ਮਹੂਆ ਫੁੱਲਾਂ ਦਾ ਸੀਜ਼ਨ ਛੋਟਾ ਹੁੰਦਾ ਹੈ ਜੋ ਮਸਾਂ ਦੋ ਜਾਂ ਤਿੰਨ ਮਹੀਨੇ ਹੀ ਚੱਲਦਾ ਹੈ। ਗਰਮੀਆਂ ਦੀ ਸ਼ੁਰੂਆਤ ਵੇਲ਼ੇ, ਮੱਧ ਭਾਰਤ ਵਿੱਚ ਪਾਏ ਜਾਣ ਵਾਲ਼ੇ ਮਹੂਏ ਦੇ ਇਹ ਲੰਬੇ-ਲੰਬੇ ਰੁੱਖ ਆਪਣੇ ਬੇਸ਼ਕੀਮਤੀ ਫੁੱਲ ਝਾੜ ਦਿੰਦੇ ਹਨ।
ਕੱਚੇ ਪੀਲ਼ੇ ਰੰਗੇ ਫੁੱਲਾਂ ਨੂੰ ਚੁਗਣਾ ਕਿਸੇ ਤਿਓਹਾਰ ਤੋਂ ਘੱਟ ਨਹੀਂ ਹੁੰਦਾ, ਛੱਤੀਸਗੜ੍ਹ ਦੇ ਇਸ ਇਲਾਕੇ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਪੂਰੇ ਦਾ ਪੂਰਾ ਪਰਿਵਾਰ ਕੰਮੇ ਲੱਗਿਆ ਦੇਖਿਆ ਜਾ ਸਕਦਾ ਹੈ- ਜਿੱਥੇ ਉਹ ਜੰਗਲ ਦੀ ਜ਼ਮੀਨ 'ਤੇ ਕਿਰੇ ਫੁੱਲਾਂ ਨੂੰ ਇਕੱਠਾ ਕਰਦੇ ਹਨ। ''ਇਹ ਬੜਾ ਮਿਹਨਤ ਭਰਿਆ ਕੰਮ ਹੈ,'' ਭੁਪਿੰਦਰ ਕਹਿੰਦੇ ਹਨ,''ਅਸੀਂ ਤੜਕਸਾਰ ਤੇ ਫਿਰ ਤਿਰਕਾਲੀਂ ਮਹੂਆ ਚੁਗਣ ਜਾਂਦੇ ਹਾਂ।'' ਚਨਾਗਾਓਂ ਤੋਂ ਧਮਤਰੀ ਉਹ ਸਿਰਫ਼ ਆਪਣੇ ਮਾਪਿਆਂ ਨਾਲ਼ ਉਨ੍ਹਾਂ ਦੀ ਮਦਦ ਕਰਨ ਲਈ ਆਏ ਹਨ। ਸਾਲ ਦਾ ਇਹ ਵੇਲ਼ਾ ਜਿਵੇਂ ਜਸ਼ਨ ਦਾ ਮਾਹੌਲ ਹੁੰਦਾ ਹੈ, ਚੁਫ਼ੇਰੇ ਲੋਕਾਂ ਦਾ ਹੜ੍ਹ ਆਇਆ ਰਹਿੰਦਾ ਹੈ।
ਇਸ ਰੁੱਤ ਦੌਰਾਨ, ਆਬੋ-ਹਵਾ ਮਹੂਏ ਦੀ ਮਹਿਕ ਨਾਲ਼ ਭਰੀ ਰਹਿੰਦੀ ਹੈ। ਰਾਏਗੜ੍ਹ ਜ਼ਿਲ੍ਹੇ ਦੇ ਧਰਮਜੈਗੜ੍ਹ ਤੋਂ ਲੈ ਕੇ ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੱਕ ਮਹੂਏ ਦੇ ਸੈਂਕੜੇ ਹੀ ਰੁੱਖ ਹਨ ਅਤੇ ਪੇਂਡੂ ਲੋਕੀਂ ਫੁੱਲ ਚੁਗਦਿਆਂ ਦੇਖੇ ਜਾ ਸਕਦੇ ਹਨ। ਮਹੂਏ ਦੇ ਫੁੱਲ ਸੁਕਾ ਕੇ ਸਾਂਭੇ ਜਾਂਦੇ ਹਨ ਤੇ ਫਿਰ ਆਟਾ, ਸ਼ਰਾਬ ਤੇ ਹੋਰ ਕਾਫ਼ੀ ਕੁਝ ਬਣਾਉਣ ਲਈ ਵਰਤੇ ਜਾਂਦੇ ਹਨ।
''ਜੰਗਲੀ ਉਤਪਾਦਾਂ ਵਿੱਚ ਮਹੂਆ ਸਭ ਤੋਂ ਮਹੱਤਵਪੂਰਨ ਹੈ। ਭੁੱਖਮਰੀ ਵੇਲ਼ੇ ਇਹ ਖ਼ੁਰਾਕ ਵਜੋਂ ਵਰਤਿਆ ਜਾਂਦਾ ਹੈ ਤੇ ਜੇ ਕਿਸੇ ਨੂੰ ਪੈਸਿਆਂ ਦੀ ਲੋੜ ਹੋਵੇ ਤਾਂ ਮਹੂਆ ਵੇਚਿਆ ਵੀ ਸਕਦਾ ਹੈ,'' ਅੰਬਿਕਾਪੁਰ ਦੇ ਇੱਕ ਸਮਾਜਿਕ ਕਾਰਕੁੰਨ, ਗੰਗਾਰਾਮ ਪੈਂਕਰਾ ਕਹਿੰਦੇ ਹਨ। ਉਹ ਉਸ ਮੁਸ਼ਕਲ ਘੜੀ ਦੀ ਗੱਲ ਕਰ ਰਹੇ ਹਨ ਜਦੋਂ ਲੋਕਾਂ ਕੋਲ਼ ਕੰਮ ਨਹੀਂ ਹੁੰਦਾ, ਤਾਂ ਵੀ ਉਹ ਮਹੂਆ ਖਾ ਕੇ, ਮਹੂਆ ਵੇਚ ਕੇ ਡੰਗ ਟਪਾ ਸਕਦੇ ਹਨ।













