ਮੇਰੀ ਮਾਂ ਅਕਸਰ ਮੈਨੂੰ ਕਿਹਾ ਕਰਦੀ ਸੀ,''ਕੁਮਾਰ, ਜੇ ਕਿੱਧਰੇ ਮੈਂ ਮੱਛੀ ਵਾਲ਼ਾ ਉਹ ਭਾਂਡਾ ਨਾ ਚੁੱਕਿਆ ਹੁੰਦਾ ਤਾਂ ਅਸੀਂ ਅੱਜ ਇੰਨੀ ਦੂਰ ਤੱਕ ਅੱਪੜ ਨਹੀਂ ਪਾਉਣਾ ਸੀ।'' ਇਹ ਉਹ ਸਾਲ ਸੀ ਜਦੋਂ ਮੇਰੇ ਪੈਦਾ ਹੋਣ ਬਾਅਦ ਉਨ੍ਹਾਂ ਨੇ ਮੱਛੀ ਵੇਚਣੀ ਸ਼ੁਰੂ ਕੀਤੀ ਤੇ ਇਸ ਤੋਂ ਬਾਅਦ ਮੇਰੇ ਜੀਵਨ ਵਿੱਚ ਮੱਛੀਆਂ ਦੀ ਅੱਡ ਥਾਂ ਬਣੀ ਰਹੀ।
ਮੱਛੀ ਦੀ ਹਵਾੜ ਸਾਡੇ ਘਰ ਦਾ ਹਿੱਸਾ ਬਣੀ ਰਹਿੰਦੀ। ਇੱਕ ਖੂੰਜੇ ਵਿੱਚ ਸੁੱਕੀਆਂ ਮੱਛੀਆਂ ਦਾ ਝੋਲ਼ਾ ਲਮਕਦਾ ਹੀ ਰਹਿੰਦਾ। ਪਹਿਲਾ ਮੀਂਹ ਪੈਂਦਾ ਤਾਂ ਕਾਰਪ ਮੱਛੀ ਆਉਂਦੀ ਸੀ ਜਿਹਨੂੰ ਅੰਮਾ ਰਿੰਨ੍ਹਿਆ ਕਰਦੀ। ਉਹ ਸੁਆਦੀ ਖਾਣਾ ਪਾਲ਼ੇ ਨਾਲ਼ ਲੜਨ ਵਿੱਚ ਮਦਦਗਾਰ ਰਹਿੰਦਾ। ਜਦੋਂ ਅੰਮਾ ਸ਼ੋਰਬੇ ਵਾਲ਼ੀ ਕੈਟਫਿਸ਼, ਸਪੌਟੇਡ ਸਨੇਕਹੈੱਡ ਜਾਂ ਸੇਲਾਪੀ ਪਕਾਉਂਦੀ ਤਾਂ ਇਹਦੀ ਮਹਿਕਾ ਪੂਰੇ ਘਰ ਵਿੱਚ ਤੈਰਨ ਲੱਗਦੀ।
ਜਦੋਂ ਮੈਂ ਛੋਟਾ ਸਾਂ ਤਾਂ ਮੱਛੀ ਫੜ੍ਹਨ ਵਾਸਤੇ ਅਕਸਰ ਸਕੂਲੋਂ ਛੁੱਟੀ ਮਾਰ ਲਿਆ ਕਰਦਾ। ਉਨ੍ਹੀਂ ਦਿਨੀਂ ਹਰ ਥਾਵੇਂ ਪਾਣੀ ਹੀ ਪਾਣੀ ਹੁੰਦਾ ਸੀ। ਮਦੁਰਈ ਦੇ ਜਵਾਹਰਲਾਲਪੁਰਮ ਇਲਾਕੇ ਵਿਖੇ, ਸਾਡੇ ਪੂਰੇ ਜ਼ਿਲ੍ਹੇ ਵਿੱਚ ਖੂਹ, ਨਦੀਆਂ, ਝੀਲਾਂ ਤੇ ਤਲਾਅ ਹੁੰਦੇ ਸਨ। ਮੈਂ ਆਪਣੇ ਦਾਦਾ ਜੀ ਨਾਲ਼ ਇੱਕ ਤਲਾਅ ਤੋਂ ਦੂਜੇ ਤਲਾਅ ਘੁੰਮਦਾ ਰਹਿੰਦਾ। ਸਾਡੇ ਕੋਲ਼ ਇੱਕ ਲਮਕਣ ਵਾਲ਼ੀ ਟੋਕਰੀ ਹੁੰਦੀ ਸੀ, ਜਿਹਨੂੰ ਅਸੀਂ ਪਾਣੀ ਵਿੱਚ ਪਾਉਂਦੇ ਤੇ ਮੱਛੀਆਂ ਫੜ੍ਹਦੇ। ਨਦੀ ਵਿੱਚ ਮੱਛੀਆਂ ਫੜ੍ਹਨ ਲਈ ਅਸੀਂ ਚਾਰੇ ਦੀ ਵਰਤੋਂ ਕਰਿਆ ਕਰਦੇ।
ਅੰਮਾ ਸਾਨੂੰ ਭੂਤ-ਪ੍ਰੇਤ ਦੀਆਂ ਕਹਾਣੀਆਂ ਸੁਣਾ-ਸੁਣਾ ਕੇ ਡਰਾਈ ਰੱਖਦੀ ਤਾਂਕਿ ਅਸੀਂ ਵਹਿੰਦੇ ਪਾਣੀ ਕੋਲ਼ ਨਾ ਜਾਈਏ। ਪਰ ਝੀਲਾਂ ਦਾ ਪਾਣੀ ਸੀ ਕਿ ਵਹਿੰਦਾ ਹੀ ਰਹਿੰਦਾ ਤੇ ਅਸੀਂ ਵੀ ਪਾਣੀ ਦੇ ਕੋਲ਼ ਹੀ ਮੰਡਰਾਉਂਦੇ ਰਹਿੰਦੇ। ਮੈਂ ਪਿੰਡ ਦੇ ਦੂਜੇ ਮੁੰਡਿਆਂ ਨਾਲ਼ ਮੱਛੀ ਫੜ੍ਹਦਾ ਹੁੰਦਾ ਸਾਂ। ਜਿਸ ਸਾਲ ਮੈਂ 10ਵੀਂ ਪਾਸ ਕੀਤੀ, ਪਾਣੀ ਦੀ ਕਿੱਲਤ ਹੋਣ ਲੱਗੀ। ਝੀਲਾਂ ਦਾ ਪੱਧਰ ਡਿੱਗ ਗਿਆ ਤੇ ਇਹਦਾ ਅਸਰ ਖੇਤੀ 'ਤੇ ਵੀ ਪੈਣ ਲੱਗਿਆ।
ਸਾਡੇ ਪਿੰਡ ਜਵਾਹਰਲਾਲਪੁਰਮ ਵਿਖੇ ਤਿੰਨ ਝੀਲਾਂ ਸਨ- ਵੱਡੀ ਝੀਲ, ਛੋਟੀ ਝੀਲ ਤੇ ਮਾਰੂਥਨਕੁਲਮ ਝੀਲ। ਮੇਰੇ ਘਰ ਦੇ ਨੇੜੇ ਵੱਡੀ ਝੀਲ ਤੇ ਛੋਟੀ ਝੀਲ ਨੂੰ ਨੀਲਾਮ ਕਰਕੇ ਪਿੰਡ ਵਾਲ਼ਿਆਂ ਨੂੰ ਠੇਕੇ 'ਤੇ ਦੇ ਦਿੱਤਾ ਜਾਂਦਾ ਸੀ। ਉਹ ਲੋਕ ਇਸ ਵਿੱਚ ਮੱਛੀਆਂ ਪਾਲ਼ਦੇ ਸਨ ਤੇ ਇਸੇ ਕਮਾਈ ਨਾਲ਼ ਉਨ੍ਹਾਂ ਦਾ ਘਰ ਚੱਲਦਾ ਸੀ। ਥਾਈ (ਅੱਧ ਜਨਵਰੀ ਤੋਂ ਅੱਧ ਫਰਵਰੀ) ਮਹੀਨੇ ਦੌਰਾਨ ਦੋਵਾਂ ਝੀਲਾਂ ਵਿੱਚ ਮੱਛੀਆਂ ਦੀ ਪੈਦਾਵਾਰ ਹੁੰਦੀ ਸੀ- ਇਸ ਸਮੇਂ ਨੂੰ ਮੱਛੀਆਂ ਫੜ੍ਹਨ ਦਾ ਮੌਸਮ ਕਿਹਾ ਜਾਂਦਾ ਹੈ।
ਜਦੋਂ ਮੇਰੇ ਪਿਤਾ ਝੀਲਾਂ ਵਾਲ਼ੀਆਂ ਮੱਛੀਆਂ ਖਰੀਦਣ ਜਾਂਦੇ ਤਾਂ ਮੈਂ ਵੀ ਉਨ੍ਹਾਂ ਦੇ ਨਾਲ਼ ਜਾਇਆ ਕਰਦਾ। ਉਨ੍ਹਾਂ ਦੇ ਸਾਈਕਲ ਦੇ ਮਗਰ ਇੱਕ ਬਕਸਾ ਬੱਝਿਆ ਹੁੰਦਾ ਸੀ ਤੇ ਅਸੀਂ ਮੱਛੀ ਖਰੀਦਣ ਵਾਸਤੇ ਕਦੇ-ਕਦਾਈਂ ਤਾਂ 20-30 ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਕਈ ਪਿੰਡਾਂ ਦੀ ਯਾਤਰਾ ਕਰ ਲੈਂਦੇ ਸਾਂ।


































