ਮੱਧ ਪ੍ਰਦੇਸ਼ ਦੇ ਪੰਨਾ ਵਿਖੇ ਕੁਝ ਖੱਡਾਂ ਜੋ ਟਾਈਗਰ ਰਿਜ਼ਰਵ ਤੇ ਨਾਲ਼ ਲੱਗਦੇ ਜੰਗਲੀ ਖੇਤਰ ਅਧੀਨ ਆਉਂਦੀਆਂ ਹਨ, ਉਨ੍ਹਾਂ ਦੇ ਆਸਪਾਸ ਲੋਕੀਂ, ਜਿਨ੍ਹਾਂ ਵਿੱਚ ਨੌਜਵਾਨਾਂ ਦੇ ਨਾਲ਼-ਨਾਲ਼ ਬਜ਼ੁਰਗ ਵੀ ਸ਼ਾਮਲ ਹਨ, ਇੱਕ ਪੱਥਰ ਲੱਭੇ ਜਾਣ ਦਾ ਸੁਪਨਾ ਵੇਖਦੇ ਹਨ ਜੋ ਉਨ੍ਹਾਂ ਦੀ ਕਿਸਮਤ ਬਦਲ ਕੇ ਰੱਖ ਸਕਦਾ ਹੈ।

ਹੀਰੇ ਦੀ ਖਦਾਨਾਂ ਵਿੱਚ ਕੰਮ ਕਰਨ ਵਾਲ਼ਿਆਂ ਦੇ ਬੱਚੇ ਆਪਣੇ ਮਾਪਿਆਂ ਦੀ ਮਦਦ ਕਰਨ ਖ਼ਾਤਰ ਰੇਤ ਤੇ ਚਿੱਕੜ ਵਿੱਚੋਂ ਦੀ ਖ਼ੁਦਾਈ ਕਰਦੇ ਵੱਧਦੇ ਜਾਂਦੇ ਹਨ। ਇਹ ਲੋਕੀਂ ਗੋਂਡ ਭਾਈਚਾਰੇ (ਰਾਜ ਵਿਖੇ ਪਿਛੜੇ ਕਬੀਲੇ ਵਜੋਂ ਸੂਚੀਬੱਧ) ਨਾਲ਼ ਸਬੰਧਤ ਹਨ।

''ਜੇ ਮੈਨੂੰ ਹੀਰਾ ਲੱਭ ਪਿਆ, ਇਹਦੇ ਨਾਲ਼ ਮੈਂ ਅੱਗੇ ਪੜ੍ਹਾਈ ਕਰ ਸਕਾਂਗਾ,'' ਉਨ੍ਹਾਂ ਵਿੱਚੋਂ ਇੱਕ ਬੱਚੇ ਦਾ ਕਹਿਣਾ ਹੈ।

ਬਾਲ ਮਜ਼ਦੂਰੀ (ਪ੍ਰਬੰਧਨ ਅਤੇ ਰੈਗੂਲੇਸ਼ਨ) ਸੋਧ ਐਕਟ ( 2016 ) ਮਾਈਨਿੰਗ ਉਦਯੋਗ ਵਿੱਚ ਬੱਚਿਆਂ (14 ਸਾਲ ਤੋਂ ਘੱਟ) ਅਤੇ ਕਿਸ਼ੋਰਾਂ (18 ਸਾਲ ਤੋਂ ਘੱਟ) ਦੇ ਮਜ਼ਦੂਰੀ ਕਰਨ 'ਤੇ ਪਾਬੰਦੀ ਲਗਾਉਂਦਾ ਹੈ। ਇੰਝ ਕਰਨਾ ਐਕਟ ਵਿੱਚ ਇੱਕ ਖਤਰਨਾਕ ਕਿੱਤੇ ਵਜੋਂ ਸੂਚੀਬੱਧ ਹੈ।

ਇੱਥੋਂ ਕਰੀਬ 300 ਕਿਲੋਮੀਟਰ ਦੂਰ ਮਿਰਜ਼ਾਪੁਰ ਤੇ ਉੱਤਰ ਪ੍ਰਦੇਸ਼ ਦੇ ਬੱਚੇ ਵੀ ਖੱਡਾਂ ਵਿੱਚ ਕੰਮ ਕਰਦੇ ਮਾਪਿਆਂ ਦਾ ਹੱਥ ਵੰਡਾਉਂਦੇ ਹਨ। ਉਂਝ ਇਹ ਖੱਡਾਂ ਗ਼ੈਰ-ਕਨੂੰਨੀ ਹਨ। ਹਾਸ਼ੀਏ 'ਤੇ ਪਏ ਬਹੁਤ ਸਾਰੇ ਭਾਈਚਾਰਿਆਂ ਦੇ ਕਈ ਪਰਿਵਾਰ ਇਨ੍ਹਾਂ ਖੱਡਾਂ ਦੇ ਨੇੜੇ ਹੀ ਰਹਿੰਦੇ ਹਨ ਜਿੱਥੇ ਹਮੇਸ਼ਾ ਖ਼ਤਰਾ ਮੰਡਰਾਉਂਦਾ ਰਹਿੰਦਾ ਹੈ।

''ਮੇਰਾ ਘਰ ਇਸ ਖਦਾਨ ਦੇ ਮਗਰ ਹੀ ਏ, ਇੱਥੇ ਇੱਕ ਦਿਨ ਵਿੱਚ ਪੰਜ ਧਮਾਕੇ ਹੋ ਜਾਂਦੇ ਹਨ। ਇੱਕ ਦਿਨ ਇੱਕ ਵੱਡੀ ਸਾਰੀ ਚੱਟਾਨ ਡਿੱਗੀ ਤੇ ਘਰ ਦੀਆਂ ਚਾਰੇ ਕੰਧਾਂ ਤੋੜ ਗਈ, '' ਇੱਕ ਬਾਲੜੀ ਕਹਿੰਦੀ ਹੈ।

ਇਹ ਫ਼ਿਲਮ ਸਾਨੂੰ ਅਸੰਗਠਿਤ ਮਾਈਨਿੰਗ ਸੈਕਟਰ ਵਿਖੇ ਮਜ਼ਦੂਰੀ ਕਰਨ ਵਾਲ਼ੇ ਅਣਗਿਣਤ ਬੱਚਿਆਂ ਦੀ ਕਹਾਣੀ ਕਹਿੰਦੀ ਹੈ। ਇਨ੍ਹਾਂ ਬੱਚਿਆਂ ਕੋਲ਼ੋਂ ਨਾ ਸਿਰਫ਼ ਸਿੱਖਿਆ ਦਾ ਅਧਿਕਾਰ ਖੋਹਿਆ ਗਿਆ ਬਲਕਿ ਉਨ੍ਹਾਂ ਦੇ ਹਾਸੇ, ਉਨ੍ਹਾਂ ਦਾ ਬਚਪਨ ਵੀ ਖੋਹ ਲਿਆ ਗਿਆ।

ਦੇਖੋ: ਖਦਾਨਾਂ ਵਿੱਚ ਗੂੰਜਦੀਆਂ ਮਾਸੂਮਾਂ ਦੀ ਚੀਕਾਂ

ਤਰਜਮਾ: ਕਮਲਜੀਤ ਕੌਰ

Kavita Carneiro

ਕਵਿਤਾ ਕਾਰਨੇਰੋ ਪੁਣੇ ਦੀ ਰਹਿਣ ਵਾਲ਼ੀ ਇੱਕ ਸੁਤੰਤਰ ਫਿਲਮ ਨਿਰਮਾਤਾ ਹੈ ਜੋ ਪਿਛਲੇ ਦਹਾਕੇ ਤੋਂ ਸਮਾਜ 'ਤੇ ਪ੍ਰਭਾਵ ਪਾਉਣ ਵਾਲ਼ੀਆਂ ਫਿਲਮਾਂ ਬਣਾ ਰਹੀ ਹਨ। ਉਨ੍ਹਾਂ ਦੀਆਂ ਫਿਲਮਾਂ ਵਿੱਚ ਰਗਬੀ ਖਿਡਾਰੀਆਂ 'ਤੇ ਇੱਕ ਫੀਚਰ-ਲੈਂਥ ਡਾਕਿਊਮੈਂਟਰੀ ਸ਼ਾਮਲ ਹੈ ਜਿਸਨੂੰ ਜ਼ਫਰ ਐਂਡ ਟੂਡੂ ਕਿਹਾ ਜਾਂਦਾ ਹੈ ਅਤੇ ਉਨ੍ਹਾਂ ਦੀ ਤਾਜ਼ਾ ਫਿਲਮ, ਕਾਲੇਸ਼ਵਰਮ, ਦੁਨੀਆ ਦੇ ਸਭ ਤੋਂ ਵੱਡੇ ਲਿਫਟ ਸਿੰਚਾਈ ਪ੍ਰੋਜੈਕਟ 'ਤੇ ਕੇਂਦਰਤ ਹੈ।

Other stories by Kavita Carneiro
Text Editor : Sarbajaya Bhattacharya

ਸਰਬਜਯਾ ਭੱਟਾਚਾਰਿਆ, ਪਾਰੀ ਦੀ ਸੀਨੀਅਰ ਸਹਾਇਕ ਸੰਪਾਦਕ ਹਨ। ਉਹ ਬੰਗਾਲੀ ਭਾਸ਼ਾ ਦੀ ਮਾਹਰ ਅਨੁਵਾਦਕ ਵੀ ਹਨ। ਕੋਲਕਾਤਾ ਵਿਖੇ ਰਹਿੰਦਿਆਂ ਉਹਨਾਂ ਨੂੰ ਸ਼ਹਿਰ ਦੇ ਇਤਿਹਾਸ ਤੇ ਘੁਮੱਕੜ ਸਾਹਿਤ ਬਾਰੇ ਜਾਣਨ 'ਚ ਰੁਚੀ ਹੈ।

Other stories by Sarbajaya Bhattacharya
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur