ਦੁਪਹਿਰ ਹੋਣ ਵਾਲ਼ੀ ਹੈ। ਗੋਲਾਪੀ ਗੋਇਰੀ ਤਿਆਰੀਆਂ ਪੂਰੀਆਂ ਕਰ ਕਿਸੇ ਦੀ ਉਡੀਕ ਵਿੱਚ ਹਨ। ਉਨ੍ਹਾਂ ਦੀ ਉਡੀਕ ਉਦੋਂ ਮੁੱਕੀ ਜਦੋਂ ਸਕੂਲ ਪੜ੍ਹਦੀਆਂ ਅੱਠ ਕੁੜੀਆਂ ਉਨ੍ਹਾਂ ਦਾ ਬੂਹਾ ਲੰਘ ਆਈਆਂ, ਇਹ ਦੇਖ ਗੋਲਾਪੀ ਆਪਣਾ ਪੀਲਾ ਪੱਟੀ ਵਾਲ਼ਾ ਡੋਖੋਨਾ ਠੀਕ ਕਰਨ ਲੱਗਦੀ ਹਨ। ਬੋਡੋ ਭਾਈਚਾਰੇ ਦੇ ਹਰ ਬੱਚੇ ਨੇ ਰਵਾਇਤੀ ਡੋਖੋਨਾ ਅਤੇ ਲਾਲ ਅਰੋਨਾਈ (ਸ਼ਾਲ) ਪਹਿਨਿਆ ਹੋਇਆ ਹੈ।

"ਮੈਂ ਇਨ੍ਹਾਂ ਜਵਾਨ ਕੁੜੀਆਂ ਨੂੰ ਬੋਡੋ ਡਾਂਸ ਸਿਖਾਉਂਦੀ ਹਾਂ," ਬਕਸਾ ਜ਼ਿਲ੍ਹੇ ਦੇ ਗੋਲਗਾਓਂ ਪਿੰਡ ਦੀ ਵਸਨੀਕ ਗੋਲਾਪੀ ਕਹਿੰਦੀ ਹਨ, ਜੋ ਖੁਦ ਬੋਡੋ ਭਾਈਚਾਰੇ ਨਾਲ਼ ਸਬੰਧ ਰੱਖਦੀ ਹਨ।

ਬਕਸਾ, ਕੋਕਰਾਝਾਰ, ਉਦਲਗੁੜੀ ਤੇ ਚਿਰਾਂਗ ਜ਼ਿਲ੍ਹਿਆਂ ਨਾਲ਼ ਮਿਲ਼ ਕੇ ਬੋਡੋਲੈਂਡ ਬਣਾਉਂਦੇ ਹਨ, ਜਿਹਦਾ ਅਧਿਕਾਰਕ ਨਾਮ ਬੋਡੋਲੈਂਡ ਟੈਰੀਟੋਰੀਅਲ ਰੀਜਨ (ਬੀ.ਟੀ.ਆਰ.) ਹੈ। ਇਹ ਖੁਦਮੁਖਤਿਆਰ ਖੇਤਰ ਮੁੱਖ ਤੌਰ 'ਤੇ ਬੋਡੋ ਲੋਕਾਂ ਦੁਆਰਾ ਵਸਾਇਆ ਗਿਆ ਹੈ, ਜੋ ਅਸਾਮ ਵਿੱਚ ਅਨੁਸੂਚਿਤ ਜਨਜਾਤੀ ਸ਼੍ਰੇਣੀ ਦੇ ਤਹਿਤ ਸੂਚੀਬੱਧ ਹਨ। ਬੀ.ਟੀ.ਆਰ. ਭੂਟਾਨ ਅਤੇ ਅਰੁਣਾਚਲ ਪ੍ਰਦੇਸ਼ ਦੀ ਤਲਹਟੀ ਦੇ ਹੇਠਾਂ ਬ੍ਰਹਮਪੁੱਤਰ ਨਦੀ ਦੇ ਕੰਢੇ 'ਤੇ ਸਥਿਤ ਹੈ।

