“ਮੈਂ ਅੱਠ ਤੋਂ ਦਸ ਘੰਟੇ ਦੁਕਾਨ ’ਤੇ ਕੰਮ ਕਰਦਾ ਹਾਂ ਅਤੇ ਤਿੰਨ ਸਾੜ੍ਹੀਆਂ ’ਤੇ ਛਾਪੇ ਦਾ ਕੰਮ ਮੁਕੰਮਲ ਕਰ ਦਿੰਦਾ ਹਾਂ,” ਅਸਗਰ ਨੇ ਦੱਸਿਆ। “ਮੈਨੂੰ ਇਸ ਕੰਮ ਤੋਂ ਇੱਕ ਦਿਨ ਦੇ 500 ਰੁਪਏ ਬਣ ਜਾਂਦੇ ਹਨ, ਪਰ ਇਹ ਕੰਮ ਸਿਰਫ਼ ਤਿੰਨ ਜਾਂ ਚਾਰ ਮਹੀਨੇ ਲਈ ਹੀ ਮਿਲਦਾ ਹੈ। ਜਦ ਛਾਪੇ ਦਾ ਕੰਮ ਨਹੀਂ ਹੁੰਦਾ, ਮੈਂ ਉਸਾਰੀ ਵਾਲੀਆਂ ਥਾਵਾਂ ’ਤੇ ਕੰਮ ਕਰਦਾ ਹਾਂ।”
ਅਸਗਰ ਬਿਹਾਰਸ਼ਰੀਫ਼ ਕਸਬੇ ਵਿੱਚ ਰਹਿੰਦਾ ਹੈ ਜੋ ਵਰਕਸ਼ਾਪ ਤੋਂ ਤਕਰੀਬਨ ਇੱਕ ਕਿਲੋਮੀਟਰ ਦੂਰ ਹੈ ਜਿੱਥੇ ਉਹ ਸਵੇਰੇ 10 ਵਜੇ ਤੋਂ ਰਾਤ ਦੇ 8 ਵਜੇ ਤੱਕ ਕੰਮ ਕਰਦਾ ਹੈ। “ਮੇਰਾ ਬੇਟਾ ਪੈਸੇ ਬਚਾਉਣ ਲਈ ਦੁਪਹਿਰ ਵੇਲ਼ੇ ਘਰ ਬਣਿਆ ਖਾਣਾ ਲੈ ਆਉਂਦਾ ਹੈ,” ਉਹਨੇ ਕਿਹਾ।
ਪੰਜ ਸਾਲ ਦੇ ਸੰਖੇਪ ਸਮੇਂ ਲਈ ਉਹ ਦਿੱਲੀ ਪਰਵਾਸ ਕਰ ਗਿਆ ਸੀ ਅਤੇ ਉਸਾਰੀ ਵਾਲੀਆਂ ਥਾਵਾਂ ’ਤੇ ਕੰਮ ਕਰਦਾ ਰਿਹਾ ਸੀ। ਹੁਣ ਉਹ ਇੱਥੇ ਹੀ ਆਪਣੀ ਪਤਨੀ ਅਤੇ 14 ਅਤੇ 16 ਸਾਲ ਦੇ ਦੋ ਬੇਟਿਆਂ ਨਾਲ਼ ਰਹਿੰਦਾ ਹੈ, ਜੋ ਸਕੂਲ ਵਿੱਚ ਪੜ੍ਹਦੇ ਹਨ। ਅਸਗਰ ਦਾ ਕਹਿਣਾ ਹੈ ਕਿ ਉਹ ਬਿਹਾਰਸ਼ਰੀਫ਼ ਵਿੱਚ ਆਪਣੀ ਕਮਾਈ ਤੋਂ ਸੰਤੁਸ਼ਟ ਹੈ ਅਤੇ ਪਰਿਵਾਰ ਨਾਲ਼ ਰਹਿਣਾ ਉਸ ਲਈ ਬੋਨਸ ਹੈ। “ਯਹਾਂ ਭੀ ਕਾਮ ਹੋਈਏ ਰਹਾ ਹੈ ਜੋ ਕਾਹੇ ਲਾ ਬਾਹਰ ਜਾਏਂਗੇ (ਮੈਨੂੰ ਇੱਥੇ ਕੰਮ ਮਿਲ ਰਿਹਾ ਹੈ, ਤਾਂ ਮੈਂ ਪਰਵਾਸ ਕਿਉਂ ਕਰਾਂ)?” ਇਸ ਪੱਤਰਕਾਰ ਨੂੰ ਉਹਨੇ ਕਿਹਾ।
ਮੁਹੰਮਦ ਰਿਆਜ਼ ਪੱਪੂ ਦੀ ਦੁਕਾਨ ’ਤੇ ਛਾਪਾ ਕਾਰੀਗਰ ਵਜੋਂ ਕੰਮ ਕਰਦਾ ਹੈ। 65 ਸਾਲਾ ਕਾਰੀਗਰ ਨੇ ਵੀ ਪੂਰਾ ਸਾਲ ਰੁਜ਼ਗਾਰ ਯਕੀਨੀ ਬਣਾਉਣ ਲਈ ਹੋਰ ਹੁਨਰ ਸਿੱਖੇ ਹਨ: “ਜਦ ਛਾਪੇ ਦਾ ਕੰਮ ਨਹੀਂ ਹੁੰਦਾ, ਮੈਂ (ਸੰਗੀਤ) ਬੈਂਡ ਨਾਲ਼ ਕੰਮ ਕਰਦਾ ਹਾਂ। ਇਸ ਤੋਂ ਇਲਾਵਾ ਮੈਂ ਨਲਸਾਜ਼ੀ (ਪਲੰਬਰ ਦਾ ਕੰਮ) ਵੀ ਜਾਣਦਾ ਹਾਂ। ਪੂਰਾ ਸਾਲ ਮੈਂ ਇਹਨਾਂ ਕੰਮਾਂ ਵਿੱਚ ਲੱਗਿਆ ਰਹਿੰਦਾ ਹਾਂ।”
ਪੱਪੂ ਦਾ ਕਹਿਣਾ ਹੈ ਕਿ ਇਸ ਕੰਮ ਤੋਂ ਕਮਾਈ ਘੱਟ ਹੁੰਦੀ ਹੈ, ਅਤੇ ਐਨੀ ਕੁ ਕਮਾਈ ਨਾਲ਼ ਪਰਿਵਾਰ – ਉਸਦੀ ਪਤਨੀ ਅਤੇ ਸੱਤ ਤੋਂ ਸੋਲਾਂ ਸਾਲ ਦੀ ਉਮਰ ਦੇ ਤਿੰਨ ਬੱਚੇ - ਦਾ ਗੁਜ਼ਾਰਾਚਲਾਉਣਾ ਮੁਸ਼ਕਿਲ ਹੈ। “ਇਸ ਕੰਮ ਵਿੱਚ ਨਾਬਰਾਬਰ ਕਮਾਈ ਹੈ। ਅੱਜ ਤੱਕ ਮੈਂ ਇਹ ਹਿਸਾਬ ਨਹੀਂ ਲਾ ਪਾਇਆ ਕਿ ਮੈਨੂੰ ਛਾਪੇ ਦੇ ਕੱਪੜੇ ਵਿੱਚੋਂ ਕਿੰਨਾ ਮੁਨਾਫ਼ਾਬਣਦਾ ਹੈ। ਮੈਂ ਬਸ ਕਿਸੇ ਤਰ੍ਹਾਂ ਆਪਣੇ ਪਰਿਵਾਰ ਲਈ ਖਾਣੇ ਦਾ ਬੰਦੋਬਸਤ ਕਰ ਪਾਉਂਦਾ ਹਾਂ,” ਉਹਨੇ ਕਿਹਾ।
ਉਹ ਆਪਣੇ ਬੇਟਿਆਂ ਨੂੰ ਇਹ ਜਾਂਦੀ ਵਾਰ ਦਾ ਕੰਮ ਨਹੀਂ ਸਿਖਾਉਣਾ ਚਾਹੁੰਦਾ। “ਹਮ ਪਾਗਲ ਨਹੀਂ ਹੈਂ ਜੋ ਚਾਹੇਂਗੇ ਕਿ ਮੇਰੇ ਬੇਟੇ ਇਸ ਲਾਈਨ ਮੇਂ ਆਏਂ (ਮੈਂ ਪਾਗਲ ਨਹੀਂ ਹਾਂ ਜੋ ਚਾਹਾਂਗਾ ਕਿ ਮੇਰੇ ਬੇਟੇ ਇਸ ਧੰਦੇ ਵਿੱਚ ਪੈਣ)।”