"ਪਹਿਲੀ ਵਾਰ ਜਦੋਂ ਮੈਂ ਡੋਕਰਾ ਕਲਾ ਵੇਖੀ, ਤਾਂ ਮੈਨੂੰ ਸਭ ਜਾਦੂਈ ਜਾਪਿਆ," 41 ਸਾਲਾ ਪੀਜੂਸ਼ ਮੰਡਲ ਕਹਿੰਦੇ ਹਨ। ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਇਹ ਕਾਰੀਗਰ ਲਗਭਗ 12 ਸਾਲਾਂ ਤੋਂ ਇਸ ਕਲਾ ਦਾ ਅਭਿਆਸ ਕਰ ਰਹੇ ਹਨ। ਇਸ ਪ੍ਰਕਿਰਿਆ ਵਿੱਚ ਮੋਮ ਕਾਸਟਿੰਗ ਵਿਧੀ ਦਾ ਉਪਯੋਗ ਕੀਤਾ ਜਾਂਦਾ ਹੈ, ਜੋ ਸਿੰਧੂ ਘਾਟੀ ਸਭਿਅਤਾ ਦੇ ਸਮੇਂ ਤੋਂ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਰਵਾਇਤੀ ਧਾਤੂ ਕਾਸਟਿੰਗ ਵਿਧੀਆਂ ਵਿੱਚੋਂ ਇੱਕ ਹੈ।
ਡੋਕਰਾ ਜਾਂ ਢੋਕਰਾ ਸ਼ਬਦ ਮੂਲ਼ ਰੂਪ ਵਿੱਚ ਖ਼ਾਨਾਬਦੋਸ਼ ਕਾਰੀਗਰਾਂ ਦੇ ਇੱਕ ਸਮੂਹ ਨੂੰ ਸੰਦਰਭਤ ਕਰਦਾ ਹੈ ਜੋ ਕਦੇ ਪੂਰਬੀ ਭਾਰਤ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਘੁੰਮਦੇ ਰਹਿੰਦੇ ਸਨ।
ਓਡੀਸ਼ਾ, ਝਾਰਖੰਡ, ਪੱਛਮੀ ਬੰਗਾਲ ਅਤੇ ਛੱਤੀਸਗੜ੍ਹ ਵਿੱਚ ਫੈਲੇ ਛੋਟਾਨਾਗਪੁਰ ਪਠਾਰ ਦੀ ਤਲਹਟੀ ਵਿੱਚ ਤਾਂਬੇ ਦੇ ਅਥਾਹ ਭੰਡਾਰ ਹਨ। ਡੋਕਰਾ ਦੀਆਂ ਮੂਰਤੀਆਂ ਤਾਂਬੇ ਦੇ ਉਤਪਾਦਾਂ ਜਿਵੇਂ ਕਿ ਪਿੱਤਲ ਅਤੇ ਕਾਂਸੀ ਤੋਂ ਬਣੀਆਂ ਹੁੰਦੀਆਂ ਹਨ। ਹਾਲਾਂਕਿ ਡੋਕਰਾ ਉਦਯੋਗ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌਜੂਦ ਹੈ, ਬਾਂਕੁਰਾ, ਬਰਧਵਾਨ ਅਤੇ ਪੁਰੂਲੀਆ ਜ਼ਿਲ੍ਹਿਆਂ ਵਿੱਚ ਬਣੇ 'ਬੰਗਾਲ ਡੋਕਰਾ' ਨੂੰ ਭੂਗੋਲਿਕ ਪਛਾਣ (ਜੀਆਈ) ਸਰਟੀਫਿਕੇਟ ਮਿਲ਼ਿਆ ਹੋਇਆ ਹੈ।
ਡੋਕਰਾ ਮੂਰਤੀ ਦਾ ਪਹਿਲਾ ਕਦਮ ਮੂਰਤੀ ਦੀ ਬਣਤਰ ਦੇ ਅਨੁਸਾਰ ਮਿੱਟੀ ਦੇ ਬੁੱਤ੍ਹ ਦੀ ਉਸਾਰੀ ਹੈ। ਫਿਰ, ਇਸ ਮਿੱਟੀ ਦੇ ਅਧਾਰ 'ਤੇ ਸਾਲ ਰੁੱਖ (ਸ਼ੋਰਾ ਰੋਬਸਟਾ) ਦੇ ਸੁੱਕੇ ਰਾਲ ਅਤੇ ਮਧੂ ਮੱਖੀ ਦੇ ਮੋਮ ਨਾਲ਼ ਇੱਕ ਸੂਖਮ ਬਾਹਰੀ ਡਿਜ਼ਾਈਨ ਬਣਾਇਆ ਜਾਂਦਾ ਹੈ। ਇੱਕ ਵਾਰ ਜਦੋਂ ਸਭ ਕੁਝ ਤਿਆਰ ਹੋ ਜਾਂਦਾ ਹੈ, ਤਾਂ ਪਿਘਲੇ ਹੋਏ ਮੋਮ ਨੂੰ ਬਾਹਰ ਆਉਣ ਲਈ ਇੱਕ ਜਾਂ ਦੋ ਰਸਤੇ ਖੁੱਲ੍ਹੇ ਰੱਖੇ ਜਾਂਦੇ ਹਨ ਅਤੇ ਮੋਮ ਦੇ ਪੈਟਰਨ ਨੂੰ ਮਿੱਟੀ ਦੀ ਇੱਕ ਹੋਰ ਪਰਤ ਨਾਲ਼ ਸੀਲ ਕੀਤਾ ਜਾਂਦਾ ਹੈ। ਗਰਮ ਗਰਮ ਪਿਘਲੀ ਹੋਈ ਧਾਤ ਨੂੰ ਉਸੇ ਰਸਤੇ ਰਾਹੀਂ ਪਾਇਆ ਜਾਂਦਾ ਹੈ।
ਸੀਮਾ ਪਾਲ ਮੰਡਲ ਕਹਿੰਦੀ ਹਨ, "ਕੁਦਰਤ, ਇਸ ਕਲਾ ਪ੍ਰਕਿਰਿਆ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਜੇ ਸਾਲ ਦੇ ਰੁੱਖ ਨਾ ਹੁੰਦੇ ਤਾਂ ਸਾਨੂੰ ਮੋਮ ਦੇ ਮਿਸ਼ਰਣ ਬਣਾਉਣ ਲਈ ਲੋੜੀਂਦਾ ਰਾਲ ਨਹੀਂ ਸੀ ਮਿਲਣਾ। ਮਧੂ ਮੱਖੀਆਂ ਅਤੇ ਉਨ੍ਹਾਂ ਦੇ ਛੱਤਿਆਂ ਤੋਂ ਬਗ਼ੈਰ ਮੋਮ ਵੀ ਕਿੱਥੇ ਮਿਲ਼ਣਾ ਸੀ।" ਇਸ ਤੋਂ ਇਲਾਵਾ, ਡੋਕਰਾ ਮੋਲਡ ਕਾਸਟਿੰਗ, ਵੱਖ-ਵੱਖ ਕਿਸਮਾਂ ਦੀਆਂ ਮਿੱਟੀਆਂ ਦੀ ਉਪਲਬਧਤਾ ਅਤੇ ਢੁਕਵੇਂ ਵਾਤਾਵਰਣ ਦੀ ਵੀ ਆਪਣੇ ਆਪ ਵਿੱਚ ਮਹੱਤਵਪੂਰਣ ਭੂਮਿਕਾ ਹੈ।
ਬਾਹਰੀ ਮਿੱਟੀ ਦੀ ਪਰਤ ਪੂਰੀ ਤਰ੍ਹਾਂ ਸੁੱਕ ਜਾਣ ਤੋਂ ਬਾਅਦ, ਪੀਜੂਸ਼ ਅਤੇ ਉਨ੍ਹਾਂ ਦੇ ਸਾਥੀ ਇਨ੍ਹਾਂ ਇੱਕ ਜਾਂ ਦੋ ਬੁੱਤ੍ਹਾਂ ਨੂੰ ਆਪਣੇ ਸਟੂਡੀਓ ਵਿੱਚ 3 ਤੋਂ 5 ਫੁੱਟ ਡੂੰਘੇ ਇੱਟਾਂ ਦੀ ਕੇਰੀ ਨਾਲ਼ ਬਣੇ ਭੱਠਿਆਂ ਵਿੱਚ ਪਕਾਉਂਦੇ ਹਨ। ਜਦੋਂ ਮਿੱਟੀ ਸੜਦੀ ਹੈ ਤਾਂ ਅੰਦਰੂਨੀ ਮੋਮ ਪਿਘਲ਼ਣ ਲੱਗਦਾ ਹੈ ਅਤੇ ਉਸੇ ਰਸਤਿਓਂ ਬਾਹਰ ਆਉਣ ਲੱਗਦਾ ਹੈ ਜਿੱਧਰ ਦੀ ਧਾਤ ਨੂੰ ਪਾਇਆ ਜਾਂਦਾ ਹੈ। ਮਿੱਟੀ ਦੇ ਢਾਂਚੇ ਨੂੰ ਠੰਡਾ ਕਰਨ ਲਈ ਪੂਰਾ ਦਿਨ ਬਾਹਰ ਰੱਖਿਆ ਜਾਂਦਾ ਹੈ। ਜਲਦੀ ਡਿਲੀਵਰੀ ਹੋਣ ਦੀ ਸੂਰਤ ਵਿੱਚ, ਇਸ ਨੂੰ 4 ਤੋਂ 5 ਘੰਟਿਆਂ ਲਈ ਰੱਖਿਆ ਜਾਂਦਾ ਹੈ। ਉਸ ਤੋਂ ਬਾਅਦ, ਮਿੱਟੀ ਦੇ ਮੋਲਡ ਨੂੰ ਤੋੜਨ ਤੋਂ ਬਾਅਦ ਅੰਦਰ ਦੀ ਮੂਰਤੀ ਦੀ ਪ੍ਰਗਟ ਹੁੰਦੀ ਹੈ।
ਤਰਜਮਾ: ਕਮਲਜੀਤ ਕੌਰ