ਉਨ੍ਹਾਂ ਨੇ ਪਾਰੀ ਦੇ ਸੰਸਥਾਪਕ ਸੰਪਾਦਕ, ਪੱਤਰਕਾਰ ਪੀ ਸਾਈਨਾਥ ਦੇ ਸਨਮਾਨ ਵਿੱਚ ਇੱਕ ਪ੍ਰਦਰਸ਼ਨ ਦੀ ਮੇਜ਼ਬਾਨੀ ਕਰਨ ਲਈ ਆਪਣੇ ਘਰ ਦੀ ਪੇਸ਼ਕਸ਼ ਕੀਤੀ ਹੈ, ਜਿਸ ਨੂੰ ਉਪੇਂਦਰ ਨਾਥ ਬ੍ਰਹਮਾ ਟਰੱਸਟ (ਯੂਐਨਬੀਟੀ) ਦੁਆਰਾ ਨਵੰਬਰ 2022 ਵਿੱਚ 19ਵਾਂ ਸੰਯੁਕਤ ਰਾਸ਼ਟਰ ਬ੍ਰਹਮਾ ਸੋਲਜਰ ਆਫ ਹਿਊਮੈਨਿਟੀ ਅਵਾਰਡ ਦਿੱਤਾ ਗਿਆ ਸੀ।

ਵੀਡਿਓ ਦੇਖੋ : ਬੋਡੋ ਭਾਈਚਾਰੇ ਦੇ ਨਾਚੇ ਅਤੇ ਸਥਾਨਕ ਸੰਗੀਤਕਾਰ ਆਪਣੀ ਪ੍ਰਤਿਭਾ ਬਿਖੇਰਦੇ ਹੋਏ

ਜਦੋਂ ਨਾਚੇ ਪ੍ਰਦਰਸ਼ਨ ਦੀ ਤਿਆਰੀ ਕਰ ਰਹੇ ਸਨ, ਗੋਬਰਧਾਨਾ ਬਲਾਕ ਖੇਤਰ ਦੇ ਸਥਾਨਕ ਸੰਗੀਤਕਾਰ ਗੋਲਾਪੀ ਦੇ ਘਰ ਇਕੱਠੇ ਹੋਣੇ ਸ਼ੁਰੂ ਹੋ ਗਏ। ਹਰ ਕਿਸੇ ਨੇ ਖੋਟ ਗੋਸਲਾ ਜੈਕੇਟ ਪਹਿਨੀ ਹੋਈ ਸੀ ਤੇ ਆਪਣੇ ਸਿਰਾਂ 'ਤੇ ਹਰੇ ਅਤੇ ਪੀਲੇ ਰੰਗ ਦੀ ਅਰਨਾਈ ਜਾਂ ਮਫ਼ਲਰ ਬੰਨ੍ਹਿਆ ਹੋਇਆ ਸੀ। ਇਹ ਕੱਪੜੇ ਆਮ ਤੌਰ 'ਤੇ ਬੋਡੋ ਆਦਮੀਆਂ ਦੁਆਰਾ ਸੱਭਿਆਚਾਰਕ ਜਾਂ ਧਾਰਮਿਕ ਤਿਉਹਾਰਾਂ 'ਤੇ ਪਹਿਨੇ ਜਾਂਦੇ ਹਨ।

ਉਹ ਆਪਣੇ ਸਾਜ਼ ਬਾਹਰ ਕੱਢਦੇ ਹਨ, ਸਾਜ਼ ਜੋ ਆਮ ਤੌਰ 'ਤੇ ਬੋਡੋ ਤਿਉਹਾਰਾਂ ਦੌਰਾਨ ਵਜਾਏ ਜਾਂਦੇ ਹਨ: ਸਿਫਾਂਗ (ਲੰਬੀ ਬੰਸਰੀ), ਖਮ (ਢੋਲ) ਅਤੇ ਸਰਜਾ (ਵਾਇਲਨ)। ਹਰ ਯੰਤਰ ਨੂੰ ਅਰੋਨਾਈ ਨਾਲ਼ ਸਜਾਇਆ ਗਿਆ ਹੈ। ਇਹ ਅਰੋਨਾਈ ਰਵਾਇਤੀ "ਬੋਂਡੂਰਾਮ" ਡਿਜ਼ਾਈਨ ਦੀ ਵਰਤੋਂ ਕਰਕੇ ਸਥਾਨਕ ਤੌਰ 'ਤੇ ਤਿਆਰ ਕੀਤਾ ਗਿਆ ਹੈ।

ਖਮ ਵਜਾਉਣ ਵਾਲ਼ੇ ਸੰਗੀਤਕਾਰਾਂ ਵਿੱਚੋਂ ਇੱਕ ਖੁਰੂਮਦਾਓ ਬਾਸੂਮਤਰੀ ਨੇ ਸ਼ਾਮਲ ਹੋਏ ਸਥਾਨਕ ਲੋਕਾਂ ਦੇ ਛੋਟੇ ਜਿਹੇ ਝੁੰਡ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਉਹ ਸੁਬੁਨਸ਼੍ਰੀ ਅਤੇ ਬਗੁਰੁੰਬਾ ਨਾਚ ਪੇਸ਼ ਕਰਨਗੇ। "ਬਗੁਰੁੰਬਾ ਬਸੰਤ ਰੁੱਤ ਵਿੱਚ ਜਾਂ ਵਾਢੀ ਤੋਂ ਬਾਅਦ, ਆਮ ਤੌਰ 'ਤੇ ਬਿਸਾਗੂ ਤਿਉਹਾਰ ਦੌਰਾਨ ਪੇਸ਼ ਕੀਤਾ ਜਾਂਦਾ ਹੈ। ਇਹ ਵਿਆਹਾਂ ਦੌਰਾਨ ਵੀ ਬਹੁਤ ਉਤਸ਼ਾਹ ਨਾਲ਼ ਪ੍ਰਦਰਸ਼ਿਤ ਕੀਤਾ ਜਾਂਦਾ ਹੈ।

ਰਣਜੀਤ ਬਾਸੂਮਤਰੀ ਨੂੰ ਸੇਰਜਾ (ਵਾਇਲਨ) ਵਜਾਉਂਦਿਆਂ ਦੇਖੋ

ਜਿਓਂ ਹੀ ਨਾਚੇ ਸਟੇਜ 'ਤੇ ਆਉਂਦੇ ਹਨ, ਰਣਜੀਤ ਬਾਸੂਮਤਰੀ ਅੱਗੇ ਵਧਦੇ ਹਨ। ਉਹ ਸਰਜਾ ਵਜਾ ਕੇ ਸ਼ੋਅ ਖ਼ਤਮ ਕਰਦੇ ਹਨ। ਰਣਜੀਤ ਉਨ੍ਹਾਂ ਕੁਝ ਵਿਰਲੇ ਕਲਾਕਾਰਾਂ ਵਿੱਚੋਂ ਇੱਕ ਹਨ ਜੋ ਕਮਾਈ ਕਰਨ ਲਈ ਵਿਆਹਾਂ ਵਿੱਚ ਵੀ ਸੇਰਜਾ ਵਜਾਉਂਦੇ ਹਨ। ਇਸ ਸਮੇਂ ਦੌਰਾਨ, ਗੋਲਾਪੀ ਮਹਿਮਾਨਾਂ ਲਈ ਤਿਆਰ ਭੋਜਨ ਦਾ ਜਾਇਜ਼ਾ ਲੈਣ ਜਾਂਦੀ ਹਨ, ਉਨ੍ਹਾਂ ਨੇ ਭੋਜਨ ਤਿਆਰ ਕਰਨ ਲਈ ਸਵੇਰ ਤੋਂ ਹੀ ਲੱਕ ਬੰਨ੍ਹਿਆ ਹੋਇਆ ਸੀ।

