"ਜੇ ਪਾਨ ਦੇ ਪੱਤਿਆਂ ਦੀ ਫ਼ਸਲ ਬਚ ਜਾਂਦੀ, ਤਾਂ ਇਸ ਨਾਲ਼ ਮੈਨੂੰ [2023 ਵਿੱਚ] ਘੱਟੋ-ਘੱਟ 2 ਲੱਖ ਰੁਪਏ ਦੀ ਕਮਾਈ ਹੁੰਦੀ," ਢੇਉਰੀ ਪਿੰਡ ਦੇ 29 ਸਾਲਾ ਕਿਸਾਨ ਕਹਿੰਦੀ ਹਨ ਉਨ੍ਹਾਂ ਦੀ ਆਵਾਜ਼ ਵਿੱਚ ਉਦਾਸੀ ਅਤੇ ਨਿਰਾਸ਼ਾ ਹੈ। ਕਦੇ ਉਨ੍ਹਾਂ ਦਾ ਬਰੇਜਾ (ਬਗ਼ੀਚੀ) ਪ੍ਰਸਿੱਧ ਮਗਹੀ ਸੁਪਰੀ ਦੇ ਪੱਤਿਆਂ ਨਾਲ਼ ਲਿਸ਼-ਲਿਸ਼ ਕਰਦਾ ਹੁੰਦਾ, ਜੋ ਅੱਜ ਕੰਕਾਲ ਬਣ ਗਿਆ ਹੈ। ਇਸ ਮਾਰ ਨੇ ਉਨ੍ਹਾਂ ਨੂੰ ਦੂਜਿਆਂ ਦੇ ਬਰੇਜਾ ਵਿੱਚ ਮਜ਼ਦੂਰੀ ਕਰਨ ਲਈ ਮਜ਼ਬੂ਼ਰ ਕਰ ਦਿੱਤਾ ਹੈ।
ਨਵਾਦਾ ਉਨ੍ਹਾਂ ਦਰਜਨ ਜ਼ਿਲ੍ਹਿਆਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਕਈ ਦਿਨਾਂ ਤੱਕ ਤੀਬਰ ਗਰਮੀ ਦਾ ਸਾਹਮਣਾ ਕੀਤਾ। ਉਸ ਸਾਲ ਦੀ ਗਰਮੀ ਦਾ ਵਰਣਨ ਕਰਦੇ ਹੋਏ, ਉਹ ਅੱਗੇ ਕਹਿੰਦੀ ਹਨ, " ਲਗਤਾ ਥਾ ਕੀ ਆਸਮਾਨ ਸੇ ਆਗ ਬਾਰਸ ਰਹਾ ਹੋ ਔਰ ਹਮਲੋਂਗ ਜਲ ਜਾਏਂਗੇ। ਦੋਪਹਰ ਕੋ ਤੋ ਗਾਓਂ ਏਕਦਮ ਸੁਨਸਾਨ ਹੋ ਜਾਤਾ ਥਾ ਜੈਸੇ ਕੀ ਕਰਫੂ ਲਗ ਗਯਾ ਹੋ । ਜ਼ਿਲ੍ਹੇ ਦੇ ਵਾਰਿਸਾਲੀਗੰਜ ਮੌਸਮ ਵਿਭਾਗ ਨੇ ਵੱਧ ਤੋਂ ਵੱਧ ਤਾਪਮਾਨ 45.9 ਡਿਗਰੀ ਸੈਲਸੀਅਸ ਦਰਜ ਕੀਤਾ ਸੀ। 18 ਜੂਨ, 2023 ਨੂੰ ਦਿ ਹਿੰਦੂ ਵਿੱਚ ਪ੍ਰਕਾਸ਼ਤ ਇੱਕ ਰਿਪੋਰਟ ਅਨੁਸਾਰ ਇਸ ਘਟਨਾ ਤੋਂ ਬਾਅਦ ਬਿਹਾਰ ਅਤੇ ਉੱਤਰ ਪ੍ਰਦੇਸ਼ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।
ਲੂੰਹਦੀ ਗਰਮੀ ਦੇ ਬਾਵਜੂਦ ਵੀ "ਅਸੀਂ ਬਰੇਜਾ ਜਾਇਆ ਕਰਦੇ," ਕਰੁਣਾ ਦੇਵੀ ਕਹਿੰਦੀ ਹਨ। ਉਨ੍ਹਾਂ ਦਾ ਪਰਿਵਾਰ ਕੋਈ ਖ਼ਤਰਾ ਨਹੀਂ ਚੁੱਕ ਰਿਹਾ ਸੀ ਭਾਵੇਂਕਿ ਉਨ੍ਹਾਂ ਨੇ ਬਰੇਜਾ ਵਿੱਚ ਖੇਤੀ ਕਰਨ ਲਈ 1 ਲੱਖ ਰੁਪਏ ਦਾ ਕਰਜ਼ਾ ਲਿਆ ਸੀ, ਜੋ ਛੇ ਕੋਟਾ [ਲਗਭਗ 8,000 ਵਰਗ ਫੁੱਟ] ਦੇ ਖੇਤਰ ਵਿੱਚ ਫੈਲਿਆ ਹੋਇਆ ਹੈ।
ਬਿਹਾਰ ਵਿੱਚ ਪਾਨ ਦੇ ਪੱਤਿਆਂ ਦੇ ਬਾਗ਼ ਨੂੰ ਬਰੇਜਾ ਜਾਂ ਬਰੇਠਾ ਕਿਹਾ ਜਾਂਦਾ ਹੈ। ਇਹ ਝੌਂਪੜੀ ਵਰਗੀ ਬਣਤਰ ਨਾਜ਼ੁਕ ਵੇਲਾਂ ਨੂੰ ਗਰਮੀਆਂ ਵਿੱਚ ਧੁੱਪ ਅਤੇ ਸਰਦੀਆਂ ਵਿੱਚ ਤੇਜ਼ ਹਵਾਵਾਂ ਤੋਂ ਬਚਾਉਂਦੀ ਹੈ। ਇਹ ਢਾਂਚਾ ਆਮ ਤੌਰ 'ਤੇ ਬਾਂਸ ਦੀਆਂ ਡੰਡੀਆਂ, ਖਜੂਰ ਅਤੇ ਨਾਰੀਅਲ ਦੇ ਸੱਕਾਂ, ਕਣਕ ਦੀਆਂ ਨਾੜਾਂ, ਝੋਨੇ ਦੀ ਪਰਾਲੀ ਅਤੇ ਅਰਹਰ ਦੀਆਂ ਡੰਡੀਆਂ ਨਾਲ਼ ਘਿਰਿਆ ਹੁੰਦਾ ਹੈ। ਬਰੇਜਾ ਦੇ ਅੰਦਰ ਮਿੱਟੀ ਨੂੰ ਲੰਬੀਆਂ ਅਤੇ ਡੂੰਘੀਆਂ ਕਿਆਰੀਆਂ ਵਿੱਚ ਜੋਤਿਆ ਜਾਂਦਾ ਹੈ ਅਤੇ ਜਿੱਥੇ ਮਿੱਟੀ ਜਮ੍ਹਾਂ ਹੁੰਦੀ ਹੈ ਭਾਵ ਵੱਟਾਂ ਦੇ ਉੱਪਰ ਹੀ ਤਣਿਆਂ ਨੂੰ ਲਗਾਇਆ ਜਾਂਦਾ ਹੈ, ਤਾਂ ਜੋ ਪਾਣੀ ਪੌਦੇ ਦੀ ਜੜ੍ਹ ਤੱਕ ਨਾ ਪਹੁੰਚ ਸਕੇ, ਕਿਉਂਕਿ ਜੜ੍ਹ ਵਿੱਚ ਪਾਣੀ ਜਮ੍ਹਾਂ ਹੁੰਦਿਆਂ ਹੀ ਪੌਦੇ ਸੜ ਜਾਂਦੇ ਹਨ।
ਪਿਛਲੇ ਸਾਲ, ਭਿਆਨਕ ਗਰਮੀ ਦਾ ਸਾਹਮਣਾ ਕਰਦੇ ਹੋਏ, ਕਰੁਣਾ ਦੇਵੀ ਦੇ ਪਤੀ ਯਾਦ ਕਰਦੇ ਹਨ ਕਿ ਕਿਵੇਂ "ਅਸੀਂ ਪੌਦਿਆਂ ਨੂੰ ਦਿਨ ਵਿੱਚ ਸਿਰਫ਼ 2-3 ਵਾਰ ਹੀ ਪਾਣੀ ਦਿੰਦੇ ਸੀ, ਕਿਉਂਕਿ ਵਧੇਰੇ ਸਿੰਚਾਈ ਨਾਲ਼ ਲਾਗਤ ਵਧ ਜਾਂਦੀ ਸੀ। ਪਰ ਮੌਸਮ ਇੰਨਾ ਗਰਮ ਸੀ ਕਿ ਕੋਈ ਪੌਦਾ ਬਚ ਨਾ ਪਾਇਆ। "ਪੌਦੇ ਸੁੱਕਣੇ ਸ਼ੁਰੂ ਹੋ ਗਏ ਅਤੇ ਜਲਦੀ ਹੀ ਬਰੇਜਾ ਬਰਬਾਦ ਹੋ ਗਿਆ," 40 ਸਾਲਾ ਸੁਨੀਲ ਚੌਰਸੀਆ ਕਹਿੰਦੇ ਹਨ। ਪਾਨ ਦੇ ਪੱਤਿਆਂ ਦੀ ਪੂਰੀ ਫ਼ਸਲ ਬਰਬਾਦ ਹੋ ਗਈ। "ਮੈਨੂੰ ਨਹੀਂ ਪਤਾ ਕਿ ਅਸੀਂ ਕਰਜ਼ਾ ਕਿਵੇਂ ਮੋੜਾਂਗੇ," ਚਿੰਤਤ ਕਰੁਣਾ ਕਹਿੰਦੀ ਹਨ।
ਇਸ ਖੇਤਰ ਦਾ ਅਧਿਐਨ ਕਰਨ ਵਾਲ਼ੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਮਗਧ ਖੇਤਰ ਵਿੱਚ ਮੌਸਮ ਦਾ ਪੈਟਰਨ ਬਦਲ ਰਿਹਾ ਹੈ। ਵਾਤਾਵਰਣ ਵਿਗਿਆਨੀ ਪ੍ਰੋ. ਪ੍ਰਧਾਨ ਪਾਰਥ ਸਾਰਥੀ ਕਹਿੰਦੇ ਹਨ, "ਅਸੀਂ ਦੇਖ ਰਹੇ ਹਾਂ ਕਿ ਮੌਸਮ ਦਾ ਜਿਹੜਾ ਪੈਟਰਨ ਪਹਿਲਾਂ ਇੱਕੋ ਜਿਹਾ ਹੁੰਦਾ ਸੀ, ਉਹ ਹੁਣ ਕਾਫ਼ੀ ਅਨਿਯਮਿਤ ਹੋ ਗਿਆ ਹੈ। ਤਾਪਮਾਨ ਵਿੱਚ ਅਚਾਨਕ ਵਾਧਾ ਹੋ ਜਾਂਦਾ ਹੈ ਅਤੇ ਕਈ ਵਾਰ ਇੱਕ ਜਾਂ ਦੋ ਦਿਨਾਂ ਵਿੱਚ ਭਾਰੀ ਬਾਰਸ਼ ਹੋ ਜਾਂਦੀ ਹੈ।''
ਸਾਲ 2022 'ਚ ਸਾਇੰਸ ਡਾਇਰੈਕਟ ਜਰਨਲ 'ਚ ਪ੍ਰਕਾਸ਼ਿਤ 'ਭਾਰਤ ਦੇ ਦੱਖਣੀ ਬਿਹਾਰ 'ਚ ਵਾਤਾਵਰਣ ਤਬਦੀਲੀ ਅਤੇ ਧਰਤੀ ਹੇਠਲੇ ਪਾਣੀ ਦੀ ਪਰਿਵਰਤਨਸ਼ੀਲਤਾ' ਸਿਰਲੇਖ ਵਾਲ਼ੇ ਇਕ ਖੋਜ ਪੱਤਰ 'ਚ ਕਿਹਾ ਗਿਆ ਹੈ ਕਿ 1958-2019 ਦੌਰਾਨ ਔਸਤ ਤਾਪਮਾਨ 'ਚ 0.5 ਡਿਗਰੀ ਸੈਲਸੀਅਸ ਦਾ ਵਾਧਾ ਹੋਇਆ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ 1990ਵਿਆਂ ਦੇ ਦਹਾਕੇ ਤੋਂ ਮਾਨਸੂਨ ਦੀ ਬਾਰਸ਼ ਵਿੱਚ ਸਪੱਸ਼ਟ ਤੇ ਕਾਫ਼ੀ ਅਨਿਸ਼ਚਿਤਤਾ ਦੇਖੀ ਗਈ ਹੈ।
ਢੇਉਰੀ ਪਿੰਡ ਦੇ ਇੱਕ ਹੋਰ ਕਿਸਾਨ, ਅਜੈ ਪ੍ਰਸਾਦ ਚੌਰਸੀਆ ਕਹਿੰਦੇ ਹਨ, " ਮਗਹੀ ਪਾਨ ਕਾ ਖੇਤੀ ਜੁਆ ਜੈਸਾ ਹੈ। " ਉਹ ਕਈ ਮਗਹੀ ਕਿਸਾਨਾਂ ਵੱਲੋਂ ਹੀ ਬੋਲ ਰਹੇ ਹਨ ਜੋ ਇਹਦਾ ਨੁਕਸਾਨ ਝੱਲ ਚੁੱਕੇ ਹਨ। ''ਅਸੀਂ ਸਖ਼ਤ ਮਿਹਨਤ ਕਰਦੇ ਹਾਂ, ਪਰ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੁੰਦੀ ਕਿ ਸੁਪਾਰੀ ਦੇ ਪੌਦੇ ਬਚਣਗੇ ਵੀ ਜਾਂ ਨਹੀਂ," ਉਹ ਅੱਗੇ ਕਹਿੰਦੇ ਹਨ।
ਪਾਨ ਦੇ ਪੱਤੇ ਰਵਾਇਤੀ ਤੌਰ 'ਤੇ ਚੌਰਸੀਆ ਲੋਕਾਂ ਦੁਆਰਾ ਉਗਾਏ ਜਾਂਦੇ ਹਨ, ਜੋ ਬਿਹਾਰ ਦੇ ਸਭ ਤੋਂ ਪਿਛੜੇ ਵਰਗ (ਈਬੀਸੀ) ਨਾਲ਼ ਸਬੰਧਤ ਹਨ। ਬਿਹਾਰ ਸਰਕਾਰ ਵੱਲੋਂ ਹਾਲ ਹੀ ਵਿੱਚ ਕਰਵਾਏ ਗਏ ਜਾਤੀ ਸਰਵੇਖਣ ਅਨੁਸਾਰ ਰਾਜ ਵਿੱਚ ਛੇ ਲੱਖ ਤੋਂ ਵੱਧ ਚੌਰਸੀਆ ਲੋਕ ਰਹਿੰਦੇ ਹਨ।
ਢੇਉਰੀ ਪਿੰਡ ਨਵਾਦਾ ਦੇ ਹਿਸੂਆ ਬਲਾਕ ਵਿੱਚ ਸਥਿਤ ਹੈ; ਇਸ ਦੀ 1,549 (ਮਰਦਮਸ਼ੁਮਾਰੀ 2011) ਦੀ ਅੱਧੀ ਤੋਂ ਵੱਧ ਆਬਾਦੀ ਖੇਤੀਬਾੜੀ ਵਿੱਚ ਲੱਗੀ ਹੋਈ ਹੈ।
2023 ਦੀ ਗਰਮੀ ਦੀ ਲਹਿਰ ਤੋਂ ਪਹਿਲਾਂ, 2022 ਵਿੱਚ ਬਹੁਤ ਭਾਰੀ ਬਾਰਸ਼ ਹੋਈ ਸੀ। ਰਣਜੀਤ ਚੌਰਸੀਆ ਕਹਿੰਦੇ ਹਨ, " ਲਗਤਾ ਥਾ ਜੈਸੇ ਪ੍ਰਲੇ ਆਨੇ ਵਾਲ਼ਾ ਹੋ। ਅੰਧੇਰਾ ਛਾ ਜਾਤਾ ਥਾ ਅਤੇ ਲਗਤਾਰ ਬਰਸਾ ਹੋਤਾ ਥਾ। ਹਮ ਲੋਗ ਭੀਗ ਭੀਗ ਕਰ ਖੇਤ ਵਿੱਚ ਰਹਿਤੇ ਥੇ। ‘‘
55 ਸਾਲਾ ਰਣਜੀਤ ਦਾ ਕਹਿਣਾ ਹੈ ਕਿ ਉਸ ਤੋਂ ਬਾਅਦ ਉਨ੍ਹਾਂ ਨੂੰ ਬੁਖਾਰ ਚੜ੍ਹ ਗਿਆ ਸੀ ਅਤੇ ਕਾਫ਼ੀ ਨੁਕਸਾਨ ਹੋਇਆ। "ਮੇਰੇ ਪਿੰਡ ਦੇ ਜ਼ਿਆਦਾਤਰ ਸੁਪਾਰੀ ਕਿਸਾਨਾਂ ਨੂੰ ਉਸ ਸਾਲ ਨੁਕਸਾਨ ਝੱਲਣਾ ਪਿਆ," ਉਹ ਕਹਿੰਦੇ ਹਨ,''ਮੈਂ ਪੰਜ ਕੱਟਾ (ਲਗਭਗ 6,800 ਵਰਗ ਫੁੱਟ) ਵਿੱਚ ਪਾਨ ਦੇ ਪੱਤਿਆਂ ਦੀ ਕਾਸ਼ਤ ਕੀਤੀ। ਪਾਣੀ ਭਰਨ ਕਾਰਨ ਵੇਲਾਂ ਸੁੱਕ ਗਈਆਂ।'' ਓਡੀਸ਼ਾ ਵਿੱਚ ਚੱਕਰਵਾਤ, ਅਸਾਨੀ ਕਾਰਨ ਤਿੰਨ-ਚਾਰ ਦਿਨਾਂ ਤੱਕ ਭਾਰੀ ਬਾਰਸ਼ ਹੋਈ।
"ਲੂ ਮਿੱਟੀ ਨੂੰ ਸੁਕਾ ਦਿੰਦੀ ਹੈ, ਸੋ ਪੌਦੇ ਦਾ ਵਿਕਾਸ ਵੀ ਰੁੱਕ ਜਾਂਦਾ ਹੈ ਅਤੇ ਜਦੋਂ ਅਚਾਨਕ ਮੀਂਹ ਪੈਂਦਾ ਹੈ, ਤਾਂ ਪੌਦੇ ਸੁੱਕ ਜਾਂਦੇ ਹਨ," ਮਗਹੀ ਪਾਨ ਉਤਪਾਦਕ ਭਲਾਈ ਕਮੇਟੀ ਦੇ ਪ੍ਰਧਾਨ ਰਣਜੀਤ ਕਹਿੰਦੇ ਹਨ, "ਪੌਦੇ ਨਵੇਂ ਸਨ। ਉਨ੍ਹਾਂ ਦੀ ਦੇਖਭਾਲ਼ ਨਵਜੰਮੇ ਬੱਚੇ ਵਾਂਗ ਕੀਤੀ ਜਾਣੀ ਚਾਹੀਦੀ ਸੀ। ਜਿਨ੍ਹਾਂ ਨੇ ਇੰਝ ਨਹੀਂ ਕੀਤਾ, ਉਨ੍ਹਾਂ ਦੀਆਂ ਵੇਲਾਂ ਸੁੱਕ ਗਈਆਂ।''
2023 ਵਿੱਚ, ਉਨ੍ਹਾਂ ਦੇ ਪੌਦੇ ਲੂ ਤੋਂ ਜਿਵੇਂ-ਕਿਵੇਂ ਬਚ ਗਏ, ਕਿਉਂਕਿ ਉਨ੍ਹਾਂ ਨੇ ਕਈ ਵਾਰ ਇਸ 'ਤੇ ਪਾਣੀ ਛਿੜਕਿਆ, "ਮੈਨੂੰ ਉਨ੍ਹਾਂ ਨੂੰ ਕਈ-ਕਈ ਵਾਰ ਪਾਣੀ ਦੇਣਾ ਪਿਆ। ਕਈ ਵਾਰ ਦਿਨ ਵਿੱਚ 10 ਵਾਰ ਵੀ,'' ਰਣਜੀਤ ਕਹਿੰਦੇ ਹਨ।
ਮਗਹੀ ਉਗਾਉਣ ਵਾਲ਼ੇ ਸਾਥੀ ਕਿਸਾਨ ਅਜੈ ਅਤੇ ਉਨ੍ਹਾਂ ਦੇ ਗੁਆਂਢੀ ਦਾ ਕਹਿਣਾ ਹੈ ਕਿ ਮੌਸਮ ਵਿੱਚ ਭਾਰੀ ਤਬਦੀਲੀ ਦੀਆਂ ਘਟਨਾਵਾਂ ਕਾਰਨ ਉਨ੍ਹਾਂ ਨੂੰ ਪੰਜ ਸਾਲਾਂ ਵਿੱਚ ਦੋ ਵਾਰ ਨੁਕਸਾਨ ਝੱਲਣਾ ਪਿਆ। 2019 ਵਿੱਚ, 45 ਸਾਲਾ ਅਜੈ ਨੇ ਚਾਰ ਕੱਟਾ (ਲਗਭਗ 5,444 ਵਰਗ ਫੁੱਟ) ਵਿੱਚ ਸੁਪਾਰੀ ਦੀ ਖੇਤੀ ਕੀਤੀ। ਇਹ ਭਿਆਨਕ ਠੰਡ ਨਾਲ਼ ਬਰਬਾਦ ਹੋ ਗਈ; ਅਕਤੂਬਰ 2021 ਵਿੱਚ, ਚੱਕਰਵਾਤ ਗੁਲਾਬ ਕਾਰਨ ਹੋਈ ਭਾਰੀ ਬਾਰਸ਼ ਨੇ ਪਾਨ ਦੀ ਖੇਤੀ ਨੂੰ ਤਬਾਹ ਕਰ ਦਿੱਤਾ। "ਦੋਵਾਂ ਸਾਲਾਂ ਵਿੱਚ ਮੈਨੂੰ ਲਗਭਗ 2 ਲੱਖ ਰੁਪਏ ਦਾ ਨੁਕਸਾਨ ਹੋਇਆ," ਉਹ ਯਾਦ ਕਰਦੇ ਹਨ।
*****
ਅਜੈ ਚੌਰਸੀਆ ਸੁਪਾਰੀ ਵੇਲਾਂ ਨੂੰ ਬਾਂਸ ਜਾਂ ਸਰਕੰਡਾ ਦੇ ਪਤਲੇ ਤੀਲਿਆਂ ਨਾਲ਼ ਬੰਨ੍ਹ ਰਹੇ ਹਨ ਤਾਂ ਜੋ ਇਸ ਨੂੰ ਹਿੱਲਣ ਅਤੇ ਡਿੱਗਣ ਤੋਂ ਰੋਕਿਆ ਜਾ ਸਕੇ। ਦਿਲ ਦੇ ਆਕਾਰ ਦੇ ਪਾਨ ਦੇ ਚਮਕਦਾਰ ਪੱਤੇ ਵੇਲ਼ ਤੋਂ ਲਮਕੇ ਹੋਏ ਹਨ; ਉਹ ਕੁਝ ਦਿਨਾਂ ਵਿੱਚ ਤੁੜਾਈ ਲਈ ਤਿਆਰ ਹੋ ਜਾਣਗੇ।
ਹਰੇ ਢਾਂਚੇ ਵਿੱਚ ਤਾਪਮਾਨ ਬਾਹਰ ਨਾਲੋਂ ਠੰਡਾ ਹੁੰਦਾ ਹੈ। ਅਜੈ ਦਾ ਕਹਿਣਾ ਹੈ ਕਿ ਬਹੁਤ ਜ਼ਿਆਦਾ ਗਰਮੀ, ਠੰਡ ਅਤੇ ਜ਼ਿਆਦਾ ਬਾਰਸ਼ ਸੁਪਾਰੀ ਪਲਾਂਟ ਲਈ ਸਭ ਤੋਂ ਵੱਡਾ ਖਤਰਾ ਹੈ। ਗਰਮੀਆਂ ਵਿੱਚ, ਜੇ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੱਧ ਜਾਵੇ ਤਾਂ ਉਨ੍ਹਾਂ ਨੂੰ ਆਪਣੇ ਆਪ ਪਾਣੀ ਦਾ ਛਿੜਕਾਅ ਕਰਨਾ ਪੈਂਦਾ ਹੈ। ਉਹ ਆਪਣੇ ਮੋਢਿਆਂ 'ਤੇ ਲਗਭਗ ਪੰਜ ਲੀਟਰ ਪਾਣੀ ਦਾ ਘੜਾ ਚੁੱਕੀ ਹੌਲ਼ੀ-ਹੌਲ਼ੀ ਅੱਗੇ ਵੱਧਦੇ ਜਾਂਦੇ ਹਨ ਤੇ ਨਿਕਲ਼ਦੀ ਧਾਰ ਨੂੰ ਖਿੰਡਾਉਣ ਲਈ ਹੱਥ ਦੀ ਵਰਤੋਂ ਕਰਦੇ ਹਨ। "ਜੇ ਮੌਸਮ ਬਹੁਤ ਗਰਮ ਹੋਵੇ ਤਾਂ ਸਾਨੂੰ ਕਈ ਵਾਰ ਇੰਝ ਕਰਨਾ ਪੈਂਦਾ ਹੈ। ਪਰ ਪੌਦਿਆਂ ਨੂੰ ਮੀਂਹ ਅਤੇ ਠੰਡ ਤੋਂ ਬਚਾਉਣ ਦਾ ਸਾਡੇ ਕੋਲ਼ ਕੋਈ ਤਰੀਕਾ ਨਹੀਂ,'' ਉਹ ਕਹਿੰਦ ਹਨ।
ਗਯਾ ਵਿੱਚ ਦੱਖਣੀ ਬਿਹਾਰ ਕੇਂਦਰੀ ਯੂਨੀਵਰਸਿਟੀ ਦੇ ਸਕੂਲ ਆਫ਼ ਅਰਥ, ਬਾਇਓਲੋਜੀਕਲ ਐਂਡ ਇਨਵਾਇਰਨਮੈਂਟਲ ਸਾਇੰਸਜ਼ ਦੇ ਡੀਨ ਸਾਰਥੀ ਕਹਿੰਦੇ ਹਨ, "ਹਾਲਾਂਕਿ ਇਸ 'ਤੇ ਕੋਈ ਅਧਿਐਨ ਨਹੀਂ ਹੋਇਆ ਹੈ ਕਿ ਜਲਵਾਯੂ ਤਬਦੀਲੀ ਨੇ ਮੌਸਮ ਨੂੰ ਅਨਿਯਮਤ ਬਣਾਉਣ ਵਿੱਚ ਕਿਸ ਹੱਦ ਤੱਕ ਯੋਗਦਾਨ ਪਾਇਆ, ਪਰ ਬਦਲਦੇ ਮੌਸਮ ਦੇ ਪੈਟਰਨ ਜਲਵਾਯੂ ਤਬਦੀਲੀ ਦੇ ਅਸਰ ਦਾ ਸੰਕੇਤ ਜ਼ਰੂਰ ਦਿੰਦੇ ਹਨ।''
ਅਜੈ ਕੋਲ਼ ਅੱਠ ਕੱਠਾ (ਲਗਭਗ 10,000 ਵਰਗ ਫੁੱਟ) ਜ਼ਮੀਨ ਹੈ, ਪਰ ਇਹ ਖਿੱਲਰੀ ਹੋਈ ਹੈ, ਇਸ ਲਈ ਉਸਨੇ ਤਿੰਨ ਕੱਠੇ ਜ਼ਮੀਨ 5,000 ਰੁਪਏ ਪ੍ਰਤੀ ਸਾਲ ਦੇ ਹਿਸਾਬ ਨਾਲ਼ ਕਿਰਾਏ 'ਤੇ ਲਈ ਹੈ ਅਤੇ ਉਸ ਜ਼ਮੀਨ 'ਤੇ ਮਗਹੀ ਸੁਪਾਰੀ ਪੱਤਿਆਂ ਦੀ ਕਾਸ਼ਤ ਕਰਨ ਲਈ 75,000 ਰੁਪਏ ਦਾ ਨਿਵੇਸ਼ ਕੀਤਾ ਹੈ। ਉਸਨੇ ਇੱਕ ਸਥਾਨਕ ਸਵੈ-ਸਹਾਇਤਾ ਸਮੂਹ ਤੋਂ 40,000 ਰੁਪਏ ਦਾ ਕਰਜ਼ਾ ਲਿਆ ਹੈ, ਜਿਸ ਨੂੰ ਅਗਲੇ ਅੱਠ ਮਹੀਨਿਆਂ ਵਿੱਚ 6,000 ਰੁਪਏ ਪ੍ਰਤੀ ਮਹੀਨਾ ਦੀਆਂ ਮਹੀਨਾਵਾਰ ਕਿਸ਼ਤਾਂ ਵਿੱਚ ਵਾਪਸ ਕਰਨਾ ਹੈ। ਸਤੰਬਰ 2023 ਵਿੱਚ ਸਾਡੇ ਨਾਲ਼ ਗੱਲ ਕਰਦਿਆਂ, ਉਹ ਕਹਿੰਦੇ ਹਨ, "ਹੁਣ ਤੱਕ, ਮੈਂ ਦੋ ਕਿਸ਼ਤਾਂ (12,000 ਰੁਪਏ) ਦਾ ਹੀ ਭੁਗਤਾਨ ਕੀਤਾ ਹੈ।''
ਅਜੈ ਦੀ ਪਤਨੀ, 40 ਸਾਲਾ ਗੰਗਾ ਦੇਵੀ, ਕਈ ਵਾਰ ਖੇਤਾਂ ਵਿੱਚ ਉਨ੍ਹਾਂ ਦੀ ਮਦਦ ਕਰਦੀ ਹਨ ਅਤੇ ਹੋਰ ਕਿਸਾਨਾਂ ਦੇ ਖੇਤਾਂ ਵਿੱਚ ਖੇਤ ਮਜ਼ਦੂਰੀ ਵੀ ਕਰਦੀ ਹਨ। "ਇਹ ਇੱਕ ਮੁਸ਼ਕਲ ਕੰਮ ਹੈ ਤੇ ਸਾਨੂੰ ਸਿਰਫ਼ 200 ਰੁਪਏ ਦਿਹਾੜੀ ਮਿਲ਼ਦੀ ਹੈ," ਉਹ ਆਪਣੀ ਤਨਖਾਹ ਬਾਰੇ ਕਹਿੰਦੇ ਹਨ। ਉਨ੍ਹਾਂ ਦੇ ਚਾਰ ਬੱਚੇ- ਨੌ ਸਾਲਾ ਧੀ ਤੇ 14, 13 ਤੇ 6 ਸਾਲਾ ਪੁੱਤਰ ਦੇਉਰੀ ਦੇ ਸਰਕਾਰੀ ਸਕੂਲ ਪੜ੍ਹਦੇ ਹਨ।
ਮੌਸਮ ਵਿੱਚ ਭਾਰੀ ਤਬਦੀਲੀਆਂ ਦੀਆਂ ਘਟਨਾਵਾਂ ਕਾਰਨ ਫ਼ਸਲਾਂ ਦੇ ਹੋਏ ਨੁਕਸਾਨ ਨੇ ਪਾਨ ਕਿਸਾਨਾਂ ਨੂੰ ਦੂਜੇ ਕਿਸਾਨਾਂ ਦੇ ਖੇਤਾਂ ਵਿੱਚ ਮਜ਼ਦੂਰੀ ਕਰਨ ਲਈ ਮਜ਼ਬੂਰ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਕੋਲ਼ ਇਨ੍ਹਾਂ ਫ਼ਸਲਾਂ ਦੀ ਬਿਜਾਈ ਕਰਨ ਵਿੱਚ ਮੁਹਾਰਤ ਹੈ।
*****
ਮਗਹੀ ਪਾਨ ਦੇ ਪੱਤਿਆਂ ਦਾ ਨਾਮ ਮਗਧ ਤੋਂ ਮਿਲਿਆ ਹੈ, ਜਿੱਥੇ ਉਨ੍ਹਾਂ ਦੀ ਵਿਸ਼ੇਸ਼ ਤੌਰ 'ਤੇ ਕਾਸ਼ਤ ਕੀਤੀ ਜਾਂਦੀ ਹੈ। ਮਗਧ ਖੇਤਰ ਵਿੱਚ ਦੱਖਣੀ ਬਿਹਾਰ ਦੇ ਗਯਾ, ਔਰੰਗਾਬਾਦ, ਨਵਾਦਾ ਅਤੇ ਨਾਲੰਦਾ ਜ਼ਿਲ੍ਹੇ ਸ਼ਾਮਲ ਹਨ। "ਕੋਈ ਨਹੀਂ ਜਾਣਦਾ ਕਿ ਮਗਹੀ ਦੇ ਪੌਦੇ ਦੀ ਪਹਿਲੀ ਕਲਮ ਕਿਵੇਂ ਅਤੇ ਕਦੋਂ ਇੱਥੇ ਪਹੁੰਚੀ, ਪਰ ਇਸ ਦੀ ਕਾਸ਼ਤ ਪੀੜ੍ਹੀਆਂ ਤੋਂ ਚੱਲ ਰਹੀ ਹੈ। ਅਸੀਂ ਸੁਣਿਆ ਹੈ ਕਿ ਪਹਿਲਾ ਪੌਦਾ ਮਲੇਸ਼ੀਆ ਤੋਂ ਆਇਆ ਸੀ,'' ਰਣਜੀਤ ਕਹਿੰਦੇ ਹਨ ਜਿਨ੍ਹਾਂ ਨੂੰ ਪਾਨ ਦੇ ਪੱਤਿਆਂ ਵਿੱਚ ਡੂੰਘੀ ਦਿਲਚਸਪੀ ਹੈ। ਉਨ੍ਹਾਂ ਨੇ ਹੀ ਮਗਹੀ ਪਾਨ ਦੇ ਪੱਤਿਆਂ ਦੇ ਭੂਗੋਲਿਕ ਸੰਕੇਤ (ਜੀਆਈ) ਟੈਗ ਲਈ ਅਰਜ਼ੀ ਦਿੱਤੀ ਸੀ।
ਮਗਹੀ ਪਾਨ ਦਾ ਪੱਤਾ ਇੱਕ ਛੋਟੇ ਬੱਚੇ ਦੀ ਤਲ਼ੀ ਦੇ ਆਕਾਰ ਦਾ ਹੁੰਦਾ ਹੈ, ਭਾਵ 8 ਤੋਂ 15 ਸੈਂਟੀਮੀਟਰ ਲੰਬਾ ਅਤੇ 6.6 ਤੋਂ 12 ਸੈਂਟੀਮੀਟਰ ਚੌੜਾ। ਸੁਗੰਧਿਤ ਅਤੇ ਮਲੂਕ ਜਿਹੇ ਇਸ ਪੱਤੇ ਵਿੱਚ ਲਗਭਗ ਕੋਈ ਫਾਈਬਰ ਨਹੀਂ ਹੁੰਦਾ, ਇਸ ਲਈ ਇਹ ਮੂੰਹ ਵਿੱਚ ਬਹੁਤ ਆਸਾਨੀ ਨਾਲ਼ ਘੁਲ਼ ਜਾਂਦਾ ਹੈ। ਇਸ ਵਿੱਚ ਇੱਕ ਵਿਲੱਖਣ ਗੁਣ ਹੈ, ਜੋ ਇਸ ਨੂੰ ਹੋਰ ਪਾਨ ਦੀਆਂ ਕਿਸਮਾਂ ਨਾਲ਼ੋਂ ਉੱਤਮ ਬਣਾਉਂਦਾ ਹੈ। ਇਸ ਦੀ ਉਮਰ ਵੀ ਲੰਬੀ ਹੁੰਦੀ ਹੈ। ਇਸ ਨੂੰ ਤੋੜਨ ਤੋਂ ਬਾਅਦ 3-4 ਮਹੀਨਿਆਂ ਲਈ ਰੱਖਿਆ ਜਾ ਸਕਦਾ ਹੈ।
"ਉਨ੍ਹਾਂ ਨੂੰ ਗਿੱਲੇ ਕੱਪੜੇ ਵਿੱਚ ਲਪੇਟ ਕੇ ਠੰਡੀ ਥਾਂ 'ਤੇ ਰੱਖਣਾ ਪੈਂਦਾ ਹੈ ਅਤੇ ਰੋਜ਼ਾਨਾ ਜਾਂਚ ਕਰਨੀ ਪੈਂਦੀ ਹੈ ਕਿ ਕਿਤੇ ਕੋਈ ਪੱਤਾ ਸੜ ਤਾਂ ਨਹੀਂ ਰਿਹਾ। ਜੇ ਇੰਝ ਹੋਵੇ ਤਾਂ ਇਸ ਨੂੰ ਤੁਰੰਤ ਹਟਾਉਣਾ ਪੈਂਦਾ ਹੈ, ਨਹੀਂ ਤਾਂ ਹੋਰ ਪੱਤੇ ਵੀ ਸੜ ਸਕਦੇ ਹਨ,'' ਰਣਜੀਤ ਕਹਿੰਦੇ ਹਨ। ਅਸੀਂ ਉਨ੍ਹਾਂ ਨੂੰ ਆਪਣੇ ਪੱਕੇ ਘਰ ਵਿੱਚ ਫਰਸ਼ 'ਤੇ ਬੈਠੇ ਪਾਨ ਦੇ ਪੱਤਿਆਂ ਨੂੰ ਲਪੇਟਦੇ ਵੇਖਦੇ ਰਹਿੰਦੇ ਹਾਂ।
ਉਹ ਇੱਕ ਦੇ ਉੱਪਰ ਇੱਕ 200 ਪੱਤੇ ਰੱਖਦੇ ਹਨ ਅਤੇ ਡੰਠਲ ਨੂੰ ਬਲੇਡ ਨਾਲ਼ ਕੱਟ ਦਿੰਦੇ ਹਨ। ਫਿਰ ਉਹ ਪੱਤਿਆਂ ਨੂੰ ਧਾਗੇ ਨਾਲ਼ ਬੰਨ੍ਹਦੇ ਹਨ ਅਤੇ ਉਨ੍ਹਾਂ ਨੂੰ ਬਾਂਸ ਦੀ ਟੋਕਰੀ ਵਿੱਚ ਰੱਖ ਦਿੰਦੇ ਹਨ।
ਪਾਨ ਦੇ ਪੌਦੇ ਦੀਆਂ ਕਲਮਾਂ ਬੀਜੀਆਂ ਜਾਂਦੀਆਂ ਹਨ, ਕਿਉਂਕਿ ਉਹ ਫੁੱਲ ਨਹੀਂ ਦਿੰਦੇ, ਇਸ ਲਈ ਬੀਜ ਨਹੀਂ ਹੁੰਦੇ। ਰਣਜੀਤ ਚੌਰਸੀਆ ਕਹਿੰਦੇ ਹਨ, "ਜਦੋਂ ਕਿਸੇ ਸਾਥੀ ਕਿਸਾਨ ਦੀ ਫ਼ਸਲ ਖਰਾਬ ਹੋ ਜਾਂਦੀ ਹੈ, ਤਾਂ ਦੂਜੇ ਕਿਸਾਨ ਉਸ ਦੇ ਖੇਤ ਨੂੰ ਮੁੜ ਤਿਆਰ ਕਰਨ ਲਈ ਆਪਣੀ ਉਪਜ ਉਸ ਨਾਲ਼ ਸਾਂਝਾ ਕਰਦੇ ਹਨ। ਇੰਝ ਕਰਦਿਆਂ ਅਸੀਂ ਕਦੇ ਵੀ ਇਕ-ਦੂਜੇ ਤੋਂ ਪੈਸੇ ਨਹੀਂ ਲੈਂਦੇ।''
