ਕਿਸੇ ਨੇ ਜੀਵ ਵਿਗਿਆਨ ਵਿੱਚ ਐੱਮਐੱਸਸੀ ਕੀਤੀ ਹੈ, ਕੋਈ ਫੌਜ ਦਾ ਸਿਪਾਹੀ ਹੈ, ਕੋਈ ਘਰੇਲੂ ਔਰਤ ਹੈ ਅਤੇ ਕਿਸੇ ਨੇ ਭੂਗੋਲ ਵਿੱਚ ਗ੍ਰੈਜੂਏਸ਼ਨ ਕੀਤੀ ਹੈ।
ਇਹ ਗਰਮੀਆਂ ਦਾ ਮੌਸਮ ਹੈ ਅਤੇ ਰਾਂਚੀ ਦੇ ਇੱਕ ਵਿਅਸਤ ਖੇਤਰ ਵਿੱਚ ਖਾਸ ਕਰਕੇ ਕਮਜ਼ੋਰ ਕਬਾਇਲੀ ਭਾਈਚਾਰਿਆਂ (ਪੀਵੀਟੀਜੀ) ਨਾਲ਼ ਤਾਅਲੁੱਕ ਰੱਖਣ ਵਾਲ਼ਾ ਇਹ ਸਮੂਹ ਝਾਰਖੰਡ ਦੇ ਟ੍ਰਾਇਬਲ ਰਿਸਰਚ ਸੈਂਟਰ/ਕਬਾਇਲੀ ਖੋਜ ਕੇਂਦਰ (ਟੀਆਰਆਈ) ਵਿਖੇ ਆਦਿਮ ਕਬੀਲਿਆਂ ਦੀਆਂ ਭਾਸ਼ਾਵਾਂ ਨਾਲ਼ ਜੁੜੀ ਲੇਖਣ ਵਰਕਸ਼ਾਪ ਵਿੱਚ ਹਿੱਸਾ ਲੈਣ ਆਇਆ ਹੈ।
ਮਾਲ ਪਹਾੜੀਆ ਆਦਿਮ ਕਬੀਲੇ ਨਾਲ਼ ਤਾਅਲੁੱਕ ਰੱਖਣ ਵਾਲ਼ੇ 24 ਸਾਲਾ ਮਾਵਨੋ ਬੋਲਣ ਵਾਲ਼ੇ ਜਗਨਨਾਥ ਗਿਰਾਹੀ ਕਹਿੰਦੇ ਹਨ, "ਅਸੀਂ ਚਾਹੁੰਦੇ ਹਾਂ ਕਿ ਸਾਡੇ ਘਰਾਂ ਵਿੱਚ ਬੱਚੇ ਆਪਣੀ ਭਾਸ਼ਾ ਵਿੱਚ ਪੜ੍ਹਨ।" ਉਹ ਦੁਮਲਾ ਜ਼ਿਲ੍ਹੇ ਵਿੱਚ ਵੱਸੇ ਆਪਣੇ ਪਿੰਡ ਤੋ 200 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰਕੇ ਰਾਂਚੀ ਅਪੜੇ ਹਨ ਤੇ ਟੀਆਰਆਈ ਵਿੱਚ ਆਪਣੀ ਭਾਸ਼ਾ ਮਾਵਨੋ ਦਾ ਵਿਆਕਰਨ ਲਿਖ ਰਹੇ ਹਨ, ਜੋ ਖ਼ਤਰੇ ਵਿੱਚ ਪਈ ਭਾਸ਼ਾ ਮੰਨੀ ਜਾਂਦੀ ਹੈ।
"ਸਾਡਾ ਵੀ ਮਨ ਕਰਦਾ ਹੈ ਕਿ ਸਾਡੀ ਭਾਸ਼ਾ ਵਿੱਚ ਕਿਤਾਬ ਛਪੇ," ਜਗਨਨਾਥ ਕਹਿੰਦੇ ਹਨ, ਜੋ ਆਪਣੇ ਪਿੰਡ ਦੇ ਇਕਲੌਤੇ ਵਿਅਕਤੀ ਹਨ ਜਿਨ੍ਹਾਂ ਕੋਲ਼ ਜੀਵ ਵਿਗਿਆਨ ਵਿੱਚ ਐੱਮਐੱਸਸੀ ਦੀ ਡਿਗਰੀ ਹੈ। ਉਹ ਦੱਸਦੇ ਹਨ, "ਜਿਹੜੇ ਭਾਈਚਾਰੇ ਦੀ ਗਿਣਤੀ ਵਧੇਰੇ ਹੈ ਉਹਦੀ ਭਾਸ਼ਾ ਵਿੱਚ ਯੂਨੀਵਰਸਿਟੀ ਵਿੱਚ ਪੜ੍ਹਾਈ ਕਰਵਾਈ ਜਾਂਦੀ ਹੈ। ਝਾਰਖੰਡ ਸਟਾਫ਼ ਸਲੈਕਸ਼ਨ ਕਮਿਸ਼ਨ (ਜੇਐੱਸਐੱਸਸੀ) ਦਾ ਸਿਲੇਬਸ ਖੋਰਠਾ, ਸੰਤਾਲੀ ਵਰਗੀਆਂ ਭਾਸ਼ਾਵਾਂ ਵਿੱਚ ਆਸਾਨੀ ਨਾਲ਼ ਉਪਲਬਧ ਹੈ ਪਰ ਸਾਡੀ ਭਾਸ਼ਾ ਵਿੱਚ ਨਹੀਂ।''
