ਪਾਰੀ ਦੇ ਪਿਆਰੇ ਪਾਠਕੋ,
ਆਓ ਰਤਾ www.ruralindiaonline.org ਦੇ ਬੀਤੇ ਸਾਲ 'ਤੇ ਨਜ਼ਰਸਾਨੀ ਕਰਦੇ ਚੱਲੀਏ।
2023 ਦੇ ਖ਼ਤਮ ਹੋਣ ਦੇ ਨਾਲ਼, ਪਾਰੀ ਟੀਮ ਨੇ ਸਾਲ ਦੇ ਅੰਤ ਵਿੱਚ ਚੋਣਵੀਆਂ ਰਿਪੋਰਟਾਂ ਦੀ ਸਮੀਖਿਆ ਦੀ ਇੱਕ ਲੜੀ ਬਣਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸਮੀਖਿਆ ਲੜੀ ਦੇ ਹਿੱਸੇ ਵਜੋਂ ਅਸੀਂ ਅਗਲੇ ਨੌਂ ਦਿਨਾਂ ਵਿੱਚ ਆਪਣੇ ਸੰਪਾਦਕਾਂ ਦੀ ਪਸੰਦ ਅਨੁਸਾਰ ਪਾਰੀ ਦੀਆਂ ਕੁਝ ਵਧੀਆ ਲਿਖਤਾਂ ਦੀ ਸਮੀਖਿਆ ਕਰਨ ਜਾ ਰਹੇ ਹਾਂ, ਜੋ ਦਿਲਚਸਪ ਚਿੱਤਰਾਂ ਨਾਲ਼ ਜੁੜੇ ਕੈਪਸ਼ਨਾਂ ਵਿੱਚ ਪ੍ਰਕਾਸ਼ਤ ਕੀਤੀ ਜਾ ਰਹੀ ਹੈ, ਜਿਸ ਵਿੱਚ ਰਿਪੋਰਟਾਂ, ਕਵਿਤਾਵਾਂ, ਸੰਗੀਤ ਅਤੇ ਪੇਂਟਿੰਗਾਂ, ਫ਼ਿਲਮਾਂ, ਫ਼ੋਟੋਆਂ, ਅਨੁਵਾਦ, ਲਾਇਬ੍ਰੇਰੀਆਂ, ਫੇਸਸ (FACES), ਸੋਸ਼ਲ ਮੀਡੀਆ ਅਤੇ ਵਿਦਿਆਰਥੀਆਂ ਨਾਲ਼ ਗੱਲਬਾਤ ਸ਼ਾਮਲ ਰਹੇਗੀ।
ਅਸੀਂ ਦੇਸ਼ ਭਰ ਤੋਂ ਰਿਪੋਰਟਾਂ ਪ੍ਰਕਾਸ਼ਤ ਕਰਨਾ ਜਾਰੀ ਰੱਖਿਆ ਹੈ ਅਤੇ ਇਸ ਸਾਲ, ਅਸੀਂ ਉੱਤਰ ਪੂਰਬ ਸਮੇਤ ਕਈ ਨਵੀਆਂ ਥਾਵਾਂ ਸ਼ਾਮਲ ਕੀਤੀਆਂ ਹਨ। ਖੇਤੀਬਾੜੀ ਬਾਰੇ ਸਾਡੇ ਲੇਖਾਂ ਦੇ ਸੰਗ੍ਰਹਿ ਵਿੱਚ, ਬਹੁਤ ਸਾਰੀਆਂ ਰਿਪੋਰਟਾਂ ਹਨ ਜੋ ਅਪਰਨਾ ਕਾਰਤਿਕੇਯਨ ਦੀ ਜੈਸਮੀਨ, ਤਿਲ, ਖੁਸ਼ਕ ਮੱਛੀ ਅਤੇ ਹੋਰ ਬਹੁਤ ਸਾਰੇ ਮੁੱਦਿਆਂ 'ਤੇ ਨਿਰੰਤਰ ਖੋਜ ਦਾ ਵੇਰਵਾ ਦਿੰਦੀਆਂ ਹਨ। ਜੈਦੀਪ ਹਾਰਦੀਕਰ ਦੀ ਖੇਤੀ ਬਾਰੇ ਰਿਪੋਰਟਿੰਗ ਦੀ ਲੜੀ ਜਾਨਵਰ-ਮਨੁੱਖੀ ਟਕਰਾਅ ਅਤੇ ਇਸ ਦੇ ਨਤੀਜਿਆਂ ਬਾਰੇ ਵਿਸਥਾਰ ਨਾਲ਼ ਵੇਰਵੇ ਸਪੱਸ਼ਟ ਕਰਦੀ ਰਹੀ ਹੈ, ਖ਼ਾਸਕਰ ਵੱਖ-ਵੱਖ ਪਨਾਹਗਾਹਾਂ ਦੇ ਨੇੜੇ ਰਹਿਣ ਵਾਲ਼ੇ ਲੋਕਾਂ 'ਤੇ ਇਸ ਦੇ ਪ੍ਰਭਾਵ ਬਾਰੇ ਤੇ 'ਇੱਕ ਨਵੀਂ ਕਿਸਮ ਦੇ ਸੋਕੇ' ਬਾਰੇ ਵੀ।
ਪਲਾਨੀ ਕੁਮਾਰ ਨੇ ਤਮਿਲਨਾਡੂ ਦੀ ਸਰਹੱਦ ਨਾਲ਼ ਲੱਗਦੇ ਇਲਾਕਿਆਂ ਵਿੱਚ ਰਹਿਣ ਵਾਲ਼ੇ ਲੋਕਾਂ ਦੇ ਜੀਵਨ ਦੀਆਂ ਕਈ ਵਿਲੱਖਣ ਤਸਵੀਰਾਂ ਇਕੱਠੀਆਂ ਕੀਤੀਆਂ ਹਨ- ਜਿਨ੍ਹਾਂ ਵਿੱਚ ਮੂਰਤੀਕਾਰ, ਟ੍ਰਾਂਸ ਕਲਾਕਾਰ ਅਤੇ ਤਾਮਿਲਨਾਡੂ ਦੇ ਮਛੇਰੇ ਸ਼ਾਮਲ ਹਨ। ਕਸ਼ਮੀਰ ਅਤੇ ਲੱਦਾਖ ਦੇ ਉੱਚੇ ਪਹਾੜਾਂ 'ਤੇ, ਰਿਤਾਯਨ ਮੁਖਰਜੀ ਅਤੇ ਮੁਜ਼ਾਮਿਲ ਭੱਟ ਨੇ ਆਜੜੀਆਂ ਦੇ ਨਾਲ਼ ਲੰਬੀ ਦੂਰੀ ਦੀ ਯਾਤਰਾ ਕੀਤੀ ਹੈ ਤਾਂ ਜੋ ਪਸ਼ੂਪਾਲਕਾਂ ਦੇ ਰੋਜ਼ਮੱਰਾ ਦੇ ਉਨ੍ਹਾਂ ਕੰਮਾਂ ਨੂੰ ਕੈਪਚਰ ਕੀਤਾ ਜਾ ਸਕੇ ਜੋ ਜਲਵਾਯੂ ਤਬਦੀਲੀ ਦੀ ਪ੍ਰਕਿਰਿਆ ਦੇ ਅਨੁਕੂਲ ਹੋਣ ਦੀ ਜੱਦੋਜਹਿਦ ਵਿੱਚ ਲੱਗੇ ਰਹਿੰਦੇ ਹਨ। ਜਯੋਤੀ ਸ਼ਿਨੋਲੀ ਨੇ ਪੇਂਡੂ ਮਹਾਰਾਸ਼ਟਰ ਵਿੱਚ ਮੌਜੂਦ ਅਨਿਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ - ਪੀੜਤ ਨੌਜਵਾਨ ਖਿਡਾਰੀ, ਪ੍ਰਵਾਸੀ ਮਜ਼ਦੂਰਾਂ ਦੇ ਬੱਚਿਆਂ ਲਈ ਸਿੱਖਿਆ ਪ੍ਰਣਾਲੀ, ਮਾਹਵਾਰੀ ਬਾਰੇ ਸਮਾਜਿਕ ਗ਼ਲਤ ਧਾਰਨਾਵਾਂ ਅਤੇ ਹੋਰ ਬਹੁਤ ਕੁਝ। ਅਤੇ ਅਸੀਂ ਬਿਹਾਰ ਦੇ ਮੁਸਾਹਰ ਭਾਈਚਾਰੇ ਅਤੇ ਸ਼ਰਾਬ ਅਤੇ ਦਾਜ ਕਾਰਨ ਹੋਈਆਂ ਮੌਤਾਂ ਬਾਰੇ ਪਾਰੀ ਫੈਲੋ ਉਮੇਸ਼ ਕ. ਰਾਏ ਦੀਆਂ ਰਿਪੋਰਟਾਂ ਦੀ ਇੱਕ ਪ੍ਰਭਾਵਸ਼ਾਲੀ ਲੜੀ ਪ੍ਰਕਾਸ਼ਤ ਕੀਤੀ ਹੈ।
ਇਸ ਸਾਲ, ਅਸੀਂ ਵੱਖ-ਵੱਖ ਭਾਈਚਾਰਿਆਂ ਅਤੇ ਸਾਂਭ-ਸੰਭਾਲ਼ ਦੁਆਲ਼ੇ ਕੇਂਦਰਿਤ ਕੁਝ ਨਵੇਂ ਸਮਾਜਿਕ ਖੇਤਰਾਂ ਵਿੱਚ ਦਾਖਲ ਹੋਏ ਹਾਂ। ਹਿਮਾਲਿਆ ਪਹਾੜਾਂ ਦੇ ਪੂਰਬ ਵਿੱਚੋਂ ਵਿਸ਼ਾਕਾ ਜਾਰਜ ਨੇ ਪੰਛੀਆਂ ਦੀ ਲੁਪਤ ਹੋਣ ਦੀ ਕਗਾਰ ‘ਤੇ ਖੜ੍ਹੀ ਨਸਲ, ਬੁਗੁਨ ਲਿਓਚਿਕਾਲਾ ਨੂੰ ਉਜਾਗਰ ਕੀਤਾ ਤੇ ਨਾਲ਼ ਹੀ ਸਥਾਨਕ ਵਸਨੀਕਾਂ ਦੀਆਂ ਕੋਸ਼ਿਸ਼ਾਂ ਤੇ ਬਚਾਅ ਦੇ ਤਰੀਕਿਆਂ ਨੂੰ ਵੀ ਸਾਹਮਣੇ ਲਿਆਂਦਾ; ਪ੍ਰੀਤੀ ਡੇਵਿਡ ਦੀ ਰਿਪੋਰਟ 'ਗ੍ਰੇਟ ਇੰਡੀਅਨ ਬਸਟਰਡ' ਰਾਜਸਥਾਨ ਵਿੱਚ ਪੂਰੀ ਤਰ੍ਹਾਂ ਖ਼ਾਤਮੇ ਨੂੰ ਜਾ ਪਹੁੰਚੀ ਨਸਲ ਦੇ ਬਾਰੇ ਵੀ ਹੈ ਜੋ ਰੁੱਖਾਂ ਦੇ ਉਨ੍ਹਾਂ ਪਵਿੱਤਰ ਝੁੰਡਾਂ ਬਾਰੇ ਵੀ ਲਿਖਦੀ ਹਨ ਜੋ ਨਵਿਆਉਣਯੋਗ ਊਰਜਾ ਪਲਾਂਟਾਂ ਦੀ ਲਪੇਟ ਵਿੱਚ ਜਾ ਰਹੇ ਹਨ ਤੇ ਜੋ ਵਿਕਾਸ ਦੇ ਨਾਮ ‘ਤੇ ਹੁਣ ਪਵਿੱਤਰ ਨਹੀਂ ਰਹੇ।
