“ਮੈਂ ਆਪਣਾ ਡਰ ਕਿੰਝ ਬਿਆਨ ਕਰਾਂ? ਮੇਰਾ ਦਿਲ ਵਿੱਚ ਇੱਕ ਡਰ ਜਿਹਾ ਰਹਿੰਦਾ ਹੈ। ਮੈਂ ਹਮੇਸ਼ਾ ਇਹ ਸੋਚਦੀ ਰਹਿੰਦੀ ਹਾਂ ਕਿ ਮੈਂ ਕਦੋਂ ਵਾਪਸ ਖੁੱਲ੍ਹੀਆਂ ਥਾਂਵਾਂ ਦੀ ਸੈਰ ਕਰਾਂਗੀ,” ਪਾਰੁਲ ਹਲਦਾਰ ਦਾ ਕਹਿਣਾ ਹੈ, ਜੋ ਇੱਕ 41 ਸਾਲਾ ਕੇਕੜੇ ਫ਼ੜਨ ਵਾਲੀ ਮਛੇਰਨ ਹਨ। ਉਹ ਉਹਨਾਂ ਦਿਨਾਂ ਵਿੱਚ ਮਹਿਸੂਸ ਕੀਤੇ ਗਏ ਸੀਤ ਡਰ ਬਾਰੇ ਗੱਲ ਕਰਦੀ ਹਨ ਜਦੋਂ ਉਹ ਸੁੰਦਰਬਨ ਦੇ ਸੰਘਣੇ ਮੈਂਗ੍ਰੋਵ ਜੰਗਲਾਂ ਵਿੱਚ ਕੇਕੜੇ ਫ਼ੜਨ ਜਾਂਦੀ ਹਨ। ਕੇਕੜਿਆਂ ਦੇ ਸ਼ਿਕਾਰ ਸੀਜ਼ਨ ਦੌਰਾਨ ਉਹਨਾਂ ਨੂੰ ਮੈਂਗ੍ਰੋਵ ਜੰਗਲ ਵਿੱਚ ਨਦੀਆਂ ਦੇ ਇੱਧਰ- ਉੱਧਰ ਕਿਸ਼ਤੀ ਚਲਾਉਂਣੀ ਪੈਂਦੀ ਹੈ, ਜਿੱਥੇ ਲੁਕੇ ਹੋਏ ਚੀਤਿਆਂ ਦਾ ਖ਼ਤਰਾ ਹਮੇਸ਼ਾ ਮੰਡਰਾਉਂਦਾ ਰਹਿੰਦਾ ਹੈ।
ਲਾਕਸਬਾਗਾਨ ਪਿੰਡ ਦੇ ਰਹਿਣ ਵਾਲੇ ਪਾਰੁਲ ਗਾਰਲ ਨਦੀ ਵਿੱਚ ਆਪਣੀ ਲੱਕੜ ਦੀ ਕਿਸ਼ਤੀ ਚਲਾਉਂਦੇ ਹੋਏ ਲਹਿਰੀਏ ਜਾਲ ਦੀ ਵਾੜ ਵਿੱਚੋਂ ਦੀ ਝਾਤੀ ਮਾਰਦੀ ਹਨ ਜਿਸਤੋਂ ਅੱਗੇ ਮਾਰਿਚਝਾਪੀ ਜੰਗਲ ਸ਼ੁਰੂ ਹੋ ਜਾਂਦਾ ਹੈ। ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਗੋਸਾਬਾ ਬਲਾਕ ਵਿੱਚ ਪੈਂਦੇ ਉਹਨਾਂ ਦੇ ਪਿੰਡ ਨੇੜੇ ਇਹ ਉਹੋ ਜੰਗਲ ਹੈ ਜਿਥੇ ਸੱਤ ਸਾਲ ਪਹਿਲਾਂ ਪਾਰੁਲ ਦੇ ਪਤੀ, ਈਸ਼ਰ ਰੋਨੋਜੀਤ ਹਲਦਾਰ ਨੂੰ ਇੱਕ ਚੀਤੇ ਨੇ ਮਾਰ ਦਿੱਤਾ ਸੀ।
ਉਹ ਚੱਪੂਆਂ ਨੂੰ ਕਿਸ਼ਤੀ ਦੇ ਕਿਨਾਰਿਆਂ ’ਤੇ ਟਿਕਾਉਂਦੀ ਹਨ, ਜਿਸ ਵਿੱਚ ਉਹ ਅਤੇ ਉਹਨਾਂ ਦੇ ਮਾਤਾ ਲੋਖੀ ਮੋਂਡਲ, 56, ਇੱਕ ਤੇਜ਼ ਧੁੱਪ ਵਾਲੇ ਦਿਨ ਵਿੱਚ ਬਾਹਰ ਨਿਕਲੇ ਹਨ। ਲੋਖੀ ਵੀ ਆਪਣੀ ਧੀ ਵਾਂਗ ਇੱਕ ਮਛੇਰਨ ਹਨ।
ਪਾਰੁਲ ਉਦੋਂ ਸਿਰਫ਼ 13 ਵਰ੍ਹਿਆਂ ਦੇ ਸਨ ਜਦੋਂ ਉਹਨਾਂ ਦਾ ਵਿਆਹ ਈਸ਼ਰ ਨਾਲ ਹੋਇਆ। ਉਹਨਾਂ ਦਾ ਸਹੁਰਾ ਪਰਿਵਾਰ ਗਰੀਬ ਸੀ ਪਰ ਉਹ ਕਦੇ ਜੰਗਲ ਵਿੱਚ ਮੱਛੀਆਂ ਜਾਂ ਕੇਕੜੇ ਫ਼ੜਨ ਨਹੀਂ ਜਾਂਦੇ ਸੀ। ਉਹ ਯਾਦ ਕਰਦੀ ਹੋਈ ਕਹਿੰਦੀ ਹਨ, “ਮੈਂ ਉਹਨਾਂ ਨੂੰ ਜੰਗਲ ਵਿੱਚ ਜਾਣ ਲਈ ਮਨਾਇਆ। ਸਤਾਰਾਂ ਸਾਲਾਂ ਬਾਅਦ ਉਹ ਇਸੇ ਜੰਗਲ ਵਿੱਚ ਮਾਰੇ ਗਏ।”
ਪਾਰੁਲ ਇਸ ਗੱਲ ਨੂੰ ਯਾਦ ਕਰਕੇ ਚੁੱਪ ਹੋ ਜਾਂਦੀ ਹਨ। ਈਸ਼ਰ ਉਦੋਂ 45 ਵਰ੍ਹਿਆਂ ਦੇ ਸਨ ਜਦੋਂ ਉਹ ਪਾਰੁਲ ਦੇ ਸਿਰ ਚਾਰ ਧੀਆਂ ਦੀ ਜ਼ਿੰਮੇਵਾਰੀ ਛੱਡ ਕੇ ਇਸ ਜਹਾਨ ਤੋਂ ਤੁਰ ਗਏ।
ਪਾਰੁਲ ਅਤੇ ਲੋਖੀ, ਮੁੜਕੇ ਨਾਲ ਭਿੱਜੀਆਂ ਹੋਈਆਂ, ਦੁਬਾਰਾ ਭਾਰੀ ਚੱਪੂ ਚਲਾਉਣ ਲੱਗਦੀਆਂ ਹਨ। ਇਹ ਔਰਤਾ ਕਿਸ਼ਤੀ ਨੂੰ ਮੈਂਗ੍ਰੋਵ ਜੰਗਲ, ਜੋ ਹੁਣ ਮੱਛੀਆਂ ਫ਼ੜਨ ਲਈ ਬੰਦ ਹੈ, ਤੋਂ ਇੱਕ ਸੁਰੱਖਿਅਤ ਦੂਰੀ ਤੇ ਲੈ ਜਾਂਦੀਆਂ ਹਨ। ਮੈਂਗ੍ਰੋਵ ਜੰਗਲਾਂ ਵਿੱਚ ਮੱਛੀਆਂ ਫ਼ੜਨਾ ਤਿੰਨ ਮਹੀਨਿਆਂ ਲਈ, ਅਪ੍ਰੈਲ ਤੋਂ ਜੂਨ ਤੱਕ, ਬੰਦ ਕੀਤਾ ਜਾਂਦਾ ਹੈ ਤਾਂ ਕਿ ਮੱਛੀਆਂ ਦੀ ਅਬਾਦੀ ਵਿੱਚ ਦੁਬਾਰਾ ਵਾਧਾ ਹੋ ਸਕੇ। ਜਦੋਂ ਮੱਛੀਆਂ ਫ਼ੜਨ ਦਾ ਸੀਜ਼ਨ ਬੰਦ ਹੁੰਦਾ ਹੈ ਪਾਰੁਲ ਆਮ ਤੌਰ ’ਤੇ ਆਪਣੇ ਤਲਾਬ ਦੀਆਂ ਮੱਛੀਆਂ ਵੇਚ ਕੇ ਆਪਣੀ ਰੋਜ਼ੀ-ਰੋਟੀ ਚਲਾਉਂਦੀ ਹਨ।