ਬਰੇਜਾ ਵਿੱਚ ਵੇਲਾਂ ਉਗਾਈਆਂ ਜਾਂਦੀਆਂ ਹਨ ਅਤੇ ਇੱਕ ਕੱਠਾ (ਲਗਭਗ 1,361 ਵਰਗ ਫੁੱਟ) ਜ਼ਮੀਨ ਵਿੱਚ ਬਰੇਜਾ ਬਣਾਉਣ ਦੀ ਲਾਗਤ ਲਗਭਗ 30,000 ਰੁਪਏ ਆਉਂਦੀ ਹੈ। ਦੋ ਕੱਠਿਆਂ ਦੀ ਕੀਮਤ 45,000 ਰੁਪਏ ਤੱਕ ਜਾਂਦੀ ਹੈ। ਮਿੱਟੀ ਨੂੰ ਲੰਬੀਆਂ ਅਤੇ ਡੂੰਘੀਆਂ ਕਿਆਰੀਆਂ ਵਿੱਚ ਜੋਤਿਆ ਜਾਂਦਾ ਹੈ ਅਤੇ ਜਿੱਥੇ ਮਿੱਟੀ ਜਮ੍ਹਾਂ ਹੁੰਦੀ ਹੈ ਭਾਵ ਵੱਟਾਂ ਦੇ ਉੱਪਰ ਹੀ ਤਣਿਆਂ ਨੂੰ ਲਗਾਇਆ ਜਾਂਦਾ ਹੈ, ਤਾਂ ਜੋ ਪਾਣੀ ਪੌਦੇ ਦੀ ਜੜ੍ਹ ਤੱਕ ਨਾ ਪਹੁੰਚ ਸਕੇ, ਕਿਉਂਕਿ ਜੜ੍ਹ ਵਿੱਚ ਪਾਣੀ ਜਮ੍ਹਾਂ ਹੁੰਦਿਆਂ ਹੀ ਪੌਦੇ ਸੜ ਜਾਂਦੇ ਹਨ।
ਮਗਹੀ ਪਾਨ ਦੇ ਪੌਦੇ ਦੇ ਆਪਣੇ ਜੀਵਨ ਦੇ ਇੱਕ ਸਾਲ ਵਿੱਚ ਘੱਟੋ ਘੱਟ 50 ਪੱਤੇ ਲੱਗਦੇ ਹਨ। ਇਹ ਪੱਤਾ ਸਥਾਨਕ ਬਾਜ਼ਾਰਾਂ ਦੇ ਨਾਲ਼-ਨਾਲ਼ ਉੱਤਰ ਪ੍ਰਦੇਸ਼ ਦੇ ਬਨਾਰਸ ਦੇ ਥੋਕ ਬਾਜ਼ਾਰ ਵਿੱਚ ਇੱਕ ਜਾਂ ਦੋ ਰੁਪਏ ਵਿੱਚ ਵੇਚਿਆ ਜਾਂਦਾ ਹੈ। ਇੱਥੇ ਹੀ ਦੇਸ਼ ਦੀ ਸਭ ਤੋਂ ਵੱਡੀ ਪਾਨ ਮੰਡੀ ਮੌਜੂਦ ਹੈ।
ਮਗਹੀ ਪਾਨ ਦੇ ਪੱਤਿਆਂ ਨੂੰ 2017 ਵਿੱਚ ਜੀਆਈ ਟੈਗ ਮਿਲਿ਼ਆ ਸੀ। ਇਹ ਜੀਆਈ ਵਿਸ਼ੇਸ਼ ਤੌਰ 'ਤੇ ਮਗਧ ਦੇ ਭੂਗੋਲਿਕ ਖੇਤਰ ਦੇ 439 ਹੈਕਟੇਅਰ ਵਿੱਚ ਉਗਾਏ ਜਾਣ ਵਾਲੇ ਪੱਤਿਆਂ ਲਈ ਹੈ ਅਤੇ ਕਿਸਾਨ ਜੀਆਈ ਟੈਗ ਪ੍ਰਾਪਤ ਕਰਕੇ ਉਤਸ਼ਾਹਿਤ ਅਤੇ ਰਾਹਤ ਮਹਿਸੂਸ ਕਰ ਰਹੇ ਸਨ। ਹਾਲਾਂਕਿ ਕਈ ਸਾਲ ਬੀਤ ਜਾਣ ਤੋਂ ਬਾਅਦ ਵੀ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਦਾ ਕੋਈ ਲਾਭ ਨਹੀਂ ਮਿਲਿਆ ਹੈ। ਰਣਜੀਤ ਚੌਰਸੀਆ ਨੇ ਸਾਨੂੰ ਦੱਸਿਆ, "ਸਾਨੂੰ ਉਮੀਦ ਸੀ ਕਿ ਸਰਕਾਰ ਮਗਹੀ ਦਾ ਇਸ਼ਤਿਹਾਰ ਦੇਵੇਗੀ, ਜਿਸ ਨਾਲ਼ ਵਧੇਰੇ ਮੰਗ ਪੈਦਾ ਹੋਵੇਗੀ ਅਤੇ ਸਾਨੂੰ ਚੰਗੀ ਕੀਮਤ ਮਿਲੇਗੀ, ਪਰ ਅਜਿਹਾ ਕੁਝ ਨਹੀਂ ਹੋਇਆ। ਸਰਕਾਰ ਇਸ ਨੂੰ ਖੇਤੀਬਾੜੀ (ਖੇਤੀਬਾੜੀ ਦਾ ਕੰਮ) ਵੀ ਨਹੀਂ ਮੰਨਦੀ। "
ਉਹ ਕਹਿੰਦੇ ਹਨ, "ਬਿਹਾਰ ਸਰਕਾਰ ਨੇ ਇਸ ਨੂੰ ਬਾਗਬਾਨੀ ਅਧੀਨ ਰੱਖਿਆ ਹੈ, ਜਿਸ ਕਾਰਨ ਕਿਸਾਨਾਂ ਨੂੰ ਫ਼ਸਲ ਬੀਮਾ ਵਰਗੀਆਂ ਖੇਤੀਬਾੜੀ ਯੋਜਨਾਵਾਂ ਦਾ ਲਾਭ ਨਹੀਂ ਮਿਲ਼ਦਾ। ਜਦੋਂ ਖ਼ਰਾਬ ਮੌਸਮ ਕਾਰਨ ਸਾਡੀਆਂ ਫ਼ਸਲਾਂ ਤਬਾਹ ਹੋ ਜਾਂਦੀਆਂ ਹਨ, ਤਾਂ ਸਾਨੂੰ ਹੋਰ ਕੋਈ ਲਾਭ ਨਹੀਂ ਮਿਲ਼ਦਾ ਸਿਰਫ਼ ਮੁਆਵਜ਼ਾ ਹੀ ਮਿਲ਼ਦਾ ਹੈ, ਉਹਦੀ ਰਕਮ ਵੀ ਹਾਸੋਹੀਣੀ ਹੁੰਦੀ ਹੈ," ਰਣਜੀਤ ਚੌਰਸੀਆ ਕਹਿੰਦੇ ਹਨ, ਇਹ ਦੱਸਦੇ ਹੋਏ ਕਿ ਇੱਕ ਹੈਕਟੇਅਰ (ਲਗਭਗ 79 ਕੱਠਾ) ਦੇ ਨੁਕਸਾਨ ਬਦਲੇ ਮਿਲ਼ਣ ਵਾਲ਼ਾ ਮੁਆਵਜ਼ਾ 10,000 