ਮਹਿੰਦਰਾ ਜੀਪ-MH34AB6880 ਪਿੰਡ ਦੇ ਭੀੜ-ਭੜੱਕੇ ਵਾਲ਼ੇ ਚੌਰਾਹੇ 'ਤੇ ਰੁਕਦੀ ਹੈ। ਚੰਦਰਪੁਰ ਦੀ ਸਰਹੱਦ 'ਤੇ ਸਥਿਤ ਇਹ ਛੋਟਾ ਜਿਹਾ ਪਿੰਡ 2920 ਮੈਗਾਵਾਟ ਦੇ ਸੁਪਰ ਥਰਮਲ ਪਾਵਰ ਸਟੇਸ਼ਨ, ਕੋਲ਼ਾ ਧੋਣ ਵਾਲੇ ਕਈ ਛੋਟੇ ਪਲਾਂਟਾਂ, ਸੁਆਹ ਦੇ ਢੇਰਾਂ ਅਤੇ ਸੰਘਣੀਆਂ ਝਾੜੀਆਂ ਦੇ ਜੰਗਲ ਦੇ ਵਿਚਕਾਰ ਸਥਿਤ ਹੈ।
ਵਾਹਨ ਦੇ ਦੋਵੇਂ ਪਾਸੇ ਨਾਅਰੇ ਅਤੇ ਤਸਵੀਰਾਂ ਵਾਲ਼ੇ ਰੰਗੀਨ ਅਤੇ ਆਕਰਸ਼ਕ ਪੋਸਟਰ ਚਿਪਕਾਏ ਗਏ ਸਨ। ਅਕਤੂਬਰ 2023 ਦੇ ਸ਼ੁਰੂਆਤੀ ਦਿਨਾਂ ਵਿੱਚ ਇਹ ਇੱਕ ਸੁਸਤ ਜਿਹਾ ਐਤਵਾਰ ਸੀ। ਇਸ ਸਮੇਂ ਆਈ ਅਤੇ ਰੁਕੀ ਗੱਡੀ ਨੇ ਪਿੰਡ ਦੇ ਬੱਚਿਆਂ, ਮਰਦਾਂ ਅਤੇ ਔਰਤਾਂ ਦਾ ਧਿਆਨ ਖਿੱਚਿਆ। ਤੁਰੰਤ ਉਹ ਸਾਰੇ ਇਹ ਦੇਖਣ ਲਈ ਗੱਡੀ ਵੱਲ ਭੱਜ ਗਏ ਕਿ ਕੌਣ ਆਇਆ ਹੈ।
70 ਸਾਲਾ ਵਿਠਲ ਬਡਖਲ ਇੱਕ ਹੱਥ 'ਚ ਮਾਈਕ੍ਰੋਫੋਨ ਅਤੇ ਦੂਜੇ ਹੱਥ 'ਚ ਭੂਰੇ ਰੰਗ ਦੀ ਡਾਇਰੀ ਲੈ ਕੇ ਗੱਡੀ 'ਚੋਂ ਬਾਹਰ ਨਿਕਲੇ। ਚਿੱਟੀ ਧੋਤੀ, ਚਿੱਟਾ ਕੁਰਤਾ ਅਤੇ ਚਿੱਟੀ ਨਹਿਰੂ ਟੋਪੀ ਪਹਿਨੇ ਇਸ ਵਿਅਕਤੀ ਨੇ ਗੱਡੀ ਦੇ ਸਾਹਮਣੇ ਵਾਲ਼ੇ ਦਰਵਾਜ਼ੇ ਨਾਲ਼ ਜੁੜੇ ਲਾਊਡ ਸਪੀਕਰ ਨਾਲ਼ ਜੁੜਿਆ ਮਾਈਕ ਫੜ੍ਹ ਕੇ ਬੋਲਣਾ ਸ਼ੁਰੂ ਕੀਤਾ।
ਉਨ੍ਹਾਂ ਨੇ ਮਾਈਕ 'ਤੇ ਸਮਝਾਉਣਾ ਸ਼ੁਰੂ ਕੀਤਾ ਕਿ ਉਹ ਇੱਥੇ ਕਿਉਂ ਆਇਆ ਸੀ। 5,000 ਲੋਕਾਂ ਦੀ ਆਬਾਦੀ ਵਾਲ਼ੇ ਇਸ ਪਿੰਡ ਦੇ ਕੋਨੇ-ਕੋਨੇ ਵਿੱਚ ਉਨ੍ਹਾਂ ਦੀ ਆਵਾਜ਼ ਗੂੰਜਣ ਲੱਗੀ। ਇਸ ਪਿੰਡ ਦੇ ਜ਼ਿਆਦਾਤਰ ਲੋਕ ਕਿਸਾਨ ਹਨ, ਜਦਕਿ ਬਾਕੀ ਨੇੜਲੇ ਕੋਲ਼ਾ ਪਲਾਂਟਾਂ ਜਾਂ ਛੋਟੇ ਉਦਯੋਗਾਂ ਵਿੱਚ ਦਿਹਾੜੀਦਾਰ ਮਜ਼ਦੂਰ ਵਜੋਂ ਕੰਮ ਕਰਦੇ ਹਨ। ਉਨ੍ਹਾਂ ਦਾ ਭਾਸ਼ਣ ਪੰਜ ਮਿੰਟਾਂ ਵਿੱਚ ਖਤਮ ਹੋ ਗਿਆ। ਫਿਰ ਦੋ ਬਜ਼ੁਰਗ ਪਿੰਡ ਵਾਸੀਆਂ ਨੇ ਮੁਸਕਰਾਉਂਦੇ ਹੋਏ ਉਨ੍ਹਾਂ ਦਾ ਪਿੰਡ ਵਿੱਚ ਸਵਾਗਤ ਕੀਤਾ।
ਪਿੰਡ ਦੇ ਮੁੱਖ ਚੌਕ ਵਿੱਚ ਕਰਿਆਨੇ ਦੀ ਛੋਟੀ ਜਿਹੀ ਦੁਕਾਨ ਚਲਾਉਣ ਵਾਲ਼ੇ 65 ਸਾਲਾ ਕਿਸਾਨ ਹੇਮਰਾਜ ਮਹਾਦੇਵ ਦਿਵਾਸੇ ਨੇ ਕਿਹਾ, "ਆਰੇ ਮਾਮਾ, ਨਮਸਕਾਰ, ਯਾ ਬਾਸਾ [ਨਮਸਕਾਰ ਮਾਮਾ, ਆਓ, ਬੈਠ ਜਾਓ]।'
"ਨਮਸਕਾਰ ਜੀ," ਬਡਖਲ ਮਾਮਾ ਨੇ ਹੱਥ ਜੋੜ ਕੇ ਕਿਹਾ।


