ਉਨ੍ਹਾਂ ਨੇ ਮੇਜ਼ 'ਤੇ ਸੋਬਾਈ ਜਵਾਂਗ ਸਮੋ (ਕਾਲ਼ੇ ਛੋਲੇ ਤੇ ਘੋਗੇ ਦਾ ਪਕਵਾਨ), ਭੁੰਨੀ ਹੋਈ ਭੰਗੁਨ ਮੱਛੀ , ਓਨਲਾ ਜੰਗ ਦਾਊ ਬੇਡੋਰ (ਸਥਾਨਕ ਕਿਸਮ ਦੇ ਚੌਲ਼ਾਂ ਦੇ ਨਾਲ਼ ਚਿਕਨ ਸ਼ੋਰਬਾ), ਕੇਲੇ ਦੇ ਫੁੱਲ ਅਤੇ ਸੂਰ ਦਾ ਮਾਸ, ਜੂਟ ਦੇ ਪੱਤੇ, ਰਾਈਸ ਵਾਈਨ (ਚੌਲ਼ਾਂ ਦੀ ਸ਼ਰਾਬ) ਅਤੇ ਬਰਡਸ ਆਈ ਚਿੱਲੀ (ਉਲਟੀ ਮਿਰਚ/bird's eye chilli) ਜਿਹੇ ਭੋਜਨ ਤਿਆਰ ਕੀਤੇ ਹਨ। ਇਹ ਪਿਛਲੇ ਦਿਨ ਦੇ ਦਿਲਚਸਪ ਪ੍ਰਦਰਸ਼ਨਾਂ ਦੀ ਯਾਦ ਵਿੱਚ ਤਿਆਰ ਕੀਤੀ ਦਾਅਵਤ ਹੈ।

ਤਰਜਮਾ: ਕਮਲਜੀਤ ਕੌਰ

Himanshu Chutia Saikia

ਹਿਮਾਂਸ਼ੂ ਚੁਟਿਆ ਸੇਕਿਆ ਜੋਰਹਾਟ, ਆਸਾਮ ਅਧਾਰਤ ਇੱਕ ਸੁਤੰਤਰ ਡਾਕਿਊਮੈਂਟਰੀ ਫਿਲਮ ਨਿਰਮਾਤਾ, ਸੰਗੀਤ ਨਿਰਮਾਤਾ, ਫ਼ੋਟੋਗਰਾਫ਼ਰ ਅਤੇ ਵਿਦਿਆਰਥੀ ਕਾਰਕੁੰਨ ਹਨ। ਉਹ 2021 ਤੋਂ ਪਾਰੀ ਦੇ ਫੈਲੋ ਹਨ।

Other stories by Himanshu Chutia Saikia
Text Editor : Riya Behl

ਰੀਆ ਬਹਿਲ ਲਿੰਗ ਅਤੇ ਸਿੱਖਿਆ ਦੇ ਮੁੱਦਿਆਂ 'ਤੇ ਲਿਖਣ ਵਾਲ਼ੀ ਮਲਟੀਮੀਡੀਆ ਪੱਤਰਕਾਰ ਹਨ। ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ (PARI) ਦੀ ਸਾਬਕਾ ਸੀਨੀਅਰ ਸਹਾਇਕ ਸੰਪਾਦਕ, ਰੀਆ ਨੇ ਵੀ PARI ਨੂੰ ਕਲਾਸਰੂਮ ਵਿੱਚ ਲਿਆਉਣ ਲਈ ਵਿਦਿਆਰਥੀਆਂ ਅਤੇ ਸਿੱਖਿਅਕਾਂ ਨਾਲ ਮਿਲ਼ ਕੇ ਕੰਮ ਕੀਤਾ।

Other stories by Riya Behl
Translator : Kamaljit Kaur

ਕਮਲਜੀਤ ਕੌਰ ਨੇ ਪੰਜਾਬੀ ਸਾਹਿਤ ਵਿੱਚ ਐੱਮ.ਏ. ਕੀਤੀ ਹੈ। ਉਹ ਪੀਪਲਜ਼ ਆਰਕਾਈਵ ਆਫ਼ ਰੂਰਲ ਇੰਡੀਆ ਵਿਖੇ ਬਤੌਰ ‘ਟ੍ਰਾਂਸਲੇਸ਼ਨ ਐਡੀਟਰ: ਪੰਜਾਬੀ’ ਕੰਮ ਕਰਦੀ ਹੈ ਤੇ ਇੱਕ ਸਮਾਜਿਕ ਕਾਰਕੁੰਨ ਵੀ ਹੈ।

Other stories by Kamaljit Kaur