ਰੁਪਏ ਹੈ। ਉਹ ਅੱਗੇ ਕਹਿੰਦੇ ਹਨ, "ਜੇ ਤੁਸੀਂ ਇਸ ਦੀ ਗਣਨਾ ਇੱਕ ਕੱਠੇ ਦੇ ਹਿਸਾਬ ਨਾਲ਼ ਕਰਦੇ ਹੋ, ਤਾਂ ਹਰੇਕ ਕਿਸਾਨ ਨੂੰ ਇੱਕ ਕੱਠੇ ਦੇ ਨੁਕਸਾਨ ਲਈ ਲਗਭਗ 126 ਰੁਪਏ ਮਿਲ਼ਦੇ ਹਨ। ਉਨ੍ਹਾਂ ਮੁਤਾਬਕ ਕਿਸਾਨਾਂ ਨੂੰ ਬੜੀ ਵਾਰ ਜ਼ਿਲ੍ਹਾ ਖੇਤੀ ਦਫ਼ਤਰ ਦੇ ਚੱਕਰ ਲਾਉਣੇ ਪੈਂਦੇ ਹਨ, ਇਸਲਈ ਅਕਸਰ ਉਹ ਮੁਆਵਜ਼ੇ ਦਾ ਦਾਅਵਾ ਨਹੀਂ ਵੀ ਕਰਦੇ।
*****
ਸੁਨੀਲ ਅਤੇ ਉਨ੍ਹਾਂ ਦੀ ਪਤਨੀ ਹੁਣ ਬਰੇਜਾ ਵਿਖੇ ਹੋਰ ਕਿਸਾਨਾਂ ਲਈ ਕੰਮ ਕਰਦੇ ਹਨ ਕਿਉਂਕਿ 2023 ਵਿੱਚ ਬਹੁਤ ਜ਼ਿਆਦਾ ਗਰਮੀ ਕਾਰਨ ਉਨ੍ਹਾਂ ਦੀ ਫ਼ਸਲ ਤਬਾਹ ਹੋ ਗਈ ਸੀ। "ਘਰ ਚਲਾਉਣ ਲਈ ਮਜ਼ਦੂਰੀ ਕਰਨੀ ਪੈਂਦੀ ਹੈ। ਪਾਨ ਦੇ ਖੇਤ ਵਿੱਚ ਕੰਮ ਕਰਨਾ ਮੇਰੇ ਲਈ ਆਸਾਨ ਹੈ, ਕਿਉਂਕਿ ਅਸੀਂ ਸ਼ੁਰੂ ਤੋਂ ਹੀ ਇਹ ਕੰਮ ਕਰਦੇ ਆ ਰਹੇ ਹਾਂ,'' ਉਹ ਕਹਿੰਦੇ ਹਨ। ਸੁਨੀਲ 300 ਰੁਪਏ ਦਿਹਾੜੀ ਕਮਾਉਂਦੇ ਹਨ ਅਤੇ ਉਨ੍ਹਾਂ ਦੀ ਪਤਨੀ ਕਰੁਣਾ ਦੇਵੀ 8-10 ਘੰਟੇ ਦੀ ਮਜ਼ਦੂਰੀ ਕਰਕੇ 200 ਰੁਪਏ ਕਮਾ ਪਾਉਂਦੀ ਹਨ। ਇਹੀ ਕਮਾਈ ਛੇ ਮੈਂਬਰੀ ਪਰਿਵਾਰ ਦਾ ਪੇਟ ਭਰਨ ਦਾ ਮੁੱਖ ਵਸੀਲਾ ਹੈ, ਜਿਸ ਵਿੱਚ ਤਿੰਨ ਸਾਲਾ ਧੀ, ਇੱਕ ਸਾਲਾ, ਪੰਜ ਸਾਲਾ ਅਤੇ ਸੱਤ ਸਾਲਾ ਤਿੰਨ ਪੁੱਤਰ ਸ਼ਾਮਲ ਹਨ।
ਸਾਲ 2020 'ਚ ਕੋਵਿਡ-19 ਕਾਰਨ ਲੌਕਡਾਊਨ 'ਚ ਵੀ ਨੁਕਸਾਨ ਹੋਇਆ ਸੀ। "ਤਾਲਾਬੰਦੀ ਦੌਰਾਨ, ਬਾਜ਼ਾਰਾਂ ਤੋਂ ਲੈ ਕੇ ਆਵਾਜਾਈ ਤੱਕ ਸਭ ਕੁਝ ਬੰਦ ਸੀ," ਉਹ ਯਾਦ ਕਰਦੇ ਹਨ। ਮੇਰੇ ਘਰ ਵਿੱਚ 500 ਢੋਲੀ (200 ਪਾਨ ਦੇ ਪੱਤਿਆਂ ਦੇ ਬੰਡਲ) ਸਨ। ਮੈਂ ਉਸ ਨੂੰ ਵੇਚ ਨਾ ਸਕਿਆ ਅਤੇ ਉਹ ਸੜ ਗਏ। ''
"ਮੈਂ ਅਕਸਰ ਉਨ੍ਹਾਂ ਨੂੰ ਇਹ ਕੰਮ [ਪਾਨ ਦੀ ਕਾਸ਼ਤ] ਛੱਡਣ ਲਈ ਕਹਿੰਦੀ ਹਾਂ," ਕਰੁਣਾ ਦੇਵੀ ਕਹਿੰਦੀ ਹਨ, ਪਰ ਸੁਨੀਲ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਇਹ ਕਹਿੰਦੇ ਹੋਏ ਖਾਰਜ ਕਰ
ਦਿੰਦੇ ਹਨ, "ਇਹ ਸਾਡੇ ਪੁਰਖਿਆਂ
ਦੀ ਵਿਰਾਸਤ ਹੈ। ਅਸੀਂ ਇਸ ਨੂੰ ਕਿਵੇਂ ਛੱਡ ਸਕਦੇ ਹਾਂ ਅਤੇ ਇਸ ਨੂੰ ਛੱਡ ਕੇ ਅਸੀਂ ਕਰਾਂਗੇ ਵੀ ਕੀ?"
ਇਹ ਕਹਾਣੀ ਬਿਹਾਰ ਦੇ ਇੱਕ ਟਰੇਡ ਯੂਨੀਅਨਿਸਟ ਦੀ ਯਾਦ ਵਿੱਚ ਜਾਰੀ ਕੀਤੀ ਗਈ ਫੈਲੋਸ਼ਿਪ ਦਾ ਹਿੱਸਾ ਹੈ ਜਿਨ੍ਹਾਂ ਨੇ ਰਾਜ ਦੇ ਹਾਸ਼ੀਏ ' ਤੇ ਪਏ ਵਰਗਾਂ ਦੇ ਅਧਿਕਾਰਾਂ ਲਈ ਲੜਾਈ ਲੜੀ।
ਪੰਜਾਬੀ ਤਰਜਮਾ: ਕਮਲਜੀਤ ਕੌਰ