਰਬੜ ਦੀਆਂ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਕੁਝ ਹੀ ਮਿੰਟਾਂ ਵਿੱਚ ਕਈ ਕਿਸਾਨ-ਮਜ਼ਦੂਰ ਜ਼ਖ਼ਮੀ ਹੋ ਗਏ ਜਿਹਨਾਂ ਨੂੰ ਖੂਨ ਨਾਲ਼ ਲਥਪਥ ਹਾਲਤ ਵਿੱਚ ਚੁੱਕ ਕੇ ਡਾਕਟਰਾਂ ਵੱਲੋਂ ਲਾਏ ਮੈਡੀਕਲ ਕੈਂਪ ਵਿੱਚ ਲਿਜਾਇਆ ਗਿਆ।
“ਪਿਛਲੇ ਇੱਕ ਘੰਟੇ ਵਿੱਚ ਮੈਨੂੰ 50 ਮਰੀਜ਼ਾਂ ਦੀ ਮੱਲ੍ਹਮ-ਪੱਟੀ ਕਰਨੀ ਪਈ,” ਅਜਿਹੇ ਇੱਕ ਕੈਂਪ ਦੇ ਇੰਚਾਰਜ, ਡਾ. ਮਨਦੀਪ ਸਿੰਘ ਨੇ ਕਿਹਾ। “ਮੈਂ ਜਦ ਦਾ ਸ਼ੰਭੂ ਬਾਰਡਰ ਆਇਆ ਹਾਂ, ਮਰੀਜ਼ਾਂ ਦੀ ਗਿਣਤੀ ਭੁੱਲ ਚੁੱਕਿਆ ਹਾਂ,” 28 ਸਾਲਾ ਡਾਕਟਰ ਨੇ ਕਿਹਾ। ਹੁਸ਼ਿਆਰਪੁਰ ਵਿਚਲੇ ਆਪਣੇ ਪਿੰਡ ਵਿੱਚ ਮਨਦੀਪ ਬਾਬਾ ਸ੍ਰੀ ਚੰਦ ਜੀ ਹਸਪਤਾਲ ਚਲਾਉਂਦੇ ਹਨ। ਨੌਜਵਾਨ ਡਾਕਟਰ ਆਪ ਵੀ ਕਿਸਾਨੀ ਪਰਿਵਾਰ ਤੋਂ ਹਨ ਅਤੇ 2020 ਵਿੱਚ ਵੀ ਅੰਦੋਲਨ ਦਾ ਹਿੱਸਾ ਸਨ, ਜਿੱਥੇ ਉਹਨਾਂ ਨੇ ਯੂਨਾਈਟਡ ਨੇਸ਼ਨਜ਼ ਨਾਲ਼ ਜੁੜੀ ਮਾਨਵਤਾ ਦੀ ਸੇਵਾ ਕਰਨ ਵਾਲੀ ਸੰਸਥਾ ਯੂਨਾਈਡ ਸਿੱਖ ਨਾਲ਼ ਮਿਲ ਕੇ ਕੈਂਪ ਲਾਇਆ ਸੀ।
“ਕੱਟ ਲੱਗਣ, ਡੂੰਘੇ ਜ਼ਖ਼ਮ ਅਤੇ ਸਾਹ ਦੀ ਸਮੱਸਿਆ ਸਣੇ ਵੱਖ-ਵੱਖ ਦਿੱਕਤਾਂ ਨਾਲ਼ ਮਰੀਜ਼ ਆਏ ਹਨ,” ਉਹਨਾਂ ਨੇ ਦੱਸਿਆ। “ਸਰਕਾਰ ਨੂੰ ਕਿਸਾਨਾਂ ਅਤੇ ਕਿਸਾਨਾਂ ਦੀ ਸਲਾਮਤੀ ਬਾਰੇ ਸੋਚਣਾ ਚਾਹੀਦਾ ਹੈ। ਅਸੀਂ ਹੀ ਉਹਨਾਂ ਨੂੰ ਚੁਣ ਕੇ ਸੱਤ੍ਹਾ ਵਿੱਚ ਲਿਆਉਂਦੇ ਹਾਂ,” ਉਹਨਾਂ ਕਿਹਾ।
ਮੌਕੇ ’ਤੇ ਮੌਜੂਦ ਇੱਕ ਹੋਰ ਡਾਕਟਰ, ਦੀਪਿਕਾ ਮੈਡੀਕਲ ਕੈਂਪ ਵਿੱਚ ਮਦਦ ਕਰਨ ਲਈ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਤੋਂ ਚੱਲ ਕੇ ਆਏ ਹਨ। 25 ਸਾਲਾ ਡਾਕਟਰ ਨੇ ਕਿਹਾ, “ਸਾਹ ਲੈਣ ਵਿੱਚ ਮੁਸ਼ਕਿਲ ਦੇ ਨਾਲ਼-ਨਾਲ਼ ਲੋਕ ਬੇਚੈਨੀ ਵੀ ਮਹਿਸੂਸ ਕਰ ਰਹੇ ਹਨ। ਘੰਟਿਆਂ-ਬੱਧੀਆਂ ਅੱਥਰੂ ਗੈਸ ਦੇ ਗੋਲ਼ੇ ਦਾਗਣ ਕਾਰਨ ਹੋਏ ਧੂੰਏ ਕਾਰਨ ਉਹ ਪੇਟ ਦੀ ਖਰਾਬੀ ਦੀ ਸ਼ਿਕਾਇਤ ਕਰ ਰਹੇ ਹਨ।”
