ਪਰੇਡ ਦਾ ਆਯੋਜਨ ਟ੍ਰਾਂਸ ਭਾਈਚਾਰੇ ਲਈ ਕੰਮ ਕਰਨ ਵਾਲ਼ੇ ਨੰਮਾ ਪ੍ਰਾਈਡ ਤੇ ਸੈਵਨ ਰੇਨਬੋਸ ਸੰਗਠਨਾਂ ਦੇ ਸਮਰਥਨ ਨਾਲ਼ ਕੀਤਾ ਗਿਆ ਸੀ। ''ਇਹ ਮਾਰਚ ਦਾ ਦੂਜਾ ਸਾਲ ਸੀ ਅਤੇ ਸਾਨੂੰ ਇੱਕੋ ਦਿਨ ਵਿੱਚ ਪੁਲਿਸ ਦੀ ਇਜਾਜ਼ਤ ਮਿਲ਼ ਗਈ [ਪਰ] ਪਿਛਲੇ ਸਾਲ ਸਾਨੂੰ ਇਜਾਜ਼ਤ ਲੈਣ ਵਿੱਚ ਦੋ ਹਫ਼ਤੇ ਲੱਗ ਗਏ," ਪ੍ਰਣਤੀ ਅੰਮਾ ਕਹਿੰਦੀ ਹਨ, ਭਾਈਚਾਰੇ ਵਿੱਚ ਉਹ ਮੰਨੀ-ਪ੍ਰਮੰਨੀ ਸ਼ਖ਼ਸੀਅਤ ਹਨ। ਉਹ ਸੈਵਨ ਰੇਨਬੋਸ ਫਾਊਂਡੇਸ਼ਨ ਦੀ ਸੰਸਥਾਪਕ ਹਨ ਅਤੇ 37 ਸਾਲਾਂ ਤੋਂ ਵੀ ਵੱਧ ਸਮੇਂ ਤੋਂ ਪੂਰੇ ਭਾਰਤ ਵਿੱਚ ਜੈਂਡਰ ਅਤੇ ਲਿੰਗਕਤਾ ਦੇ ਮੁੱਦਿਆਂ 'ਤੇ ਕੰਮ ਕਰਦੀ ਆਈ ਹਨ।
''ਅਸੀਂ ਵੀ ਹੁਣ ਪੁਲਿਸ ਨਾਲ਼ ਬਿਹਤਰ ਰਾਬਤਾ ਕਾਇਮ ਕਰਨਾ ਸਿੱਖ ਰਹੇ ਹਾਂ। ਮੈਸੁਰੂ ਵਿਖੇ ਹਾਲੇ ਵੀ ਕੁਝ ਲੋਕ ਹਨ ਜੋ ਸਾਨੂੰ ਪ੍ਰਵਾਨ ਨਹੀਂ ਕਰਦੇ ਤੇ ਚਾਹੁੰਦੇ ਹਨ ਅਸੀਂ ਉਨ੍ਹਾਂ ਸਾਹਮਣੇ ਨਾ ਆਈਏ, ਪਰ ਸਾਨੂੰ ਉਮੀਦ ਹੈ ਹਰ ਆਉਂਦੇ ਸਾਲ ਇਹ (ਪ੍ਰਾਈਡ ਮਾਰਚ) ਹੋਰ-ਹੋਰ ਵੱਡਾ ਤੇ ਵੰਨ-ਸੁਵੰਨਤਾ ਭਰਪੂਰ ਹੁੰਦਾ ਜਾਵੇਗਾ,'' ਉਹ ਕਹਿੰਦੀ ਹਨ।
ਮਾਰਚ ਦੇ ਇੱਕ ਕਿਲੋਮੀਟਰ ਦਾ ਹਿੱਸਾ ਸ਼ਹਿਰ ਦਾ ਸਭ ਤੋਂ ਰੁਝੇਵੇਂ ਭਰਿਆ ਬਜ਼ਾਰ ਸੀ।ਸਥਾਨਕ ਪੁਲਿਸ ਨੇ ਸਰਗਰਮੀ ਨਾਲ਼ ਟ੍ਰੈਫਿਕ ਨੂੰ ਸਾਫ਼ ਕਰਨ ਵਿੱਚ ਮਦਦ ਕੀਤੀ। ''ਅਸੀਂ ਇਸ ਭਾਈਚਾਰੇ ਦਾ ਸਤਿਕਾਰ ਕਰਦੇ ਹਾਂ। ਅਸੀਂ ਇਹ ਯਕੀਨੀ ਬਣਾਉਣ ਲਈ ਉਨ੍ਹਾਂ ਨਾਲ਼ ਚੱਲਦੇ ਹਾਂ ਕਿ ਕੁਝ ਵੀ ਬੁਰਾ ਨਾ ਹੋਵੇ। ਅਸੀਂ ਇਨ੍ਹਾਂ (ਟਰਾਂਸਜੈਂਡਰ) ਲੋਕਾਂ ਦਾ ਸਮਰਥਨ ਕਰਦੇ ਹਾਂ,'' ਸਹਾਇਕ ਸਬ ਇੰਸਪੈਕਟਰ ਵਿਜੇਂਦਰ ਸਿੰਘ ਨੇ ਕਿਹਾ।
ਕੁਇਅਰ ਪਛਾਣ ਰੱਖਣ ਵਾਲ਼ੇ ਤੇ ਮਾਨਸਿਕ ਸਿਹਤ ਪੇਸ਼ੇ ਨਾਲ਼ ਜੁੜੇ ਦੀਪਕ ਧਨੰਜਯ ਕਹਿੰਦੇ ਹਨ,''ਭਾਰਤੀ ਸਮਾਜ ਵਿੱਚ ਟ੍ਰਾਂਸਜੈਂਡਰ ਔਰਤਾਂ ਦੀ ਸਥਿਤੀ ਕਾਫੀ ਗੁੰਝਲਦਾਰ ਹੈ। ਭਾਵੇਂ ਕਿ ਜਾਦੂਈ ਸ਼ਕਤੀਆਂ ਨੂੰ ਲੈ ਕੇ ਸਿਰਜੇ ਮਿਥਿਹਾਸ ਕਾਰਨ ਉਨ੍ਹਾਂ ਨੂੰ ਸੱਭਿਆਚਾਰਕ ਸੁਰੱਖਿਆ ਦਿੱਤੀ ਜਾਂਦੀ ਹੈ, ਪਰ ਬਾਵਜੂਦ ਇਹਦੇ ਉਨ੍ਹਾਂ ਨਾਲ਼ ਭੇਦਭਾਵ ਕਰਕੇ ਪਰੇਸ਼ਾਨ ਕੀਤਾ ਜਾਂਦਾ ਹੈ।''
''ਮੁਕਾਮੀ ਭਾਈਚਾਰਾ ਲੋਕਾਂ ਨੂੰ ਸਿੱਖਿਅਤ ਕਰਨ ਦਾ ਕੰਮ ਕਰ ਰਿਹਾ ਹੈ, ਹਾਲਾਂਕਿ ਇਸ ਮਾਨਸਿਕਤਾ ਨੂੰ ਰਾਤੋ-ਰਾਤ ਤਾਂ ਨਹੀਂ ਤੋੜਿਆ ਜਾ ਸਕਦਾ ਪਰ ਜਦੋਂ ਮੈਂ ਅਜਿਹੇ ਸ਼ਾਂਤ ਮਾਰਚ ਦੇਖਦਾ ਹਾਂ, ਖਾਸ ਕਰਕੇ ਛੋਟੇ ਸ਼ਹਿਰਾਂ ਵਿੱਚ, ਤਾਂ ਮੇਰੀ ਉਮੀਦ ਬੱਝਣ ਲੱਗਦੀ ਹੈ,'' ਉਹ ਅੱਗੇ ਕਹਿੰਦੇ ਹਨ।
ਪ੍ਰਾਈਡ ਮਾਰਚ ਦਾ ਹਿੱਸਾ ਬਣਨ ਵਾਲ਼ੇ 31 ਸਾਲਾ ਪ੍ਰਿਯੰਕ ਆਸ਼ਾ ਸੁਕਾਨੰਦ ਦਾ ਕਹਿਣਾ ਹੈ,''ਯੂਨੀਵਰਸਿਟੀ ਵਿੱਚ ਪੜ੍ਹਦਿਆਂ ਮੈਨੂੰ ਭੇਦਭਾਵ ਤੇ ਬਦਸਲੂਕੀ ਦਾ ਸਾਹਮਣਾ ਕਰਨਾ ਪਿਆ ਤੇ ਮੈਂ ਆਪਣੇ ਹੱਕਾਂ ਨੂੰ ਸੁਨਿਸ਼ਿਚਤ ਕਰਨ ਦਾ ਜ਼ੋਰਦਾਰ ਫ਼ੈਸਲਾ ਕੀਤਾ। ਹਰ ਮਾਰਚ ਵਿੱਚ ਸ਼ਾਮਲ ਹੋਣਾ, ਉਨ੍ਹਾਂ ਸਾਰੇ ਸੰਘਰਸ਼ਾਂ ਨੂੰ ਚੇਤੇ ਕਰਨਾ ਹੁੰਦਾ ਹੈ ਜੋ ਅੱਜ ਮੇਰੀ ਥਾਵੇਂ ਕੋਈ ਹੋਰ ਝੱਲ ਰਹੇ ਹੋਣਗੇ। ਇਸਲਈ ਮੈਂ ਉਨ੍ਹਾਂ ਲਈ ਮਾਰਚ ਕਰਦਾ ਹਾਂ।'' ਬੰਗਲੁਰੂ ਦੇ ਖਾਸ ਸਿਖਲਾਇਕ ਤੇ ਇਸ ਸ਼ੈੱਫ ਦਾ ਕਹਿਣਾ ਹੈ,''ਅਸੀਂ ਮੈਸੁਰੂ ਦੇ ਐੱਲਜੀਬੀਟੀ ਭਾਈਚਾਰੇ ਦੀ ਅਸਲੀ ਤਾਕਤ ਦੇਖੀ ਹੈ ਤੇ ਇਹ ਸੁਰਖ਼ਰੂ ਕਰਨ ਵਾਲ਼ੀ ਸੀ।''