"ਜੇ ਇੰਝ ਹੀ ਚੱਲਦਾ ਰਿਹਾ ਤਾਂ ਸਾਡੀ ਭਾਸ਼ਾ ਹੌਲ਼ੀ-ਹੌਲ਼ੀ ਅਲੋਪ ਹੀ ਹੋ ਜਾਵੇਗੀ।'' ਝਾਰਖੰਡ ਵਿੱਚ ਮਾਲ ਪਹਾੜੀਆ ਬੋਲਣ ਵਾਲ਼ਿਆਂ ਦੀ ਆਬਾਦੀ ਤਕਰੀਬਨ 15 ਪ੍ਰਤੀਸ਼ਤ ਹੈ; ਬਾਕੀ ਗੁਆਂਢੀ ਰਾਜਾਂ ਵਿੱਚ ਰਹਿੰਦੇ ਹਨ।
ਉਨ੍ਹਾਂ ਦੀ ਭਾਸ਼ਾ ਮਾਵਨੋ ਦ੍ਰਾਵਿੜ ਪ੍ਰਭਾਵ ਵਾਲ਼ੀ ਇੱਕ ਇੰਡੋ-ਆਰੀਅਨ ਭਾਸ਼ਾ ਹੈ, ਜੋ 4,000 ਤੋਂ ਘੱਟ ਲੋਕਾਂ ਦੁਆਰਾ ਬੋਲੀ ਜਾਂਦੀ ਹੈ ਅਤੇ ਇਸੇ ਲਈ ਇੱਕ ਖ਼ਤਰੇ ਵਾਲ਼ੀ ਭਾਸ਼ਾ ਮੰਨੀ ਜਾਂਦੀ ਹੈ। ਇਸ ਨੂੰ ਅਧਿਕਾਰਤ ਭਾਸ਼ਾ ਦਾ ਦਰਜਾ ਨਹੀਂ ਹੈ। ਝਾਰਖੰਡ ਵਿੱਚ ਕਰਵਾਏ ਗਏ ਭਾਰਤੀ ਭਾਸ਼ਾ ਸਰਵੇਖਣ (ਐੱਲਐੱਸਆਈ) ਦੇ ਅਨੁਸਾਰ, ਮਾਵਨੋ ਦੀ ਵਰਤੋਂ ਸਕੂਲਾਂ ਵਿੱਚ ਪੜ੍ਹਾਉਣ ਲਈ ਨਹੀਂ ਕੀਤੀ ਜਾਂਦੀ ਅਤੇ ਨਾ ਹੀ ਇਸਦੀ ਆਪਣੀ ਕੋਈ ਵੱਖਰੀ ਲਿਪੀ ਹੈ।
ਮਾਲ ਪਹਾੜੀਆ ਭਾਈਚਾਰਾ ਮੁੱਖ ਤੌਰ 'ਤੇ ਰੋਜ਼ੀ-ਰੋਟੀ ਲਈ ਖੇਤੀਬਾੜੀ ਅਤੇ ਜੰਗਲ ਉਤਪਾਦਾਂ 'ਤੇ ਨਿਰਭਰ ਕਰਦਾ ਹੈ। ਝਾਰਖੰਡ ਵਿੱਚ, ਭਾਈਚਾਰੇ ਨੂੰ ਪੀਵੀਟੀਜੀ ਵਜੋਂ ਸੂਚੀਬੱਧ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਜ਼ਿਆਦਾਤਰ ਆਬਾਦੀ ਦੁਮਕਾ, ਗੋਡਾ, ਸਾਹਿਬਗੰਜ ਅਤੇ ਪਾਕੁੜ ਜ਼ਿਲ੍ਹਿਆਂ ਵਿੱਚ ਰਹਿੰਦੀ ਹੈ। ਭਾਈਚਾਰੇ ਦੇ ਲੋਕ ਆਪਣੇ ਘਰਾਂ ਵਿੱਚ ਸਿਰਫ਼ ਮਾਵਨੋ ਵਿੱਚ ਬੋਲ ਸਕਦੇ ਹਨ ਅਤੇ ਉਨ੍ਹਾਂ ਦੇ ਅਨੁਸਾਰ, ਹਿੰਦੀ ਅਤੇ ਬੰਗਾਲੀ ਵਰਗੀਆਂ ਭਾਸ਼ਾਵਾਂ ਘਰ ਤੋਂ ਬਾਹਰ ਅਤੇ ਅਧਿਕਾਰਤ ਤੌਰ 'ਤੇ ਪ੍ਰਭਾਵਸ਼ਾਲੀ ਰਹਿੰਦੀਆਂ ਹਨ, ਇਸ ਲਈ ਉਨ੍ਹਾਂ ਦੀ ਭਾਸ਼ਾ ਖ਼ਤਮ ਹੋਣ ਦਾ ਖ਼ਤਰਾ ਹੈ।
ਵਰਕਸ਼ਾਪ ਵਿੱਚ ਇੱਕ ਹੋਰ ਮਾਵਨੋ-ਭਾਸ਼ੀ ਮਨੋਜ ਕੁਮਾਰ ਦੇਹਰੀ ਵੀ ਸ਼ਾਮਲ ਹਨ, ਜੋ ਜਗਨਨਾਥ ਦੀਆਂ ਗੱਲਾਂ ਨਾਲ਼ ਸਹਿਮਤ ਜਾਪਦੇ ਹਨ। ਪਾਕੁੜ ਜ਼ਿਲ੍ਹੇ ਦੇ ਸਹਰਪੁਰ ਪਿੰਡ ਦੇ ਰਹਿਣ ਵਾਲ਼ੇ ਮਨੋਜ (23) ਨੇ ਭੂਗੋਲ ਵਿਸ਼ੇ ਤੋਂ ਗ੍ਰੈਜੂਏਸ਼ਨ ਕੀਤੀ ਹੈ। ਉਹ ਕਹਿੰਦੇ ਹਨ,"ਸਕੂਲਾਂ ਵਿੱਚ ਹਿੰਦੀ ਅਤੇ ਬੰਗਾਲੀ ਵਿੱਚ ਪੜ੍ਹਾਇਆ ਜਾਂਦਾ ਹੈ, ਜਿਸ ਕਾਰਨ ਅਸੀਂ ਆਪਣੀ ਭਾਸ਼ਾ ਨੂੰ ਭੁੱਲ ਰਹੇ ਹਾ।" ਝਾਰਖੰਡ ਦੇ ਬਹੁਤੇਰੇ ਸਕੂਲ-ਕਾਲਜਾਂ ਵਿੱਚ ਪੜ੍ਹਾਈ ਦਾ ਮਾਧਿਅਮ ਹਿੰਦੀ ਹੈ ਤੇ ਅਧਿਆਪਕ ਵੀ ਹਿੰਦੀ-ਭਾਸ਼ੀ ਹੀ ਹੁੰਦੇ ਹਨ।
ਇਨ੍ਹਾਂ ਪ੍ਰਮੁੱਖ ਭਾਸ਼ਾਵਾਂ ਤੋਂ ਇਲਾਵਾ, 'ਲਿੰਕ ਭਾਸ਼ਾ' ਦੀ ਸਮੱਸਿਆ ਵੀ ਰਹਿੰਦੀ ਹੈ, ਜਿਸ ਨੂੰ ਕਬਾਇਲੀ ਭਾਈਚਾਰਿਆਂ ਦੁਆਰਾ ਆਪਸ ਵਿੱਚ ਸੰਵਾਦ ਕਰਨ ਲਈ ਇਸਤੇਮਾਲ ਕੀਤੀ ਜਾਂਦੀ ਹੈ। ਉਹ ਅਕਸਰ ਖੇਤਰ ਦੀਆਂ ਪ੍ਰਮੁੱਖ ਭਾਸ਼ਾਵਾਂ ਅਤੇ ਆਦਿਮ ਭਾਸ਼ਾਵਾਂ ਵਿਚਕਾਰ ਇੱਕ ਪੁਲ ਦਾ ਕੰਮ ਕਰਦੀਆਂ ਹਨ।
ਵਰਕਸ਼ਾਪ ਵਿੱਚ ਆਦਿਮ ਭਾਈਚਾਰਿਆਂ ਦੀ ਸਹਾਇਤਾ ਲਈ ਟੀਆਰਆਈ ਦੁਆਰਾ ਨਿਯੁਕਤ ਕੀਤੇ ਗਏ ਇੱਕ ਸੇਵਾਮੁਕਤ ਅਧਿਆਪਕ ਪ੍ਰਮੋਦ ਕੁਮਾਰ ਸ਼ਰਮਾ ਕਹਿੰਦੇ ਹਨ, "ਬੱਚਿਆਂ ਤੋਂ ਅਜਿਹੀ ਭਾਸ਼ਾ ਵਿੱਚ ਬੋਲਣ ਦੀ ਉਮੀਦ ਕੀਤੀ ਜਾਂਦੀ ਹੈ ਜੋ ਸਾਰਿਆਂ ਦੁਆਰਾ ਸਮਝੀ ਜਾਂਦੀ ਹੋਵੇ। ਇਸ ਕਾਰਨ ਬੱਚੇ ਆਪਣੀ ਮਾਂ ਬੋਲੀ ਤੋਂ ਦੂਰ ਹੋ ਜਾਂਦੇ ਹਨ।''
ਮਾਵਨੋ ਦੇ ਮਾਮਲੇ ਵਿੱਚ, ਖੋਰਠਾ ਅਤੇ ਖੇਤੜੀ ਵਰਗੀਆਂ ਸੰਪਰਕ ਭਾਸ਼ਾਵਾਂ ਨੇ ਵੀ ਮਾਵਨੋ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਮਨੋਜ ਕਹਿੰਦੇ ਹਨ, "ਮਜ਼ਬੂਤ ਭਾਈਚਾਰਿਆਂ ਦੀਆਂ ਭਾਸ਼ਾਵਾਂ ਦੇ ਪ੍ਰਭਾਵ ਹੇਠ, ਅਸੀਂ ਆਪਣੀ ਭਾਸ਼ਾ ਨੂੰ ਭੁੱਲ ਰਹੇ ਹਾਂ।''
ਦੋ ਮਹੀਨਿਆਂ ਦੀ ਵਰਕਸ਼ਾਪ ਦੇ ਅੰਤ ਵਿੱਚ, ਖ਼ਤਰੇ ਵਿੱਚ ਪਈਆਂ ਭਾਸ਼ਾਵਾਂ ਵਿੱਚ ਬੁਨਿਆਦੀ ਵਿਆਕਰਣ ਤਿਆਰ ਕੀਤਾ ਜਾਵੇਗਾ। ਇਹ ਆਪਣੀ ਕਿਸਮ ਦੀ ਪਹਿਲੀ ਕਿਤਾਬ ਹੋਵੇਗੀ, ਜੋ ਭਾਈਚਾਰੇ ਦੇ ਲੋਕਾਂ ਦੁਆਰਾ ਤਿਆਰ ਕੀਤੀ ਜਾਵੇਗੀ, ਨਾ ਕਿ ਭਾਸ਼ਾ ਦੇ ਵਿਦਵਾਨਾਂ ਦੁਆਰਾ। ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦੇ ਯਤਨਾਂ ਨਾਲ਼ ਚੀਜ਼ਾਂ ਥੋੜ੍ਹੀਆਂ ਬਿਹਤਰ ਹੋ ਸਕਦੀਆਂ ਹਨ।
"ਬਾਕੀ ਭਾਈਚਾਰਿਆਂ [ਜੋ ਪੀਵੀਟੀਜੀ ਨਹੀਂ ਹਨ] ਕੋਲ਼ ਆਪਣੀ ਭਾਸ਼ਾ ਵਿੱਚ ਲਿਖੀਆਂ ਕਿਤਾਬਾਂ ਹਨ। ਆਪਣੀ ਭਾਸ਼ਾ ਵਿੱਚ ਹੀ ਉਹ ਪੜ੍ਹਦੇ ਤੇ ਕੰਮ ਕਰਦੇ ਹਨ," ਜਗਨਨਾਥ ਕਹਿੰਦੇ ਹਨ। ਪਰ ਇਹ ਉਨ੍ਹਾਂ ਦੀ ਭਾਸ਼ਾ ਨਾਲ਼ ਤਾਂ ਹੀ ਹੋ ਸਕਦਾ ਹੈ ਜੇ ਉਨ੍ਹਾਂ ਦੇ ਭਾਈਚਾਰੇ ਦੇ ਲੋਕ ਆਪਣੀ ਭਾਸ਼ਾ ਬੋਲਣਾ ਜਾਰੀ ਰੱਖਦੇ ਹਨ। "ਪਿੰਡ ਵਿੱਚ ਸਿਰਫ਼ ਦਾਦਾ-ਦਾਦੀ ਜਾਂ ਬਜ਼ੁਰਗ ਮਾਪੇ ਹੀ ਸਾਡੀ ਮੂਲ਼ ਭਾਸ਼ਾ ਬੋਲਦੇ ਹਨ। ਸਾਡੇ ਬੱਚੇ ਘਰ ਵਿੱਚ ਹੀ ਭਾਸ਼ਾ ਸਿੱਖਣਗੇ ਤਾਂ ਹੀ ਉਹ ਇਸ ਵਿੱਚ ਗੱਲ ਕਰਨ ਬੋਲ ਸਕਣਗੇ।''
*****
2011 ਦੀ ਮਰਦਮਸ਼ੁਮਾਰੀ ਦੇ ਅਨੁਸਾਰ, ਭਾਰਤ ਵਿੱਚ 19,000 ਤੋਂ ਵੱਧ ਮਾਤ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਵਿੱਚੋਂ ਸਿਰਫ਼ 22 ਭਾਸ਼ਾਵਾਂ ਨੂੰ ਅਧਿਕਾਰਤ ਤੌਰ 'ਤੇ ਅੱਠਵੀਂ ਅਨੁਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਲਿਪੀ ਦੀ ਅਣਹੋਂਦ ਜਾਂ ਮੂਲ਼ ਭਾਸ਼ਾ ਬੋਲਣ ਵਾਲ਼ਿਆਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਦੇ ਕਾਰਨ, ਬਹੁਤ ਸਾਰੀਆਂ ਮਾਤ ਭਾਸ਼ਾਵਾਂ ਨੂੰ 'ਭਾਸ਼ਾ' ਦਾ ਦਰਜਾ ਨਹੀਂ ਮਿਲ਼ਦਾ।
ਝਾਰਖੰਡ ਵਿੱਚ 31 ਤੋਂ ਵੱਧ ਮਾਤ ਭਾਸ਼ਾਵਾਂ ਹਨ ਜਿਨ੍ਹਾਂ ਨੂੰ ਅਧਿਕਾਰਤ ਭਾਸ਼ਾ ਦਾ ਦਰਜਾ ਨਹੀਂ ਦਿੱਤਾ ਗਿਆ ਹੈ ਅਤੇ ਅੱਠਵੀਂ ਅਨੁਸੂਚੀ ਵਿੱਚ ਸ਼ਾਮਲ ਦੋ ਭਾਸ਼ਾਵਾਂ - ਹਿੰਦੀ ਅਤੇ ਬੰਗਾਲੀ ਦਾ ਦਬਦਬਾ ਰਾਜ ਵਿੱਚ ਬਣਿਆ ਹੋਇਆ ਹੈ। ਉਨ੍ਹਾਂ ਨੂੰ ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਹੈ ਅਤੇ ਰਾਜ ਦੁਆਰਾ ਰਸਮੀ ਤੌਰ 'ਤੇ ਉਨ੍ਹਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸੰਤਾਲੀ, ਝਾਰਖੰਡ ਦੀ ਇਕਲੌਤੀ ਕਬਾਇਲੀ ਭਾਸ਼ਾ ਹੈ ਜਿਸ ਨੂੰ ਅੱਠਵੀਂ ਅਨੁਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਰਾਜ ਦੀਆਂ ਹੋਰ ਮਾਤ ਭਾਸ਼ਾਵਾਂ, ਖਾਸ ਕਰਕੇ ਪੀਵੀਟੀਜੀ ਭਾਈਚਾਰਿਆਂ ਦੀਆਂ ਭਾਸ਼ਾਵਾਂ 'ਤੇ ਲੁਪਤ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ।
" ਹਮਾਰੀ ਭਾਸ਼ਾ ਮਿਕਸ ਹੋਤੀ ਜਾ ਰਹੀ ਹੈ, " ਪੇਸ਼ੇ ਤੋਂ ਫੌਜ ਦੇ ਸਿਪਾਹੀ ਮਹਾਦੇਵ (ਬਦਲਿਆ ਹੋਇਆ ਨਾਮ) ਕਹਿੰਦੇ ਹਨ, ਜੋ ਸਬਰ ਭਾਈਚਾਰੇ ਨਾਲ਼ ਸਬੰਧਤ ਹਨ।
ਝਾਰਖੰਡ ਵਿੱਚ 32 ਮਾਤ ਭਾਸ਼ਾਵਾਂ ਹਨ, ਪਰ ਸਿਰਫ਼ ਸੰਤਾਲੀ ਨੂੰ ਅੱਠਵੀਂ ਅਨੁਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਹਿੰਦੀ ਤੇ ਬੰਗਾਲੀ ਦਾ ਰਾਜ ਵਿੱਚ ਦਬਦਬਾ ਬਣਿਆ ਹੋਇਆ ਹੈ
ਉਨ੍ਹਾਂ ਦਾ ਮੰਨਣਾ ਹੈ ਕਿ ਗ੍ਰਾਮ ਪੰਚਾਇਤ ਵਰਗੀਆਂ ਥਾਵਾਂ 'ਤੇ ਭਾਈਚਾਰੇ ਦੀ ਨੁਮਾਇੰਦਗੀ ਦੀ ਘਾਟ ਕਾਰਨ ਉਨ੍ਹਾਂ ਦੀ ਭਾਸ਼ਾ ਹਾਸ਼ੀਏ 'ਤੇ ਹੈ। "ਅਸੀਂ ਸਬਰ ਲੋਕ ਇੰਨੇ ਖਿੰਡੇ ਹੋਏ ਹਾਂ ਕਿ ਜਿਸ ਪਿੰਡ ਵਿੱਚ ਵੀ ਅਸੀਂ ਰਹਿੰਦੇ ਹਾਂ (ਜਮਸ਼ੇਦਪੁਰ ਦੇ ਨੇੜੇ) ਉੱਥੇ ਸਾਡੇ ਵੱਧ ਤੋਂ ਵੱਧ 8-10 ਹੀ ਘਰ ਹੁੰਦੇ ਹਨ।" ਬਹੁਤੇਰੇ ਲੋਕ ਹੋਰ ਆਦਿਵਾਸੀ ਭਾਈਚਾਰਿਆਂ ਦੇ ਹੁੰਦੇ ਹਨ ਤੇ ਕੁਝ ਗ਼ੈਰ-ਆਦਿਵਾਸੀ ਭਾਈਚਾਰਿਆਂ ਤੋਂ। ਉਹ ਪਾਰੀ ਨੂੰ ਕਹਿੰਦੇ ਹਨ,''ਆਪਣੀ ਭਾਸ਼ਾ ਨੂੰ ਖ਼ਤਮ ਹੁੰਦੇ ਦੇਖਣਾ ਬੜਾ ਦੁਖਦਾਇਕ ਹੈ।"
ਮਹਾਦੇਵ ਦੇ ਅਨੁਸਾਰ, ਉਨ੍ਹਾਂ ਦੀ ਮਾਂ-ਬੋਲੀ ਸਬਰ ਨੂੰ ਨਜ਼ਰਅੰਦਾਜ਼ ਕੀਤਾ ਜਾਂਦਾ ਰਿਹਾ ਹੈ ਅਤੇ ਕਿਤੇ ਵੀ ਕੋਈ ਸੁਣਵਾਈ ਨਹੀਂ ਹੈ। "ਜਿਹੜੀ ਭਾਸ਼ਾ ਲਿਖਤੀ ਰੂਪ ਵਿੱਚ ਹੈ, ਉਸੇ ਦੀ ਆਵਾਜ਼ ਸੁਣੀ ਜਾਂਦੀ ਹੈ।''
*****
ਰਾਂਚੀ ਵਿੱਚ ਸਥਿਤ ਕਬਾਇਲੀ ਖੋਜ ਸੰਸਥਾਨ ਦੀ ਸਥਾਪਨਾ ਸਾਲ 1953 ਵਿੱਚ ਕੀਤੀ ਗਈ ਸੀ, ਜਿਸਦਾ ਉਦੇਸ਼ ਕਬਾਇਲੀ ਭਾਈਚਾਰਿਆਂ ਦੇ ਸਮਾਜਿਕ, ਆਰਥਿਕ, ਸੱਭਿਆਚਾਰਕ ਅਤੇ ਇਤਿਹਾਸਕ ਪਹਿਲੂਆਂ ਦੀ ਖੋਜ ਕਰਨਾ ਅਤੇ ਉਨ੍ਹਾਂ ਨੂੰ ਦੇਸ਼ ਅਤੇ ਦੁਨੀਆ ਨਾਲ਼ ਜੋੜਨਾ ਹੈ।
2018 ਤੋਂ, ਟੀਆਰਆਈ ਨੇ ਆਦਿਮ ਕਬੀਲਿਆਂ ਦੀਆਂ ਭਾਸ਼ਾਵਾਂ ਵਿੱਚ ਵਰਣਮਾਲਾ ਅਤੇ ਵਿਆਕਰਣ ਤਿਆਰ ਕਰਨ ਦੀ ਪਹਿਲ ਕੀਤੀ ਹੈ ਅਤੇ ਅਸੁਰ ਤੇ ਬਿਰਜੀਆ ਵਰਗੀਆਂ ਭਾਸ਼ਾਵਾਂ ਵਿੱਚ ਕਿਤਾਬਾਂ ਛਾਪੀਆਂ ਗਈਆਂ ਹਨ। ਇਸ ਤੋਂ ਇਲਾਵਾ ਭਾਸ਼ਾ ਵਿੱਚ ਮੌਜੂਦ ਕਹਾਵਤਾਂ, ਲੋਕ ਕਹਾਣੀਆਂ ਅਤੇ ਕਵਿਤਾਵਾਂ ਆਦਿ ਵੀ ਇੱਕ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਤ ਹੋਈਆਂ ਹਨ।
ਹਾਲਾਂਕਿ, ਇਨ੍ਹਾਂ ਭਾਈਚਾਰਿਆਂ ਦੇ ਲੋਕ ਨਿਰਾਸ਼ ਜਾਪਦੇ ਹਨ ਕਿ ਇਸ ਪਹਿਲਕਦਮੀ ਨੂੰ ਕੋਈ ਵੱਡੀ ਸਫਲਤਾ ਨਹੀਂ ਮਿਲ਼ੀ। ਜਗਨਨਾਥ ਕਹਿੰਦੇ ਹਨ,"ਜੇ ਸਾਡੇ ਸਕੂਲਾਂ ਵਿੱਚ ਟੀਆਰਆਈ ਦੀਆਂ ਕਿਤਾਬਾਂ ਲਗਾਈਆਂ ਜਾਂਦੀਆਂ, ਤਾਂ ਸਾਡੇ ਘਰਾਂ ਦੇ ਬੱਚੇ ਆਪਣੀ ਭਾਸ਼ਾ ਵਿੱਚ ਪੜ੍ਹ ਪਾਉਂਦੇ।''
ਇਹ ਵਰਕਸ਼ਾਪਾਂ ਟੀਆਰਆਈ ਦੇ ਸਾਬਕਾ ਡਾਇਰੈਕਟਰ ਰਣੇਂਦਰ ਕੁਮਾਰ ਨੇ ਆਪਣੇ ਕਾਰਜਕਾਲ ਦੌਰਾਨ ਸ਼ੁਰੂ ਕੀਤੀਆਂ ਸਨ। ਉਹ ਵੀ ਜਗਨਨਾਥ ਦੀ ਗੱਲ ਨਾਲ਼ ਸਹਿਮਤ ਹਨ, "ਜਿਨ੍ਹਾਂ ਖੇਤਰਾਂ ਵਿੱਚ ਪੀਵੀਟੀਜੀ ਸਕੂਲ ਹਨ, ਉੱਥੇ ਇਨ੍ਹਾਂ ਨੂੰ ਲਾਗੂ ਕਰਵਾਉਣਾ ਚਾਹੀਦਾ ਹੈ। ਤਾਂ ਹੀ ਇਸ ਕੰਮ ਦਾ ਅਸਲ ਮਕਸਦ ਪੂਰਾ ਹੋਵੇਗਾ।''
ਇਨ੍ਹਾਂ ਵਰਕਸ਼ਾਪਾਂ ਦੇ ਆਯੋਜਨ ਵਿੱਚ ਸਭ ਤੋਂ ਵੱਡੀ ਚੁਣੌਤੀ ਉਨ੍ਹਾਂ ਲੋਕਾਂ ਨੂੰ ਲੱਭਣਾ ਹੈ ਜੋ ਮੂਲ਼ ਭਾਸ਼ਾ ਜਾਣਦੇ ਹਨ। ਪ੍ਰਮੋਦ ਕੁਮਾਰ ਸ਼ਰਮਾ ਦੱਸਦੇ ਹਨ,"ਜਿਹੜੇ ਲੋਕ ਮੂਲ਼ ਭਾਸ਼ਾ ਜਾਣਦੇ ਹਨ ਉਹ ਅਕਸਰ ਲਿਖ ਨਹੀਂ ਪਾਉਂਦੇ।'' ਇਸ ਲਈ, ਜੋ ਲੋਕ ਮਿਸ਼ਰਤ ਭਾਸ਼ਾ ਹੀ ਸਹੀ, ਪਰ ਭਾਸ਼ਾ ਜਾਣਦੇ ਹਨ ਤੇ ਲਿਖ ਪਾਉਂਦੇ ਹਨ, ਉਨ੍ਹਾਂ ਨੂੰ ਟੀਆਰਆਈ ਵਿੱਚ ਬੁਲਾ ਕੇ ਵਰਣਮਾਲਾ ਦੀ ਕਿਤਾਬ ਤਿਆਰ ਕਰਵਾਈ ਜਾਂਦੀ ਹੈ।
"ਅਸੀਂ ਇਸ ਕੰਮ ਲਈ ਭਾਸ਼ਾ ਵਿਦਵਾਨ ਹੋਣ ਦੀ ਸ਼ਰਤ ਨਹੀਂ ਰੱਖੀ ਹੈ।'' ਕਾਰਜਸ਼ਾਲਾ ਵਿੱਚ ਸ਼ਾਮਲ ਹੋਣ ਵਾਸਤੇ ਭਾਸ਼ਾ ਨੂੰ ਜਾਣਨਾ ਹੀ ਕਾਫੀ ਹੈ। ਪ੍ਰਮੋਦ, ਝਾਰਖੰਡ ਕੌਂਸਲ ਆਫ ਐਜੂਕੇਸ਼ਨਲ ਰਿਸਰਚ ਦੇ ਸਾਬਕਾ ਫੈਕਲਟੀ ਮੈਂਬਰ ਹਨ ਤੇ ਕਾਰਜ ਪ੍ਰਣਾਲੀ ਬਾਰੇ ਗੱਲ ਕਰਦਿਆਂ ਅੱਗੇ ਕਹਿੰਦੇ ਹਨ,"ਸਾਡਾ ਮੰਨਣਾ ਹੈ ਕਿ ਜੇ ਵਿਆਕਰਣ ਬੋਲਚਾਲ ਦੀ ਭਾਸ਼ਾ ਵਿੱਚ ਤਿਆਰ ਕੀਤਾ ਜਾਂਦਾ ਹੈ, ਤਾਂ ਇਹ ਵਧੇਰੇ ਵਿਹਾਰਕ ਹੋਵੇਗਾ।''
ਵਿਡੰਬਨਾ ਇਹ ਹੈ ਕਿ ਦੇਵਨਾਗਰੀ ਲਿਪੀ ਦੀ ਵਰਤੋਂ ਪੀਵੀਟੀਜੀ ਭਾਸ਼ਾਵਾਂ ਵਿੱਚ ਵਰਣਮਾਲਾ, ਵਿਆਕਰਣ ਦੀਆਂ ਕਿਤਾਬਾਂ ਅਤੇ ਹੋਰ ਸਮੱਗਰੀ ਤਿਆਰ ਕਰਨ ਲਈ ਕੀਤੀ ਜਾ ਰਹੀ ਹੈ। ਵਿਆਕਰਣ ਤਿਆਰ ਕਰਨ ਲਈ ਹਿੰਦੀ ਵਿਆਕਰਣ ਦਾ ਖਾਕਾ ਵਰਤਿਆ ਜਾਂਦਾ ਹੈ ਅਤੇ ਜਿਹੜੇ ਅੱਖਰ ਆਦਿਮ ਭਾਸ਼ਾਵਾਂ ਵਿੱਚ ਮੌਜੂਦ ਨਹੀਂ ਹੁੰਦੇ, ਉਨ੍ਹਾਂ ਨੂੰ ਹਟਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਭਾਸ਼ਾ ਵਿੱਚ ਮੌਜੂਦ ਅੱਖਰਾਂ ਦੇ ਅਧਾਰ 'ਤੇ ਵਿਆਕਰਣ ਤਿਆਰ ਕੀਤਾ ਜਾਂਦਾ ਹੈ। ਪ੍ਰਮੋਦ ਦੱਸਦੇ ਹਨ,"ਉਦਾਹਰਣ ਵਜੋਂ, 'ण' ਅੱਖਰ ਮਾਵਨੋ ਭਾਸ਼ਾ ਵਿੱਚ ਹੈ ਤੇ ਸਬਰ ਵਿੱਚ ਨਹੀਂ ਹੈ। ਤਾਂ ਸਬਰ ਵਰਣਮਾਲਾ ਵਿੱਚ 'ण' ਨਹੀਂ ਹੁੰਦਾ, ਸਿਰਫ਼ 'न' ਲਿਖਿਆ ਜਾਂਦਾ ਹੈ।'' ਇਸੇ ਤਰ੍ਹਾਂ, ਜੇ ਕੋਈ ਸਵਰ ਜਾਂ ਵਿਅੰਜਨ ਹਿੰਦੀ ਵਿੱਚ ਨਹੀਂ ਹੈ ਪਰ ਕਬਾਇਲੀ ਭਾਸ਼ਾ ਵਿੱਚ ਮੌਜੂਦ ਹੈ, ਤਾਂ ਇਸ ਨੂੰ ਸ਼ਾਮਲ ਕੀਤਾ ਜਾਂਦਾ ਹੈ।
"ਪਰ ਅਸੀਂ ਸਿਰਫ਼ ਲਿਪੀਆਂ ਉਧਾਰ ਲੈਂਦੇ ਹਾਂ, ਅੱਖਰ ਅਤੇ ਸ਼ਬਦ ਉਨ੍ਹਾਂ ਦੀ ਭਾਸ਼ਾ ਦੇ ਉਚਾਰਨ ਦੇ ਅਨੁਸਾਰ ਹੀ ਲਿਖੇ ਜਾਂਦੇ ਹਨ," 60 ਸਾਲਾ ਪ੍ਰਮੋਦ ਕਹਿੰਦੇ ਹਨ।
*****
ਸ਼ਾਮ ਹੋ ਗਈ ਹੈ ਅਤੇ ਜਗਨਨਾਥ, ਮਨੋਜ ਅਤੇ ਮਹਾਦੇਵ ਮੋਰਾਬਾਦੀ ਚੌਕ 'ਤੇ ਹੋਰ ਭਾਗੀਦਾਰਾਂ ਨਾਲ਼ ਚਾਹ ਪੀ ਰਹੇ ਹਨ। ਭਾਸ਼ਾ ਦੀ ਚਰਚਾ ਹੋਰ ਪਹਿਲੂਆਂ ਨੂੰ ਛੂਹਣ ਲੱਗੀ ਹੈ ਅਤੇ ਆਪਣੀ ਮਾਂ-ਬੋਲੀ ਵਿੱਚ ਗੱਲ ਕਰਨ ਨਾਲ਼ ਜੁੜੀ ਝਿਜਕ ਅਤੇ ਸ਼ਰਮ ਬਾਰੇ ਗੱਲ ਹੋਣ ਲੱਗੀ ਹੈ।
ਆਦਿਮ ਭਾਈਚਾਰੇ ਇਹ ਮਹਿਸੂਸ ਹੁੰਦਾ ਰਿਹਾ ਹੈ ਕਿ ਜੇ ਉਹ ਆਪਣੇ ਮਨ ਦੀ ਗੱਲ ਕਰਦੇ ਵੀ ਹਨ ਤਾਂ ਕੋਈ ਵੀ ਉਨ੍ਹਾਂ ਨੂੰ ਸਮਝਦਾ ਨਹੀਂ। ਪਰਹਿਆ ਭਾਈਚਾਰੇ ਨਾਲ਼ ਸਬੰਧਤ ਰਿੰਪੂ ਕੁਮਾਰੀ ਦਾ ਵੀ ਅਜਿਹਾ ਹੀ ਤਜ਼ਰਬਾ ਹੈ। ਉਹ ਸਾਰਾ ਦਿਨ ਚੁੱਪ ਰਹੀ ਅਤੇ ਗੱਲਬਾਤ ਦੇ ਕੇਂਦਰ ਵਿੱਚ ਆਉਣੋਂ ਝਿਜਕਦੀ ਨਜ਼ਰ ਆਉਂਦੀ ਰਹੀ ਹਨ। ਝਿਜਕਦਿਆਂ ਹੀ ਪਰ ਅਖੀਰ ਚੁੱਪੀ ਤੋੜਦਿਆਂ ਉਹ ਕਹਿੰਦੀ ਹਨ,"ਜਦੋਂ ਮੈਂ ਪਰਹਿਆ (ਭਾਸ਼ਾ) ਵਿੱਚ ਗੱਲ ਕਰਦੀ ਹਾਂ, ਤਾਂ ਲੋਕ ਮੇਰਾ ਮਜ਼ਾਕ ਉਡਾਉਂਦੇ ਹਨ।" ਰਿੰਪੂ (26) ਦਾ ਵਿਆਹ ਦੂਸਰੇ ਭਾਈਚਾਰੇ ਵਿੱਚ ਹੋਇਆ ਹੈ ਤੇ ਉਹ ਗੱਲ ਜਾਰੀ ਰੱਖਦਿਆਂ ਕਹਿੰਦੀ ਹਨ, "ਜਦੋਂ ਮੇਰੇ ਸਹੁਰੇ ਮੇਰਾ ਮਜ਼ਾਕ ਉਡਾਉਂਦੇ ਹਨ, ਤਾਂ ਉਹ ਦੁਨੀਆ ਦੇ ਸਾਹਮਣੇ ਕਿਵੇਂ ਬੋਲੇਗੀ?"
ਉਹ ਉਸ 'ਸ਼ਰਮ' ਨੂੰ ਦੂਰ ਕਰਨਾ ਚਾਹੁੰਦੀ ਹਨ ਜੋ ਉਹ ਅਤੇ ਉਨ੍ਹਾਂ ਦੇ ਭਾਈਚਾਰੇ ਦੇ ਲੋਕ ਆਪਣੀ ਭਾਸ਼ਾ ਵਿੱਚ ਗੱਲ ਕਰਦੇ ਸਮੇਂ ਮਹਿਸੂਸ ਕਰਦੇ ਹਨ। ਉਹ ਮਸਾਂ-ਸੁਣੀਂਦੀ ਅਵਾਜ਼ ਵਿੱਚ ਕਹਿੰਦੀ ਹਨ,"ਜੇ ਤੁਸੀਂ ਹੋਰ ਗੱਲ ਕਰਨੀ ਚਾਹੁੰਦੇ ਹੋ ਤਾਂ ਸਾਡੇ ਪਿੰਡ ਆਓ। ਇੱਥੇ ਕੀ ਗੱਲ ਕਰੀਏ।''
ਇਹ ਰਿਪੋਰਟਰ ਕਹਾਣੀ ਵਿੱਚ ਸਹਾਇਤਾ ਦੇਣ ਲਈ ਰਣੇਂਦਰ ਕੁਮਾਰ ਦਾ ਧੰਨਵਾਦ ਕਰਦੇ ਹਨ।
ਪਾਰੀ ਦੇ ' ਖ਼ਤਰੇ ਵਿੱਚ ਪਈ ਭਾਸ਼ਾ ਪ੍ਰੋਜੈਕਟ ' ਦਾ ਉਦੇਸ਼ ਭਾਰਤ ਦੀਆਂ ਖ਼ਤਰੇ ਵਿੱਚ ਪਈਆਂ ਭਾਸ਼ਾਵਾਂ ਨੂੰ ਬੋਲਣ ਵਾਲੇ ਆਮ ਲੋਕਾਂ ਦੇ ਜੀਵਨ ਅਤੇ ਉਨ੍ਹਾਂ ਦੇ ਜੀਵਨ ਦੇ ਤਜ਼ਰਬਿਆਂ ਰਾਹੀਂ ਦਸਤਾਵੇਜ਼ ਬਣਾਉਣਾ ਹੈ।
ਤਰਜਮਾ: ਕਮਲਜੀਤ ਕੌਰ