ਸਿੰਘ ਅੱਜ ਵੀ ਉਸ ਟਰੈਵਲ ਏਜੰਟ ਦੇ ਸੁਪਨੇ ਆਉਂਦਿਆਂ ਉੱਬੜਵਾਹੇ ਉੱਠ ਖੜ੍ਹਦੇ ਹਨ ਜੋ ਉਨ੍ਹਾਂ ਦੇ ਪਿੰਡ ਦਾ ਰਹਿਣ ਵਾਲ਼ਾ ਹੈ।
ਏਜੰਟ ਦੇ ਪੈਸੇ ਪੂਰੇ ਕਰਨ ਲਈ ਸਿੰਘ (ਅਸਲੀ ਨਾਮ ਨਹੀਂ) ਨੂੰ ਪਰਿਵਾਰ ਦੀ ਇੱਕ ਕਿੱਲੇ ਪੈਲ਼ੀ ਵੇਚਣੀ ਪਈ। ਬਦਲੇ ਵਿੱਚ ਏਜੰਟ ਜਤਿੰਦਰ ਨੇ ''ਇੱਕ ਨੰਬਰ''' ਵਿੱਚ ਭੇਜਣ ਦਾ ਵਾਅਦਾ ਕੀਤਾ ਤੇ ਸਰਬੀਆ ਦੇ ਰਸਤਿਓਂ ਬਗ਼ੈਰ ਕਿਸੇ ਮੁਸ਼ਕਲ ਦੇ ਸੁਰੱਖਿਅਤ ਪੁਰਤਗਾਲ ਪਹੁੰਚਾਉਣ ਦਾ ਭਰੋਸਾ ਦਵਾਇਆ।
ਛੇਤੀ ਹੀ ਸਿੰਘ ਨੂੰ ਸਮਝੀਂ ਪੈ ਗਿਆ ਕਿ ਉਹ ਨਾ ਸਿਰਫ਼ ਜਤਿੰਦਰ ਦੀ ਜਾਅਲਸਾਜ਼ੀ ਦਾ ਸਗੋਂ ਅੰਤਰ-ਰਾਸ਼ਟਰੀ ਸਰਹੱਦਾਂ 'ਤੇ ਤਸਕਰੀ ਦਾ ਸ਼ਿਕਾਰ ਵੀ ਹੋ ਗਏ ਹਨ। ਇੰਨੇ ਵੱਡੇ ਸਦਮੇ ਦੇ ਬਾਵਜੂਦ ਉਹ ਸਾਰਾ ਕੁਝ ਖੁਦ ਹੀ ਝੱਲਦੇ ਰਹੇ ਤੇ ਮਗਰ ਆਪਣੇ ਪਰਿਵਾਰ ਨੂੰ ਚਾਹ ਕੇ ਵੀ ਕੁਝ ਨਾ ਦੱਸ ਸਕੇ।
ਆਪਣੇ ਇਸ ਸਫ਼ਰ 'ਤੇ ਚੱਲਦਿਆਂ ਉਨ੍ਹਾਂ ਸੰਘਣੇ ਜੰਗਲ ਪਾਰ ਕੀਤੇ, ਸੀਵਰ ਦੇ ਗੰਦੇ ਪਾਣੀ ਵਿੱਚ ਉੱਤਰੇ ਤੇ ਯੂਰਪ ਦੇ ਪਹਾੜਾਂ 'ਤੇ ਚੜ੍ਹਦਿਆਂ ਉਨ੍ਹਾਂ ਦੇ ਹੋਰਨਾਂ ਪ੍ਰਵਾਸੀ ਜੀਵੜਿਆਂ ਨੇ ਖੱਡਾਂ ਵਿੱਚ ਭਰਿਆ ਮੀਂਹ ਦਾ ਪਾਣੀ ਪੀਤਾ, ਸਿਰਫ਼ ਤੇ ਸਿਰਫ਼ ਬ੍ਰੈੱਡ ਖਾ ਕੇ ਗੁਜਾਰਾ ਕੀਤਾ, ਬ੍ਰੈੱਡ ਜਿਸ ਨਾਲ਼ ਸਿੰਘ ਨੂੰ ਚਿੜ੍ਹ ਜਿਹੀ ਹੋ ਗਈ।
''ਮੇਰੇ ਫਾਦਰ ਸਾਹਬ ਹਰਟ ਪੇਸ਼ੰਟ ਆ। ਇੰਨੀ ਟੈਂਸ਼ਨ ਉਹ ਲੈ ਨੀਂ ਸਕਦੇ। ਨਾਲ਼ੇ, ਘਰ ਵਿੱਚ ਜਾ ਨਹੀਂ ਸਕਦਾ ਕਿਉਂਕਿ ਮੈਂ ਸਾਰਾ ਕੁਝ ਦਾਅ 'ਤੇ ਲਾ ਕੇ ਆਇਆ ਸੀ,'' 25 ਸਾਲਾ ਸਿੰਘ ਬੜੇ ਹਿਰਖੇ ਮਨ ਨਾਲ਼ ਦਿਲ ਦੀ ਗੱਲ ਕਰਦੇ ਹਨ। ਇਸ ਸਮੇਂ ਉਹ ਪੁਰਤਗਾਲ ਵਿਖੇ ਦੋ ਕਮਰਿਆਂ ਦੇ ਮਕਾਨ ਵਿੱਚ ਪੰਜ ਹੋਰ ਬੰਦਿਆਂ ਦੇ ਨਾਲ਼ ਰਹਿੰਦੇ ਹਨ।
ਸਮਾਂ ਬੀਤਣ ਦੇ ਨਾਲ਼-ਨਾਲ਼ ਭਾਰਤ, ਨੇਪਾਲ, ਬੰਗਲਾਦੇਸ਼, ਪਾਕਿਸਤਾਨ ਤੇ ਸ਼੍ਰੀ ਲੰਕਾ ਜਿਹੇ ਦੱਖਣੀ ਏਸ਼ੀਆ ਦੇ ਮੁਲਕਾਂ ਦੇ ਕਾਮਿਆਂ ਲਈ ਪੁਰਤਗਾਲ ਜਿਓਂ ਪਸੰਦੀਦਾ ਮੰਜ਼ਲ ਬਣ ਕੇ ਉਭਰਿਆ।








