ਸੁਰੇਂਦਰ ਨਾਥ ਅਵਸਥੀ ਆਪਣੀਆਂ ਬਾਹਾਂ ਨੂੰ ਪਸਾਰ ਕੇ ਨਦੀ ਦੀ ਚੌੜਾਈ ਮਾਪਦੇ ਹਨ, ਜੋ ਹੁਣ ਸਿਰਫ ਉਨ੍ਹਾਂ ਲਈ ਇੱਕ ਯਾਦ ਬਣ ਕੇ ਰਹਿ ਗਈ ਹੈ। "ਇਹ ਸਭ ਉਨ੍ਹਾਂ ਦਾ ਹੀ ਹਿੱਸਾ ਸੀ ਅਤੇ ਇਹ ਸਭ ਵੀ," ਉਹ ਹਲਕੀ ਜਿਹੀ ਮੁਸਕਰਾਹਟ ਨਾਲ਼ ਕਹਿੰਦੇ ਹਨ।
"ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਸੀ। ਉਸ ਕਾਰਨ ਸਾਡੇ ਖੂਹਾਂ ਵਿੱਚ ਸਿਰਫ 10 ਫੁੱਟ 'ਤੇ ਹੀ ਮਿੱਠਾ ਪਾਣੀ ਫੁੱਟ ਪੈਂਦੇ ਸਨ। ਹਰ ਮਾਨਸੂਨ ਵਿੱਚ, ਉਹ ਸਾਡੇ ਘਰਾਂ ਵਿੱਚ ਆ ਜਾਂਦੀ ਸੀ। ਹਰ ਤੀਜੇ ਸਾਲ ਉਹ ਇੱਕ ਨਾ ਇੱਕ ਬਲ਼ੀ ਮੰਗਦੀ ਸੀ, ਜ਼ਿਆਦਾਤਰ ਛੋਟੇ ਜਾਨਵਰਾਂ ਦੀ। ਹਾਲਾਂਕਿ ਇੱਕ ਵਾਰੀਂ ਇਹ ਮੇਰੇ 16 ਸਾਲਾ ਚਚੇਰੇ ਭਰਾ ਨੂੰ ਨਿਗਲ਼ ਗਈ। ਮੈਨੂੰ ਇੰਨਾ ਗੁੱਸਾ ਆਇਆ ਕਿ ਮੈਂ ਕਈ ਦਿਨਾਂ ਤੱਕ ਉਸ 'ਤੇ ਚੀਕਦਾ ਰਿਹਾ। ਪਰ ਹੁਣ ਉਹ ਲੰਬੇ ਸਮੇਂ ਤੋਂ ਨਾਰਾਜ਼ ਹੈ... ਹੋ ਸਕਦੇ ਹਨ ਕਿ ਪੁਲ ਦੇ ਕਾਰਨ," ਉਹ ਕਹਿੰਦੇ ਹਨ।
ਅਵਸਥੀ 67 ਮੀਟਰ ਲੰਬੇ ਪੁਲ 'ਤੇ ਖੜ੍ਹੇ ਹਨ, ਜੋ ਕਿ ਸਈ ਦੇ ਨਾਮ ਨਾਲ਼ ਜਾਣੀ ਜਾਂਦੀ ਇੱਕ ਮੁਸ਼ਕਿਲ ਨਾਲ਼ ਦਿਖਾਈ ਦੇਣ ਵਾਲ਼ੀ ਨਦੀ 'ਤੇ ਬਣਾਇਆ ਗਿਆ ਹੈ। 'ਉਹ' ਗੁੱਸੇ ਵਿੱਚ ਹੈ। ਇਸ ਪੁਲ ਦੇ ਹੇਠਾਂ, ਨਦੀ ਦੇ ਕੰਢੇ 'ਤੇ ਖੇਤ ਹਨ, ਜਿੱਥੇ ਤਾਜ਼ਾ ਕੱਟੀ ਕਣਕ ਦੇ ਮੁੱਢ ਪਏ ਹਨ ਅਤੇ ਕਿਨਾਰਿਆਂ 'ਤੇ ਸ਼ਫ਼ੈਦੇ (ਯੂਕੇਲਿਪਟਸ) ਦੇ ਦਰੱਖਤ ਲਹਿਰਾ ਰਹੇ ਹਨ।
