ਨਿਸ਼ਾ ਫਰਸ਼ 'ਤੇ ਬੈਠੀ ਹੋਈ ਖ਼ੁਦ ਨੂੰ ਪੱਖੀ ਝੱਲ ਰਹੀ ਹਨ। ਜਦੋਂ ਜੂਨ ਦੀ ਧੁੱਪ ਗਰਮੀ ਨੂੰ ਵਧਾ ਰਹੀ ਸੀ ਤਾਂ ਤੰਬਾਕੂ ਅਤੇ ਸੁੱਕੇ ਪੱਤਿਆਂ ਦੀ ਬਦਬੂ ਹਵਾ ਨੂੰ ਹੋਰ ਭਾਰਾ ਬਣਾਉਣ ਵਿੱਚ ਲੱਗੀ ਹੋਈ ਸੀ। 17-17 ਬੀੜੀਆਂ ਦੇ ਬੰਡਲਾਂ ਵਿੱਚ ਲਪੇਟੀਆਂ ਲਗਭਗ 700 ਬੀੜੀਆਂ ਵੱਲ ਇਸ਼ਾਰਾ ਕਰਦੇ ਹੋਏ ਕਹਿੰਦੀ ਹਨ,"ਮੈਂ ਇਸ ਹਫ਼ਤੇ ਇੰਨਾ ਹੀ ਕਰ ਸਕੀ ਹਾਂ।" 32 ਸਾਲਾ ਬੀੜੀ ਮਜ਼ਦੂਰ ਅੱਗੇ ਕਹਿੰਦੀ ਹਨ,"ਮੈਨੂੰ ਸ਼ੱਕ ਹੈ ਕਿ ਇਸ ਵਾਰ ਮੈਨੂੰ 100 ਰੁਪਏ ਵੀ ਨਹੀਂ ਮਿਲ਼ਣੇ।" ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਦੇ ਕੋਟਾਲਾ ਵਿੱਚ ਇੱਕ ਹਜ਼ਾਰ ਬੀੜੀਆਂ ਦੀ ਕੀਮਤ 150 ਰੁਪਏ ਹੈ।

ਹਰ ਬੁੱਧਵਾਰ ਅਤੇ ਸ਼ੁੱਕਰਵਾਰ ਨੂੰ, ਬੀੜੀ ਬਣਾਉਣ ਵਾਲ਼ੇ ਇਨ੍ਹਾਂ ਫੈਕਟਰੀਆਂ ਵਿੱਚ ਆਪਣੇ ਦੁਆਰਾ ਬਣਾਈਆਂ ਬੀੜੀਆਂ ਜਮ੍ਹਾ ਕਰਾਉਣ ਅਤੇ ਅਗਲੇ ਗੇੜ ਲਈ ਕੱਚਾ ਮਾਲ ਪ੍ਰਾਪਤ ਕਰਨ ਲਈ ਆਉਂਦੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਬੀੜੀ ਫੈਕਟਰੀਆਂ ਦਾਮੋ ਕਸਬੇ ਦੇ ਬਾਹਰੀ ਇਲਾਕੇ ਵਿੱਚ ਸਥਿਤ ਹਨ। ਫੈਕਟਰੀਆਂ ਠੇਕੇਦਾਰਾਂ (ਠੇਕੇਦਾਰਾਂ) ਨੂੰ ਕੰਮ 'ਤੇ ਰੱਖਦੀਆਂ ਹਨ ਜੋ ਅੱਗੇ ਬੀੜੀ ਮਜ਼ਦੂਰਾਂ, ਮੁੱਖ ਤੌਰ 'ਤੇ ਔਰਤਾਂ ਕੋਲ਼ੋਂ ਕੰਮ ਕਰਾਉਂਦੇ ਹਨ।

ਇਹ ਔਰਤਾਂ ਆਪਣੇ ਵੱਲੋਂ ਲਿਆਂਦੇ ਇੱਕ ਹਫ਼ਤੇ ਦੇ ਕੱਚੇ ਮਾਲ ਨਾਲ਼ ਤੇਂਦੂ ਪੱਤੇ ਮਰੋੜ ਕੇ ਅੰਦਰ ਤੰਬਾਕੂ ਪਾਊਡਰ ਭਰ ਕੇ ਅਤੇ ਇਸ ਨੂੰ ਧਾਗੇ ਨਾਲ਼ ਬੰਨ੍ਹ ਕੇ ਬੀੜੀ ਬਣਾਉਂਦੀਆਂ ਜਾਂਦੀਆਂ ਹਨ। ਫਿਰ ਉਨ੍ਹਾਂ ਨੂੰ ਕੱਟਿਆਂ (ਬੰਡਲਾਂ) ਵਿੱਚ ਬੰਨ੍ਹ ਦਿੱਤਾ ਜਾਂਦਾ ਹੈ। ਇਸ ਕੰਮ 'ਤੇ ਬੈਠਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਘਰੇਲੂ ਕੰਮ ਪੂਰੇ ਕਰ ਲਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪਰਿਵਾਰਾਂ ਦੀ ਔਸਤ ਆਮਦਨ 10,000-20,000 ਰੁਪਏ ਹੈ, ਜਿਸ ਕਮਾਈ ਨਾਲ਼ 8-10 ਮੈਂਬਰੀ ਪਰਿਵਾਰ ਦਾ ਗੁਜ਼ਾਰਾ ਚੱਲਦਾ ਹੈ। ਉਨ੍ਹਾਂ ਵਿੱਚੋਂ ਜ਼ਿਆਦਾਤਰ ਔਰਤਾਂ ਖੇਤ ਮਜ਼ਦੂਰ ਹਨ ਅਤੇ ਕੁਝ ਕੋਲ਼ ਛੋਟੀਆਂ ਜੋਤਾਂ ਹਨ।

" ਤੇਂਦੂ ਦੇ ਸੁੱਕੇ ਪੱਤਿਆਂ ਨੂੰ ਉਦੋਂ ਤੱਕ ਪਾਣੀ ਵਿੱਚ ਭਿਓਂ ਕੇ ਰੱਖਿਆ ਜਾਂਦਾ ਹੈ ਜਦੋਂ ਤੱਕ ਉਨ੍ਹਾਂ ਦੀਆਂ ਨਾੜੀਆਂ ਬਾਹਰ ਨਹੀਂ ਆ ਜਾਂਦੀਆਂ। ਫਿਰ, ਪੱਤਿਆਂ ਨੂੰ ਫਰਮੇ [ਲੋਹੇ ਦੇ ਸਟੈਨਸਿਲ] ਦੀ ਵਰਤੋਂ ਕਰਕੇ ਛੋਟੇ ਆਇਤਾਕਾਰ ਟੁਕੜਿਆਂ ਵਿੱਚ ਕੱਟਿਆ ਜਾਂਦਾ ਹੈ। ਫਿਰ ਅੰਦਰ ਜ਼ਰਦਾ (ਖੁਸ਼ਬੂਦਾਰ ਤੰਬਾਕੂ) ਭਰ ਕੇ ਬੀੜੀ ਲਪੇਟੀ ਜਾਂਦੀ ਹੈ," ਨਿਸ਼ਾ ਦੱਸਦੀ ਹਨ। ਹਰੇਕ ਬੀੜੀ ਨੂੰ ਖ਼ਾਸ ਰੰਗ ਦੇ ਧਾਗੇ ਨਾਲ਼ ਬੰਨ੍ਹਣਾ ਪੈਂਦਾ ਹੈ, ਜੋ ਇੱਕ ਬ੍ਰਾਂਡ ਸੂਚਕ ਵਜੋਂ ਕੰਮ ਕਰਦਾ ਹੈ, ਤਾਂਕਿ ਇੱਕ ਕੰਪਨੀ ਦੀ ਬੀੜੀ ਨੂੰ ਦੂਜੀ ਕੰਪਨੀ ਦੀ ਬੀੜੀ ਨਾਲ਼ੋਂ ਵੱਖ ਕੀਤਾ ਜਾ ਸਕੇ।

ਫਿਰ ਬੀੜੀਆਂ ਨੂੰ ਬੀੜੀ  'ਫੈਕਟਰੀ' ਵਿੱਚ ਲਿਆਂਦਾ ਜਾਂਦਾ ਹੈ। ਬੀੜੀ ਫੈਕਟਰੀ ਬੀੜੀ ਬਣਾਉਣ ਵਾਲ਼ੇ ਬ੍ਰਾਂਡ ਦੀ ਪ੍ਰੋਸੈਸਿੰਗ ਅਤੇ ਪੈਕੇਜਿੰਗ ਯੂਨਿਟ ਅਤੇ ਗੋਦਾਮ ਵਜੋਂ ਕੰਮ ਕਰਦੀ ਹੈ। ਬੀੜੀ ਬਣਾਉਣ ਵਾਲ਼ੇ ਆਪਣੇ ਦੁਆਰਾ ਬਣਾਈ ਗਈ ਬੀੜੀ ਠੇਕੇਦਾਰਾਂ ਨੂੰ ਦਿੰਦੇ ਹਨ। ਉਹ ਇਨ੍ਹਾਂ ਮਜ਼ਦੂਰਾਂ ਨੂੰ ਤਨਖਾਹ ਦਿੰਦੇ ਹਨ ਅਤੇ ਬੀੜੀ ਫੈਕਟਰੀ ਵਿੱਚ ਪਹੁੰਚਾਉਂਦੇ ਹਨ। ਫੈਕਟਰੀ ਦੇ ਅੰਦਰ, ਬੀੜੀਆਂ ਨੂੰ ਛਾਂਟਿਆ ਜਾਂਦਾ ਹੈ, ਸੇਕਿਆ ਜਾਂਦਾ ਹੈ, ਪੈਕ ਕੀਤਾ ਜਾਂਦਾ ਹੈ ਅਤੇ ਸਟੋਰ ਕੀਤਾ ਜਾਂਦਾ ਹੈ।

PHOTO • Priti David
PHOTO • Kuhuo Bajaj

ਕਿਉਂਕਿ ਛਿੰਦਵਾੜਾ ਅਤੇ ਹੋਰ ਖੇਤਰਾਂ ਦੇ ਜੰਗਲਾਂ ਵਿੱਚ ਤੇਂਦੂ ਦੇ ਰੁੱਖ ਬਹੁਤ ਵੱਡੀ ਗਿਣਤੀ ਵਿੱਚ ਹਨ ਇਸ ਲਈ ਇਹ ਖੇਤਰ ਤੇਂਦੂ ਪੱਤਿਆਂ ਦਾ ਇੱਕ ਅਮੀਰ ਸਰੋਤ ਹੈ - ਜੋ ਬੀੜੀ ਦੇ ਉਤਪਾਦਨ ਵਿੱਚ ਇੱਕ ਮਹੱਤਵਪੂਰਣ ਕਾਰਕ ਹੈ - ਜੋ ਤੰਬਾਕੂ ਲਈ ਕਵਰ ਵਜੋਂ ਵਰਤਿਆ ਜਾਂਦਾ ਹੈ। ਸੱਜੇ: ਨਿਸ਼ਾ ਘਰੇਲੂ ਕੰਮਾਂ ਦੇ ਵਿਚਕਾਰ ਬੀੜੀ ਬਣਾਉਂਦੀ ਹੋਈ

ਜ਼ਿਆਦਾਤਰ ਬੀੜੀ ਮਜ਼ਦੂਰ ਮੁਸਲਮਾਨ ਹਨ, ਪਰ ਦੂਜੇ ਭਾਈਚਾਰਿਆਂ ਦੀਆਂ ਔਰਤਾਂ ਵੀ ਇਸ ਰੋਜ਼ੀ-ਰੋਟੀ ਵਿੱਚ ਲੱਗੀਆਂ ਹੋਈਆਂ ਹਨ।

ਦਾਮੋ ਕਸਬੇ ਵਿੱਚ ਲਗਭਗ 25 ਬੀੜੀ ਫੈਕਟਰੀਆਂ ਹਨ। ਮੱਧ ਪ੍ਰਦੇਸ਼ ਦੇ ਆਲ਼ੇ-ਦੁਆਲ਼ੇ ਦੇ ਜ਼ਿਲ੍ਹਿਆਂ ਵਿੱਚ ਤੇਂਦੂ ਦੇ ਕਈ ਜੰਗਲ ਹੋਣ ਕਾਰਨ ਇੱਥੇ ਵੱਡੀ ਗਿਣਤੀ ਵਿੱਚੇ ਬੀੜੀ ਫੈਕਟਰੀਆਂ ਹਨ। ਤੇਂਦੂ ਦੇ ਰੁੱਖ ਇੱਥੇ ਜੰਗਲ ਦੇ 31 ਪ੍ਰਤੀਸ਼ਤ ਖੇਤਰ ਨੂੰ ਕਵਰ ਕਰਦੇ ਹਨ। ਸਿਓਨੀ, ਮੰਡਲਾ, ਸੀਹੋਰ, ਰਾਏਸੇਨ, ਸਾਗਰ, ਜਬਲਪੁਰ, ਕਟਨੀ ਅਤੇ ਛਿੰਦਵਾੜਾ ਤੇਂਦੂ ਪੱਤਿਆਂ ਦੇ ਅਮੀਰ ਸਰੋਤ ਹਨ। ਇਹ ਪੱਤਾ ਬੀੜੀਆਂ ਦੇ ਉਤਪਾਦਨ ਵਿੱਚ ਇੱਕ ਮਹੱਤਵਪੂਰਨ ਕਾਰਕ ਹੈ। ਇਸ ਦੀ ਵਰਤੋਂ ਤੰਬਾਕੂ ਨੂੰ ਲਪੇਟਣ ਲਈ ਕੀਤੀ ਜਾਂਦੀ ਹੈ।

*****

ਸ਼ੁੱਕਰਵਾਰ ਦੀ ਇੱਕ ਦੁਪਹਿਰ ਨੂੰ, ਚਮਕਦਾਰ ਰੰਗ ਦੀ ਸਲਵਾਰ ਕਮੀਜ਼ ਪਾਈ ਲਗਭਗ ਛੇ ਔਰਤਾਂ ਆਪਣੀ ਬੀੜੀ ਦੀ ਗਿਣਤੀ ਦੇਣ ਦੀ ਉਡੀਕ ਕਰ ਰਹੀਆਂ ਸਨ। ਉਨ੍ਹਾਂ ਦੀ ਆਪਸੀ ਗੱਲਬਾਤ ਅਤੇ ਠੇਕੇਦਾਰ ਨਾਲ਼ ਉਨ੍ਹਾਂ ਦੀ ਹੁੰਦੀ ਤਕਰਾਰ ਤੋਂ ਬਾਅਦ ਵੀ ਨੇੜਲੀ ਮਸਜਿਦ ਤੋਂ ਸ਼ੁੱਕਰਵਾਰ ਦੀ ਨਮਾਜ਼ ਦੀ ਆਵਾਜ਼ ਸਾਫ਼-ਸਾਫ਼ ਸੁਣੀ ਜਾ ਸਕਦੀ ਸੀ। ਔਰਤਾਂ ਨੇ ਆਪਣੀ ਹਫ਼ਤੇ ਦੀ ਮਿਹਨਤ ਨੂੰ ਤਸਲੇ ਵਿੱਚ ਰੱਖਿਆ ਹੋਇਆ ਹੈ।

