ਉੱਤਰ ਪ੍ਰਦੇਸ਼ ਰਾਜ ਆਪਦਾ ਪ੍ਰਬੰਧਨ ਅਥਾਰਟੀ ਇਹ ਮੰਨਦੀ ਹੈ ਕਿ ਸਾਲਾਂ ਤੋਂ ਜੋ ਸੋਕੇ ਦੀ ਹਾਲਤ ਬਣੀ ਹੋਈ ਹੈ ਉਹ ਯੂ.ਪੀ. ਦੀ ਖੇਤੀ ਨੂੰ ਕਾਸੇ ਜੋਗਾ ਨਹੀਂ ਛੱਡਣ ਵਾਲ਼ੀ, ਧਿਆਨ ਰਹੇ ਯੂ.ਪੀ. ਦੇਸ਼ ਦਾ ਸਭ ਤੋਂ ਅਹਿਮ ਅਨਾਜ ਪੈਦਾਕਾਰ ਹੈ। ਉਧਰੋਂ ਮੱਧ ਪ੍ਰਦੇਸ਼ ਦੇ ਕਈ ਹਿੱਸੇ ਵੀ ਸੋਕੇ ਦੀਆਂ ਹਾਲਤਾਂ ਤੋਂ ਘੱਟ ਪ੍ਰਭਾਵਤ ਨਹੀਂ। ਜੇ 51 ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਬੀਤੇ 29 ਸਾਲਾਂ ਵਿੱਚ ਹਰ ਕਿਸੇ ਨੇ ਸੋਕਾ ਹੰਢਾਇਆ ਹੀ ਹੈ। ਇਨ੍ਹਾਂ ਰਾਜਾਂ ਦੀ ਬਹੁਤੇਰੀ ਅਬਾਦੀ ਗੁਜਾਰੇ ਵਾਸਤੇ ਮੀਂਹ ਅਧਾਰਤ ਖੇਤੀ 'ਤੇ ਨਿਰਭਰ ਹੈ। ਸੋ ਲੂ ਵਗਣਾ, ਜ਼ਮੀਨਦੋਜ਼ ਪਾਣੀ ਦੇ ਪੱਧਰ ਘੱਟਦੇ ਜਾਣਾ ਤੇ ਮੀਂਹ ਦਾ ਅਣਕਿਆਸਿਆ ਹੋ ਜਾਣਾ ਇਸ ਰਾਜ ਲਈ ਕਿਸੇ ਸ਼ਰਾਪ ਤੋਂ ਘੱਟ ਨਹੀਂ।

ਜਿਨ੍ਹਾਂ ਸੋਕੇ ਦਾ ਸੰਤਾਪ ਹੰਢਾਇਆ ਸਿਰਫ਼ ਉਹੀ ਇਹਦੀ ਭਿਆਨਕਤਾ ਨੂੰ ਜਾਣ ਸਕਦੇ ਹਨ। ਸ਼ਹਿਰ ਦੇ ਬਾਸ਼ਿੰਦਿਆਂ ਲਈ ਇਹ ਮਹਿਜ਼ ਇੱਕ ਖ਼ਬਰ ਹੈ, ਪਰ ਹਰ ਸਾਲ ਇਸ ਨਾਲ਼ ਜੂਝਣ ਵਾਲ਼ੇ ਕਿਸਾਨਾਂ ਲਈ ਇਹਦੀ ਆਮਦ ਯਮ ਦੇ ਆਉਣ ਜਿਹੀ ਹੈ। ਮੀਂਹ ਦੀ ਉਡੀਕ ਵਿੱਚ ਪਥਰੀਲੀਆਂ ਤੇ ਖੁਸ਼ਕ ਅੱਖਾਂ, ਤ੍ਰੇੜਾਂ ਮਾਰੀ ਅੱਗ ਉਗਲ਼ਦੀ ਧਰਤੀ, ਢਿੱਡ ਪਿਚਕੇ ਭੁੱਖ ਮਾਰੇ ਬੱਚੇ, ਮਵੇਸ਼ੀਆਂ ਦੇ ਪਿੰਜਰ ਤੇ ਪਾਣੀ ਦੀ ਭਾਲ਼ ਵਿੱਚ ਭਟਕਦੀਆਂ ਔਰਤਾਂ- ਇਹ ਰਾਜ ਦੀ ਆਮ ਤਸਵੀਰ ਹੈ।

ਮੱਧ ਭਾਰਤ ਦੇ ਪਠਾਰਾਂ ਵਿੱਚ ਪੈਂਦੇ ਸੋਕੇ ਨੇ ਮੈਨੂੰ ਕਲਮ ਚੁੱਕਣ ਨੂੰ ਮਜ਼ਬੂਰ ਕੀਤਾ।

ਸਈਦ ਮੇਰਾਜੂਦੀਨ ਦੀ ਅਵਾਜ਼ ਵਿੱਚ ਮੂਲ਼ ਹਿੰਦੀ ਕਵਿਤਾ ਪਾਠ ਸੁਣੋ

ਪ੍ਰਤਿਸ਼ਠਾ ਪਾਂਡਿਆਂ ਦੀ ਅਵਾਜ਼ ਵਿੱਚ ਕਵਿਤਾ ਦਾ ਅੰਗਰੇਜੀ ਅਨੁਵਾਦ ਸੁਣੋ

सूखा

रोज़ बरसता नैनों का जल
रोज़ उठा सरका देता हल
रूठ गए जब सूखे बादल
क्या जोते क्या बोवे पागल

सागर ताल बला से सूखे
हार न जीते प्यासे सूखे
दान दिया परसाद चढ़ाया
फिर काहे चौमासे सूखे

धूप ताप से बर गई धरती
अबके सूखे मर गई धरती
एक बाल ना एक कनूका
आग लगी परती की परती

भूखी आंखें मोटी मोटी
हाड़ से चिपकी सूखी बोटी
सूखी साखी उंगलियों में
सूखी चमड़ी सूखी रोटी

सूख गई है अमराई भी
सूख गई है अंगनाई भी
तीर सी लगती है छाती में
सूख गई है पुरवाई भी

गड्डे गिर्री डोरी सूखी
गगरी मटकी मोरी सूखी
पनघट पर क्या लेने जाए
इंतज़ार में गोरी सूखी

मावर लाली बिंदिया सूखी
धीरे धीरे निंदिया सूखी
आंचल में पलने वाली फिर
आशा चिंदिया चिंदिया सूखी

सूख चुके सब ज्वारों के तन
सूख चुके सब गायों के थन
काहे का घी कैसा मक्खन
सूख चुके सब हांडी बर्तन

फूलों के परखच्चे सूखे
पके नहीं फल कच्चे सूखे
जो बिरवान नहीं सूखे थे
सूखे अच्छे अच्छे सूखे

जातें, मेले, झांकी सूखी
दीवाली बैसाखी सूखी
चौथ मनी ना होली भीगी
चन्दन रोली राखी सूखी

बस कोयल की कूक न सूखी
घड़ी घड़ी की हूक न सूखी
सूखे चेहरे सूखे पंजर
लेकिन पेट की भूक न सूखी

