ਹੌਸਾਬਾਈ ਦਿਘੇ ਨੇ ਕਿਹਾ, "ਮੇਰੇ ਜ਼ਿਹਨ ਅੰਦਰ ਆਪਣੀ ਮਾਈ ਦੇ ਗੀਤਾਂ ਦੇ ਦੋ-ਤਿੰਨ ਲਫ਼ਜ਼ ਸਦਾ ਘੁੰਮਦੇ ਰਹੇ।'' ਸਾਲ 1995 ਸੀ ਅਤੇ ਉਹ ਹੇਮਾ ਰਿਆਰਕਰ ਅਤੇ ਗਾਇ ਪੋਇਟਵੋਨ ਨਾਲ਼ ਗੱਲ ਕਰ ਰਹੀ ਸਨ। ਪੁਣੇ ਦੇ ਸਮਾਜ ਵਿਗਿਆਨੀ ਅਤੇ ਕਾਰਕੁਨ, ਜਿਨ੍ਹਾਂ ਨੇ 1980 ਦੇ ਦਹਾਕੇ ਦੇ ਅਖੀਰ ਵਿੱਚ ਗਰਾਇੰਡਮਿਲ ਗੀਤ ਪ੍ਰੋਜੈਕਟ (ਜੀਐੱਸਪੀ) ਦੀ ਸ਼ੁਰੂਆਤ ਕੀਤੀ ਸੀ ਅਤੇ ਲੋਕਾਂ ਨਾਲ਼ ਗੱਲ ਕਰਨ ਲਈ ਆਪਣੀ ਟੀਮ ਨਾਲ਼ ਮੁਲਸ਼ੀ ਤਾਲੁਕਾ ਦੇ ਬੰਬਰਡੇ ਪਿੰਡ ਪਹੁੰਚੇ ਸਨ।
ਹੌਸਾਬਾਈ ਨੇ ਅੱਗੇ ਕਿਹਾ, "ਮੈਂ ਖੇਤਾਂ ਵਿੱਚ ਕੰਮ ਕਰਕੇ ਵਾਪਸ ਆਉਂਦੀ ਹਾਂ ਅਤੇ ਜੇ ਆਟਾ ਨਹੀਂ ਹੁੰਦਾ, ਤਾਂ ਮੈਂ ਚੱਕੀ ਮੂਹਰੇ ਬੈਠ ਕੇ ਪੁੜਾਂ ਦੀ ਅਵਾਜ਼ ਨਾਲ਼ ਕੁਝ ਗੀਤ ਗਾਉਂਦੀ ਹਾਂ। ਗੀਤ ਤੋਂ ਬਿਨਾਂ ਸਾਡਾ ਹਰੇਕ ਦਿਨ ਅਧੂਰਾ ਹੈ। ਜਿਓਂ ਹੀ ਤੁਸੀਂ ਗਾਉਣਾ ਸ਼ੁਰੂ ਕਰਦੇ ਹੋ, ਸ਼ਬਦ ਆਪਣੇ ਆਪ ਮਨ ਵਿੱਚ ਆਉਣ ਲੱਗਦੇ ਹਨ। ਇਹ ਗੀਤ ਉਦੋਂ ਹੀ ਬੰਦ ਹੋਣਾ ਜਦੋਂ ਮੈਂ ਸਾਹ ਲੈਣਾ ਬੰਦ ਕਰ ਦਿੱਤੇ। ਉਦੋਂ ਤੱਕ, ਉਹ ਮੇਰੀ ਯਾਦ ਵਿੱਚ ਰਹਿਣਗੇ। ਉਨ੍ਹਾਂ ਦੇ ਸ਼ਬਦ ਕਿਸਾਨਾਂ, ਖੇਤ ਮਜ਼ਦੂਰਾਂ, ਮਛੇਰਿਆਂ, ਘੁਮਿਆਰਾਂ ਅਤੇ ਮਾਲੀ ਭਾਈਚਾਰਿਆਂ ਨਾਲ਼ ਸਬੰਧਤ ਕਈ ਪੇਂਡੂ ਮਹਿਲਾ ਗਾਇਕਾਂ ਦੀ ਨੁਮਾਇੰਦਗੀ ਕਰਦੇ ਹਨ। ਇਹ ਸਾਰੇ ਕਾਮੇ ਸਵੇਰੇ ਜਲਦੀ ਉੱਠਦੇ ਹਨ, ਆਪਣੇ ਘਰੇਲੂ ਕੰਮ ਪੂਰੇ ਕਰਦੇ ਹਨ ਅਤੇ ਖੇਤਾਂ ਵਿੱਚ ਕੰਮ ਕਰਦੇ ਹਨ। ਉਨ੍ਹਾਂ ਦੇ ਦਿਨ ਦਾ ਜ਼ਿਆਦਾਤਰ ਹਿੱਸਾ ਕੰਮ ਕਰਨ ਵਿੱਚ ਬੀਤਦਾ ਹੈ।
ਅਕਸਰ, ਔਰਤਾਂ ਦਾ ਦਿਨ, ਕਣਕ ਪੀਹਣ ਨਾਲ਼ ਸ਼ੁਰੂ ਹੁੰਦਾ। ਪੁੜਾਂ ਦੇ ਚੱਲਣ ਦੀ ਅਵਾਜ਼ ਨਾਲ਼ ਉਨ੍ਹਾਂ ਦੇ ਗੀਤ ਸੁਰ ਫੜ੍ਹ ਲੈਂਦੇ ਤੇ ਉਹ ਇਕੱਠੀਆਂ ਮਿਲ਼ ਗਾਉਣ ਲੱਗਦੀਆਂ। ਰਸੋਈ ਜਾਂ ਬਰਾਂਡੇ ਦਾ ਖੂੰਜਾ ਉਨ੍ਹਾਂ ਲਈ ਕੰਮ ਕਰਨ ਦੀ ਅਰਾਮਦਾਇਕ ਥਾਂ ਹੁੰਦਾ। ਇਹੀ ਕੋਨਾ ਫਿਰ ਇਨ੍ਹਾਂ ਔਰਤਂ ਲਈ ਦੁੱਖ-ਸੁੱਖ ਸਾਂਝੇ ਕਰਨ, ਖੁਸ਼ੀਆਂ ਖੇੜੇ ਵੰਡਣ ਤੇ ਜਿੱਤ ਦੇ ਗੀਤ ਗਾਉਣ ਦੀ ਨਿੱਜੀ ਥਾਂ ਬਣ ਜਾਂਦਾ।
ਪੁੜਾਂ ਵਿੱਚ ਕਣਕ ਪੀਸੀ ਜਾਂਦੀ ਰਹਿੰਦੀ ਤੇ ਔਰਤਾਂ ਘਰ ਸੰਸਾਰ ਬਾਰੇ, ਖੇਤਾਂ, ਪਿੰਡਾਂ, ਰਿਸ਼ਤੇ-ਨਾਤਿਆਂ, ਧਰਮ, ਤੀਰਥ-ਯਾਤਰਾ, ਘਰੇਲੂ ਲੜਾਈਆਂ, ਜਾਤੀ-ਦਾਬੇ, ਪਿਤਰਸੱਤਾ ਦੇ ਜ਼ੁਲਮ, ਅਸਮਾਨਤਾ, ਬਾਬਾ ਸਾਹਿਬ ਅੰਬੇਡਕਰ ਦੀ ਦੇਣ ਅਤੇ ਅਜਿਹੀਆਂ ਹੋਰ ਬਹੁਤ ਸਾਰੀਆਂ ਚੰਗੀਆਂ ਅਤੇ ਕੁਝ-ਕੁਝ ਬੁਰੀਆਂ ਗੱਲਾਂ ਆਪਸ ਵਿੱਚ ਸਾਂਝਾ ਕਰਦੀਆਂ। ਵੀਡੀਓ ਵਿੱਚ, ਪੁਣੇ ਦੇ ਮੁਲਸ਼ੀ ਤਾਲੁਕਾ ਦੇ ਖੜਕਵਾੜੀ ਪਿੰਡ ਦੀ ਤਾਰਾਬਾਈ ਉਬੇ ਇਸ ਬਾਰੇ ਗੱਲ ਕਰ ਰਹੀ ਹਨ।