ਅਮੀਨਾ (ਬਦਲਿਆ ਹੋਇਆ ਨਾਮ) ਉਸ ਦਿਨ ਬੀੜੀ ਦੀ ਗਿਣਤੀ ਤੋਂ ਨਾਖੁਸ਼ ਸੀ। "ਹੋਰ ਵੀ (ਬੀੜੀਆਂ) ਸਨ, ਪਰ ਠੇਕੇਦਾਰ ਨੇ ਬੀੜੀਆਂ ਦੀ ਛਾਂਟੀ ਕਰਦੇ ਸਮੇਂ ਉਨ੍ਹਾਂ ਸਾਰੀਆਂ ਨੂੰ ਰੱਦ ਕਰ ਦਿੱਤਾ," ਉਨ੍ਹਾਂ ਨੇ ਸ਼ਿਕਾਇਤ ਕੀਤੀ। ਔਰਤਾਂ ਆਪਣੇ ਆਪ ਨੂੰ ਬੀੜੀ ਮਜ਼ਦੂਰ ਕਹਿੰਦੀਆਂ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ 1,000 ਬੀੜੀਆਂ ਵਲ੍ਹੇਟਣ ਬਦਲੇ ਮਿਲ਼ਣ ਵਾਲ਼ਾ 150 ਰੁਪਿਆ ਉਨ੍ਹਾਂ ਦੀ ਮਜ਼ਦੂਰੀ ਦਾ ਉਚਿਤ ਮੁੱਲ ਨਹੀਂ ਹੈ।

"ਚੰਗਾ ਹੁੰਦਾ ਜੇ ਮੈਂ ਇਸ ਕੰਮ ਦੀ ਬਜਾਇ ਸਿਲਾਈ ਕਰ ਲੈਂਦੀ। ਉਸ ਕੰਮ ਤੋਂ ਕਮਾਈ ਵੀ ਚੰਗੀ ਹੁੰਦੀ," ਜਾਨੂੰ ਕਹਿੰਦੀ ਹਨ। ਉਹ ਦਾਮੋਹ ਕਸਬੇ ਵਿੱਚ ਰਹਿੰਦੀ ਹਨ ਤੇ ਪਹਿਲਾਂ ਬੀੜੀ ਮਜ਼ਦੂਰ ਸਨ। ਉਨ੍ਹਾਂ ਨੇ 14 ਸਾਲ ਦੀ ਉਮਰ ਵਿੱਚ ਬੀੜੀ ਬਣਾਉਣੀ ਸ਼ੁਰੂ ਕਰ ਦਿੱਤੀ ਸੀ। "ਉਦੋਂ ਮੇਰੇ ਕੋਲ਼ ਇੰਨਾ ਹੁਨਰ ਜਾਂ ਕੋਈ ਹੋਰ ਵਿਕਲਪ ਨਹੀਂ ਸੀ," ਉਹ ਕਹਿੰਦੀ ਹਨ।

PHOTO • Kuhuo Bajaj

ਬੀੜੀ ਬਣਾਉਣ ਲਈ ਜ਼ਰਦੇ (ਖੱਬੇ) ਨੂੰ ਤੇਂਦੂ ਦੇ ਪੱਤਿਆਂ ਅੰਦਰ ਲਪੇਟਿਆ ਜਾਂਦਾ ਹੈ

ਘੰਟਿਆਂ ਬੱਧੀ ਝੁਕ ਕੇ ਕੰਮ ਕਰਨ ਕਾਰਨ ਮਜ਼ਦੂਰਾਂ ਨੂੰ ਪਿੱਠ ਅਤੇ ਗਰਦਨ 'ਚ ਦਰਦ ਹੋਣ ਲੱਗਦਾ ਹੈ ਅਤੇ ਉਨ੍ਹਾਂ ਦੇ ਹੱਥ ਸੁੰਨ ਹੋ ਜਾਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਘਰੇਲੂ ਕੰਮ ਕਰਨ 'ਚ ਮੁਸ਼ਕਲ ਆਉਂਦੀ ਹੈ। ਫੈਕਟਰੀ ਮਾਲਕਾਂ ਲਈ, ਉਨ੍ਹਾਂ ਦੀਆਂ ਸਮੱਸਿਆਵਾਂ ਦਾ ਕੋਈ ਮਹੱਤਵ ਨਹੀਂ ਅਤੇ ਇਨ੍ਹਾਂ ਕਾਮਿਆਂ ਨੂੰ ਕੋਈ ਮੁਆਵਜ਼ਾ ਜਾਂ ਡਾਕਟਰੀ ਸਹਾਇਤਾ ਨਹੀਂ ਮਿਲਦੀ। ਇੱਕ ਫੈਕਟਰੀ ਮਾਲਕ ਨੇ ਇਸ ਰਿਪੋਰਟਰ ਨੂੰ ਦੱਸਿਆ ਕਿ "ਇਹ ਔਰਤਾਂ ਘਰੇ ਬੈਠੀਆਂ ਹੀ ਬੀੜੀਆਂ ਬਣਾਉਂਦੀਆਂ ਨੇ" ਅਤੇ ਜ਼ਾਹਰ ਹੈ ਕਿ ਉਨ੍ਹਾਂ ਨੂੰ ਮਜ਼ਦੂਰਾਂ ਦੀਆਂ ਸਰੀਰਕ ਸਮੱਸਿਆਵਾਂ ਨਾਲ਼ ਕੋਈ ਲੈਣਾ ਦੇਣਾ ਨਹੀਂ ਹੈ।

"ਉਹ ਇੱਕ ਹਫ਼ਤੇ ਵਿੱਚ 500 ਰੁਪਏ ਤੱਕ ਕਮਾਉਂਦੇ ਹਨ," ਉਨ੍ਹਾਂ ਮੁਤਾਬਕ ਘਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਹਿਸਾਬ ਨਾਲ਼ ਇਹ ਇੱਕ ਵਧੀਆ 'ਸੌਦਾ' ਹੈ। ਹਾਲਾਂਕਿ, ਇਸ ਜਨਾਬ ਵੱਲੋਂ ਅਨੁਮਾਨਤ 500 ਰੁਪਏ ਕਮਾਉਣ ਲਈ, ਇੱਕ ਵਰਕਰ ਨੂੰ ਹਫ਼ਤੇ ਵਿੱਚ 4,000 ਬੀੜੀਆਂ ਬਣਾਉਣੀਆਂ ਪੈਣਗੀਆਂ, ਜਿਸ ਵਿੱਚ ਅੱਜ ਕੱਲ੍ਹ ਇੱਕ ਮਹੀਨਾ ਲੱਗ ਜਾਂਦਾ ਹੈ।

ਜਿੰਨੀਆਂ ਵੀ ਔਰਤਾਂ ਨਾਲ਼ ਅਸੀਂ ਗੱਲ ਕੀਤੀ ਉਨ੍ਹਾਂ ਨੇ ਆਪਣੇ ਸਰੀਰ ਨਾਲ਼ ਜੁੜੀਆਂ ਸਮੱਸਿਆਵਾਂ ਦੀ ਸ਼ਿਕਾਇਤ ਕੀਤੀ। ਗਿੱਲੇ ਪੱਤਿਆਂ ਨੂੰ ਲਗਾਤਾਰ ਮਰੋੜਦੇ ਰਹਿਣ ਤੇ ਲਗਾਤਾਰ ਤੰਬਾਕੂ ਦੇ ਸੰਪਰਕ ਵਿੱਚ ਰਹਿਣ ਨਾਲ਼ ਕਈ ਵਾਰ ਉਨ੍ਹਾਂ ਨੂੰ ਚਮੜੀ ਰੋਗ ਵੀ ਹੋ ਜਾਂਦੇ ਹਨ। "ਹੱਥ ਇੰਝ ਚੀਰੇ ਜਾਂਦੇ ਹਨ ਕਿ ਨਿਸ਼ਾਨ ਤੱਕ ਪੈ ਜਾਂਦੇ ਹਨ," ਇੱਕ ਬੀੜੀ ਮਜ਼ਦੂਰ ਮੈਨੂੰ ਆਪਣੀਆਂ ਦੋਵੇਂ ਤਲ਼ੀਆਂ ਦਿਖਾਉਂਦਿਆਂ ਕਹਿੰਦੀ ਹੈ। ਦਸ ਸਾਲਾਂ ਤੋਂ ਇਹ ਕੰਮ ਕਰਦੇ ਸਮੇਂ, ਇਨ੍ਹਾਂ ਹੱਥਾਂ 'ਤੇ ਛਾਲੇ ਪੈ ਗਏ ਹਨ ਤੇ ਚਮੜੀ ਸਖ਼ਤ ਹੋ ਗਈ ਹੈ।