ਅਵਸਥੀ ਦੇ ਦੋਸਤ ਅਤੇ ਸਾਥੀ ਜਗਦੀਸ਼ ਪ੍ਰਸਾਦ ਤਿਆਗੀ ਇੱਕ ਸੇਵਾ-ਮੁਕਤ ਸਕੂਲੀ ਅਧਿਆਪਕ ਹਨ ਜੋ ਸਈ ਨੂੰ "ਇੱਕ ਸੁੰਦਰ ਨਦੀ" ਵਜੋਂ ਯਾਦ ਕਰਦੇ ਹਨ।
ਉਹ ਲਹਿਰਾਂ ਦੁਆਰਾ ਬਣਾਏ ਗਏ ਡੂੰਘੇ ਪਾਣੀ ਦੇ ਭੰਵਰ ਬਾਰੇ ਗੱਲ ਕਰਦੇ ਹਨ, ਜਿਸ 'ਤੇ ਵੱਡੀਆਂ ਮੱਛੀਆਂ ਸਵਾਰੀ ਕਰਦੀਆਂ ਸਨ ਅਤੇ ਇੱਕ ਸ਼ਾਨਦਾਰ ਦ੍ਰਿਸ਼ ਪੇਸ਼ ਕਰਦੀਆਂ ਸਨ। ਉਨ੍ਹਾਂ ਨੂੰ ਅਜੇ ਵੀ ਨਦੀ ਵਿੱਚ ਮਿਲਣ ਵਾਲ਼ੀਆਂ ਐਡੀ, ਰੋਹੂ, ਈਲ, ਪਫਰਾਂ ਵਰਗੀਆਂ ਮੱਛੀਆਂ ਯਾਦ ਹਨ। ਉਹ ਦੱਸਦੇ ਹਨ, "ਜਦੋਂ ਪਾਣੀ ਸੁੱਕਣਾ ਸ਼ੁਰੂ ਹੋਇਆ ਤਾਂ ਮੱਛੀਆਂ ਅਲੋਪ ਹੋਣ ਲੱਗੀਆਂ।''
ਹੋਰ ਵੀ ਬਹੁਤ ਸਾਰੀਆਂ ਪਿਆਰੀਆਂ ਯਾਦਾਂ ਹਨ। 74 ਸਾਲਾ ਮਾਲਤੀ ਅਵਸਥੀ 2007 ਤੋਂ 2012 ਤੱਕ ਪਿੰਡ ਦੀ ਸਰਪੰਚ ਰਹੀ। ਉਹ ਯਾਦ ਕਰਦੀ ਹਨ ਕਿ ਸਈ ਨਦੀ ਕੰਢੇ ਤੋਂ ਲਗਭਗ 100 ਮੀਟਰ ਦੀ ਦੂਰੀ 'ਤੇ ਉਨ੍ਹਾਂ ਦੇ ਘਰ ਦੇ ਵਿਹੜੇ ਤੱਕ ਆਉਂਦੀ ਸੀ। ਹਰ ਸਾਲ ਉਸੇ ਵਿਸ਼ਾਲ ਵਿਹੜੇ ਵਿੱਚ, ਉਨ੍ਹਾਂ ਪਰਿਵਾਰਾਂ ਲਈ ਇੱਕ ਭਾਈਚਾਰਕ 'ਅੰਨਾ ਪਰਬਤ ਦਾਨ' ਦਾ ਆਯੋਜਨ ਹੁੰਦੇ ਸਨ ਜਿਨ੍ਹਾਂ ਨੇ ਨਦੀ ਦੇ ਕਹਿਰ ਕਾਰਨ ਆਪਣੀਆਂ ਫ਼ਸਲਾਂ ਗੁਆ ਲਈਆਂ ਹੁੰਦੀਆਂ।
ਉਹ ਕਹਿੰਦੀ ਹਨ, "ਭਾਈਚਾਰੇ ਦੀ ਇਹ ਭਾਵਨਾ ਖ਼ਤਮ ਹੋ ਗਈ ਹੈ। ਦਾਣੇ ਬੇਸੁਆਦੇ ਹੋ ਗਏ ਹਨ। ਖੂਹਾਂ ਵਿੱਚ ਪਾਣੀ ਨਹੀਂ ਰਿਹਾ। ਸਾਡੇ ਜਾਨਵਰ ਵੀ ਓਨੇ ਹੀ ਦੁਖੀ ਹਨ ਜਿੰਨੇ ਅਸੀਂ ਹਾਂ। ਜ਼ਿੰਦਗੀ ਬੇਸੁਆਦੀ ਹੋ ਗਈ ਹੈ।"