ਪਾਰੀ ਦਸਤਾਵੇਜ਼ੀ ਵਿੱਚ ਸੰਗੀਤ ਅਤੇ ਤਕਨੀਕ ਮਾਹਰ ਬਰਨਾਰਡ ਬੇਲ ਨਾਲ਼ ਗੱਲਬਾਤ ਵੀ ਹੈ। ਬਰਨਾਰਡ ਬੇਲ ਨੇ ਗੀਤ ਰਿਕਾਰਡ ਕੀਤੇ ਅਤੇ ਜਨਤਾ ਦੇ ਗੀਤਾਂ ਦਾ ਇੱਕ ਸੰਗ੍ਰਹਿ ਬਣਾਇਆ। ਇਨ੍ਹਾਂ ਵਿੱਚ ਮਰਾਠੀ ਵਿੱਚ ਗੀਤ ਨੂੰ ਟ੍ਰਾਂਸਕ੍ਰਾਈਬ ਕਰਨ ਵਾਲ਼ੇ ਖੋਜਕਰਤਾ ਜੀਤੇਂਦਰ ਮੇਡ ਅਤੇ ਮਰਾਠੀ ਤੋਂ ਅੰਗਰੇਜ਼ੀ ਵਿੱਚ ਗੀਤ ਅਨੁਵਾਦ ਕਰਨ ਵਾਲ਼ੀ ਆਸ਼ਾ ਓਗਲੇ ਸ਼ਾਮਲ ਹਨ।
ਜੀਐੱਸਪੀ 2016 ਵਿੱਚ ਪਾਰੀ ਤੱਕ ਪਹੁੰਚ ਗਿਆ ਸੀ। ਅਸੀਂ ਉਨ੍ਹਾਂ ਨੂੰ 6 ਮਾਰਚ 2017 ਤੋਂ ਪਾਰੀ ਵਿੱਚ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ। ਪੜ੍ਹੋ: ਗ੍ਰਾਇੰਡਮਿਲ ਸੌਂਗਸ: ਰਾਸ਼ਟਰੀ ਖ਼ਜ਼ਾਨੇ ਦੀ ਰਿਕਾਰਡਿੰਗ
ਹੁਣ, ਸੱਤ ਸਾਲ ਬਾਅਦ, ਪਾਰੀ ਦੁਬਾਰਾ ਉਨ੍ਹਾਂ ਔਰਤਾਂ ਦੇ ਪਿੰਡਾਂ ਵਿੱਚ ਜਾ ਰਹੀ ਹੈ ਜਿਨ੍ਹਾਂ ਨੇ ਇਹ ਗੀਤ ਗਾਏ ਹਨ, ਉਨ੍ਹਾਂ ਦੀ ਜ਼ਿੰਦਗੀ ਦੀਆਂ ਕਹਾਣੀਆਂ ਇਕੱਤਰ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਗੀਤਾਂ ਨਾਲ਼ ਪ੍ਰਕਾਸ਼ਤ ਕਰ ਰਹੀ ਹੈ। ਤੁਸੀਂ ਇੱਥੇ ਸਾਡਾ ਸੰਗ੍ਰਹਿ ਦੇਖ ਸਕਦੇ ਹੋ: The Grindmill Songs Project: all stories so far
ਮਹਾਰਾਸ਼ਟਰ ਦੇ 1,107 ਪਿੰਡਾਂ ਅਤੇ ਕਰਨਾਟਕ ਦੇ 11 ਪਿੰਡਾਂ ਦੀਆਂ 3,302 ਮਹਿਲਾ ਕਲਾਕਾਰਾਂ ਵਿੱਚੋਂ ਕੁਝ ਹੀ ਹਨ ਜੋ ਇਸ ਦਸਤਾਵੇਜ਼ੀ ਵਿੱਚ ਸ਼ਾਮਲ ਹੋ ਪਾਈਆਂ ਹਨ, ਜਿਨ੍ਹਾਂ ਨੇ 110,000 ਜਤਿਆਵਰਚਿਆ ਓਵਿਆ ਜਾਂ ਗ੍ਰਾਇੰਡਮਿਲ ਗੀਤਾਂ ਦੇ ਇਸ ਸੰਗ੍ਰਹਿ ਵਿੱਚ ਯੋਗਦਾਨ ਪਾਇਆ ਹੈ।
ਇਨ੍ਹਾਂ ਗੀਤਾਂ ਦਾ ਲਿਪੀਅੰਤਰਣ ਕਰਨ ਦੀ ਵੱਡੀ ਜ਼ਿੰਮੇਵਾਰੀ ਜਿਤੇਂਦਰ ਮੈਡ ਅਤੇ ਕੁਝ ਹੋਰਾਂ ਦੇ ਮੋਢਿਆਂ 'ਤੇ ਆ ਗਈ। ਰਜਨੀ ਖਾਲਦਕਰ ਨੇ ਇਨ੍ਹਾਂ ਗੀਤਾਂ ਦਾ ਮਰਾਠੀ ਲਿਪੀਅੰਤਰ ਕਰਨ ਲਈ ਆਪਣਾ ਯੋਗਦਾਨ ਪਾਇਆ। ਹੇਮਾ ਰਾਏਕਰ ਨੇ ਪਹਿਲਾਂ ਕੁਝ ਗੀਤਾਂ ਦਾ ਅਨੁਵਾਦ ਕੀਤਾ। ਆਸ਼ਾ ਓਗਾਲੇ ਇਸ ਸਮੇਂ ਜਿਤੇਂਦਰ ਮੈਡ ਨਾਲ਼ ਅਨੁਵਾਦ ਦਾ ਕੰਮ ਜਾਰੀ ਰੱਖ ਰਹੀ ਹਨ। ਹੁਣ ਅਨੁਵਾਦ ਕਰਨ ਲਈ ਅਜੇ 30,000 ਗੀਤ ਬਾਕੀ ਹਨ।
ਇਸ ਲਘੂ ਫਿਲਮ ਵਿੱਚ ਗ੍ਰਾਇੰਡਮਿਲ ਸੋਂਗ ਪ੍ਰੋਜੈਕਟ ਦੀ ਜਾਣ-ਪਛਾਣ ਅਤੇ 1990 ਦੇ ਦਹਾਕੇ ਵਿੱਚ ਸੰਗੀਤਕਾਰ ਅਤੇ ਟੈਕਨੀਸ਼ੀਅਨ ਬਰਨਾਰਡ ਬੇਲ ਅਤੇ ਉਨ੍ਹਾਂ ਦੇ ਨਾਲ਼ ਖੋਜਕਰਤਾਵਾਂ ਅਤੇ ਕਾਰਕੁਨਾਂ ਦੀ ਇੱਕ ਟੀਮ ਦੁਆਰਾ ਰਿਕਾਰਡ ਕੀਤੀ ਗਈ ਵੀਡੀਓ ਫੁਟੇਜ ਸ਼ਾਮਲ ਹੈ।
ਬੇਲ ਨੇ 1995 ਤੋਂ 2003 ਤੱਕ ਉਸ ਸਮੇਂ ਦੀ ਰਿਕਾਰਡਿੰਗ ਟੇਪ ਦੀ ਵਰਤੋਂ ਕਰਦਿਆਂ ਲਗਭਗ 4,500 ਗੀਤ ਰਿਕਾਰਡ ਕੀਤੇ, ਪਰ ਇਸ ਵਿਸ਼ਾਲ ਪ੍ਰੋਜੈਕਟ ਦੀ ਨੀਂਹ ਬਹੁਤ ਪਹਿਲਾਂ ਰੱਖੀ ਗਈ ਸੀ। 1980 ਦੇ ਦਹਾਕੇ ਵਿੱਚ, ਗੀ ਬਾਬਾ ਅਤੇ ਹੇਮਤਾਈ (ਜਿਵੇਂ ਕਿ ਉਨ੍ਹਾਂ ਨੂੰ ਪ੍ਰੋਜੈਕਟ ਦੇ ਸੰਸਥਾਪਕਾਂ ਲਈ ਸਤਿਕਾਰ ਅਤੇ ਪਿਆਰ ਕਰਕੇ ਬੁਲਾਇਆ ਜਾਂਦਾ ਸੀ) ਨੇ ਪੁਣੇ ਜ਼ਿਲ੍ਹੇ ਦੇ ਕੁਝ ਪਿੰਡਾਂ ਦੀ ਯਾਤਰਾ ਕੀਤੀ ਸੀ। ਉਨ੍ਹਾਂ ਨੇ ਪਹਿਲਾਂ ਇਨ੍ਹਾਂ ਔਰਤਾਂ ਨਾਲ਼ ਕੰਮ ਕਰਨ ਅਤੇ ਪੀਣ ਵਾਲ਼ੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਪ੍ਰਾਪਤ ਕਰਨ ਅਤੇ ਦਾਜ ਅਤੇ ਘਰੇਲੂ ਹਿੰਸਾ ਵਰਗੀਆਂ ਸਮਾਜਿਕ ਬੁਰਾਈਆਂ ਵਿਰੁੱਧ ਲੜਨ ਲਈ ਉਨ੍ਹਾਂ ਦੀ ਲੜਾਈ ਵਿੱਚ ਉਨ੍ਹਾਂ ਦੇ ਨਾਲ਼ ਖੜ੍ਹੇ ਹੋਣ ਦਾ ਫੈਸਲਾ ਕੀਤਾ। ਇਸ ਮੌਕੇ ਇਨ੍ਹਾਂ ਔਰਤਾਂ ਨੇ ਗੀਤਾਂ ਰਾਹੀਂ ਆਪਣੇ ਵਿਚਾਰ ਅਤੇ ਆਪਣੇ ਜੀਵਨ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ। ਉਹ ਪੇਂਡੂ ਭਾਰਤ ਦੇ ਇਸ ਹਿੱਸੇ ਵਿੱਚ ਔਰਤਾਂ ਦੇ ਦਰਦ ਅਤੇ ਦੁੱਖ ਦਾ ਰਿਕਾਰਡ ਹਨ।
ਜੀਐੱਸਪੀ ਗੀਤਾਂ ਨੂੰ ਬਹੁਤ ਸਾਰੇ ਨਾਮ ਮਿਲ਼ੇ, ਇਸ ਦੀ ਚਰਚਾ ਦੂਰ-ਦੂਰ ਤੱਕ ਪਹੁੰਚੀ। ਦੇਸ਼ ਤੋਂ ਬਾਹਰ ਵੀ। ਸਾਲ 2021 'ਚ ਇਹ ਦੱਖਣੀ ਕੋਰੀਆ 13ਵੇਂ ਗਵਾਂਗਜੂ ਬਿਏਨੇਲ ਦੇ ਹਿੱਸਾ ਬਣੇ। ਇਹ 2022 ਵਿੱਚ ਬਰਲਿਨ ਦੇ ਗ੍ਰੋਪਿਅਸ ਬਾਊ ਮਿਊਜ਼ੀਅਮ ਅਤੇ 2023 ਵਿੱਚ ਲੰਡਨ ਬਾਰਬਿਕਨ ਪ੍ਰਦਰਸ਼ਨੀ ਦਾ ਵੀ ਹਿੱਸਾ ਰਹੇ। ਇੰਡੀਅਨ ਐਕਸਪ੍ਰੈਸ, Scroll.in , ਦਿ ਹਿੰਦੂ ਬਿਜ਼ਨਸਲਾਈਨ ਆਦਿ ਵਰਗੇ ਕਈ ਮੀਡੀਆ ਘਰਾਣਿਆਂ ਨੇ ਇਨ੍ਹਾਂ ਗੀਤਾਂ ਦੇ ਪ੍ਰੋਜੈਕਟ ਨੂੰ ਪ੍ਰਦਰਸ਼ਿਤ ਕੀਤਾ।