ਸੋਕਾ

ਰੋਜ਼ ਵਹਿੰਦਾ ਨੈਣਾਂ 'ਚੋਂ ਪਾਣੀ
ਰੋਜ਼ ਚੁੱਕਿਆ ਹਲ਼ ਰੱਖ ਦਿੰਦਾ ਆਂ
ਸੋਕੇ ਦੀ ਮਾਰ ਪਈ ਬੱਦਲ ਰੁੱਸ ਗਏ
ਹੁਣ ਕੀ ਵਾਹਾਂ ਤੇ ਕੀ ਬੀਜ਼ਾਂ
ਜਾਪੇ ਜਿਓਂ ਸਾਗਰ ਵੀ ਸੁੱਕ ਗਏ
ਪਿਆਸ ਨਾ ਦੇਖੇ ਜਿੱਤ ਨਾ ਹਾਰ
ਚੜ੍ਹਾਇਆ ਪ੍ਰਸਾਦ ਦਿੱਤਾ ਦਾਨ
ਫਿਰ ਵੀ ਸੋਕਾ ਕਿਤੇ ਨਾ ਗਿਓ
ਤਪਸ ਨਾਲ਼ ਲੂਸੇ ਧਰਤੀ ਜਿਓਂ
ਹੁਣ ਮੁੜ ਨਾ ਹਰੀ ਹੋਵੇ ਭੋਇੰ
ਇੱਕ ਵੀ ਤਿੜ ਨਾ ਉੱਗ ਪਾਈ
ਲੂਸੇ ਜਿਓਂ ਭਾਂਬੜ ਕੋਈ
ਭੁੱਖੀਆਂ ਅੱਖਾਂ ਝਾਕਣ ਇਓਂ
ਹਲ਼ਕ ਨਾਲ਼ ਚਿਪਕੀ ਬੋਟੀ ਜਿਓਂ
ਹੱਢਲ ਹੋ ਗਈਆਂ ਉਂਗਲ਼ਾਂ ਵੀ
ਸੁੱਕੀ ਚਮੜੀ ਸੁੱਕੀ ਰੋਟੀ ਕੋਈ
ਸੁੱਕ ਗਈ ਹਰ ਇੱਛਾ ਵੀ
ਸੁੱਕ ਗਈ ਹਰ ਉਮੀਦ ਵੀ
ਤੀਰ ਵਿੰਨ੍ਹੀ ਛਾਤੀ ਵੀ ਸੁੱਕ ਗਈ
ਸੁੱਕ ਗਈ ਹਵਾ ਵੀ ਵਗਦੀ
ਖ਼ੂਹ ਸੁੱਕਿਆ ਮਟਕਾ ਸੁੱਕਿਆ
ਸੁੱਕ ਗਈ ਖੂਹ ਪਈ ਰੱਸੀ ਵੀ
ਸੁਰਖੀ ਸੁੱਕੀ ਬਿੰਦੀ ਸੁੱਕੀ
ਸੁੱਕ ਗਈ ਨੀਂਦ ਕਦੇ ਜੋ ਆਉਂਦੀ
ਗੋਦ 'ਚ ਪਲ਼ਦੀ ਉਮੀਦ ਵੀ ਸੁੱਕ ਗਈ
ਛਿਣ ਕਰਕੇ ਬਗੀਚੀ ਵੀ ਸੁੱਕ ਗਈ।
ਬਲ਼ਦਾਂ  ਦੀਆਂ ਹੱਡੀਆਂ
ਗਾਵਾਂ ਦੀਆਂ ਹੱਡੀਆਂ
ਕਿੱਥੇ ਗਿਆ ਘਿਓ ਤੇ ਮੱਖਣ ਜਾਈਆਂ
ਘਰ ਦੇ ਸਾਰੇ ਭਾਂਡੇ ਵੀ ਸੁੱਕੇ
ਸੁੱਕੇ ਫਲ਼, ਪੱਕਣ ਤੋਂ ਪਹਿਲਾਂ
ਫੁੱਲਾਂ ਦੀਆਂ ਪੰਖੜੀਆਂ ਤੱਕ ਸੁੱਕੀਆਂ
ਹਰੇ ਹੋ ਚੁੱਕੇ ਰੁੱਖ ਤੱਕ ਸੁੱਕ ਗਏ
ਦਿਨ ਸੁੱਕੇ ਘੰਟੇ ਸੁੱਕੇ
ਸੁੱਕ ਗਏ ਤਿੱਥ ਤੇ ਤਿਓਹਾਰ।
ਦੀਵਾਲੀ, ਵਿਸਾਖੀ, ਚੌਥ, ਤੇ ਹੋਲੀ
ਨਾ ਚੰਦਨ ਤਿਲਕ, ਨਾ ਸੰਦੂਰ
ਇਸ ਸਾਲ ਰੱਖੜੀ ਵੀ ਸੁੱਕੀ ਗਈ
ਜਿੰਦਾ ਏ ਕੋਇਲ ਦਾ ਗੀਤ ਬਾਦਸਤੂਰ
ਦਿਲਾਂ ਦੇ ਦਰਦ ਤਕਲੀਫ਼ਾਂ ਜ਼ਿੰਦਾ ਨੇ
ਪਿੰਜਰ ਹੋਏ ਚਿਹਰਿਆਂ ਦੇ ਮਗਰ ਭਾਵ ਜ਼ਿੰਦਾ ਨੇ
ਜ਼ਿੰਦਾ ਨੇ ਭੁੱਖ ਨਾਲ਼ ਲੀਰ ਹੋਏ ਢਿੱਡਾਂ ਦੀ ਚੀਸ।