ਜਿਵੇਂ-ਜਿਵੇਂ ਸਾਡੇ ਸਾਹਵੇਂ ਨਵੀਂ ਰਿਪੋਰਟਾਂ ਆ ਰਹੀਆਂ ਹਨ ਅਸੀਂ ਉਨ੍ਹਾਂ ਨੂੰ ਪ੍ਰਕਾਸ਼ਤ ਕੀਤਾ ਹੈ - ਅਸੀਂ ਮਹਾਰਾਸ਼ਟਰ ਦੇ ਪ੍ਰਦਰਸ਼ਨਕਾਰੀ ਕਿਸਾਨਾਂ ਨਾਲ਼ ਪੈਦਲ ਚੱਲੇ ਹਾਂ, ਅਤੇ ਆਪਣੇ ਹੱਕਾਂ ਲਈ ਮਾਰਚ ਕਰ ਰਹੇ ਆਦਿਵਾਸੀਆਂ ਦੇ ਨਾਲ਼-ਨਾਲ਼ ਅੰਦੋਲਨਕਾਰੀ ਆਂਗਣਵਾੜੀ ਵਰਕਰਾਂ ਨਾਲ਼ ਵੀ ਗੱਲਬਾਤ ਕੀਤੀ ਹੈ। ਅਤੇ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਦਸੰਬਰ 2023 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਪਾਰਥ ਐੱਮ. ਐੱਨ. ਨੇ ਉੱਥੇ ਦੀ ਸਥਿਤੀ ਦੀ ਯਥਾਰਥਵਾਦੀ ਤਸਵੀਰ ਪੇਸ਼ ਕੀਤੀ। ਉਨ੍ਹਾਂ ਨੇ ਇਨ੍ਹਾਂ ਦੋਵਾਂ ਚੋਣਾਂ ਵਾਲ਼ੇ ਰਾਜਾਂ ਵਿੱਚ ਬੁਲਡੋਜ਼ਰ ਦੀ ਬੇਇਨਸਾਫੀ, ਆਦਿਵਾਸੀਆਂ 'ਤੇ ਅੱਤਿਆਚਾਰ ਅਤੇ ਹਿਰਾਸਤ ਵਿੱਚ ਹੋਈਆਂ ਮੌਤਾਂ ਤੋਂ ਪ੍ਰਭਾਵਿਤ ਲੋਕਾਂ ਦੀ ਅਸਲ ਜ਼ਿੰਦਗੀ ਬਾਰੇ ਰਿਪੋਰਟ ਕੀਤੀ।
ਅਸਲ ਖੇਤਰ ਤੋਂ ਰਿਪੋਰਟਿੰਗ ਕਰਦੇ ਸਮੇਂ, ਅਕਸਰ ਕੁਝ ਛੋਟੀਆਂ 'ਮੁਸਾਫਿਰ' ਲਿਖਤਾਂ ਵੀ ਬਣਦੀਆਂ ਜਾਂਦੀਆਂ ਹਨ, ਜਿਵੇਂ ਕਿ ਮੁਰਸ਼ਿਦਾਬਾਦ ਜ਼ਿਲ੍ਹੇ ਵਿੱਚ ਔਰਤਾਂ ਦੇ ਗੀਤ ਅਤੇ ਬੱਚਿਆਂ ਦੀਆਂ ਖੇਡਾਂ - ਜਿੱਥੋਂ ਸਮਿਤਾ ਖਟੋਰ ਨੇ ਬੀੜੀ ਮਜ਼ਦੂਰਾਂ ਬਾਰੇ ਖ਼ਬਰਾਂ ਇਕੱਠੀਆਂ ਕੀਤੀਆਂ। ਕੁਝ ਕਹਾਣੀਆਂ ਨਿੱਜੀ ਭਾਵਨਾਵਾਂ ਵਿੱਚੋਂ ਵੀ ਉਪਜਦੀਆਂ ਹਨ- ਜਿਵੇਂ ਕਿ ਮੇਧਾ ਕਾਲੇ ਦੀ ਰਿਪੋਰਟ ਵਿੱਚ ਦੇਖਿਆ ਗਿਆ ਹੈ - ਕਿ ਉਨ੍ਹਾਂ ਨੇ ਵੀ ਇੱਕ ਅਧਿਆਪਕ ਅਤੇ ਵਿਸ਼ੇਸ਼ ਅਧਿਆਪਕ ਬਾਰੇ ਸ਼ਾਨਦਾਰ ਰਿਪੋਰਟਾਂ ਬਣਾਈਆਂ। ਸਾਡੇ ਪੱਤਰਕਾਰਾਂ ਨੇ ਪੇਂਡੂ ਭਾਰਤ ਵਿੱਚ ਮਨਾਏ ਜਾਣ ਵਾਲ਼ੇ ਵੱਖ-ਵੱਖ ਤਿਉਹਾਰਾਂ ਨੂੰ ਦੇਖਿਆ ਅਤੇ ਉਨ੍ਹਾਂ ਬਾਰੇ ਖ਼ਬਰਾਂ ਛਾਪੀਆਂ - ਜਿਵੇਂ ਕਿ ਮਾਂ ਬੋਨਬੀਬੀ, ਸ਼ੈਲਾ ਨ੍ਰਿਤਿਯਾ, ਚਾਦਰ ਬਦਨੀ, ਪੀਲੀ ਵੇਸਾ ਅਤੇ ਇਸ ਦੇ ਨਾਲ਼ ਹੀ, ਸਾਡੇ ਕੋਲ਼ ਇੱਕ ਹੋਰ ਰਿਪੋਰਟ ਹੈ- 'Whose shrine is it anyway? (ਮੁਹੱਬਤ ਦਾ ਪੈਗ਼ਾਮ ਦਿੰਦੀ ਦਰਗਾਹ)’।
ਪਾਰੀ ਦੀ ਟੀਮ ਕਈ ਥਾਵੇਂ ਫੈਲੀ ਹੋਈ ਹੈ, ਇਸ ਗੱਲ ਦਾ ਲਾਹਾ ਲੈਂਦਿਆਂ ਅਸੀਂ ਨਾ ਸਿਰਫ਼ ਗਿਗ ਵਰਕਰਾਂ, ਅਨੁਵਾਦਕਾਂ ਦੇ ਉਲਾਸ ਤੇ ਸੰਤਾਪ, ਪ੍ਰਵਾਸੀ ਮਜ਼ਦੂਰਾਂ ਤੇ ਪ੍ਰਵਾਸੀ ਸ਼ਬਦਾਂ ਬਾਰੇ ਹੀ ਲਿਖਿਆ ਸਗੋਂ ਪੇਂਡੂ ਭਾਰਤ ਦੀਆਂ ਔਰਤਾਂ ਵੱਲੋਂ ਬਿਤਾਏ ਜਾਂਦੇ ‘ਫ਼ੁਰਸਤ ਦੇ ਪਲਾਂ’ ਨੂੰ ਵੀ ਰਿਪੋਰਟ ਕੀਤਾ। ਆਉਂਦੇ ਵਰ੍ਹੇ ਵੀ ਅਸੀਂ ਅਜਿਹੇ ਕੁਝ ਲੇਖ ਲਿਖਣ ਦਾ ਸੋਚ ਰਹੇ ਹਾਂ।