ਇਕ ਹੋਰ ਮਜ਼ਦੂਰ ਸੀਮਾ (ਬਦਲਿਆ ਹੋਇਆ ਨਾਮ) ਕਹਿੰਦੀ ਹਨ ਕਿ ਗਿੱਲੇ ਪੱਤਿਆਂ ਦੇ ਲਗਾਤਾਰ ਸੰਪਰਕ ਵਿੱਚ ਰਹਿਣ ਨਾਲ਼ ਚਮੜੀ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਸੌਣ ਤੋਂ ਪਹਿਲਾਂ ਆਪਣੀਆਂ ਤਲ਼ੀਆਂ 'ਤੇ ਬੋਰੋਲੀਨ ਲਗਾਉਂਦੀ ਹਨ, "ਨਹੀਂ ਤਾਂ ਤੰਬਾਕੂ ਅਤੇ ਗਿੱਲੇ ਪਤੀਆਂ ਦੇ ਸੰਪਰਕ ਕਾਰਨ ਮੇਰੀ ਚਮੜੀ ਫਟਣ ਲੱਗਦੀ ਹੈ,'' ਕਰੀਬ 40 ਸਾਲਾ ਸੀਮਾ ਅੱਗੇ ਕਹਿੰਦੀ ਹਨ,"ਮੈਂ ਤੰਬਾਕੂ ਦੀ ਵਰਤੋਂ ਨਹੀਂ ਕਰਦੀ, ਪਰ ਹੁਣ ਇਸ ਦੀ ਬਦਬੂ ਕਾਰਨ ਵੀ ਮੈਨੂੰ ਖੰਘ ਆਉਣੀ ਸ਼ੁਰੂ ਹੋ ਜਾਂਦੀ ਹੈ," ਸੀਮਾ ਕਹਿੰਦੀ ਹਨ, ਜਿਨ੍ਹਾਂ ਨੇ ਲਗਭਗ 12-13 ਸਾਲ ਪਹਿਲਾਂ ਕੰਮ ਛੱਡ ਦਿੱਤਾ ਸੀ ਅਤੇ ਹੁਣ ਦਮੋਹ ਕਸਬੇ ਵਿੱਚ ਘਰੇਲੂ ਨੌਕਰਾਣੀ ਵਜੋਂ ਕੰਮ ਕਰਦੀ ਹੋਈ 4,000 ਰੁਪਏ ਪ੍ਰਤੀ ਮਹੀਨਾ ਕਮਾਉਂਦੀ ਹਨ।

ਰਜ਼ੀਆ (ਬਦਲਿਆ ਹੋਇਆ ਨਾਮ) ਨੂੰ ਇਹ ਵੀ ਯਾਦ ਨਹੀਂ ਹੈ ਕਿ ਉਹ ਕਿੰਨੇ ਸਮੇਂ ਤੋਂ ਬੀੜੀ ਬਣਾਉਣ ਦਾ ਕੰਮ ਕਰ ਰਹੀ ਹਨ। ਉਹ ਤੇਂਦੂ ਪੱਤੇ ਤੋਲਣ ਵਾਲੇ ਠੇਕੇਦਾਰ ਨਾਲ਼ ਉਲਝ ਰਹੀ ਹਨ, "ਤੁਸੀਂ ਸਾਨੂੰ ਕਿਸ ਕਿਸਮ ਦੇ ਪੱਤੇ ਦੇ ਰਹੇ ਹੋ? ਇਨ੍ਹਾਂ ਨਾਲ਼ ਚੰਗੀਆਂ ਬੀੜੀਆਂ ਕਿਵੇਂ ਬਣਾਉਣਗੀਆਂ? ਜਦੋਂ ਅਸੀਂ ਤੁਹਾਨੂੰ ਬੀੜੀ ਬਣਾ ਕੇ ਦੇਵਾਂਗੇ, ਤਾਂ ਤੁਸੀਂ ਇਨ੍ਹਾਂ ਨੂੰ ਮਾੜਾ ਮਾਲ਼ ਕਹਿ ਕੇ ਲਵੋਗੇ ਨਹੀਂ।''

PHOTO • Kuhuo Bajaj

ਬੁੱਧਵਾਰ ਅਤੇ ਸ਼ੁੱਕਰਵਾਰ ਨੂੰ , ਬੀੜੀ ਮਜ਼ਦੂਰ ਕੱਚਾ ਮਾਲ – ਤੇਂਦੂ ਪੱਤੇ ਅਤੇ ਜ਼ਰਦਾ – ਲੈਣ ਲਈ ਫੈਕਟਰੀਆਂ ਵਿੱਚ ਆਉਂਦੇ ਹਨ

ਮਾਨਸੂਨ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਲਿਆਉਂਦਾ ਹੈ। " ਜੋ ਵੋ ਬਾਰਿਸ਼ ਕੇ 4 ਮਹੀਨੇ ਲਗਤੇ ਥੇ, ਮਾਨੋ ਪੂਰੀ ਬੀੜੀ ਕਚਰੇ ਮੇ ਜਾਤੀ ਥੀ। '' ਗਿੱਲੇ ਤੇਂਦੂ ਪੱਤਿਆਂ ਵਿੱਚ ਵਲ੍ਹੇਟਿਆ ਤੰਬਾਕੂ ਠੀਕ ਤਰ੍ਹਾਂ ਸੁੱਕਦਾ ਨਹੀਂ ਤੇ ਉਸਨੂੰ ਉੱਲੀ ਲੱਗ ਜਾਂਦੀ ਹੈ, ਜਿਸ ਕਾਰਨ ਪੂਰਾ ਬੰਡਲ ਮੁਸ਼ਕ ਮਾਰ ਜਾਂਦਾ ਹੈ। "ਬਰਸਾਤ ਦੇ ਦਿਨਾਂ ਵਿੱਚ ਅਸੀਂ ਮੁਸ਼ਕਿਲ ਨਾਲ਼ ਆਪਣੇ ਕੱਪੜੇ ਸੁਕਾ ਸਕਦੇ ਹਾਂ, ਪਰ ਸਾਡੇ ਲਈ ਬੀੜੀਆਂ ਸੁਕਾਉਣਾ ਮਹੱਤਵਪੂਰਨ ਹੈ," ਨਹੀਂ ਤਾਂ ਉਨ੍ਹਾਂ ਦੀ ਕਮਾਈ ਬੰਦ ਹੋ ਜਾਵੇਗੀ।

ਜਦੋਂ ਕੋਈ ਠੇਕੇਦਾਰ ਬੀੜੀ ਦੇ ਮਾਲ਼ ਨੂੰ ਰੱਦ ਕਰਦਾ ਹੈ, ਤਾਂ ਇਸ ਵਿੱਚ ਸ਼ਾਮਲ ਮਿਹਨਤ ਅਤੇ ਸਮੇਂ ਤੋਂ ਇਲਾਵਾ, ਉਸ ਬੀੜੀ ਨੂੰ ਬਣਾਉਣ ਲਈ ਲੋੜੀਂਦੇ ਕੱਚੇ ਮਾਲ ਵਿੱਚ ਖਰਚ ਕੀਤੇ ਪੈਸੇ ਵੀ ਆਮਦਨ ਵਿੱਚੋਂ ਕੱਟ ਲਏ ਜਾਂਦੇ ਹਨ। '' ਖੂਬ ਲੰਬੀ ਲਾਈਨ ਲਗਤੀ ਥੀ ਗਿਨਵਾਈ ਕੇ ਦਿਨ। ਜੈਸੇ ਤੈਸੇ ਨੰਬਰ ਆਤਾ ਥਾ, ਤੋਹ ਤਬ ਆਧੀ ਬੀੜੀ ਤੋ ਨਿਕਾਲ ਦੇਤੇ ਥੇ ," ਇੰਤਜ਼ਾਰ ਦੇ ਸਮੇਂ ਨੂੰ ਯਾਦ ਕਰਦੇ ਹੋਏ ਜਾਨੂ ਕਹਿੰਦੀ ਹਨ।

ਬੀੜੀਆਂ ਨੂੰ ਕਈ ਮਾਪਦੰਡਾਂ 'ਤੇ ਰੱਦ ਕਰ ਦਿੱਤਾ ਜਾਂਦਾ ਹੈ ਜਿਵੇਂ ਕਿ ਲੰਬਾਈ, ਮੋਟਾਈ, ਪੱਤਿਆਂ ਦੀ ਕਿਸਮ ਅਤੇ ਉਨ੍ਹਾਂ ਲਪੇਟਣ ਦਾ ਢੰਗ ਆਦਿ। "ਜੇ ਪੱਤੇ ਥੋੜ੍ਹੇ ਨਾਜ਼ੁਕ ਹੋਣ ਅਤੇ ਲਪੇਟਦੇ ਸਮੇਂ ਥੋੜ੍ਹੇ ਜਿਹੇ ਫਟ ਜਾਣ ਜਾਂ ਜਿਸ ਧਾਗੇ ਨਾਲ਼ ਉਹ ਬੰਨ੍ਹੇ ਜਾਂਦੇ ਹਨ, ਉਹ ਥੋੜ੍ਹਾ ਢਿੱਲਾ ਹੋ ਜਾਵੇ, ਤਦ ਵੀ ਬੀੜੀਆਂ ਰੱਦ ਕਰ ਦਿੱਤੀਆਂ ਜਾਂਦੀਆਂ," 60 ਸਾਲਾ ਬੀੜੀ ਮਜ਼ਦੂਰ ਕਹਿੰਦੀ ਹਨ। ਮਜ਼ਦੂਰਾਂ ਅਨੁਸਾਰ ਠੇਕੇਦਾਰ ਰੱਦ ਕੀਤੀਆਂ ਬੀੜੀਆਂ ਰੱਖ ਕੇ ਸਸਤੇ ਭਾਅ 'ਤੇ ਵੇਚ ਦਿੰਦੇ ਹਨ। "ਪਰ ਸਾਨੂੰ ਉਨ੍ਹਾਂ ਦੇ ਬਦਲੇ ਕੁਝ ਵੀ ਨਹੀਂ ਮਿਲਦਾ। ਨਾ ਹੀ ਸਾਨੂੰ ਉਹ ਰੱਦ ਕੀਤੀਆਂ ਬੀੜੀਆਂ ਵਾਪਸ ਮਿਲਦੀਆਂ ਹਨ।

*****

ਕੇਂਦਰ ਸਰਕਾਰ ਨੇ ਬੀੜੀ ਵਰਕਰਜ਼ ਵੈਲਫੇਅਰ ਫੰਡ ਐਕਟ, 1976 ਦੇ ਤਹਿਤ ਸਾਲ 1977 ਵਿੱਚ ਬੀੜੀ ਬਣਾਉਣ ਦਾ ਕੰਮ ਕਰਨ ਵਾਲੇ ਸਾਰੇ ਕਾਮਿਆਂ ਲਈ ਬੀੜੀ ਕਾਰਡ ਬਣਾਉਣੇ ਸ਼ੁਰੂ ਕੀਤੇ ਸਨ। ਬੀੜੀ ਕਾਰਡ ਦਾ ਮੁੱਖ ਉਦੇਸ਼ ਬੀੜੀ ਵਰਕਰਾਂ ਦੀ ਸ਼ਨਾਖਤ ਕਰਨਾ ਹੈ ਤਾਂ ਜੋ ਉਨ੍ਹਾਂ ਨੂੰ ਸਰਕਾਰੀ ਸਕੀਮਾਂ ਜਿਵੇਂ ਕਿ ਸਰਕਾਰੀ ਹਸਪਤਾਲ ਵਿੱਚ ਮੁਫਤ ਡਾਕਟਰੀ ਇਲਾਜ, ਡਿਲੀਵਰੀ ਸਹੂਲਤਾਂ, ਮ੍ਰਿਤਕ ਦੇ ਅੰਤਿਮ ਸੰਸਕਾਰ ਲਈ ਨਕਦ ਭੁਗਤਾਨ, ਅੱਖਾਂ ਦੀ ਜਾਂਚ ਅਤੇ ਚਸ਼ਮੇ ਦੀਆਂ ਸਹੂਲਤਾਂ, ਸਕੂਲ ਜਾਣ ਵਾਲੇ ਬੱਚਿਆਂ ਲਈ ਵਜ਼ੀਫੇ ਅਤੇ ਪਹਿਰਾਵੇ ਆਦਿ ਦਾ ਲਾਭ ਦਿੱਤਾ ਜਾ ਸਕੇ। ਬੀੜੀ ਅਤੇ ਸਿਗਾਰ ਵਰਕਰਜ਼ (ਸ਼ਰਤਾਂ ਅਤੇ ਰੁਜ਼ਗਾਰ) ਐਕਟ, 1966 ਇਨ੍ਹਾਂ ਕਾਮਿਆਂ ਨੂੰ ਉਪਰੋਕਤ ਸਹੂਲਤਾਂ ਦਾ ਹੱਕਦਾਰ ਬਣਾਉਂਦਾ ਹੈ। ਬੀੜੀ ਮਜ਼ਦੂਰ ਆਮ ਤੌਰ 'ਤੇ ਇਨ੍ਹਾਂ ਕਾਰਡਾਂ ਦੀ ਵਰਤੋਂ ਕੁਝ ਡਿਸਪੈਂਸਰੀਆਂ ਤੋਂ ਮੁਫਤ ਜਾਂ ਸਬਸਿਡੀ ਵਾਲੀਆਂ ਕੀਮਤਾਂ 'ਤੇ ਦਵਾਈਆਂ ਪ੍ਰਾਪਤ ਕਰਨ ਲਈ ਕਰਦੇ ਹਨ।

"ਜ਼ਿਆਦਾ ਕੁਝ ਨਹੀਂ ਲੇਕਿਨ ਬਦਨ ਦਰਦ, ਬੁਖਾਰ ਕੀ ਦਵਾਈ ਤੋ ਮਿਲ ਜਾਤੀ ਹੈ ," ਦਮੋਹ ਦੀ ਬੀੜੀ ਕਾਰਡ ਧਾਰਕ, 30 ਸਾਲਾ ਖੁਸ਼ਬੂ ਰਾਜ ਕਹਿੰਦੀ ਹਨ। ਉਹ ਪਿਛਲੇ 11 ਸਾਲਾਂ ਤੋਂ ਬੀੜੀ ਬਣਾ ਰਹੀ ਸਨ। ਪਰ ਹਾਲ ਹੀ ਵਿੱਚ, ਉਨ੍ਹਾਂ ਨੇ ਇਹ ਕੰਮ ਛੱਡ ਦਿੱਤਾ ਹੈ ਅਤੇ ਦਮੋਹ ਸ਼ਹਿਰ ਵਿੱਚ ਇੱਕ ਛੋਟੀ ਜਿਹੀ ਚੂੜੀਆਂ ਦੀ ਦੁਕਾਨ ਵਿੱਚ ਵਿਕਰੀ ਸਹਾਇਕ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