ਸਿਰਫ਼ ਡਾਕਟਰ ਹੀ ਸਹਿਯੋਗ ਨਹੀਂ ਕਰ ਰਹੇ – ਬੈਰੀਕੇਡਾਂ ਤੋਂ ਕੁਝ ਮੀਟਰ ਦੂਰ, ਲੋਕ ਆਪਣੀਆਂ ਟਰਾਲੀਆਂ ਤਿਆਰ ਕਰਨ ਅਤੇ ਸਭ ਲਈ ਲੰਗਰ ਤਿਆਰ ਵਿੱਚ ਰੁੱਝੇ ਹੋਏ ਹਨ। ਕਾਫ਼ੀ ਲੋਕ ਪਰਿਵਾਰ ਸਮੇਤ ਆਏ ਹਨ। ਗੁਰਪ੍ਰੀਤ ਸਿੰਘ ਆਪਣੇ ਬੇਟੇ ਤੇਜਸਵੀਰ ਨੂੰ ਲੈ ਕੇ ਇੱਥੇ ਆਇਆ ਹੈ। “ਮੈਂ ਆਪਣੇ ਬੇਟੇ ਨੂੰ ਇੱਥੇ ਲੈ ਕੇ ਆਇਆ ਹਾਂ ਤਾਂ ਕਿ ਉਹ ਸਾਡਾ ਸੰਘਰਸ਼ ਦੇਖ ਲਵੇ,” ਪਟਿਆਲਾ ਤੋਂ ਆਏ ਗੁਰਪ੍ਰੀਤ ਨੇ ਕਿਹਾ। “ਮੈਂ ਉਹਨੂੰ ਸਿਖਾਉਣਾ ਚਾਹੁੰਦਾ ਹਾਂ ਕਿ ਆਪਣੇ ਹੱਕਾਂ ਲਈ ਲੜਨਾ ਕਿਉਂ ਅਹਿਮ ਹੈ ਕਿਉਂਕਿ ਸਾਡੇ ’ਤੇ ਜਬਰ ਢਾਹੁਣ ’ਤੇ ਤੁਲੀਆਂ ਸਰਕਾਰਾਂ ਖਿਲਾਫ਼ ਸਾਨੂੰ ਕਿਸਾਨ-ਮਜ਼ਦੂਰਾਂ ਨੂੰ ਇਵੇਂ ਹੀ ਲੜਨਾ ਪਵੇਗਾ,” ਉਹਨਾਂ ਕਿਹਾ।
ਪ੍ਰਦਰਸ਼ਨ ਵਾਲੀ ਥਾਂ ’ਤੇ ਇਨਕਲਾਬੀ ਗੀਤ ਅਤੇ ਨਾਅਰੇ ਗੂੰਜ ਰਹੇ ਹਨ। ਇਕੱਠਿਆਂ ਮਾਰਚ ਕਰਦਿਆਂ ਹੋਰ ਲੋਕਾਂ ਨੂੰ ਨਾਲ਼ ਜੋੜਦਿਆਂ ਨਾਅਰਾ ਲਾਇਆ ਜਾਂਦਾ ਹੈ - “ਇੱਕੀ-ਦੁੱਕੀ ਚੱਕ ਦਿਆਂਗੇ, ਧੌਣ ’ਤੇ ਗੋਡਾ ਰੱਖ ਦਿਆਂਗੇ।”
“ਮੈਂ ਇਸ ਲਈ ਪ੍ਰਦਰਸ਼ਨ ਕਰ ਰਿਹਾ ਹਾਂ ਕਿਉਂਕਿ ਇਹ ਕਿਸਾਨਾਂ ਦੇ ਬੁਨਿਆਦੀ ਹੱਕਾਂ ਦੀ ਲੜਾਈ ਹੈ,” ਰਾਜ ਕੌਰ ਗਿੱਲ ਨੇ ਕਿਹਾ। 40 ਸਾਲਾ ਰਾਜ ਕੌਰ ਨੇ ਚੰਡੀਗੜ੍ਹ ਦੇ ਮਟਕਾ ਚੌਕ, ਕਿਸਾਨੀ ਧਰਨਿਆਂ ਦੀ ਜੜ੍ਹ, ਵਿੱਚ ਪੱਕੀ ਥਾਂ ਮੱਲੀ ਰੱਖੀ ਸੀ।
“MSP ਨਾ ਦੇ ਕੇ ਸਰਕਾਰ ਕਿਸਾਨ ਦਾ ਬੁਨਿਆਦੀ ਜੀਵਨ ਬਹੁਤ ਔਖਾ ਬਣਾ ਰਹੀ ਹੈ। ਇਹ ਸਭ ਸਿਰਫ਼ ਇਸ ਲਈ ਕਿ ਵੱਡੇ ਕਾਰਪੋਰੇਟ ਘਰਾਣੇ ਦੇਸ਼ ਦਾ ਪੇਟ ਭਰਨ ਵਾਲਿਆਂ ਦੀ ਲੁੱਟ ਕਰਦੇ ਹੋਏ ਵਧ-ਫੁੱਲ ਸਕਣ,” ਇਹ ਕਹਿੰਦਿਆਂ ਉਹਨਾਂ ਨਾਲ਼ ਹੀ ਕਿਹਾ,
“ਉਹ ਕਦੇ ਕਾਮਯਾਬ ਨਹੀਂ ਹੋਣਗੇ।”
ਪੰਜਾਬੀ ਤਰਜਮਾ: ਅਰਸ਼ਦੀਪ ਅਰਸ਼ੀ