''ਕੁਦਲੂ! ਕੁਦਲੂ! ਪਾਤਰੇ ਕੁਦਲੂ! (ਵਾਲ਼ਾ! ਵਾਲ਼! ਭਾਂਡਿਆਂ ਬਦਲੇ ਵਾਲ਼!)''
ਸਾਕੇ ਸਰਸਵਤੀ ਦੀ ਉੱਚੀ ਅਵਾਜ਼ ਬੰਗਲੌਰ ਦੇ ਮਾਤਿਕੇਰੇ ਦੀਆਂ ਸੜਕਾਂ 'ਤੇ ਗੂੰਜਦੀ ਹੈ। ਉਹ ਘਰ-ਘਰ ਘੁੰਮ ਕੇ ਐਲੂਮੀਨੀਅਮ ਦੇ ਭਾਂਡਿਆਂ ਬਦਲੇ ਲੋਕਾਂ ਦੇ ਵਾਲ਼ ਇਕੱਠੇ ਕਰਦੀ ਹਨ। ਉਨ੍ਹਾਂ ਕੋਲ਼ ਐਲੂਮੀਨੀਅਮ ਦੇ ਹੌਲ਼ੇ-ਹੌਲ਼ੇ ਜਿਹੇ ਭਾਂਡੇ ਹਨ ਜਿਨ੍ਹਾਂ ਵਿੱਚ ਪਾਣੀ ਰੱਖਣ ਦੇ ਛੋਟੇ ਜਿਹੇ ਕੰਟੇਨਰ, ਦੇਗਚੀ, ਪੈਨ, ਕੜਛੀਆਂ, ਵੱਡੀਆਂ ਪੋਣੀਆਂ ਤੇ ਕਈ ਹੋਰ ਭਾਂਡੇ ਸ਼ਾਮਲ ਹਨ।
''ਇਹ ਕੰਮ ਮੈਂ ਆਪਣੀ ਭਾਬੀ ਸ਼ਿਵੰਮਾ ਕੋਲ਼ੋਂ ਸਿੱਖਿਆ ਹੈ। ਉਹਨੇ ਹੀ ਮੈਨੂੰ ਉੱਚੀ ਅਵਾਜ਼ ਵਿੱਚ ਹੌਕਾ ਲਾਉਣਾ ਸਿਖਾਇਆ ਤਾਂਕਿ ਵੱਧ ਤੋਂ ਵੱਧ ਗਾਹਕਾਂ ਨੂੰ ਆਕਰਸ਼ਤ ਕੀਤਾ ਜਾ ਸਕੇ,'' ਬੰਗਲੌਰ ਦੀ ਇਹ 23 ਸਾਲਾ ਫੇਰੀਵਾਲ਼ੀ ਕਹਿੰਦੀ ਹਨ।
ਪਰਿਵਾਰ ਵਿੱਚ ਇਹੀ ਕੰਮ ਕਰਨ ਵਾਲ਼ੀ ਇਹ ਤੀਜੀ ਪੀੜ੍ਹੀ ਹੈ। ਸਰਸਵਤੀ ਕਹਿੰਦੀ ਹਨ,''ਮੇਰੀ ਮਾਂ ਗੰਗੰਮਾ ਇਹ ਕੰਮ ਆਪਣੇ ਵਿਆਹ ਤੋਂ ਵੀ ਪਹਿਲਾਂ ਤੋਂ ਕਰਦੀ ਆ ਰਹੀ ਹੈ। ਪਰ ਲੱਕ ਤੇ ਗੋਡਿਆਂ ਦੀ ਪੀੜ੍ਹ ਕਾਰਨ ਹੁਣ ਉਹ ਪਹਿਲਾਂ ਦੇ ਮੁਕਾਬਲੇ ਘੱਟ ਫੇਰੇ ਲਾਉਂਦੀ ਹੈ।'' ਉਨ੍ਹਾਂ ਦੇ ਪਿਤਾ ਪੁੱਲੰਨਾ ਤੇ ਮਾਂ ਗੰਗੰਮਾ ਆਂਧਰਾ ਪ੍ਰਦੇਸ਼ ਤੋਂ ਕੋਈ 30 ਸਾਲ ਪਹਿਲਾਂ ਬੰਗਲੌਰ ਆ ਗਏ ਸਨ।
ਉਨ੍ਹਾਂ ਦਾ ਪਰਿਵਾਰ ਕੋਰਾਛਾ ਭਾਈਚਾਰੇ ਨਾਲ਼ ਤਾਅਲੁੱਕ ਰੱਖਦਾ ਹੈ ਜੋ ਆਂਧਰਾ ਪ੍ਰਦੇਸ਼ ਵਿਖੇ ਹੋਰ ਪਿਛੜਿਆ ਵਰਗ (ਓਬੀਸੀ) ਵਜੋਂ ਸੂਚੀਬੱਧ ਹੈ। 80 ਸਾਲਾ ਪੁੱਲੰਨਾ ਹੁਣ ਸੁੱਕੇ ਤਾੜ ਦੇ ਪੱਤਿਆਂ ਤੋਂ ਝਾੜੂ ਬਣਾਉਂਦੇ ਹਨ ਤੇ ਇੱਕ ਝਾੜੂ 20 ਤੋਂ 50 ਰੁਪਏ ਵਿੱਚ ਵੇਚਦੇ ਹਨ।