PHOTO • Kuhuo Bajaj

ਬੀੜੀ ਕਾਰਡ ਮਜ਼ਦੂਰਾਂ ਨੂੰ ਮਾਨਤਾ ਦਿੰਦਾ ਹੈ

ਇਹ ਕਾਰਡ ਕਈ ਤਰ੍ਹਾਂ ਦੇ ਲਾਭਾਂ ਦਾ ਵਾਅਦਾ ਕਰਦਾ ਹੈ, ਪਰ ਜ਼ਿਆਦਾਤਰ ਬੀੜੀ ਵਰਕਰ ਇਸ ਕਾਰਡ ਦੀ ਵਰਤੋਂ ਵਿਸ਼ੇਸ਼ ਡਿਸਪੈਂਸਰੀਆਂ ਤੋਂ ਮੁਫ਼ਤ ਜਾਂ ਸਬਸਿਡੀ ਵਾਲੀਆਂ ਦਰਾਂ 'ਤੇ ਦਵਾਈਆਂ ਪ੍ਰਾਪਤ ਕਰਨ ਲਈ ਕਰਦੇ ਹਨ। ਕਾਰਡ ਪ੍ਰਾਪਤ ਕਰਨ ਦੀ ਪ੍ਰਕਿਰਿਆ ਪਰੇਸ਼ਾਨ ਕਰਨ ਵਾਲੀ ਹੋ ਸਕਦੀ ਹੈ

ਖੁਸ਼ਬੂ ਕਹਿੰਦੀ ਹਨ, "ਕਾਰਡ ਦੀ ਸਹੂਲਤ ਦਾ ਲਾਭ ਲੈਣ ਲਈ ਸਾਨੂੰ ਅਧਿਕਾਰੀਆਂ ਦੇ ਸਾਹਮਣੇ ਕੁਝ ਬੀੜੀਆਂ ਬਣਾਉਣੀਆਂ ਪੈਂਦੀਆਂ ਹਨ। ਸਰਕਾਰੀ ਆਫੀਸਰ ਦੇਖਤੇ ਹੈਂ ਕਿ ਹਮਸੇ ਸਹੀ ਮੇਂ ਬੀੜੀ ਬਨਤੀ ਭੀ ਹੈ ਯਾ ਸਿਰਫ਼ ਐਸੇ ਹੀ ਕਾਰਡ ਬਨਵਾ ਰਹੇ ਹੈਂ ," ਉਹ ਅੱਗੇ ਕਹਿੰਦੀ ਹਨ।

"ਸਾਡਾ ਕਾਰਡ ਬਣਨ ਤੋਂ ਬਾਅਦ, ਉਹ ਫੰਡ ਵਿੱਚੋਂ ਪੈਸੇ ਕੱਟਣੇ ਸ਼ੁਰੂ ਕਰ ਦਿੰਦੇ ਹਨ," ਇੱਕ ਮਹਿਲਾ ਮਜ਼ਦੂਰ ਕਹਿੰਦੀ ਹਨ। ਉਸਦਾ ਬੀੜੀ ਕਾਰਡ ਉਸਦੇ ਪੁਰਾਣੇ ਪਿੰਡ ਵਿੱਚ ਬਣਾਇਆ ਗਿਆ ਸੀ ਅਤੇ ਉਹ ਕਿਸੇ ਵੀ ਕਿਸਮ ਦੀ ਬੇਨਿਯਮੀ ਤੋਂ ਬਹੁਤ ਸੁਚੇਤ ਰਹਿੰਦੀ ਹੈ। ਪਰ ਉਸਨੇ ਕਿਹਾ ਕਿ ਫੈਕਟਰੀ ਮਾਲਕ ਮਜ਼ਦੂਰਾਂ ਦੀ ਤਨਖਾਹ ਵਿੱਚੋਂ ਪੈਸੇ ਕੱਟਦੇ ਹਨ ਅਤੇ ਇਸਨੂੰ ਫੰਡਾਂ ਲਈ ਵਰਤਦੇ ਹਨ। ਐਕਟ 1976 ਦੇ ਤਹਿਤ ਸਰਕਾਰ ਵੱਲੋਂ ਇਸ ਫੰਡ ਵਿੱਚ ਬਰਾਬਰ ਦੀ ਰਕਮ ਦਿੱਤੀ ਜਾਂਦੀ ਹੈ। ਵਰਕਰ ਉਪਰੋਕਤ ਸਕੀਮਾਂ ਵਿੱਚੋਂ ਕਿਸੇ ਵੀ ਤਹਿਤ ਇਹ ਰਕਮ ਕਢਵਾ ਸਕਦਾ ਹੈ ਜਾਂ ਜਦੋਂ ਉਹ ਇਹ ਕੰਮ ਹਮੇਸ਼ਾ ਲਈ ਛੱਡ ਦਿੰਦਾ ਹੈ, ਤਾਂ ਉਹ ਆਪਣੇ ਭਵਿੱਖ ਲਈ ਜਮ੍ਹਾਂ ਕੀਤੇ ਪੈਸੇ ਇੱਕਮੁਸ਼ਤ ਕਢਵਾ ਸਕਦਾ ਹੈ।

ਜਦੋਂ ਖੁਸ਼ਬੂ ਨੇ ਦੋ ਮਹੀਨੇ ਪਹਿਲਾਂ ਬੀੜੀ ਬਣਾਉਣੀ ਬੰਦ ਕੀਤੀ, ਤਾਂ ਉਨ੍ਹਾਂ ਨੂੰ ਫੰਡ ਵਿੱਚੋਂ ਕੁੱਲ 3,000 ਰੁਪਏ ਮਿਲੇ। ਕੁਝ ਕਾਮਿਆਂ ਨੂੰ ਇਹ ਫੰਡ ਪ੍ਰਣਾਲੀ ਲਾਭਦਾਇਕ ਲੱਗਦੀ ਹੈ, ਪਰ ਕਈ ਹੋਰ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਮਿਹਨਤ ਬਦਲੇ ਪਹਿਲਾਂ ਨਾਲੋਂ ਘੱਟ ਪੈਸਾ ਮਿਲ ਰਿਹਾ ਹੈ। ਇਸ ਤੋਂ ਇਲਾਵਾ, ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਉਨ੍ਹਾਂ ਨੂੰ ਭਵਿੱਖ ਵਿੱਚ ਇਹ ਪੈਸਾ ਵਾਪਸ ਮਿਲੇਗਾ ਹੀ।

ਹਾਲਾਂਕਿ ਬੀੜੀ ਕਾਰਡ ਲਾਭਦਾਇਕ ਜਾਪਦਾ ਹੈ, ਪਰ ਇਸ ਨੂੰ ਬਣਾਉਣ ਦੀ ਪ੍ਰਕਿਰਿਆ 'ਤੇ ਸਹੀ ਨਜ਼ਰ ਨਾ ਰੱਖਣ ਕਾਰਨ ਕੁਝ ਕਾਮਿਆਂ ਲਈ ਇਹ ਮੁਸ਼ਕਲ ਭਰਿਆ ਕੰਮ ਵੀ ਹੈ। ਇੱਕ ਮਜ਼ਦੂਰ ਨੇ ਉਨ੍ਹਾਂ ਨੂੰ ਉਸ ਸਮੇਂ ਆਪ-ਬੀਤੀ ਦੱਸੀ ਜਦੋਂ ਉਹ ਆਪਣਾ ਬੀੜੀ ਕਾਰਡ ਬਣਾਉਣ ਲਈ ਸਥਾਨਕ ਕੇਂਦਰ ਗਈ ਸਨ ਅਤੇ ਉਥੇ ਮੌਜੂਦ ਸਾਹਿਬ (ਅਧਿਕਾਰੀ) ਨੇ ਉਨ੍ਹਾਂ ਦਾ ਜਿਣਸੀ ਸ਼ੋਸ਼ਣ ਕੀਤਾ। "ਉਸਨੇ ਮੈਨੂੰ ਸਿਰ ਤੋਂ ਪੈਰਾਂ ਤੱਕ ਵੇਖਿਆ ਅਤੇ ਦੂਜੇ ਦਿਨ ਆਉਣ ਲਈ ਕਿਹਾ। ਜਦੋਂ ਮੈਂ ਦੂਜੇ ਦਿਨ ਉੱਥੇ ਗਈ, ਤਾਂ ਆਪਣੇ ਛੋਟੇ ਭਰਾ ਨੂੰ ਵੀ ਆਪਣੇ ਨਾਲ਼ ਲੈ ਗਈ। ਉਸਨੇ ਮੈਨੂੰ ਪੁੱਛਿਆ ਕਿ ਮੈਂ ਆਪਣੇ ਭਰਾ ਨੂੰ ਆਪਣੇ ਨਾਲ਼ ਕਿਉਂ ਲੈ ਕੇ ਆਈ, ਮੈਨੂੰ ਉੱਥੇ ਇਕੱਲੇ ਹੀ ਆਉਣਾ ਚਾਹੀਦਾ ਸੀ," ਉਹ ਕਹਿੰਦੀ ਹਨ।

ਜਦੋਂ ਉਨ੍ਹਾਂ ਨੇ ਕਾਰਡ ਬਣਵਾਉਣ ਤੋਂ ਇਨਕਾਰ ਕਰ ਦਿੱਤਾ, ਤਾਂ ਵੀ ਉਹ ਉਨ੍ਹਾਂ ਨੂੰ ਘੂਰਦਾ ਅਤੇ ਪਰੇਸ਼ਾਨ ਕਰਦਾ ਰਿਹਾ। "ਅਗਲੇ ਦਿਨ, ਜਦੋਂ ਮੈਂ ਉਸ ਸੜਕ ਤੋਂ ਲੰਘ ਰਹੀ ਸੀ, ਤਾਂ ਉਸਨੇ ਮੈਨੂੰ ਵੇਖਿਆ ਅਤੇ ਮੈਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ। ਉਸਨੇ  ਚੰਗਾ ਤਮਾਸ਼ਾ ਸ਼ੁਰੂ ਕੀਤਾ," ਉਹ ਕਹਿੰਦੀ ਹਨ। "ਇਹ ਨਾ ਸੋਚੀਂ ਕਿ ਮੈਂ ਭੋਲੀ ਔਰਤ ਹਾਂ। ਮੈਂ ਇੱਥੇ ਤੇਰੇ ਗੰਦੇ ਇਰਾਦਿਆਂ ਦਾ ਹਿੱਸਾ ਬਣਨ ਨਹੀਂ ਆਈ, ਜੇ ਤੂੰ ਆਪਣੀਆਂ ਹਰਕਤਾਂ ਜਾਰੀ ਰੱਖੀਆਂ, ਤਾਂ ਮੈਂ ਤੇਰਾ ਤਬਾਦਲਾ ਕਰਵਾ ਦਿਆਂਗੀ,'' ਉਨ੍ਹਾਂ ਕਿਹਾ। ਘਟਨਾ ਨੂੰ ਚੇਤੇ ਕਰਦਿਆਂ ਵੀ ਉਨ੍ਹਾਂ ਦੀਆਂ ਮੁਠੀਆਂ ਭੀਚੀਆਂ ਹੋਈਆਂ ਹਨ ਅਤੇ ਆਵਾਜ਼ ਜੋਸ਼ ਨਾਲ਼ ਭਰ ਗਈ ਹੈ। ਉਹ ਕਹਿੰਦੀ ਹਨ, " ਬਹੁਤ ਹਿੰਮਤ ਲਗੀ ਥੀ ਤਬ। ਤਬਾਦਲਾ ਕੀਤੇ ਜਾਣ ਤੋਂ ਪਹਿਲਾਂ ਇਹ ਕੰਮ ਉਹਨੇ ਦੋ-ਤਿੰਨ ਹੋਰ ਔਰਤਾਂ ਨਾਲ਼ ਵੀ ਕੀਤਾ ਸੀ।''

*****

PHOTO • Kuhuo Bajaj
PHOTO • Kuhuo Bajaj

ਖੱਬੇ: ਬੀੜੀਆਂ ਬੰਨ੍ਹਣ ਤੋਂ ਬਾਅਦ ਪੈਕ ਕੀਤੇ ਜਾਣ ਅਤੇ ਵੇਚਣ ਲਈ ਤਿਆਰ ਹਨ। ਸੱਜੇ: ਅਨੀਤਾ (ਖੱਬੇ) ਅਤੇ ਜੈਨਵਤੀ (ਸੱਜੇ) , ਜੋ ਪਹਿਲਾਂ ਬੀੜੀ ਮਜ਼ਦੂਰ ਸਨ , ਆਪਣੇ ਬੀੜੀ ਬਣਾਉਣ ਦੇ ਤਜ਼ਰਬੇ ਸਾਂਝੇ ਕਰਦੀਆਂ ਹਨ

ਜਦੋਂ ਔਰਤਾਂ ਬੀੜੀਆਂ ਵੇਚਣ ਲਈ ਇਕੱਠੀਆਂ ਹੁੰਦੀਆਂ ਹਨ, ਤਾਂ ਉਹ ਆਪਣੀ ਵਾਰੀ ਦੀ ਉਡੀਕ ਕਰਦੇ ਹੋਏ ਹਾਸਾ-ਮਜਾਕ ਕਰਦੀਆਂ ਹਨ, ਅਤੇ ਆਪਣੀ ਪਿੱਠ ਅਤੇ ਹੱਥਾਂ ਦਾ ਦਰਦ ਭੁੱਲ ਜਾਂਦੀਆਂ ਹਨ। ਹਫਤੇ ਵਿੱਚ ਦੋ ਵਾਰੀ ਹੋਣ ਵਾਲ਼ੀਆਂ ਇਨ੍ਹਾਂ ਮੁਲਾਕਾਤਾਂ ਨਾਲ਼ ਭਾਈਚਾਰੇ ਦੀ ਭਾਵਨਾ ਵੀ ਪੈਦਾ ਹੁੰਦੀ ਹੈ।

''ਇਨ੍ਹਾਂ ਮੁਲਾਕਾਤਾਂ ਵਿੱਚ ਸਾਰਿਆਂ ਨੂੰ ਹੱਸਦਾ-ਖੇਡਦਾ ਦੇਖ ਕੇ ਮੈਨੂੰ ਵੀ ਚੰਗਾ ਮਹਿਸੂਸ ਹੁੰਦਾ ਹੈ। ਮੈਂ ਘਰੋਂ ਬਾਹਰ ਨਿਕਲ ਸਕਦੀ ਹਾਂ," ਕੁਝ ਔਰਤਾਂ ਨੇ ਇਸ ਰਿਪੋਰਟਰ ਨੂੰ ਦੱਸਿਆ।

ਵਾਤਾਵਰਣ ਵਿੱਚ ਨਿੱਘ ਅਤੇ ਭਾਸ਼ਣ ਹੈ। ਔਰਤਾਂ ਇੱਕ ਨਵੇਂ ਪਰਿਵਾਰਕ ਸੀਰੀਅਲ ਬਾਰੇ ਗੱਲ ਕਰਨ ਵਿੱਚ ਰੁੱਝੀਆਂ ਹੋਈਆਂ ਹਨ। ਕੁਝ ਲੋਕ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਦੇ ਝਗੜਿਆਂ ਬਾਰੇ ਗੱਲ ਕਰ ਰਹੇ ਹਨ। ਕੁਝ ਔਰਤਾਂ ਨੂੰ ਇੱਕ ਦੂਜੇ ਦੀ ਸਿਹਤ ਬਾਰੇ ਜਾਇਜ਼ ਚਿੰਤਾਵਾਂ ਹੁੰਦੀਆਂ ਹਨ। ਸੀਮਾ ਸਾਰਿਆਂ ਨੂੰ ਦੱਸ ਰਹੀ ਹਨ ਕਿ ਕਿਵੇਂ ਉਨ੍ਹਾਂ ਦੇ ਚਾਰ ਸਾਲਾ ਪੋਤੇ ਨੂੰ ਉਨ੍ਹਾਂ ਦੀ ਗਾਂ ਨੇ ਲਾਤ ਮਾਰੀ ਹੈ, ਕਿਉਂਕਿ ਉਹ ਗਾਂ ਨੂੰ ਛੇੜ ਰਿਹਾ ਸੀ ਜਦੋਂ ਉਸਦੀ ਮਾਂ ਸਵੇਰੇ ਦੁੱਧ ਚੋ ਰਹੀ ਸੀ; ਇਸ ਦੌਰਾਨ ਉਨ੍ਹਾਂ ਵਿਚੋਂ ਇਕ ਆਪਣੇ ਗੁਆਂਢੀ ਦੀ ਧੀ ਦੇ ਵਿਆਹ ਨਾਲ਼ ਜੁੜੀਆਂ ਤਾਜ਼ਾ ਖ਼ਬਰਾਂ ਦੱਸਣਾ ਸ਼ੁਰੂ ਕਰ ਦਿੰਦੀ ਹੈ।

ਪਰ ਜਦੋਂ ਉਹ ਆਪਣੇ ਘਰਾਂ ਨੂੰ ਪਰਤਣਾ ਸ਼ੁਰੂ ਕਰਦੀਆਂ ਹਨ, ਤਾਂ ਉਨ੍ਹਾਂ ਦੀ ਚਹਿਕ ਥੋੜ੍ਹੀ ਜਿਹੀ ਆਮਦਨੀ ਨਾਲ਼ ਘਰ ਚਲਾਉਣ ਦੀਆਂ ਚਿੰਤਾਵਾਂ ਦੇ ਅੱਗੇ ਦਮ ਤੋੜ ਦਿੰਦੀ ਹੈ। ਜਦੋਂ ਇਹ ਔਰਤਾਂ ਆਪਣੀ ਮਿਹਨਤ ਅਤੇ ਡਿੱਗਦੀ ਸਿਹਤ ਦੇ ਬਦਲੇ ਬੇਹੱਦ ਨਿਗੂਣੀ ਕਮਾਈ ਲਈ ਵਾਪਸ ਆਉਂਦੀਆਂ ਹਨ, ਤਾਂ ਇਹ ਬਿਲਕੁਲ ਵੀ ਉਚਿਤ ਨਹੀਂ ਜਾਪਦਾ।

ਸੀਮਾ ਨੂੰ ਅਜੇ ਵੀ ਉਹ ਦਰਦ ਅਤੇ ਮੁਸ਼ਕਲਾਂ ਚੇਤੇ ਆਉਂਦੀਆਂ ਹਨ ਜਿਨ੍ਹਾਂ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪਿਆ: "ਪਿੱਠ, ਤਲੀਆਂ ਅਤੇ ਬਾਹਾਂ... ਸਰੀਰ ਦੇ ਹਰ ਹਿੱਸੇ ਵਿੱਚ ਭਿਆਨਕ ਦਰਦ ਰਹਿੰਦਾ। ਜਿਹੜੀਆਂ ਉਂਗਲਾਂ ਤੁਸੀਂ ਦੇਖ ਰਹੇ ਹੋ ਉਹ ਬੀੜੀਆਂ ਲਪੇਟਦੇ ਰਹਿਣ ਕਾਰਨ ਪਤਲੀਆਂ ਹੋ ਗਈਆਂ ਅਤੇ ਗੰਢਲ ਵੀ।

ਆਪਣੀਆਂ ਸਮੱਸਿਆਵਾਂ ਅਤੇ ਚਿੰਤਾਵਾਂ ਦੇ ਬਾਵਜੂਦ, ਮੱਧ ਪ੍ਰਦੇਸ਼ ਦੀਆਂ ਇਹ ਬੀੜੀ ਮਜ਼ਦੂਰ ਸਖ਼ਤ ਮਿਹਨਤ ਕਰਨ ਤੋਂ ਪਿਛਾਂਹ ਨਹੀਂ ਹਟਦੀਆਂ। ਉਹ ਇੰਨੀ ਨਿਗੂਣੀ ਤਨਖਾਹ 'ਤੇ ਵੀ ਗੁਜਾਰਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਜਿਵੇਂ ਕਿ ਉਨ੍ਹਾਂ ਵਿੱਚੋਂ ਇੱਕ ਦਾ ਕਹਿਣਾ ਹੈ, "ਹੁਣ ਕੀ ਕਰੀਏ, ਹਰ ਕਿਸੇ ਦੀ ਆਪਣੀ ਹੀ ਮਜ਼ਬੂਰੀ ਹੁੰਦੀ ਹੈ।

ਸਟੋਰੀ ਵਿੱਚ ਸ਼ਾਮਲ ਕੁਝ ਕਿਰਦਾਰਾਂ ਦੇ ਨਾਮ ਬਦਲ ਦਿੱਤੇ ਗਏ ਹਨ।

ਤਰਜਮਾ: ਕਮਲਜੀਤ ਕੌਰ

Student Reporter : Kuhuo Bajaj

ਕੁਹੂਓ ਬਜਾਜ ਅਸ਼ੋਕਾ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ, ਵਿੱਤ ਅਤੇ ਅੰਤਰਰਾਸ਼ਟਰੀ ਸਬੰਧਾਂ ਦੀ ਅੰਡਰਗ੍ਰੈਜੂਏਟ ਵਿਦਿਆਰਥੀ ਹਨ। ਉਹ ਪੇਂਡੂ ਭਾਰਤ 'ਤੇ ਕਹਾਣੀਆਂ ਨੂੰ ਕਵਰ ਕਰਨ ਲਈ ਉਤਸੁਕ ਹਨ।

Other stories by Kuhuo Bajaj
Editor : PARI Desk

ਪਾਰੀ ਡੈਸਕ ਸਾਡੇ (ਪਾਰੀ ਦੇ) ਸੰਪਾਦਕੀ ਕੰਮ ਦਾ ਧੁਰਾ ਹੈ। ਸਾਡੀ ਟੀਮ ਦੇਸ਼ ਭਰ ਵਿੱਚ ਸਥਿਤ ਪੱਤਰਕਾਰਾਂ, ਖ਼ੋਜਕਰਤਾਵਾਂ, ਫ਼ੋਟੋਗ੍ਰਾਫਰਾਂ, ਫ਼ਿਲਮ ਨਿਰਮਾਤਾਵਾਂ ਅਤੇ ਅਨੁਵਾਦਕਾਂ ਨਾਲ਼ ਮਿਲ਼ ਕੇ ਕੰਮ ਕਰਦੀ ਹੈ। ਡੈਸਕ ਪਾਰੀ ਦੁਆਰਾ ਪ੍ਰਕਾਸ਼ਤ ਟੈਕਸਟ, ਵੀਡੀਓ, ਆਡੀਓ ਅਤੇ ਖ਼ੋਜ ਰਿਪੋਰਟਾਂ ਦੇ ਉਤਪਾਦਨ ਅਤੇ ਪ੍ਰਕਾਸ਼ਨ ਦਾ ਸਮਰਥਨ ਵੀ ਕਰਦੀ ਹੈ ਤੇ ਅਤੇ ਪ੍ਰਬੰਧਨ ਵੀ।

Other stories by PARI Desk
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur