"ਉਹ ਕਹਿੰਦੇ ਹਨ ਕਿ ਇੱਥੇ ਮੱਛੀ ਵੇਚਣ ਨਾਲ਼ ਬਦਬੂ ਆਉਂਦੀ ਹੈ, ਇਹ ਥਾਂ ਗੰਦੀ ਦਿਖਾਈ ਦਿੰਦੀ ਹੈ ਅਤੇ ਕੂੜੇ ਦੇ ਢੇਰ ਲੱਗ ਜਾਂਦੇ ਨੇ," ਗੁੱਸੇ ਵਿੱਚ ਆਈ ਐੱਨ. ਗੀਤਾ ਸੜਕ ਦੇ ਦੋਵੇਂ ਪਾਸੇ ਮੱਛੀ ਵੇਚਣ ਵਾਲ਼ੇ ਵਪਾਰੀਆਂ ਦੇ ਬਕਸਿਆਂ ਵੱਲ ਇਸ਼ਾਰਾ ਕਰਦਿਆਂ ਕਹਿੰਦੀ ਹਨ। "ਇਹ ਕੂੜਾ ਹੀ ਤਾਂ ਸਾਡੀ ਦੌਲਤ ਹੈ, ਇਹ ਬਦਬੂ ਸਾਡੀ ਰੋਜ਼ੀ-ਰੋਟੀ। ਅਸੀਂ ਉਨ੍ਹਾਂ ਨੂੰ ਛੱਡ ਕੇ ਕਿੱਥੇ ਜਾਵਾਂਗੇ?" 42 ਸਾਲਾ ਗੀਤਾ ਪੁੱਛਦੀ ਹਨ।
ਅਸੀਂ ਲੂਪ ਰੋਡ 'ਤੇ ਅਸਥਾਈ ਨੋਚੀਕੁੱਪਮ ਮੱਛੀ ਬਜ਼ਾਰ ਵਿੱਚ ਖੜ੍ਹੇ ਹਾਂ, ਜੋ ਮਰੀਨਾ ਬੀਚ 'ਤੇ 2.5 ਕਿਲੋਮੀਟਰ ਦੀ ਲੰਬਾਈ ਤੱਕ ਫੈਲਿਆ ਹੋਇਆ ਹੈ। ਜਿਹੜੇ 'ਲੋਕ' ਸ਼ਹਿਰ ਨੂੰ ਸੁੰਦਰ ਬਣਾਉਣ ਦੇ ਨਾਮ 'ਤੇ ਇਨ੍ਹਾਂ ਮੱਛੀ ਵਿਕਰੇਤਾਵਾਂ ਨੂੰ ਇੱਥੋਂ ਉਜਾੜਨਾ ਚਾਹੁੰਦੇ ਹਨ, ਉਹ ਕੁਲੀਨ ਕਨੂੰਨ ਘਾੜ੍ਹੇ ਅਤੇ ਨੌਕਰਸ਼ਾਹ ਹਨ। ਗੀਤਾ ਵਰਗੇ ਮਛੇਰਿਆਂ ਲਈ, ਨੋਚੀਕੁੱਪਮ ਉਨ੍ਹਾਂ ਦਾ ਓਰੂ (ਪਿੰਡ) ਹੈ। ਇਹੀ ਉਹ ਥਾਂ ਹੈ ਜਿਸ ਨਾਲ਼ ਉਹ ਹਮੇਸ਼ਾਂ ਜੁੜੇ ਰਹੇ ਹਨ - ਕਿਸੇ ਵੀ ਤੂਫ਼ਾਨ ਜਾਂ ਸੁਨਾਮੀ ਤੋਂ ਬਾਅਦ ਵੀ।
ਗੀਤਾ ਬਜ਼ਾਰ ਵਿੱਚ ਭੀੜ ਵਧਣ ਤੋਂ ਪਹਿਲਾਂ ਸਵੇਰੇ-ਸਵੇਰੇ ਆਪਣਾ ਸਟਾਲ ਤਿਆਰ ਕਰ ਰਹੇ ਹਨ। ਕੁਝ ਲੋਕ ਉਲਟੇ ਕਰਕੇ ਰੱਖੇ ਕ੍ਰੇਟਾਂ 'ਤੇ ਪਲਾਸਟਿਕ ਬੋਰਡ ਰੱਖ ਕੇ ਬਣਾਏ ਗਏ ਕੰਮਚਲਾਊ ਮੇਜ਼ਾਂ 'ਤੇ ਪਾਣੀ ਛਿੜਕ ਕੇ ਸਫਾਈ ਕਰ ਰਹੇ ਹਨ। ਉਹ ਦੁਪਹਿਰ 2 ਵਜੇ ਤੱਕ ਆਪਣੇ ਸਟਾਲ 'ਤੇ ਰਹਿਣਗੇ। ਉਹ ਆਪਣੇ ਵਿਆਹ ਤੋਂ ਬਾਅਦ ਤੋਂ ਹੀ ਇੱਥੇ ਮੱਛੀ ਵੇਚ ਰਹੇ ਹਨ, ਇਸ ਗੱਲ ਨੂੰ 20 ਸਾਲ ਬੀਤ ਚੁੱਕੇ ਹਨ।
ਪਰ ਲਗਭਗ ਇੱਕ ਸਾਲ ਪਹਿਲਾਂ, 11 ਅਪ੍ਰੈਲ, 2023 ਨੂੰ, ਉਨ੍ਹਾਂ ਤੋਂ ਇਲਾਵਾ, ਲੂਪ ਰੋਡ 'ਤੇ ਮੱਛੀ ਵੇਚਣ ਵਾਲ਼ੇ ਲਗਭਗ 300 ਹੋਰ ਵਿਕਰੇਤਾਵਾਂ ਨੂੰ ਗ੍ਰੇਟਰ ਚੇੱਨਈ ਕਾਰਪੋਰੇਸ਼ਨ (ਜੀਸੀਸੀ) ਵੱਲ਼ੋਂ ਥਾਂ ਖਾਲੀ ਕਰਨ ਦਾ ਨੋਟਿਸ ਦਿੱਤਾ ਗਿਆ ਸੀ। ਮਦਰਾਸ ਹਾਈ ਕੋਰਟ ਦੇ ਆਦੇਸ਼ ਵਿੱਚ ਜੀਸੀਸੀ ਨੂੰ ਇੱਕ ਹਫ਼ਤੇ ਦੇ ਅੰਦਰ ਸੜਕ ਸਾਫ਼ ਕਰਨ ਦਾ ਆਦੇਸ਼ ਦਿੱਤਾ।
"ਗ੍ਰੇਟਰ ਚੇੱਨਈ ਕਾਰਪੋਰੇਸ਼ਨ ਸਾਰੇ ਕਬਜ਼ਿਆਂ (ਮੱਛੀ ਵੇਚਣ ਵਾਲ਼ੇ ਮਛੇਰਿਆਂ, ਸਟਾਲਾਂ, ਪਾਰਕ ਕੀਤੀਆਂ ਗੱਡੀਆਂ) ਨੂੰ ਕਨੂੰਨੀ ਪ੍ਰਕਿਰਿਆ ਦਾ ਪਾਲਣ ਕਰਦੇ ਹੋਏ ਲੂਪ ਰੋਡ ਤੋਂ ਹਟਾਏਗਾ। ਅਦਾਲਤ ਨੇ ਆਪਣੇ ਆਦੇਸ਼ 'ਚ ਕਿਹਾ ਕਿ ਪੁਲਿਸ ਇਸ ਕੰਮ 'ਚ ਨਿਗਮ ਦੀ ਮਦਦ ਕਰੇਗੀ ਤਾਂ ਜੋ ਪੂਰੀ ਸੜਕ ਅਤੇ ਫੁੱਟਪਾਥਾਂ ਨੂੰ ਕਬਜ਼ੇ ਤੋਂ ਮੁਕਤ ਕਰਵਾਇਆ ਜਾ ਸਕੇ ਅਤੇ ਉਨ੍ਹਾਂ 'ਤੇ ਪੈਦਲ ਚੱਲਣ ਵਾਲਿਆਂ ਦੀ ਨਿਰਵਿਘਨ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਸਕੇ,'' ਅਦਾਲਤ ਨੇ ਆਪਣੇ ਆਦੇਸ਼ ਵਿੱਚ ਕਿਹਾ।
ਉਨ੍ਹਾਂ ਦੀਆਂ ਆਪਣੀਆਂ ਨਜ਼ਰਾਂ ਵਿੱਚ, ਮਛੇਰਾ ਭਾਈਚਾਰੇ ਦੇ ਲੋਕ ਇੱਥੋਂ ਦੇ ਪੂਰਵਕੁਡੀ ਦੇ ਮੂਲ਼ ਵਸਨੀਕ ਹਨ ਅਤੇ ਸਮਾਂ ਪਾ ਕੇ ਸ਼ਹਿਰ ਨੇ ਉਨ੍ਹਾਂ ਦੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਜੋ ਇਤਿਹਾਸਕ ਤੌਰ 'ਤੇ ਕਦੇ ਉਨ੍ਹਾਂ ਦੀ ਹੋਇਆ ਕਰਦੀ ਸੀ।
ਚੇੱਨਈ (ਇੱਥੋਂ ਤੱਕ ਕਿ ਮਦਰਾਸ) ਦੇ ਵਸਣ ਤੋਂ ਬਹੁਤ ਪਹਿਲਾਂ, ਇਸ ਤੱਟ 'ਤੇ ਬਹੁਤ ਸਾਰੇ ਕਟੂਮਾਰਾਮ (ਕੈਟਾਮਾਰਨ) ਤੈਰਦੇ ਰਹਿੰਦੇ ਸਨ। ਮਛੇਰੇ ਇੱਥੇ ਮੱਧਮ ਜਿਹੀ ਰੌਸ਼ਨੀ ਵਿੱਚ ਹਵਾਵਾਂ ਨੂੰ ਮਹਿਸੂਸ ਕਰਦਿਆਂ, ਉਨ੍ਹਾਂ ਦੀ ਨਮੀ ਨੂੰ ਸੁੰਘਦਿਆਂ ਤੇ ਵਾਂਡਾ-ਥਾਨੀ ਦੇ ਸੰਕੇਤਾਂ ਨੂੰ ਦੇਖਦਿਆਂ ਬੜੇ ਧੀਰਜ ਨਾਲ਼ ਬੈਠੇ ਰਹਿੰਦੇ ਸਨ। ਵਾਂਡਾ-ਥਾਨੀ ਕਾਵੇਰੀ ਅਤੇ ਕੋਲਿਦਮ ਨਦੀਆਂ ਦੀਆਂ ਉਹ ਗਾਰ-ਲੱਦੀਆਂ ਧਾਰਾਵਾਂ ਹਨ ਜੋ ਚੇੱਨਈ ਦੀਆਂ ਤੱਟੀ ਸਰਹੱਦਾਂ ਦੇ ਨਾਲ਼ ਆਪਣੇ ਹੀ ਮੌਸਮਾਂ ਵਿੱਚ ਬਣਦੀਆਂ ਤੇ ਉੱਠਦੀਆਂ ਹਨ।
"ਮਛੇਰੇ ਅੱਜ ਤੱਕ ਵੀ ਵਾਂਡਾ ਥਾਨੀ ਦਾ ਇੰਤਜ਼ਾਰ ਕਰਦੇ ਹਨ, ਪਰ ਸ਼ਹਿਰ ਦੀ ਰੇਤ ਅਤੇ ਕੰਕਰੀਟ ਨੇ ਉਨ੍ਹਾਂ ਯਾਦਾਂ ਨੂੰ ਵੀ ਮਿਟਾ ਛੱਡਿਆ ਹੈ ਜੋ ਚੇੱਨਈ ਨੇ ਮਛੇਰਾ ਕੁੱਪਮ (ਉਸੇ ਪੇਸ਼ੇ ਨਾਲ਼ ਜੁੜੇ ਲੋਕਾਂ ਦੀ ਇੱਕ ਬਸਤੀ) ਦੇ ਰੂਪ ਵਿੱਚ ਸਾਂਭ ਕੇ ਰੱਖੀਆਂ ਸਨ," ਠੰਡਾ ਸਾਹ ਲੈਂਦਿਆਂ ਐੱਸ. ਪਲਾਯਮ ਕਹਿੰਦੇ ਹਨ। ਉਹ ਉਰੂਰ ਓਲਕੋਟ ਕੁੱਪਮ ਵਿੱਚ ਰਹਿੰਦੇ ਹਨ, ਜੋ ਨੋਚੀਕੁੱਪਮ ਬਜ਼ਾਰ ਨੇੜਲੀ ਵਗਦੀ ਨਦੀ ਦੇ ਪਾਰ ਦਾ ਇੱਕ ਪਿੰਡ ਹੈ। "ਕੀ ਲੋਕਾਂ ਨੂੰ ਇਹ ਯਾਦ ਹੈ?"
ਤੱਟ 'ਤੇ ਸਥਿਤ ਇਹ ਬਜ਼ਾਰ ਮਛੇਰਿਆਂ ਦੀ ਜੀਵਨ ਰੇਖਾ ਹੈ ਅਤੇ, ਜੀਸੀਸੀ ਦੀ ਯੋਜਨਾ ਅਨੁਸਾਰ ਮਾਰਕੀਟ ਨੂੰ ਕਿਤੇ ਹੋਰ ਤਬਦੀਲ ਕਰਨ ਨਾਲ਼ ਸ਼ਹਿਰ ਵਾਸੀਆਂ ਨੂੰ ਮਾੜੀ-ਮੋਟੀ ਅਸੁਵਿਧਾ ਹੋਣ ਦੀ ਸੰਭਾਵਨਾ ਹੈ, ਪਰ ਨੋਚੀਕੁੱਪਮ ਮਾਰਕੀਟ ਵਿੱਚ ਮੱਛੀ ਵੇਚਣ ਵਾਲ਼ੇ ਮਛੇਰਿਆਂ ਲਈ ਤਾਂ ਇਹ ਉਨ੍ਹਾਂ ਦੀ ਰੋਜ਼ੀ-ਰੋਟੀ ਅਤੇ ਪਛਾਣ ਨਾਲ਼ ਜੁੜਿਆ ਸਵਾਲ ਹੈ।
*****
ਮਰੀਨਾ ਬੀਚ 'ਤੇ ਕਬਜੇ ਦੀ ਇਹ ਭਾਵਨਾ ਕੋਈ ਨਵੀਂ ਨਹੀਂ ਹੈ।
ਬ੍ਰਿਟਿਸ਼ ਸ਼ਾਸਨ ਤੋਂ ਬਾਅਦ ਆਈ ਅਤੇ ਗਈ ਹਰ ਸਰਕਾਰ ਕੋਲ਼ ਮਰੀਨਾ ਬੀਚ ਦੇ ਸੁੰਦਰੀਕਰਨ ਵਿੱਚ ਆਪਣੀਆਂ ਭੂਮਿਕਾਵਾਂ ਬਾਰੇ ਦੱਸਣ ਲਈ ਬਹੁਤ ਸਾਰੇ ਕਿੱਸੇ ਅਤੇ ਕਹਾਣੀਆਂ ਹਨ। ਇੱਕ ਲੰਬਾ ਜਨਤਕ ਸੈਰ-ਸਪਾਟਾ, ਕੰਢਿਆਂ ਦੇ ਲਾਨ, ਸਲੀਕੇ ਨਾਲ਼ ਸਾਂਭੀ ਗਈ ਬਨਸਪਤੀ, ਸਾਫ਼-ਸੁਥਰੇ ਰਸਤੇ, ਸੁੰਦਰ ਛੱਤਰੀਆਂ, ਰੈਂਪ ਅਤੇ ਹੋਰ ਵੀ ਬੜਾ ਕੁਝ ਇਨ੍ਹਾਂ ਕਹਾਣੀਆਂ ਦੀਆਂ ਉਦਾਹਰਣਾਂ ਹਨ।
ਇਸ ਵਾਰ ਅਦਾਲਤ ਨੇ ਲੂਪ ਰੋਡ 'ਤੇ ਟ੍ਰੈਫਿਕ ਦੀ ਬੇਤਰਤੀਬੀ ਦੇ ਮੱਦੇਨਜ਼ਰ ਸੁਓ ਮੋਟੋ (ਸਵੈ-ਅਪੀਲ) ਪਟੀਸ਼ਨ ਰਾਹੀਂ ਮਛੇਰੇ ਭਾਈਚਾਰੇ ਵਿਰੁੱਧ ਸਿੱਧੀ ਕਾਰਵਾਈ ਸ਼ੁਰੂ ਕੀਤੀ ਹੈ। ਮਦਰਾਸ ਹਾਈ ਕੋਰਟ ਦੇ ਜੱਜ ਖੁਦ ਹਰ ਰੋਜ਼ ਇਸ ਰਸਤੇ ਤੋਂ ਯਾਤਰਾ ਕਰਦੇ ਹਨ। ਮੱਛੀਆਂ ਦੀਆਂ ਦੁਕਾਨਾਂ ਨੂੰ ਸੜਕਾਂ ਦੇ ਕਿਨਾਰਿਆਂ ਤੋਂ ਹਟਾਉਣ ਦੇ ਆਦੇਸ਼ ਦਿੱਤੇ ਗਏ ਸਨ ਕਿਉਂਕਿ, ਜਿਵੇਂ ਕਿ ਮਛੇਰਿਆਂ ਨੂੰ ਦੱਸਿਆ ਗਿਆ ਕਿ ਜਦੋਂ ਖਰੀਦੋ-ਫਰੋਖਤ ਦਾ ਸਮਾਂ ਪੀਕ 'ਤੇ ਆਉਂਦਾ ਹੈ ਤਾਂ ਇਨ੍ਹਾਂ ਸਟਾਲਾਂ ਕਾਰਨ ਸੜਕ 'ਤੇ ਹਫੜਾ-ਦਫੜੀ ਮੱਚ ਜਾਂਦੀ ਹੈ।
12 ਅਪ੍ਰੈਲ ਨੂੰ, ਜਦੋਂ ਜੀਸੀਸੀ ਅਤੇ ਪੁਲਿਸ ਵਾਲਿਆਂ ਨੇ ਲੂਪ ਰੋਡ ਦੇ ਪੱਛਮੀ ਪਾਸੇ ਮੱਛੀਆਂ ਦੀਆਂ ਦੁਕਾਨਾਂ ਨੂੰ ਢਾਹੁਣਾ ਸ਼ੁਰੂ ਕੀਤਾ, ਤਾਂ ਖੇਤਰ ਦੇ ਮਛੇਰਿਆਂ ਨੇ ਕਈ ਵਾਰ ਸੰਗਠਿਤ ਹੋ ਕੇ ਇਹਦਾ ਸਮੂਹਕ ਵਿਰੋਧ ਕੀਤਾ। ਜੀਸੀਸੀ ਨੇ ਅਦਾਲਤ ਨੂੰ ਵਾਅਦਾ ਕੀਤਾ ਸੀ ਕਿ ਉਹ ਲੂਪ ਰੋਡ 'ਤੇ ਮੱਛੀ ਵਿਕਰੇਤਾਵਾਂ ਨੂੰ ਉਦੋਂ ਤੱਕ ਕੰਟਰੋਲ ਕਰੇਗਾ ਜਦੋਂ ਤੱਕ ਆਧੁਨਿਕ ਮੱਛੀ ਮਾਰਕੀਟ ਨਹੀਂ ਬਣ ਜਾਂਦੀ। ਹੁਣ ਇਸ ਇਲਾਕੇ 'ਚ ਪੁਲਸ ਦੀ ਮੌਜੂਦਗੀ ਸਾਫ਼ ਵੇਖੀ ਜਾ ਸਕਦੀ ਹੈ।
ਚਾਹੇ ਉਹ ਜੱਜ ਹੋਣ ਜਾਂ ਚੇੱਨਈ ਕਾਰਪੋਰੇਸ਼ਨ, ਉਹ ਸਾਰੇ ਸਰਕਾਰ ਦਾ ਹਿੱਸਾ ਹਨ। ਹੈ ਕਿ ਨਹੀਂ? ਤਾਂ ਫਿਰ ਸਰਕਾਰ ਇਹ ਕੰਮ ਕਿਉਂ ਕਰ ਰਹੀ ਹੈ? ਇੱਕ ਪਾਸੇ, ਉਹ ਸਾਨੂੰ ਸਮੁੰਦਰੀ ਕੰਢੇ ਦਾ ਪ੍ਰਤੀਕ ਕਹਿੰਦੇ ਹਨ ਅਤੇ ਦੂਜੇ ਪਾਸੇ, ਉਹ ਸਾਨੂੰ ਆਪਣੀ ਰੋਜ਼ੀ-ਰੋਟੀ ਕਮਾਉਣ ਤੋਂ ਰੋਕਦੇ ਹਨ," 52 ਸਾਲਾ ਐੱਸ ਸਰੋਜਾ ਕਹਿੰਦੇ ਹਨ, ਜੋ ਸਮੁੰਦਰੀ ਕੰਢੇ 'ਤੇ ਮੱਛੀ ਵੇਚਣ ਦਾ ਕੰਮ ਕਰਦੇ ਹਨ।
ਉਨ੍ਹਾਂ ਦਾ ਮਤਲਬ 2009-2015 ਦੇ ਵਿਚਕਾਰ ਸਰਕਾਰ ਦੁਆਰਾ ਅਲਾਟ ਕੀਤੇ ਗਏ ਨੋਚੀਕੁੱਪਮ ਹਾਊਸਿੰਗ ਕੰਪਲੈਕਸ ਵਿੱਚ ਸੜਕ ਦੇ ਦੂਜੇ ਪਾਸੇ, ਜੋ ਉਨ੍ਹਾਂ ਨੂੰ ਸਮੁੰਦਰੀ ਕੰਢੇ ਤੋਂ ਵੱਖ ਕਰਦਾ ਹੈ, ਕੰਧ ਚਿੱਤਰ ਬਣਾਉਣ ਤੋਂ ਸੀ। ਮਾਰਚ 2023 ਵਿੱਚ, ਤਾਮਿਲਨਾਡੂ ਅਰਬਨ ਹਾਊਸਿੰਗ ਡਿਵੈਲਪਮੈਂਟ ਬੋਰਡ, ਐੱਸਟੀ + ਆਰਟ ਐਂਡ ਏਸ਼ੀਅਨ ਪੇਂਟਸ ਨਾਮਕ ਇੱਕ ਗੈਰ ਸਰਕਾਰੀ ਸੰਗਠਨ, ਨੇ ਮਛੇਰਿਆਂ ਦੇ ਘਰਾਂ ਦੀ ਮੁਰੰਮਤ ਕਰਨ ਦੀ ਪਹਿਲ ਕੀਤੀ ਅਤੇ ਨੇਪਾਲ, ਓਡੀਸ਼ਾ, ਕੇਰਲ, ਰੂਸ ਅਤੇ ਮੈਕਸੀਕੋ ਦੇ ਕਲਾਕਾਰਾਂ ਨੂੰ ਨੋਚੀਕੁੱਪਮ ਵਿੱਚ 24 ਘਰਾਂ ਦੀਆਂ ਕੰਧਾਂ 'ਤੇ ਗ੍ਰੈਫਿਟੀ ਪੇਂਟ ਕਰਨ ਲਈ ਬੁਲਾਇਆ।
"ਉਨ੍ਹਾਂ ਨੇ ਸਾਡੀਆਂ ਜ਼ਿੰਦਗੀਆਂ ਨੂੰ ਕੰਧਾਂ 'ਤੇ ਪੇਂਟ ਕੀਤਾ ਅਤੇ ਫਿਰ ਸਾਨੂੰ ਹੀ ਇਲਾਕੇ ਤੋਂ ਬਾਹਰ ਕੱਢ ਦਿੱਤਾ," ਗੀਤਾ ਇਮਾਰਤਾਂ ਵੱਲ ਦੇਖਦੇ ਹੋਏ ਕਹਿੰਦੇ ਹਨ। ਇਨ੍ਹਾਂ ਇਮਾਰਤਾਂ ਵਿਚ 'ਮੁਫਤ ਵਿੱਚ ਰਹਿਣ' ਦਾ ਦੂਜਾ ਪੱਖ ਇਹ ਸੀ ਕਿ ਇੱਥੇ ਸਭ ਕੁਝ ਸੰਭਵ ਸੀ ਪਰ ਇੱਥੇ ਮੁਫਤ ਵਿੱਚ ਰਹਿਣਾ ਸੰਭਵ ਨਹੀਂ ਸੀ। "ਇੱਕ ਏਜੰਟ ਨੇ ਮੈਨੂੰ ਇੱਕ ਅਪਾਰਟਮੈਂਟ ਲਈ 5 ਲੱਖ ਰੁਪਏ ਦੇਣ ਲਈ ਕਿਹਾ," ਨੋਚੀਕੁੱਪਮ ਦੇ ਇੱਕ ਤਜ਼ਰਬੇਕਾਰ ਮਛੇਰੇ, 47 ਸਾਲਾ ਪੀ ਕੰਨਦਾਸਨ ਕਹਿੰਦੇ ਹਨ। "ਜੇ ਅਸੀਂ ਭੁਗਤਾਨ ਨਹੀਂ ਕਰਦੇ ਤਾਂ ਅਪਾਰਟਮੈਂਟ ਕਿਸੇ ਹੋਰ ਨੂੰ ਅਲਾਟ ਕਰ ਦਿੱਤਾ ਜਾਂਦਾ," ਉਨ੍ਹਾਂ ਦੇ ਦੋਸਤ ਅਰਾਸੂ (47) ਗੱਲ ਪੂਰੀ ਕਰਦੇ ਹਨ।
ਚੇੱਨਈ ਦੇ ਤੇਜ਼ੀ ਨਾਲ਼ ਫੈਲ ਰਹੇ ਸ਼ਹਿਰ ਵਿੱਚ ਤਬਦੀਲ ਹੋਣ ਅਤੇ ਮਛੇਰਿਆਂ ਦੀਆਂ ਬਸਤੀਆਂ ਅਤੇ ਸਮੁੰਦਰੀ ਤੱਟਾਂ 'ਤੇ ਕਬਜ਼ਾ ਕਰਕੇ ਲੂਪ ਸੜਕਾਂ ਦੇ ਨਿਰਮਾਣ ਨੇ ਮਹਾਨਗਰ ਵਿੱਚ ਮਛੇਰਿਆਂ ਅਤੇ ਕਾਰਪੋਰੇਸ਼ਨਾਂ ਵਿਚਕਾਰ ਕਈ ਟਕਰਾਅ ਪੈਦਾ ਕੀਤੇ ਹਨ।
ਮਛੇਰੇ ਆਪਣੇ ਆਪ ਨੂੰ ਕੁੱਪਮ (ਬਸਤੀ) ਨਾਲ਼ ਜੁੜਿਆ ਹੋਇਆ ਮੰਨਦੇ ਹਨ। "ਜੇ ਪੁਰਸ਼ਾਂ ਨੂੰ ਸਮੁੰਦਰ ਤੇ ਤਟਾਂ 'ਤੇ ਕੰਮ ਕਰਨਾ ਹੋਵੇ, ਪਰ ਔਰਤਾਂ ਨੂੰ ਘਰਾਂ ਤੋਂ ਦੂਰ ਕੰਮ ਕਰਨਾ ਪਵੇ ਤਾਂ ਕੁੱਪਮ ਦਾ ਕੀ ਹੋਵੇਗਾ?" 60 ਸਾਲਾ ਪਾਲਯਮ ਕਹਿੰਦੇ ਹਨ। ''ਸਾਡੇ ਅੰਦਰ ਆਪਸੀ ਤਾਲਮੇਲ ਅਤੇ ਸਹਿਯੋਗ ਦਾ ਕੋਈ ਰਿਸ਼ਤਾ ਨਹੀਂ ਹੋਵੇਗਾ ਤੇ ਸਮੁੰਦਰ ਨਾਲ਼ ਵੀ ਸਾਡੇ ਰਿਸ਼ਤਿਆਂ ਵਿੱਚ ਦੂਰੀ ਆ ਜਾਵੇਗੀ।'' ਜ਼ਿਆਦਾਤਰ ਪਰਿਵਾਰਾਂ ਕੋਲ਼ ਇੱਕ ਦੂਜੇ ਨਾਲ਼ ਗੱਲਬਾਤ ਕਰਨ ਦਾ ਸਮਾਂ ਵੀ ਉਹੀ ਹੁੰਦਾ ਹੈ ਜਦੋਂ ਮੱਛੀਆਂ ਦੀਆਂ ਢੋਆ-ਢੁਆਈ ਮਰਦਾਂ ਦੀਆਂ ਕਿਸ਼ਤੀਆਂ ਤੋਂ ਹੁੰਦੇ ਹੋਏ ਔਰਤਾਂ ਦੇ ਸਟਾਲਾਂ ਤੱਕ ਕੀਤੀ ਜਾਂਦੀ ਹੈ। ਇਸ ਦਾ ਕਾਰਨ ਇਹ ਹੈ ਕਿ ਮਰਦ ਰਾਤ ਨੂੰ ਮੱਛੀ ਫੜ੍ਹਨ ਲਈ ਬਾਹਰ ਜਾਂਦੇ ਹਨ ਅਤੇ ਦਿਨ ਦੇ ਸਮੇਂ ਵਾਪਸ ਪਰਤ ਕੇ ਆਪਣੀ ਨੀਂਦ ਪੂਰੀ ਕਰਦੇ ਹਨ ਜੋ ਔਰਤਾਂ ਲਈ ਮੱਛੀ ਵੇਚਣ ਦਾ ਸਮਾਂ ਹੁੰਦਾ ਹੈ।
ਦੂਜੇ ਪਾਸੇ, ਜੋ ਲੋਕ ਸਵੇਰ ਦੀ ਸੈਰ ਜਾਂ ਜਾਗਿੰਗ ਲਈ ਬਾਹਰ ਜਾਂਦੇ ਹਨ, ਉਨ੍ਹਾਂ ਦਾ ਮੰਨਣਾ ਹੈ ਕਿ ਰਵਾਇਤੀ ਤੌਰ 'ਤੇ ਇਹ ਜ਼ਮੀਨ ਮਛੇਰਿਆਂ ਦੀ ਹੈ। "ਬਹੁਤ ਸਾਰੇ ਲੋਕ ਸਵੇਰੇ-ਸਵੇਰੇ ਇੱਥੇ ਆ ਜਾਂਦੇ ਹਨ," 52 ਸਾਲਾ ਚਿੱਟੀਬਾਬੂ ਕਹਿੰਦੇ ਹਨ, ਜੋ ਹਰ ਰੋਜ਼ ਸਵੇਰੇ ਮਰੀਨਾ ਜਾਣ ਲਈ ਸੈਰ 'ਤੇ ਜਾਂਦੇ ਹਨ। "ਖਾਸ ਤੌਰ 'ਤੇ, ਉਹ ਮੱਛੀ ਖਰੀਦਣ ਆਉਂਦੇ ਹਨ। ਇਹ ਮਛੇਰਿਆਂ ਦਾ ਜੱਦੀ ਕਿੱਤਾ ਹੈ, ਉਹ ਲੰਬੇ ਸਮੇਂ ਤੋਂ ਇੱਥੇ ਰਹਿ ਰਹੇ ਹਨ। ਉਨ੍ਹਾਂ ਨੂੰ ਕਿਸੇ ਹੋਰ ਥਾਂ ਜਾਣ ਦਾ ਆਦੇਸ਼ ਦੇਣਾ ਸਹੀ ਨਹੀਂ ਹੈ," ਉਹ ਕਹਿੰਦੇ ਹਨ।
ਨੋਚੀਕੁੱਪਮ ਦੇ ਇੱਕ ਮਛੇਰੇ, 29 ਸਾਲਾ ਰਣਜੀਤ ਕੁਮਾਰ ਵੀ ਇਸ ਗੱਲ ਨਾਲ਼ ਸਹਿਮਤ ਹਨ। "ਇਸ ਜਗ੍ਹਾ ਦਾ ਵੱਖ-ਵੱਖ ਲੋਕਾਂ ਲਈ ਵੱਖਰਾ ਮਹੱਤਵ ਹੈ। ਉਦਾਹਰਣ ਵਜੋਂ, ਸੈਰ ਕਰਨ ਵਾਲ਼ੇ ਲੋਕ ਸਵੇਰੇ 6-8 ਵਜੇ ਆਉਂਦੇ ਹਨ। ਇਹ ਸਾਡੇ ਸਮੁੰਦਰਾਂ ਵਿੱਚ ਰਹਿਣ ਦਾ ਸਮਾਂ ਹੈ। ਜਦੋਂ ਤੱਕ ਅਸੀਂ ਵਾਪਸ ਆਉਂਦੇ ਹਾਂ ਅਤੇ ਔਰਤਾਂ ਆਪਣੀਆਂ ਦੁਕਾਨਾਂ ਲਗਾ ਰਹੀਆਂ ਹੁੰਦੀਆਂ ਹਨ, ਸੈਰ ਕਰਨ ਲਈ ਬਾਹਰ ਗਏ ਲੋਕ ਚਲੇ ਜਾਂਦੇ ਹਨ। ਇਹ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਹਨ ਜੋ ਸਮੱਸਿਆਵਾਂ ਪੈਦਾ ਕਰ ਰਹੇ ਹਨ।
*****
ਇੱਥੇ ਮੱਛੀਆਂ ਦੀਆਂ ਬਹੁਤ ਸਾਰੀਆਂ ਕਿਸਮਾਂ ਪਾਈਆਂ ਜਾਂਦੀਆਂ ਹਨ। ਮੱਛੀਆਂ ਦੀਆਂ ਕੁਝ ਛੋਟੀਆਂ ਕਿਸਮਾਂ ਹਨ ਜੋ ਉਥਲੇ (ਘੱਟ ਡੂੰਘੇ) ਪਾਣੀ ਵਿੱਚ ਪਾਈਆਂ ਜਾਂਦੀਆਂ ਹਨ। ਉਦਾਹਰਣ ਵਜੋਂ, ਕ੍ਰੈਸੈਂਟ ਗ੍ਰਾਂਟਰ (ਤੇਰਾਪੋਨ ਜਰਬੂਆ) ਅਤੇ ਪਗਨੋਸ ਪੋਨੀਫਿਸ਼ (ਦੇਵੇਜੀਮੇਨਟੰਮ ਇਨਸੀਡੀਏਟਰ) ਨੂੰ ਨੋਚੀਕੁੱਪਮ ਮਾਰਕੀਟ ਵਿੱਚ ਸਿਰਫ 200-300 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਖਰੀਦਿਆ ਜਾ ਸਕਦਾ ਹੈ। ਇਹ ਸਥਾਨਕ ਮੱਛੀਆਂ ਹਨ ਅਤੇ ਪਿੰਡ ਦੇ 20 ਕਿਲੋਮੀਟਰ ਦੇ ਘੇਰੇ ਵਿੱਚ ਹੀ ਉਪਲਬਧ ਹਨ। ਇਹ ਮੱਛੀਆਂ ਮੱਛੀ ਬਜ਼ਾਰ ਦੇ ਇੱਕ ਪਾਸੇ ਵੇਚੀਆਂ ਜਾਂਦੀਆਂ ਹਨ। ਬਜ਼ਾਰ ਦੇ ਦੂਜੇ ਪਾਸੇ ਵੱਡੀਆਂ ਅਤੇ ਮਹਿੰਗੀਆਂ ਮੱਛੀਆਂ ਵੇਚੀਆਂ ਜਾਂਦੀਆਂ ਹਨ। ਉਦਾਹਰਣ ਵਜੋਂ, ਸੀਰ ਮੱਛੀ (ਸਕੋਮਬੇਰੋਮੋਰਸ ਕੌਮਰਸਨ) 900-1000 ਰੁਪਏ ਪ੍ਰਤੀ ਕਿਲੋ ਅਤੇ ਵੱਡੇ ਆਕਾਰ ਦੀ ਟ੍ਰੈਵਲ ਮੱਛੀ 500-700 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ਼ ਖਰੀਦੀ ਜਾ ਸਕਦੀ ਹੈ। ਇੱਥੋਂ ਦੇ ਮਛੇਰੇ ਜਿਹੜੀਆਂ ਮੱਛੀਆਂ ਵੇਚਦੇ ਹਨ ਉਨ੍ਹਾਂ ਦੇ ਨਾਮ ਹਨ- ਕੀਚਨ, ਕਾਰਾਪੋਡੀ, ਵੰਨਜਾਰਾਮ, ਪਾਰਈ।
ਧੁੱਪ ਦੀ ਤੀਬਰਤਾ ਕਾਰਨ ਮੱਛੀਆਂ ਖਰਾਬ ਹੋ ਜਾਂਦੀਆਂ ਹਨ, ਇਸ ਲਈ ਮੱਛੀਆਂ ਨੂੰ ਖਰਾਬ ਹੋਣ ਤੋਂ ਪਹਿਲਾਂ ਵੇਚਣਾ ਇੱਕ ਵੱਡੀ ਚੁਣੌਤੀ ਹੈ। ਪਾਰਖੀ ਗਾਹਕ ਤਾਜ਼ੀ ਮੱਛੀ ਅਤੇ ਉਨ੍ਹਾਂ ਮੱਛੀਆਂ ਵਿੱਚ ਜੋ ਖ਼ਰਾਬ ਹੋਣ ਲੱਗੀਆਂ ਹੋਣ- ਸੌਖਿਆਂ ਹੀ ਫ਼ਰਕ ਕਰ ਲੈਂਦੇ ਹਨ।
"ਜੇ ਮੈਂ ਵੱਧ ਤੋਂ ਵੱਧ ਮੱਛੀ ਨਹੀਂ ਵੇਚਾਂਗੀ, ਤਾਂ ਮੇਰੇ ਬੱਚਿਆਂ ਦਾ ਖਰਚਾ ਕੌਣ ਚੁੱਕੇਗਾ?" ਗੀਤਾ ਪੁੱਛਦੇ ਹਨ। ਉਨ੍ਹਾਂ ਦੇ ਦੋ ਬੱਚੇ ਹਨ। ਇੱਕ ਸਕੂਲ ਜਾਂਦਾ ਹੈ ਅਤੇ ਇੱਕ ਕਾਲਜ। "ਮੈਂ ਇਹ ਉਮੀਦ ਨਹੀਂ ਕਰ ਸਕਦੀ ਕਿ ਮੇਰੇ ਪਤੀ ਹਰ ਰੋਜ਼ ਮੱਛੀ ਫੜ੍ਹਨ ਜਾਣਗੇ। ਮੈਨੂੰ ਮੱਛੀ ਖਰੀਦਣ ਲਈ ਕਾਸਿਮੇਦੂ (ਨੋਚੀਕੁੱਪਮ ਤੋਂ 10 ਕਿਲੋਮੀਟਰ ਉੱਤਰ ਵੱਲ) ਜਾਣਾ ਪੈਂਦਾ ਹੈ ਅਤੇ ਮੈਨੂੰ ਮੱਛੀ ਖਰੀਦਣ ਲਈ ਸਵੇਰੇ 2 ਵਜੇ ਜਾਗਣਾ ਪੈਂਦਾ ਹੈ। ਵਾਪਸ ਆ ਕੇ ਮੈਂ ਸਟਾਲ 'ਤੇ ਜਾਂਦੀ ਹਾਂ। ਜੇ ਮੈਂ ਇੰਝ ਨਹੀਂ ਕਰਦੀ, ਤਾਂ ਫੀਸ ਦੇਣੀ ਤਾਂ ਦੂਰ ਦੀ ਗੱਲ ਰਹੀ ਸਾਨੂੰ ਦੋ ਡੰਗ ਰੋਟੀ ਵੀ ਨਸੀਬ ਨਹੀਂ ਹੋਣੀ," ਉਹ ਕਹਿੰਦੀ ਹਨ।
ਤਾਮਿਲਨਾਡੂ ਦੇ 608 ਪਿੰਡਾਂ ਵਿੱਚ ਸਮੁੰਦਰ ਵਿੱਚ ਮੱਛੀ ਫੜ੍ਹਨ ਦੇ ਕੰਮ ਵਿੱਚ ਲੱਗੇ 10.48 ਲੱਖ ਮਛੇਰਿਆਂ ਵਿੱਚੋਂ ਲਗਭਗ ਅੱਧੀਆਂ ਔਰਤਾਂ ਹਨ ਅਤੇ ਇਸੇ ਬਸਤੀ ਤੋਂ ਆਈਆਂ ਔਰਤਾਂ ਹੀ ਮੁੱਖ ਤੌਰ 'ਤੇ ਇਨ੍ਹਾਂ ਅਸਥਾਈ ਸਟਾਲਾਂ 'ਤੇ ਦੁਕਾਨਦਾਰੀ ਕਰਦੀਆਂ ਹਨ। ਉਨ੍ਹਾਂ ਦੀ ਆਮਦਨ ਦਾ ਸਹੀ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ, ਪਰ ਇਹ ਨਿਸ਼ਚਤ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਨੋਚੀਕੁੱਪਮ ਵਿੱਚ ਵਪਾਰ ਕਰਨ ਵਾਲ਼ੇ ਅਤੇ ਮੱਛੀ ਵੇਚਣ ਵਾਲ਼ੇ ਮਰਦ ਅਤੇ ਔਰਤਾਂ ਦੂਰ-ਦੁਰਾਡੇ ਅਤੇ ਸਰਕਾਰ ਦੁਆਰਾ ਪ੍ਰਵਾਨਿਤ ਕਸਿਮੇਦੂ ਬੰਦਰਗਾਹ ਅਤੇ ਕਿਸੇ ਹੋਰ ਅੰਦਰੂਨੀ ਬਜ਼ਾਰ ਨਾਲੋਂ ਬਿਹਤਰ ਕਮਾਈ ਕਰਦੇ ਹਨ। ਇਹ ਗੱਲ ਇਸ ਕਾਰੋਬਾਰ ਵਿੱਚ ਲੱਗੀਆਂ ਔਰਤਾਂ ਦੱਸਦੀਆਂ ਹਨ।
"ਹਫ਼ਤੇ ਦੇ ਆਖਰੀ ਦੋ ਦਿਨ ਮੇਰੇ ਲਈ ਸਭ ਤੋਂ ਵਿਅਸਤ ਹੁੰਦੇ ਹਨ," ਗੀਤਾ ਕਹਿੰਦੇ ਹਨ। ''ਹਰ ਵਾਰ ਵਿਕਰੀ ਤੋਂ ਬਾਅਦ, ਮੈਂ ਲਗਭਗ 300 ਤੋਂ 500 ਰੁਪਏ ਕਮਾ ਲੈਂਦਾ ਹਾਂ ਅਤੇ ਮੈਂ ਸਵੇਰੇ 8:30 ਤੋਂ 9:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਲਗਾਤਾਰ ਮੱਛੀ ਵੇਚਦੀ ਹਾਂ। ਪਰ ਇਹ ਦੱਸਣਾ ਮੁਸ਼ਕਲ ਹੈ ਕਿ ਮੈਂ ਕਿੰਨਾ ਕਮਾਉਂਦੀ ਹਾਂ ਕਿਉਂਕਿ ਮੈਨੂੰ ਸਵੇਰੇ ਮੱਛੀ ਖਰੀਦਣ ਅਤੇ ਆਉਣ-ਜਾਣ 'ਤੇ ਵੀ ਪੈਸਾ ਖਰਚਣਾ ਪੈਂਦਾ ਹੈ। ਇਹ ਲਾਗਤ ਮੱਛੀ ਦੀ ਕਿਸਮ ਅਤੇ ਰੋਜ਼ਾਨਾ ਦੀਆਂ ਕੀਮਤਾਂ 'ਤੇ ਨਿਰਭਰ ਕਰਦੀ ਹੈ।
ਪ੍ਰਸਤਾਵਿਤ ਇਨਡੋਰ ਮਾਰਕੀਟ ਮੱਛੀ ਬਜ਼ਾਰ ਦੇ ਉਜਾੜੇ ਕਾਰਨ, ਇਹ ਮਛੇਰੇ ਆਮਦਨ ਵਿੱਚ ਗਿਰਾਵਟ ਦੇ ਖਦਸ਼ੇ ਨਾਲ਼ ਜੂਝ ਰਹੇ ਹਨ। "ਇੱਥੇ ਆਮਦਨੀ ਹੀ ਇੱਕੋ ਇੱਕ ਤਰੀਕਾ ਹੈ ਜਿਸ ਨਾਲ਼ ਅਸੀਂ ਆਪਣਾ ਪਰਿਵਾਰ ਚਲਾ ਸਕਦੇ ਹਾਂ ਅਤੇ ਬੱਚਿਆਂ ਦੀ ਦੇਖਭਾਲ਼ ਕਰ ਸਕਦੇ ਹਾਂ," ਸਮੁੰਦਰੀ ਕੰਢੇ ਮੱਛੀ ਵੇਚਣ ਵਾਲ਼ੀ ਇੱਕ ਮਛੇਰਨ ਆਪਣਾ ਨਾਮ ਗੁਪਤ ਰੱਖਣੀ ਦੀ ਸ਼ਰਤ 'ਤੇ ਕਹਿੰਦੀ ਹੈ। "ਮੇਰਾ ਬੇਟਾ ਵੀ ਕਾਲਜ ਜਾਂਦਾ ਹੈ! ਜੇ ਅਸੀਂ ਅਜਿਹੇ ਬਜ਼ਾਰ ਵਿੱਚ ਬੈਠਣਾ ਸ਼ੁਰੂ ਕਰ ਦੇਈਏ ਜਿੱਥੇ ਖਰੀਦਦਾਰ ਆਉਂਦੇ ਹੀ ਨਾ ਹੋਣ, ਤਾਂ ਅਸੀਂ ਆਪਣੇ ਦੂਸਰੇ ਬੱਚਿਆਂ ਨੂੰ ਕਾਲਜ ਕਿਵੇਂ ਭੇਜਾਂਗੇ?" ਉਹ ਸਰਕਾਰ ਬਾਰੇ ਸ਼ਿਕਾਇਤ ਕਰਨ ਦੇ ਨਿਕਲ਼ਣ ਵਾਲ਼ੇ ਮਾੜੇ ਨਤੀਜਿਆਂ ਨੂੰ ਲੈ ਕੇ ਕਾਫੀ ਸਹਿਮੀ ਹੋਈ ਹਨ।
ਬਸੰਤ ਨਗਰ ਬੱਸ ਸਟੈਂਡ ਨੇੜੇ ਕਿਸੇ ਹੋਰ ਇਨਡੋਰ ਮਾਰਕੀਟ ਵਿੱਚ ਆਪਣਾ ਕਾਰੋਬਾਰ ਤਬਦੀਲ ਕਰਨ ਲਈ ਮਜ਼ਬੂਰ ਹੋਈਆਂ ਔਰਤਾਂ ਵਿੱਚੋਂ ਇੱਕ, 45 ਸਾਲਾ ਆਰ ਉਮਾ ਕਹਿੰਦੇ ਹਨ, "ਨੋਚੀਕੁੱਪਮ ਵਿੱਚ 300 ਰੁਪਏ ਪ੍ਰਤੀ ਕਿਲੋ ਵਿਕਣ ਵਾਲ਼ੀ ਇੱਕ ਚਮਕਦਾਰ ਸਕੈਟ (ਡੱਬ-ਖੜੱਬੀ/ਸਕਾਟੋਫਾਗੁਸ ਅਰਗੁਸDifferent varieties) ਮੱਛੀ ਬਸੰਤ ਨਗਰ ਦੇ ਬਜ਼ਾਰ ਵਿੱਚ ਵੱਧ ਤੋਂ ਵੱਧ 150 ਰੁਪਏ ਵਿੱਚ ਵਿਕੇਗੀ। ਜੇ ਅਸੀਂ ਕੀਮਤ ਵਧਾ ਕੇ ਇੱਥੇ ਵੇਚਦੇ ਹਾਂ, ਤਾਂ ਕੋਈ ਖਰੀਦਦਾਰ ਨਹੀਂ ਮਿਲੇਗਾ। ਆਲ਼ੇ-ਦੁਆਲ਼ੇ ਦੇਖੋ, ਬਜ਼ਾਰ ਸੁਸਤ ਹੈ ਅਤੇ ਮੱਛੀਆਂ ਬਾਸੀ ਹੋ ਗਈਆਂ ਹਨ। ਉਨ੍ਹਾਂ ਨੂੰ ਖਰੀਦਣ ਲਈ ਇੱਥੇ ਕੌਣ ਆਵੇਗਾ? ਅਸੀਂ ਉੱਥੇ ਤੱਟਾਂ 'ਤੇ ਤਾਜ਼ੀਆਂ ਮੱਛੀਆਂ ਵੇਚਦੇ ਹਾਂ, ਪਰ ਸਰਕਾਰ ਦੇ ਲੋਕਾਂ ਨੂੰ ਇਹ ਪਸੰਦ ਨਹੀਂ ਹੈ। ਉਨ੍ਹਾਂ ਨੇ ਸਾਨੂੰ ਇਸ ਅੰਦਰੂਨੀ ਬਜ਼ਾਰ ਵਿੱਚ ਆਉਣ ਲਈ ਮਜ਼ਬੂਰ ਕੀਤਾ। ਇਸ ਲਈ ਸਾਨੂੰ ਕੀਮਤਾਂ ਘਟਾਉਣੀਆਂ ਪਈਆਂ, ਸਾਨੂੰ ਬਾਸੀ ਮੱਛੀ ਵੇਚਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਤੇ ਅਸੀਂ ਆਪਣੀ ਮਾਮੂਲੀ ਕਮਾਈ ਨਾਲ਼ ਆਪਣੀ ਜ਼ਿੰਦਗੀ ਜੀ ਰਹੇ ਹਾਂ।
ਚਿੱਤੀਬਾਬੂ, ਜੋ ਇਸ ਸਮੁੰਦਰੀ ਕੰਢੇ 'ਤੇ ਪਾਈਆਂ ਜਾਣ ਵਾਲ਼ੀਆਂ ਮੱਛੀਆਂ ਦੇ ਗਾਹਕ ਵੀ ਹਨ, ਕਹਿੰਦੇ ਹਨ, "ਮੈਂ ਜਾਣਦਾ ਹਾਂ ਕਿ ਮੈਨੂੰ ਨੋਚੀਕੁੱਪਮ ਵਿਖੇ ਤਾਜ਼ੀ ਮੱਛੀ ਖਰੀਦਣ ਲਈ ਵਾਧੂ ਭੁਗਤਾਨ ਕਰਨਾ ਪੈਂਦਾ ਹੈ, ਪਰ ਮੈਨੂੰ ਇਸ ਗੱਲ ਦਾ ਕੋਈ ਮਲਾਲ ਨਹੀਂ ਹੈ ਕਿਉਂਕਿ ਮੈਨੂੰ ਗੁਣਵੱਤਾ ਬਾਰੇ ਪੂਰੀ ਤਰ੍ਹਾਂ ਯਕੀਨ ਹੈ। ਨੋਚੀਕੁੱਪਮ ਦੀ ਗੰਦਗੀ ਅਤੇ ਬਦਬੂ ਬਾਰੇ ਉਹ ਕਹਿੰਦੇ ਹਨ, "ਕੀ ਕੋਯਾਮਬੇਡੂ ਬਜ਼ਾਰ (ਜਿੱਥੇ ਫੁੱਲ, ਫਲ ਅਤੇ ਸਬਜ਼ੀਆਂ ਉਪਲਬਧ ਹਨ) ਹਮੇਸ਼ਾ ਸਾਫ਼ ਅਤੇ ਸੁਥਰਾ ਰਹਿੰਦਾ ਹੈ? ਗੰਦਗੀ ਸਾਰੇ ਬਾਜ਼ਾਰਾਂ ਵਿੱਚ ਹੁੰਦੀ ਹੈ, ਪਰ ਜੋ ਮੰਡੀ ਖੁੱਲ੍ਹੀ ਥਾਵੇਂ ਤੇ ਹਵਾਦਾਰ ਹੋਵੇ ਉਹ ਬਿਹਤਰ ਹੁੰਦੀ ਹੈ।
"ਸਮੁੰਦਰੀ ਕੰਢੇ ਦੇ ਬਜ਼ਾਰ ਤੋਂ ਬਦਬੂ ਆ ਸਕਦੀ ਹੈ," ਸਰੋਜਾ ਕਹਿੰਦੇ ਹਨ, "ਪਰ ਧੁੱਪ ਤਾਂ ਹਰ ਸ਼ੈਅ ਨੂੰ ਸੁਕਾ ਹੀ ਦਿੰਦੀ ਹੈ ਅਤੇ ਸੁੱਕਣ ਤੋਂ ਬਾਅਦ ਸਭ ਕੁਝ ਆਸਾਨੀ ਨਾਲ਼ ਹੂੰਝਿਆ ਵੀ ਜਾ ਸਕਦਾ ਹੈ। ਧੁੱਪ ਧੂੜ ਨੂੰ ਸਾਫ਼ ਕਰਨ ਵਿੱਚ ਵੀ ਮਦਦ ਕਰਦੀ ਹੈ।''
"ਕੂੜੇ ਦੀਆਂ ਗੱਡੀਆਂ ਇਮਾਰਤਾਂ ਤੋਂ ਘਰੇਲੂ ਕੂੜਾ ਚੁੱਕਣ ਲਈ ਆਉਂਦੀਆਂ ਹਨ, ਪਰ ਕੋਈ ਵੀ ਵਾਹਨ ਬਜ਼ਾਰ ਤੋਂ ਕੂੜਾ ਚੁੱਕਣ ਨਹੀਂ ਆਉਂਦਾ," ਨੋਚੀਕੁੱਪਮ ਦੇ 75 ਸਾਲਾ ਮਛੇਰੇ ਕ੍ਰਿਸ਼ਨਰਾਜ ਆਰ ਕਹਿੰਦੇ ਹਨ। "ਉਨ੍ਹਾਂ (ਸਰਕਾਰ) ਨੂੰ ਲੂਪ ਰੋਡ ਮਾਰਕੀਟ ਨੂੰ ਵੀ ਸਾਫ਼ ਰੱਖਣ ਦੀ ਜ਼ਰੂਰਤ ਹੈ।''
"ਸਰਕਾਰ ਆਪਣੇ ਨਾਗਰਿਕਾਂ ਨੂੰ ਬਹੁਤ ਸਾਰੀਆਂ ਨਾਗਰਿਕ ਸਹੂਲਤਾਂ ਦਿੰਦੀ ਹੈ, ਤਾਂ ਕੀ ਇਸ ਸੜਕ (ਲੂਪ ਰੋਡ) ਦੇ ਇਲਾਕੇ ਨੂੰ ਸਾਫ਼ ਨਹੀਂ ਕੀਤਾ ਜਾਣਾ ਚਾਹੀਦਾ? ਕੀ ਸਰਕਾਰ ਇਸ ਨੂੰ ਸਾਫ਼ ਕਰਨਾ ਸਾਡੀ ਜ਼ਿੰਮੇਵਾਰੀ ਸਮਝਦੀ ਹੈ ਅਤੇ ਇਸ ਦੀ ਵਰਤੋਂ ਕਰਨ ਦਾ ਅਧਿਕਾਰ ਦੂਜਿਆਂ ਨੂੰ ਦਿੱਤਾ ਜਾਣਾ ਸਮਝਦੀ ਹੈ? ਪਾਲਯਮ ਪੁੱਛਦਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਸਿਰਫ਼ ਪ੍ਰਭਾਵਸ਼ਾਲੀ ਲੋਕਾਂ ਦੇ ਹੱਕ 'ਚ ਸੋਚਦੀ ਹੈ। ਉਹ ਸਿਰਫ਼ ਪੈਦਲ ਚੱਲਣ ਵਾਲਿਆਂ, ਰੋਪ ਕਾਰਾਂ ਅਤੇ ਹੋਰ ਪ੍ਰੋਜੈਕਟਾਂ ਦੇ ਰਸਤੇ ਬਾਰੇ ਚਿੰਤਤ ਹੈ। ਵੱਡੇ ਲੋਕ ਇਨ੍ਹਾਂ ਪ੍ਰੋਜੈਕਟਾਂ ਨੂੰ ਪੂਰਾ ਕਰਨ ਲਈ ਸਰਕਾਰ ਨੂੰ ਪੈਸੇ ਦਿੰਦੇ ਹਨ ਅਤੇ ਸਰਕਾਰ ਇਸ ਕੰਮ ਲਈ ਵਿਚੋਲਿਆਂ ਨੂੰ ਭੁਗਤਾਨ ਕਰਦੀ ਹੈ।
"ਇੱਕ ਮਛੇਰਾ ਤਾਂ ਹੀ ਇੱਕ ਵਧੀਆ ਜ਼ਿੰਦਗੀ ਜੀ ਸਕਦਾ ਹੈ ਜੇ ਉਹ ਤੱਟ ਦੇ ਨੇੜੇ ਰਹਿੰਦਾ ਹੈ। ਜੇ ਤੁਸੀਂ ਉਸ ਨੂੰ ਉੱਥੋਂ ਉਖਾੜ ਸੁੱਟਦੇ ਹੋ, ਤਾਂ ਉਹ ਕਿਵੇਂ ਬਚੇਗਾ? ਪਰ ਜਦੋਂ ਉਹ ਆਪਣੇ ਅਧਿਕਾਰਾਂ ਲਈ ਵਿਰੋਧ ਪ੍ਰਦਰਸ਼ਨ ਕਰਦੇ ਹਨ, ਤਾਂ ਉਨ੍ਹਾਂ ਨੂੰ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਹੈ। ਜੇ ਸਾਡੇ ਪਰਿਵਾਰ ਸਾਨੂੰ ਜੇਲ੍ਹ ਵਿੱਚ ਪਾ ਦਿੰਦੇ ਹਨ ਤਾਂ ਉਨ੍ਹਾਂ ਦੀ ਦੇਖਭਾਲ਼ ਕੌਣ ਕਰੇਗਾ?" ਕੰਨਦਾਸਨ ਪੁੱਛਦੇ ਹਨ। "ਪਰ ਇਹ ਤਾਂ ਮਛੇਰਿਆਂ ਦੀਆਂ ਸਮੱਸਿਆਵਾਂ ਹਨ ਜਿਨ੍ਹਾਂ ਨੂੰ ਕੋਈ ਮਾਮੂਲੀ ਨਾਗਰਿਕ ਦੇ ਬਰਾਬਰ ਵੀ ਨਹੀਂ ਪੁੱਛਦਾ," ਉਹ ਕਹਿੰਦੇ ਹਨ।
"ਜੇ ਉਨ੍ਹਾਂ ਨੂੰ ਇਸ ਥਾਂ ਤੋਂ ਬਦਬੂ ਆਉਂਦੀ ਹੈ, ਤਾਂ ਉਨ੍ਹਾਂ ਨੂੰ ਇੱਥੋਂ ਚਲੇ ਜਾਣਾ ਚਾਹੀਦਾ ਹੈ," ਗੀਤਾ ਕਹਿੰਦੇ ਹਨ। ''ਸਾਨੂੰ ਕੋਈ ਮਦਦ ਜਾਂ ਕਿਸੇ ਦੀ ਮਿਹਰਬਾਨੀ ਨਹੀਂ ਚਾਹੀਦੀ। ਅਸੀਂ ਸਿਰਫ਼ ਇਹੀ ਚਾਹੁੰਦੇ ਹਾਂ ਕਿ ਕੋਈ ਵੀ ਸਾਨੂੰ ਬੇਲੋੜਾ ਪਰੇਸ਼ਾਨ ਨਾ ਕਰੇ ਅਤੇ ਸਾਨੂੰ ਮੁਕੱਦਮੇਬਾਜ਼ੀ ਵਿੱਚ ਨਾ ਫਸਾਵੇ। ਸਾਨੂੰ ਪੈਸੇ ਦੀ ਲੋੜ ਨਹੀਂ ਹੈ, ਮੱਛੀ ਭੰਡਾਰਨ ਬਾਕਸ, ਕਰਜ਼ਾ ਕੁਝ ਵੀ ਨਹੀਂ। ਅਸੀਂ ਜਿੱਥੇ ਹਾਂ ਸਾਨੂੰ ਉੱਥੇ ਹੀ ਰਹਿਣ ਦੇਵੋ ਬੱਸ... ਸਾਡੇ ਲਈ ਇੰਨਾ ਹੀ ਕਾਫ਼ੀ ਹੈ," ਉਹ ਕਹਿੰਦੇ ਹਨ।
"ਨੋਚੀਕੁੱਪਮ ਵਿੱਚ ਵਿਕਣ ਵਾਲ਼ੀ ਮੱਛੀ ਜ਼ਿਆਦਾਤਰ ਇੱਥੋਂ ਦੀ ਹੁੰਦੀ ਹੈ, ਪਰ ਕਈ ਵਾਰ ਅਸੀਂ ਕਸਿਮੇਦੂ ਤੋਂ ਮੱਛੀ ਵੀ ਵੇਚਦੇ ਹਾਂ," ਗੀਤਾ ਕਹਿੰਦੀ ਹਨ। "ਇਸ ਨਾਲ਼ ਕੋਈ ਫ਼ਰਕ ਨਹੀਂ ਪੈਂਦਾ ਕਿ ਮੱਛੀ ਕਿੱਥੋਂ ਆਉਂਦੀ ਹੈ," ਅਰਾਸੂ ਟੋਕਦੇ ਹਨ,"ਅਸੀਂ ਸਾਰੇ ਇੱਥੇ ਮੱਛੀ ਵੇਚਦੇ ਹਾਂ ਅਤੇ ਅਸੀਂ ਸਾਰੇ ਹਮੇਸ਼ਾ ਇਕੱਠੇ ਰਹਿੰਦੇ ਹਾਂ। ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਅਸੀਂ ਇੱਕ ਦੂਜੇ 'ਤੇ ਚੀਕਦੇ ਹਾਂ ਜਾਂ ਇੱਕ ਦੂਜੇ ਨਾਲ਼ ਲੜਦੇ ਹਾਂ। ਪਰ ਇੱਕ ਦੂਜੇ ਨਾਲ਼ ਸਾਡੀਆਂ ਸ਼ਿਕਾਇਤਾਂ ਬਹੁਤ ਮਾਮੂਲੀ ਹਨ ਅਤੇ ਜਦੋਂ ਕੋਈ ਸਮੱਸਿਆ ਆਉਂਦੀ ਹੈ, ਤਾਂ ਅਸੀਂ ਤੁਰੰਤ ਇਕਜੁੱਟ ਹੋ ਜਾਂਦੇ ਹਾਂ। ਆਪਣੇ ਅਧਿਕਾਰਾਂ ਲਈ ਵਿਰੋਧ ਕਰਦੇ ਹੋਏ, ਅਸੀਂ ਆਪਣਾ ਸਾਰਾ ਕੰਮ ਭੁੱਲ ਜਾਂਦੇ ਹਾਂ। ਇੱਥੋਂ ਤੱਕ ਕਿ ਗੁਆਂਢੀ ਪਿੰਡ ਵੀ ਉਨ੍ਹਾਂ ਦੇ ਨਾਲ਼ ਖੜ੍ਹੇ ਹੁੰਦੇ ਹਨ ਜਦੋਂ ਉਨ੍ਹਾਂ ਨੂੰ ਸਾਡੀ ਜ਼ਰੂਰਤ ਹੁੰਦੀ ਹੈ।''
ਲੂਪ ਰੋਡ ਦੇ ਨਾਲ਼ ਮਛੇਰਿਆਂ ਦੇ ਕੁੱਪਮ ਵਿੱਚ ਰਹਿਣ ਵਾਲ਼ੇ ਤਿੰਨ ਭਾਈਚਾਰੇ ਵੀ ਨਵੇਂ ਬਜ਼ਾਰ ਵਿੱਚ ਮਿਲ਼ਣ ਵਾਲ਼ੇ ਸਟਾਲਾਂ ਬਾਰੇ ਚਿੰਤਤ ਹਨ। "ਨਵੀਂ ਮਾਰਕੀਟ ਵਿੱਚ ਕੁੱਲ 352 ਨਵੇਂ ਸਟਾਲ ਲਗਾਏ ਜਾ ਰਹੇ ਹਨ," ਨੋਚੀਕੁੱਪਮ ਫਿਸ਼ਿੰਗ ਸੁਸਾਇਟੀ ਦੇ ਮੁਖੀ, ਰਣਜੀਤ ਸਾਨੂੰ ਸਥਿਤੀ ਬਾਰੇ ਦੱਸਦੇ ਹਨ। "ਜੇ ਇਹ ਸਟਾਲ ਸਿਰਫ਼ ਨੋਚੀਕੁੱਪਮ ਦੇ ਵਿਕਰੇਤਾਵਾਂ ਲਈ ਹੁੰਦੇ, ਤਾਂ ਸ਼ਾਇਦ ਇਹ ਗਿਣਤੀ ਕਾਫ਼ੀ ਹੁੰਦੀ। ਹਾਲਾਂਕਿ, ਸਾਰੇ ਵਿਕਰੇਤਾਵਾਂ ਨੂੰ ਮਾਰਕੀਟ ਵਿੱਚ ਸਟਾਲ ਅਲਾਟ ਨਹੀਂ ਕੀਤੇ ਜਾ ਸਕਣਗੇ ਕਿਉਂਕਿ ਇਸ ਮਾਰਕੀਟ ਵਿੱਚ ਲੂਪ ਰੋਡ ਦੇ ਨਾਲ਼ ਲੱਗਦੇ ਤਿੰਨਾਂ ਮਛੇਰਿਆਂ ਕੁੱਪਮਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ - ਜੋ ਨੋਚੀਕੁੱਪਮ ਤੋਂ ਪੱਟੀਨਾਪਕਮ ਤੱਕ ਫੈਲੀ ਹੋਈ ਹੈ। ਇਸ ਪੂਰੇ ਖੇਤਰ ਵਿੱਚ ਕੁੱਲ 500 ਮਛੇਰੇ ਹਨ। 352 ਸਟਾਲਾਂ ਦੀ ਅਲਾਟਮੈਂਟ ਤੋਂ ਬਾਅਦ ਬਚੇ ਮਛੇਰਿਆਂ ਦਾ ਕੀ ਹੋਵੇਗਾ? ਸਟਾਲ ਕਿਸ ਨੂੰ ਮਿਲੇਗਾ ਅਤੇ ਬਾਕੀਆਂ ਲਈ ਕੀ ਪ੍ਰਬੰਧ ਹੋਵੇਗਾ, ਇਸ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ," ਉਹ ਕਹਿੰਦੇ ਹਨ।
"ਮੈਂ ਸੇਂਟ ਜਾਰਜ [ਅਸੈਂਬਲੀ ਖੇਤਰ] ਵਿੱਚ ਆਪਣੀ ਮੱਛੀ ਵੇਚਾਂਗਾ। ਸਾਡੀ ਪੂਰੀ ਬਸਤੀ ਹੀ ਉੱਥੇ ਜਾਵੇਗੀ ਅਤੇ ਅਸੀਂ ਇਸ ਕਾਰਵਾਈ ਦਾ ਵਿਰੋਧ ਕਰਾਂਗੇ,'' ਆਰਸੂ ਕਹਿੰਦੇ ਹਨ।
ਇਸ ਰਿਪੋਰਟ ਵਿੱਚ ਔਰਤਾਂ ਦੇ ਨਾਮ ਉਨ੍ਹਾਂ ਦੀ ਬੇਨਤੀ ' ਤੇ ਬਦਲ ਦਿੱਤੇ ਗਏ ਹਨ।
ਤਰਜਮਾ: ਕਮਲਜੀਤ ਕੌਰ