ਨਾਸਿਕ ਦੇ ਇੱਕ ਡਾਕਟਰੇਟ ਖੋਜਕਰਤਾ ਆਪਣੇ ਖੋਜ-ਪੱਤਰ ਵਿੱਚ ਬਾਬਾ ਸਾਹਿਬ ਅੰਬੇਡਕਰ ਬਾਰੇ ਗੀਤਾਂ ਦੀ ਵਰਤੋਂ ਕਰ ਰਹੇ ਹਨ; ਅਮਰੀਕਾ ਦੀ ਇੱਕ ਯੂਨੀਵਰਸਿਟੀ ਦੇ ਇੱਕ ਵਿਗਿਆਨੀ ਜੀਐੱਸਪੀ ਡਾਟਾਬੇਸ ਅਤੇ ਹੋਰ ਲੋਕ ਸੰਗੀਤ ਸਰੋਤਾਂ ਵਿਚਲੇ ਦੋਹਿਆਂ ਦਾ ਹਵਾਲਾ ਦੇ ਰਹੇ ਹਨ, ਜਿਨ੍ਹਾਂ ਵਿਚ ਬੋਰੀ (ਜੁਜੂਬੇ), ਬਾਬੁਲ (ਬਬੂਲ), ਖੈਰ (ਕਚੂ) ਅਤੇ ਪੁਣੇ ਜ਼ਿਲ੍ਹੇ ਦੇ ਆਸ ਪਾਸ ਦੇ ਹੋਰ ਕੰਢੇਦਾਰ ਰੁੱਖਾਂ ਦੇ ਨਾਮ ਸ਼ਾਮਲ ਹਨ। ਸਾਰਾ ਸਾਲ, ਬਹੁਤ ਸਾਰੇ ਵਿਦਿਆਰਥੀ ਅਤੇ ਵਿਦਵਾਨ ਪਾਰੀ ਦੇ ਇਸ ਸੰਗ੍ਰਹਿ ਤੱਕ ਆਪਣੀ ਪਹੁੰਚ ਬਣਾਉਂਦੇ ਰਹਿੰਦੇ ਹਨ।
ਇਸ ਵਿਸ਼ਾਲ ਪ੍ਰੋਜੈਕਟ ਨੂੰ ਦੇਖੋ ਜਿਸ ਨੇ ਬਹੁਤ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਖੋਜਕਰਤਾਵਾਂ, ਆਮ ਜਨਤਾ ਅਤੇ ਲੋਕ ਸੰਗੀਤ ਅਤੇ ਕਵਿਤਾ ਦੇ ਪ੍ਰਸ਼ੰਸਕਾਂ ਲਈ ਰਾਹ ਪੱਧਰਾ ਕੀਤਾ।
ਦਸਤਾਵੇਜ਼ੀ ਫਿਲਮ ' ਚ ਬਰਨਾਰਡ ਬੇਲ ਦੇ ਆਰਕਾਈਵਡ ਵੀਡੀਓ ' ਅਨਫੈਟਰੇਡ ਵੌਇਸ ' ਦੀ ਫੁਟੇਜ ਹੈ। ਸਾਲ 2017 ਤੋਂ ਲੈ ਕੇ ਅੱਜ ਤੱਕ ਪਾਰੀ ' ਤੇ ਪ੍ਰਕਾਸ਼ਿਤ ਜੀਐੱਸਪੀ ਸਟੋਰੀ ਤੋਂ ਕਲਿੱਪਾਂ ਅਤੇ ਫੋਟੋਆਂ ਲਈਆਂ ਗਈਆਂ ਹਨ।
ਤਰਜਮਾ: ਕਮਲਜੀਤ ਕੌਰ