ਤਰਜਮਾ: ਕਮਲਜੀਤ ਕੌਰ

Syed Merajuddin

ਸਈਦ ਮੇਰਾਜੂਦੀਨ ਇੱਕ ਕਵੀ ਅਤੇ ਅਧਿਆਪਕ ਹਨ। ਉਹ ਆਦਰਸ਼ ਸਿੱਖਿਆ ਸੰਮਤੀ ਦੇ ਸਹਿ-ਸੰਸਥਾਪਕ ਅਤੇ ਸਕੱਤਰ ਹਨ, ਜੋ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਦੇ ਕਿਨਾਰੇ ਰਹਿਣ ਵਾਲੇ ਵਿਸਥਾਪਿਤ ਆਦਿਵਾਸੀ ਅਤੇ ਦਲਿਤ ਭਾਈਚਾਰਿਆਂ ਦੇ ਬੱਚਿਆਂ ਲਈ ਇੱਕ ਉੱਚ ਸੈਕੰਡਰੀ ਸਕੂਲ ਚਲਾਉਂਦੀ ਹੈ।

Other stories by Syed Merajuddin
Illustration : Manita Kumari Oraon

ਮਨੀਤਾ ਕੁਮਾਰੀ ਝਾਰਖੰਡ ਦੇ ਓਰਾਓਂ ਦੀ ਇੱਕ ਕਲਾਕਾਰ ਹੈ ਅਤੇ ਕਬਾਇਲੀ ਭਾਈਚਾਰਿਆਂ ਨਾਲ਼ ਸਬੰਧਤ ਸਮਾਜਿਕ ਅਤੇ ਸੱਭਿਆਚਾਰਕ ਮਹੱਤਤਾ ਦੇ ਮੁੱਦਿਆਂ 'ਤੇ ਮੂਰਤੀਆਂ ਅਤੇ ਪੇਂਟਿੰਗਾਂ ਬਣਾਉਂਦੀ ਹੈ।

Other stories by Manita Kumari Oraon
Editor : Pratishtha Pandya

ਪ੍ਰਤਿਸ਼ਠਾ ਪਾਂਡਿਆ PARI ਵਿੱਚ ਇੱਕ ਸੀਨੀਅਰ ਸੰਪਾਦਕ ਹਨ ਜਿੱਥੇ ਉਹ PARI ਦੇ ਰਚਨਾਤਮਕ ਲੇਖਣ ਭਾਗ ਦੀ ਅਗਵਾਈ ਕਰਦੀ ਹਨ। ਉਹ ਪਾਰੀਭਾਸ਼ਾ ਟੀਮ ਦੀ ਮੈਂਬਰ ਵੀ ਹਨ ਅਤੇ ਗੁਜਰਾਤੀ ਵਿੱਚ ਕਹਾਣੀਆਂ ਦਾ ਅਨੁਵਾਦ ਅਤੇ ਸੰਪਾਦਨ ਵੀ ਕਰਦੀ ਹਨ। ਪ੍ਰਤਿਸ਼ਠਾ ਦੀਆਂ ਕਵਿਤਾਵਾਂ ਗੁਜਰਾਤੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋ ਚੁੱਕਿਆਂ ਹਨ।

Other stories by Pratishtha Pandya
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur