ਸੁਧੀਰ ਕੋਸਰੇ ਇੱਕ ਮੰਜੀ ’ਤੇ ਔਖੇ ਜਿਹੇ ਬਹਿ ਕੇ ਆਪਣੇ ਜ਼ਖਮ ਦਿਖਾਉਂਦੇ ਹਨ- ਉਨ੍ਹਾਂ ਦੇ ਸੱਜੇ ਪੈਰ ਵਿੱਚ ਇੱਕ ਡੂੰਘਾ ਪਾੜ; ਸੱਜੇ ਪੱਟੇ 'ਤੇ ਲਗਭਗ ਪੰਜ ਸੈਂਟੀਮੀਟਰ ਲੰਬਾ ਜ਼ਖਮ; ਉਹਨਾਂ ਦੀ ਸੱਜੀ ਬਾਂਹ ਹੇਠ ਇੱਕ ਲੰਬਾ, ਉਗਰ ਫੱਟ ਜਿਸਨੂੰ ਟਾਂਕੇ ਲਾਉਣੇ ਪਏ ਅਤੇ ਪੂਰੇ ਸਰੀਰ 'ਤੇ ਸੱਟਾਂ ਦੇ ਕਈ ਨਿਸ਼ਾਨ ਸਨ।
ਆਪਣੇ ਮੱਧਮ ਰੌਸ਼ਨੀ ਵਾਲੇ ਅਣਪੋਚਵੇਂ ਦੋ ਕਮਰਿਆਂ ਦੇ ਘਰ ਵਿੱਚ ਇੱਕ ਕਮਰੇ ਅੰਦਰ ਬੈਠੇ ਉਹ ਨਾ ਸਿਰਫ ਅੰਦਰ ਤੱਕ ਘਾਬਰੇ ਹੋਏ ਹਨ, ਬਲਕਿ ਕਾਫ਼ੀ ਦਰਦ ਵਿੱਚ ਨੇ ਤੇ ਕਿਸੇ ਵੀ ਤਰ੍ਹਾਂ ਸੌਖੇ ਨਹੀਂ। ਉਹਨਾਂ ਦੀ ਪਤਨੀ, ਮਾਂ ਅਤੇ ਭਰਾ ਉਹਨਾਂ ਦੇ ਕੋਲ ਹਨ। ਬਾਹਰ ਮੀਂਹ ਪੈ ਰਿਹਾ ਹੈ, ਲੰਬੀ, ਪਰੇਸ਼ਾਨ ਕਰਨ ਵਾਲੀ ਦੇਰੀ ਤੋਂ ਬਾਅਦ ਆਖਰਕਾਰ ਇਸ ਹਿੱਸੇ ਵਿੱਚ ਭਾਰੀ ਬਾਰਿਸ਼ ਹੋ ਰਹੀ ਹੈ।
2 ਜੁਲਾਈ, 2023 ਦੀ ਸ਼ਾਮ ਨੂੰ, ਲੁਹਾਰ-ਗੱਡੀ (ਉਨ੍ਹਾਂ ਨੂੰ ਗਡੀ ਲੋਹਾਰ ਵੀ ਕਿਹਾ ਜਾਂਦਾ ਹੈ ਜੋ ਰਾਜ ਅੰਦਰ ਹੋਰ ਪਿਛੜੀ ਸ਼੍ਰੇਣੀ ਵਜੋਂ ਸੂਚੀਬੱਧ ਹਨ) ਨਾਲ਼ ਤਾਅਲੁੱਕਰ ਰੱਖਣ ਵਾਲ਼ੇ ਇੱਕ ਬੇਜ਼ਮੀਨੇ ਮਜ਼ਦੂਰ, ਸੁਧੀਰ ਜਿਸ ਖੇਤ ਵਿੱਚ ਉਹ ਕੰਮ ਕਰ ਰਹੇ ਸੀ ਉੱਥੇ ਇੱਕ ਭਾਰੀ ਅਤੇ ਖ਼ਤਰਨਾਕ ਜੰਗਲੀ ਸੂਰ ਦੇ ਹਮਲੇ ’ਚ ਜਿਵੇਂ-ਕਿਵੇਂ ਵਾਲ-ਵਾਲ ਬਚ ਗਏ। ਹਮਲੇ 'ਚ ਬੁਰੀ ਤਰ੍ਹਾਂ ਜ਼ਖਮੀ ਹੋਏ 30 ਸਾਲਾ ਖੇਤ ਮਜ਼ਦੂਰ ਦਾ ਕਹਿਣਾ ਹੈ ਕਿ ਖੁਸ਼ਕਿਸਮਤੀ ਨਾਲ਼ ਉਹਨਾਂ ਦੇ ਚਿਹਰੇ ਅਤੇ ਛਾਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
PARI ਦੀ ਟੀਮ 8 ਜੁਲਾਈ ਦੀ ਸ਼ਾਮ ਨੂੰ ਉਨ੍ਹਾਂ ਦੇ ਜੱਦੀ ਪਿੰਡ ਕਵਠੀ ਵਿੱਚ ਉਹਨਾਂ ਨਾਲ਼ ਮੁਲਾਕਾਤ ਕਰ ਰਹੀ ਹੈ, ਜੋ ਕਿ ਚੰਦਰਪੁਰ ਜ਼ਿਲ੍ਹੇ ਦੀ ਸਾਉਲੀ ਤਹਿਸੀਲ ਦੇ ਖੇਤਰੀ ਜੰਗਲਾਂ ਵਿੱਚ ਸਥਿਤ ਇੱਕ ਅਣਜਾਣ ਜਿਹਾ ਪਿੰਡ ਹੈ; ਉਹ ਹਸਪਤਾਲ ਤੋਂ ਛੁੱਟੀ ਲੈ ਕੇ ਕੁਝ ਸਮਾਂ ਪਹਿਲਾਂ ਹੀ ਘਰ ਪਰਤੇ ਹਨ।
ਉਹਨਾਂ ਯਾਦ ਕੀਤਾ ਕਿ ਕਿਵੇਂ ਖੇਤ ਵਿੱਚ ਟਰੈਕਟਰ ਚਲਾ ਰਹੇ ਇੱਕ ਸਾਥੀ ਮਜ਼ਦੂਰ ਨੇ ਉਸ ਦੀਆਂ ਚੀਕਾਂ ਸੁਣੀਆਂ ਅਤੇ ਕੁਝ ਸਮੇਂ ਲਈ ਆਪਣੀ ਸੁਰੱਖਿਆ ਨੂੰ ਤਾਕ ’ਤੇ ਰੱਖ ਕੇ ਸੂਰ 'ਤੇ ਪੱਥਰ ਸੁੱਟਦੇ ਹੋਏ ਉਹਨਾਂ (ਸੁਧੀਰ) ਵੱਲ ਭੱਜਿਆ।
ਜਾਨਵਰ –ਜੋ ਸ਼ਾਇਦ ਮਾਦਾ ਸੀ- ਨੇ ਉਹਨਾਂ ’ਤੇ ਆਪਣੇ ਦੰਦਾਂ ਨਾਲ਼ ਹਮਲਾ ਕਰ ਦਿੱਤਾ, ਜਦ ਉਹ ਡਿੱਗੇ ਤਾਂ ਉਹਨਾਂ ਦੀਆਂ ਅੱਖਾਂ ਬਹੁਤ ਹੀ ਭੈਭੀਤ ਤਰੀਕੇ ਨਾਲ਼ ਬੱਦਲਾਂ ਘਿਰੇ ਅਸਮਾਨ ਵੱਲ ਅੱਡੀਆਂ ਰਹਿ ਗਈਆਂ। “ਉਹ ਕਦੇ ਪਿਛਾਂਹ ਹਟਦਾ ਤੇ ਕਦੇ ਫਿਰ ਝਵੀਆਂ ਲੈ ਕੇ ਮੇਰੇ ਮਾਸ ’ਚ ਆਪਣੇ ਲੰਬੇ ਦੰਦ ਖੁਭੋ ਦਿੰਦਾ,” ਸੁਧੀਰ ਨੇ ਦੱਸਿਆ ਜਦ ਉਨ੍ਹਾਂ ਦੀ ਪਤਨੀ ਦਰਸ਼ਨਾ ਬੇਭਰੋਸਗੀ ਵਿੱਚ ਬੁੜਬੜਾ ਰਹੀ ਸਨ; ਉਹ ਜਾਣਦੀ ਹਨ ਕਿ ਉਨ੍ਹਾਂ ਦੇ ਪਤੀ ਦਾ ਮੌਤ ਨਾਲ਼ ਨੇੜਿਓਂ ਸਾਹਮਣਾ ਹੋਇਆ ਹੈ।
ਜਾਨਵਰ ਉਹਨਾਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰਕੇ ਨੇੜੇ ਦੀਆਂ ਝਾੜੀਆਂ ਵਿੱਚ ਭੱਜ ਗਿਆ।


















