ਯਮੁਨਾ ਜਾਦਵ ਨੂੰ ਵੇਖ ਕੇ ਨਹੀਂ ਲੱਗਦਾ ਕਿ ਉਹ ਦੋ ਰਾਤਾਂ ਤੋਂ ਸੁੱਤੀ ਹੋਏਗੀ। ਉਹ ਮੁਸਕਰਾਉਂਦੀ ਹੋਈ ਭੀਚੀ ਮੁੱਠੀ ਉਤਾਂਹ ਚੁੱਕੀ ‘ਲਾਲ ਸਲਾਮ’ ਆਖਦਿਆਂ ਕਹਿੰਦੀ ਹੈ, “ਅਸੀਂ ਅਗਲੇ ਦੋ ਦਿਨਾਂ ਦੀ ਬੜੀ ਤੀਬਰਤਾ ਨਾਲ ਉਡੀਕ ਕਰ ਰਹੇ ਹਾਂ।”
ਉਹ ਮਹਾਰਾਸ਼ਟਰ ਦੇ ਨਾਸ਼ਿਕ ਜ਼ਿਲ੍ਹੇ ਦੇ ਡੁਡਗਾਓਂ ਪਿੰਡੋਂ ਛੇ ਘੰਟੇ ਪਹਿਲਾਂ ਦਿੱਲੀ ਪਹੁੰਚੀ ਹੈ। “ਅਸੀਂ 27 ਨਵੰਬਰ ਦੀ ਰਾਤ ਨੂੰ ਨਾਸ਼ਿਕ ਤੋਂ ਗੱਡੀ ਫੜੀ,” ਉਹ ਦੱਸਦੀ ਹੈ। ''ਸਾਡੇ ਕੋਲ਼ ਰਾਖਵੀਂ ਸੀਟ ਨਹੀਂ ਸੀ। ਅਸੀਂ ਸਾਰੇ ਸਫ਼ਰ ਦੇ ਦੌਰਾਨ ਡੱਬੇ ਦੇ ਦਰਵਾਜ਼ੇ ਕੋਲ਼ ਬੈਠੇ ਰਹੇ। 24 ਘੰਟੇ ਬੈਠ-ਬੈਠ ਕੇ ਮੇਰੀ ਪਿੱਠ ਦੁੱਖ ਰਹੀ ਹੈ।''
ਯਮੁਨਾ (ਉਤਾਂਹ ਕਵਰ ਫ਼ੋਟੋ ਵਿੱਚ) ਉਨ੍ਹਾਂ ਹਜ਼ਾਰਾਂ ਕਿਸਾਨਾਂ ਵਿੱਚੋਂ ਇੱਕ ਹਨ, ਜੋ 29 ਨਵੰਬਰ ਦੀ ਠਰਦੀ ਸਵੇਰ ਨੂੰ ਦਿੱਲੀ ਅਪੜੇ ਹਨ। ਕੁੱਲ ਭਾਰਤੀ ਕਿਸਾਨ ਸੰਘਰਸ਼ ਤਾਲਮੇਲ ਕਮੇਟੀ, ਜੋ 150-200 ਖੇਤੀ ਸਮੂਹਾਂ ਤੇ ਸੰਘਾਂ ਦਾ ਇੱਕ ਸਮੂਹਕ ਸੰਗਠਨ ਹੈ, ਨੇ ਦੋ ਰੋਜ਼ਾ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਦੇਸ਼ ਭਰ ਦੇ ਕਿਸਾਨਾਂ ਨੂੰ ਇਕੱਠਾ ਕੀਤਾ ਹੈ। ਅੱਜ, 30 ਨਵੰਬਰ ਨੂੰ, ਇਹ ਸਾਰੇ ਪ੍ਰਦਰਸ਼ਨਕਾਰੀ ਖੇਤੀ ਸੰਕਟ ਦੇ ਵਿਸ਼ੇ 'ਤੇ ਚਰਚਾ ਕਰਨ ਲਈ ਸੰਸਦ ਦਾ ਇੱਕ ਵਿਸ਼ੇਸ਼ 21 ਰੋਜ਼ਾ ਸੈਸ਼ਨ ਬੁਲਾਉਣ ਦੀ ਮੰਗ ਨੂੰ ਲੈ ਕੇ, ਸੰਸਦ ਵੱਲ ਮਾਰਚ ਕੱਢਣ ਵਾਲ਼ੇ ਹਨ।
ਅਖਿਲ ਭਾਰਤੀ ਕਿਸਾਨ ਸਭਾ ਦੇ ਇੱਕ ਕਿਸਾਨ ਆਗੂ - ਅਜੀਤ ਨਵਲੇ ਦੱਸਦੇ ਹਨ ਕਿ ਬਹੁਤ ਸਾਰੇ ਪ੍ਰਦੇਸ਼ਾਂ ਤੋਂ ਕਿਸਾਨ ਪਹੁੰਚੇ ਹਨ, ਅਤੇ ਮਹਾਰਾਸ਼ਟਰ ਤੋਂ ਘੱਟੋ-ਘਟ 3000 ਕਿਸਾਨ ਆਏ ਨੇ। ਉਹਨਾਂ ‘ਚੋਂ ਬਹੁਤ ਸਾਰੇ ਯਮੁਨਾ ਵਾਂਗੂੰ ਖੇਤੀ ਬਾੜੀ ਮਜ਼ਦੂਰ ਹਨ ਜੋ ਕਿ 150 ਰੁਪਏ ਦਿਹਾੜੀ ਕਮਾਉਂਦੇ ਹਨ।
ਯਮੁਨਾ ਦੱਸਦੀ ਹੈ ਕਿ ਤੀਬਰਤਾ ਨਾਲ ਵਿਗੜਦਾ ਜਾ ਰਿਹਾ ਖੇਤੀ-ਬਾੜੀ ਸੰਕਟ ਉਹਨਾਂ ਦੀ ਆਮਦਨੀ ‘ਤੇ ਸਿੱਧਾ ਅਸਰ ਪਾਉਂਦਾ ਹੈ। “ਜਿੰਨਾ ਜ਼ਿਆਦਾ ਕੰਮ ਖੇਤਾਂ ਵਿਚ ਹੋਏਗਾ, ਸਾਨੂੰ ਉੱਨੇ ਜ਼ਿਆਦਾ ਪੈਸੇ ਕਮਾਉਣ ਦੇ ਮੌਕੇ ਮਿਲਣਗੇ,” ਕਿਸਾਨ ਸਭਾ ਦੀ ਲਾਲ ਕਮੀਜ਼ ਪਹਿਨੀ ਉਹ ਕਹਿੰਦੀ ਹੈ। “ਅੱਜਕੱਲ੍ਹ ਮਹਾਰਾਸ਼ਟਰ ਵਿਚ ਬਹੁਤ ਗੰਭੀਰ ਸੋਕਾ ਪੈ ਰਿਹਾ ਹੈ। (ਮਾਨਸੂਨ ਤੋਂ ਬਾਅਦ) ਕਿਸਾਨ ਹਾੜ੍ਹੀ ਦੇ ਮੌਸਮ ਲਈ ਬਿਜਾਈ ਨਹੀਂ ਕਰ ਰਹੇ। ਅੱਜਕੱਲ੍ਹ ਮਹਾਰਾਸ਼ਟਰ ਵਿਚ ਬਹੁਤ ਗੰਭੀਰ ਸੋਕਾ ਪੈ ਰਿਹਾ ਹੈ। (ਮਾਨਸੂਨ ਤੋਂ ਬਾਅਦ) ਕਿਸਾਨ ਹਾੜ੍ਹੀ ਦੇ ਮੌਸਮ ਲਈ ਬਿਜਾਈ ਨਹੀਂ ਕਰ ਰਹੇ। ਅਸੀਂ ਕਿੱਥੋਂ ਕੰਮ ਲੱਭਾਂਗੇ?”
ਹਜ਼ਰਤ ਨਿਜ਼ਾਮੁਦੀਨ ਸਟੇਸ਼ਨ ਦੇ ਨੇੜੇ ਸਥਿਤ ਬਾਲਾ ਸਾਹਿਬ ਗੁਰਦੁਆਰੇ ਵੱਲੋਂ, ਜਿੱਥੇ ਦਿੱਲੀ ਪਹੁੰਚਣ ਤੋਂ ਬਾਅਦ ਕਈ ਕਿਸਾਨ ਆਰਾਮ ਕਰਨ ਲਈ ਠਹਿਰੇ ਹੋਏ ਸਨ, ਉਹਨਾਂ ਵਾਸਤੇ ਸਵੇਰ ਦੇ ਖਾਣੇ ਵਿਚ ਦਾਲ-ਚੌਲ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਕੇ ਕਿਸਾਨ 11 ਵਜੇ ਤਕ ਛੱਕ ਕੇ ਵਿਹਲੇ ਹੋ ਗਏ ਹਨ। ਨਾਸ਼ਿਕ ਜ਼ਿਲੇ ਦੇ ਪਿੰਡ ਗੰਗਾਵਰ੍ਹੇ ਦੇ ਤੁਲਜਾਬਾਈ ਭਡੰਗੇ, ਜਿਸਦੀ ਉਮਰ ਕਰੀਬ 35 ਵਰ੍ਹੇ ਹੈ, ਦੱਸਦੀ ਹੈ ਕਿ ਉਹ ਆਪਣੇ ਨਾਲ ਪਹਿਲੀ ਰਾਤ ਖਾਣੇ ਲਈ ਭਾਖਰੀ ਅਤੇ ਚਟਣੀ ਲੈ ਕੇ ਆਏ ਸਨ, ਪਰ ਅਗਲੀ ਰਾਤ ਕੁਝ ਖਾਸ ਖਾਣ ਨੂੰ ਨਾ ਮਿਲਿਆ। “ਅਸੀਂ ਸਫ਼ਰ ਲਈ 1000 ਰੁਪਏ ਰੱਖੇ ਹਨ,” ਉਹ ਦੱਸਦੀ ਹੈ। “ਕੱਲ ਅਸੀਂ ਖਾਣੇ ‘ਤੇ 200 ਰੁਪਏ ਖਰਚੇ। ਅਸੀਂ ਰਿਕਸ਼ੇਵਾਲੇ ਨੂੰ ਨਾਸ਼ਿਕ ਸਟੇਸ਼ਨ ਤਕ ਛੱਡਣ ਦਾ ਕਿਰਾਇਆ ਭਾੜਾ ਦਿੱਤਾ। ਅਸੀਂ ਇਸ ਤੱਥ ਨੂੰ ਭਲੀ ਭਾਂਤੀ ਮਨਜ਼ੂਰ ਕਰ ਲਿਆ ਹੈ ਕਿ ਸਾਨੂੰ ਪੰਜ ਦਿਨ ਦਾ ਕੰਮ (ਅਤੇ ਦਿਹਾੜੀ) ਛੱਡਣੀ ਪਏਗੀ। ਇਹ ਮਾਰਚ ਇੱਕ ਐਲਾਨ ਹੈ। ਅਸੀਂ ਇਹ ਮੁੰਬਈ ਵਿਚ ਕੀਤਾ ਸੀ, ਅਸੀਂ ਇਸ ਨੂੰ ਦੋਬਾਰਾ ਕਰਾਂਗੇ।
ਨਾਸ਼ਿਕ ਦੇ ਆਦਿਵਾਸੀ ਇਲਾਕਿਆਂ ਵਿਚ ਚਿੰਤਾ ਦਾ ਸਭ ਤੋਂ ਵੱਡਾ ਕਾਰਨ ਹੈ ਵਣ ਅਧਿਕਾਰ ਅਧਿਨਿਯਮ- 2006 ਦਾ ਲਾਗੂ ਨਾ ਕੀਤਾ ਜਾਣਾ, ਜਿਸ ਅਧਿਨਿਯਮ ਅਨੁਸਾਰ ਆਦਿਵਾਸੀ ਉਸ ਜ਼ਮੀਨ ਦੇ ਹੱਕਦਾਰ ਹੋ ਜਾਂਦੇ ਹਨ ਜਿਸ ਉੱਪਰ ਉਹ ਮੁੱਦਤਾਂ ਤੋਂ ਖੇਤੀ ਕਰ ਰਹੇ ਹਨ। ਭਡੰਗੇ ਦੱਸਦੀ ਹੈ ਕਿ ਆਦਿਵਾਸੀ ਕਿਸਾਨਾਂ ਕੋਲ ਅਜੇ ਵੀ ਓਨ੍ਹਾ ਜ਼ਮੀਨਾਂ ਦੀ ਮਲਕੀਅਤ ਨਹੀਂ ਹੈ ਜਿਹੜੀਆਂ ਜ਼ਮੀਨਾਂ ਨੂੰ ਉਹ ਕਈ ਦਹਾਕਿਆਂ ਤੋ ਵਾਹ ਰਹੇ ਹਨ। ਉਹ ਕਹਿੰਦੀ ਹੈ,“ਭਾਵੇਂ ਮੇਰੇ ਆਪਣੇ ਕੋਲ ਕੁਝ ਖਾਸ ਜ਼ਮੀਨ ਨਹੀਂ ਹੈ, ਪਰ ਮੈਂ ਦੂਜੇ ਕਿਸਾਨਾਂ ਦੀ ਜ਼ਮੀਨ ‘ਤੇ ਕੰਮ ਕਰਦੀ ਹਾਂ। ਜੇ ਓਨ੍ਹਾ ਕੋਲੋਂ ਜ਼ਮੀਨਾਂ ਖੁੱਸ ਗਈਆਂ, ਤਾਂ ਫੇਰ ਮੈਂ ਕਿੱਥੇ ਕੰਮ ਕਰਾਂਗੀ?”
ਆਦਿਵਾਸੀ ਇਲਾਕਿਆਂ ਤੋਂ ਬਾਹਰ, ਜਿਹੜੇ ਕਿਸਾਨ ਅਤੇ ਮਜ਼ਦੂਰ ਮਹਾਰਾਸ਼ਟਰ ਤੋਂ ਦਿੱਲੀ ਤੱਕ ਦਾ ਸਫ਼ਰ ਕਰਕੇ ਆਏ ਹਨ, ਉਹਨਾਂ ਦੀ ਸ਼ਿਕਾਇਤਾਂ ਦੀ ਫਹਿਰਿਸਤ ਵਿਚ ਕਈ ਮਸਲੇ ਦਰਕਾਰ ਹਨ ਜਿਵੇਂ ਕੇ ਖੇਤਾਂ ਨੂੰ ਸਿੰਜਣ ਲਈ ਸਹੂਲਤਾਂ ਦਾ ਨਾ ਹੋਣਾ, ਪਾਣੀ ਦੀ ਥੁੜ, ਅਨੁਚਿਤ ਫ਼ਸਲ ਬੀਮਾ ਪਾਲਿਸੀ, ਅਤੇ ਕਰਜ਼ਿਆਂ ਦੀ ਮੁਆਫ਼ੀ ਦੀ ਜ਼ਰੂਰਤ। ਹੁਣ ਜਲੂਸ ਦੁਪਿਹਰ ਦੇ 12:30 ਵਜੇ ਦਿੱਲੀ ਦੀਆਂ ਸੜਕਾਂ ‘ਤੇ ਉਤਰ ਆਇਆ ਹੈ, ਜਿਸ ਵਿਚ ਸ਼ਿਰਕਤ ਕਰ ਰਿਹਾ ਅਹਿਮਦਨਗਰ ਦੇ ਅੰਬੇਵਾਂਗਨ ਪਿੰਡ ਤੋਂ ਆਇਆ 70 ਸਾਲਾ ਦੇਵਰਾਮ ਭਾਂਗਰੇ ਦੱਸਦਾ ਹੈ “ਜ਼ਮੀਨੀ ਪੱਧਰ ‘ਤੇ ਕੁੱਝ ਵੀ ਸਾਕਾਰ ਨਹੀਂ ਹੋਇਆ। ਕਿਸਾਨਾਂ ਨੂੰ ਫ਼ਸਲ ਦੇ ਬੀਮੇ ਦੀ ਰਕਮ, ਜੂਨ ਮਹੀਨੇ ਦੀ ਬਿਜਾਈ ਤਕ ਵਿਰਲੇ-ਟਾਵੇਂ ਹੀ ਮਿਲਦੀ ਹੈ, ਉਸ ਵੇਲੇ ਉਹਨਾਂ ਨੂੰ ਪੈਸੇ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ। ਜੇ ਕਿਸਾਨ ਕੋਲ ਪੈਸੇ ਨਾ ਹੋਣ ਤਾਂ ਉਹ ਖੇਤੀਬਾੜੀ ਮਜ਼ਦੂਰਾਂ ਨੂੰ ਕੰਮ ‘ਤੇ ਰੱਖਣ ਵਿਚ ਕਿਰਸ ਕਰੇਗਾ। ਭਾਵੇਂ ਸਾਡਾ ਪਿੰਡ ਪਾਣੀ ਦੀ ਗੰਭੀਰ ਘਾਟ ਦੇ ਸੰਕਟ ‘ਚੋਂ ਲੰਘ ਰਿਹਾ ਹੈ, ਤਾਂ ਵੀ ਕੋਈ ਮਦਦ ਨਹੀਂ ਮਿਲ ਰਹੀ। ਮੋਦੀ ਨੇ ਆਪਣੇ ਕੀਤੇ ਵਾਇਦੇ ਪੂਰੇ ਨਹੀਂ ਕੀਤੇ। ਉਸਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਸਾਡੇ ਵਿਚ ਕਿੰਨਾ ਰੋਸ ਅਤੇ ਗੁੱਸਾ ਹੈ।
ਜਿਵੇਂ ਹੀ ਲਾਲ ਕਮੀਜ਼ਾਂ ਪਾਈ ਅਤੇ ਲਾਲ ਝੰਡੇ ਫੜੀ ਕਿਸਾਨਾਂ ਦਾ ਹਜੂਮ ਦਿੱਲੀ ਦੀਆਂ ਸੜਕਾਂ ‘ਤੇ ਉਮੜਦਾ ਹੈ, ਤਾਂ ‘ਮੋਦੀ ਸਰਕਾਰ ਹੋਸ਼ ਮੇਂ ਆਓ’ ਦਾ ਨਾਅਰਾ ਹਵਾ ਵਿਚ ਗੂੰਜ ਉਠਦਾ ਹੈ। ਆਸ-ਪਾਸ ਖੜੇ ਲੋਗ ਅਤੇ ਸੜਕਾਂ ‘ਤੇ ਆਵਾ-ਜਾਈ ਕਰਦੇ ਯਾਤਰੀ ਉਹਨਾਂ ਨੂੰ ਵੇਖ ਰਹੇ ਹਨ, ਜਦ ਕੇ ਕਿਸਾਨ ਪੂਰੇ ਜਜ਼ਬੇ ਅਤੇ ਜੋਸ਼ ਨਾਲ ਨਾਅਰੇਬਾਜ਼ੀ ਕਰਦੇ ਜਾ ਰਹੇ ਹਨ।
ਅਨੁਸ਼ਾਸਤ ਅਤੇ ਧੜੱਲੇਦਾਰ, ਕਿਸਾਨ ਰਾਮ ਲੀਲਾ ਮੈਦਾਨ ਵੱਲ ਪੁਲਾਂਗਾਂ ਪੁੱਟਦੇ ਜਾ ਰਹੇ ਹਨ, ਨਿਜ਼ਾਮੂਦੀਨ ਤੋਂ 5 ਕਿਲੋਮੀਟਰ ਦੂਰ ਅਤੇ ਦਿੱਲੀ ਦੇ ਕੇਂਦਰ ਦੇ ਨੇੜੇ, ਜਿੱਥੇ ਉਹ ਰਾਤ ਬਿਤਾਉਣਗੇ। ਪੰਜ ਕਿਲੋਮੀਟਰ ਬਾਅਦ ਸਿਰਫ ਇੱਕ ਪੜਾਅ ‘ਤੇ ਰੁੱਕ ਕੇ, ਮਾਰਚ ਕਰਦੇ ਪ੍ਰਦਰਸ਼ਨਕਾਰੀ ਦੋਪਿਹਰ ਦੇ 4:30 ਵਜੇ ਮੈਦਾਨ ਪਹੁੰਚ ਚੁੱਕੇ ਹਨ।
ਆਦਮੀ ਹੋਣ ਜਾਂ ਔਰਤਾਂ, ਸਾਰੇ ਪ੍ਰਦਰਸ਼ਨਕਾਰੀ ਹਰ ਖਿੱਤੇ ਅਤੇ ਉਮਰ ਦੇ ਵਰਗ ਤੋਂ ਹਨ। ਕ੍ਰਿਸ਼ਨ ਖੋਡੇ, 18, ਨਾਸ਼ਿਕ ਦੇ ਪਿੰਪਲਗਾਓਂ ਪਿੰਡੋਂ ਹੋਰਾਂ ਦੇ ਨਾਲ ਪੈਂਡਾ ਘਤ ਕੇ ਆਇਆ ਹੈ। ਉਸਦੇ ਪਿਤਾ ਨਿਰੂਵਤੀ ਨੇ ਇਸ ਸਾਲ ਮਾਰਚ ਮਹੀਨੇ ਵਿਚ ਲੰਮੇ ਮਾਰਚ ਵਿਚ ਹਿੱਸਾ ਲਿਆ ਸੀ, ਜਦੋਂ ਮਹਾਰਾਸ਼ਟਰ ਦੇ ਕਿਸਾਨ ਨਾਸ਼ਿਕ ਤੋਂ ਲਗਭਗ 180 ਕਿਲੋਮੀਟਰ ਦੀ ਦੂਰੀ ਪੈਦਲ ਤੈਅ ਕਰਕੇ ਮੁੰਬਈ ਪਹੁੰਚੇ ਸਨ। “ਜਦੋਂ ਉਹ ਘਰ ਵਾਪਸ ਆਏ ਤਾਂ ਉਹ ਬਿਮਾਰ ਪੈ ਗਏ,” ਹੱਥ ਵਿਚ ਝੰਡਾ ਫੜੀ ਅਤੇ ਮੋਢਿਆਂ ‘ਤੇ ਪਿੱਠੂ ਚੁੱਕੀ ਤੁਰਦਿਆਂ ਕ੍ਰਿਸ਼ਨ ਨੇ ਦੱਸਿਆ। “ਦੋ ਤਿੰਨ ਦਿਨ ਬੀਤ ਗਏ ਤਾਂ ਉਹਨਾਂ ਨੇ ਛਾਤੀ ‘ਚ ਦਰਦ ਦੀ ਸ਼ਿਕਾਇਤ ਕੀਤੀ। ਅਸੀਂ ਉਹਨਾਂ ਨੂੰ ਡਾਕਟਰ ਕੋਲ਼ ਲੈ ਗਏ, ਜਿਸ ਨੇ ਸਾਨੂੰ ਪਿਤਾ ਜੀ ਦਾ ਐਕਸ-ਰੇ ਕਰਨ ਲਈ ਆਖਿਆ। ਪਰ ਇਸ ਤੋਂ ਪਹਿਲਾਂ ਕਿ ਅਸੀਂ ਇਹ ਕਰਵਾ ਸਕਦੇ, ਉਹਨਾਂ ਦੀ ਮੌਤ ਹੋ ਗਈ।”
ਉਸ ਦਿਨ ਤੋਂ ਲੈ ਕੇ ਕ੍ਰਿਸ਼ਨ ਦੀ ਮਾਂ ਆਪਣੇ ਖੇਤ ਦਾ ਖਿਆਲ ਰੱਖਣ ਤੋਂ ਇਲਾਵਾ, ਖੇਤੀ ਮਜ਼ਦੂਰ ਦੇ ਤੌਰ ਤੇ ਵੀ ਦੂਹਰੀ ਮਿਹਨਤ ਕਰ ਰਹੀ ਹੈ। “ਮੈਂ ਕਿਸਾਨ ਨਹੀਂ ਬਣਨਾ ਚਾਹੁੰਦਾ,” ਉਹ ਕਹਿੰਦਾ ਹੈ। “ਮੇਰੇ ਪਿਤਾ ਚਾਹੁੰਦੇ ਸਨ ਕਿ ਮੈਂ ਪੁਲਿਸ ਅਫ਼ਸਰ ਬਣਾ। ਮੈਂ ਇਸ ਲਈ ਪੂਰੀ ਕੋਸ਼ਿਸ਼ ਕਰਾਂਗਾ।”
ਨਿਰੂਵਤੀ ਨਾਲ ਜੋ ਵਾਪਰਿਆ, ਕੀ ਉਸ ਤੋਂ ਬਾਅਦ ਸੋਨਾਬਾਈ ਨੇ ਆਪਣੇ ਮੁੰਡੇ ਦਾ ਮੁਜ਼ਾਹਿਰੇ ਵਿਚ ਸ਼ਿਰਕਤ ਕਰਨ ‘ਤੇ ਇਤਰਾਜ਼ ਨਹੀਂ ਕੀਤਾ? ਉਹ ਮੁਸਕੁਰਾਇਆ। “ਉਸ ਨੇ ਮੈਨੂੰ ਪੁੱਛਿਆ ਸੀ ਕਿ ਮੈਂ ਕਿਉਂ ਜਾਣਾ ਚਾਹੁੰਦਾ ਹਾਂ,” ਉਹ ਦੱਸਦਾ ਹੈ। “ਮੈਂ ਕਿਹਾ ਕੇ ਮੈਂ ਇਸ ਦਾ ਹਿੱਸਾ ਬਣਨਾ ਚਾਹੁੰਦਾ ਹਾਂ। ਉਸ ਨੇ ਬਸ ਇੰਨਾ ਹੀ ਕਿਹਾ: “ਆਪਣਾ ਖਿਆਲ ਰੱਖੀਂ।”
ਤਰਜਮਾ: ਜੀਨਾ ਸਿੰਘ