ਮਰਹਈ ਮਾਤਾ ਦੇ ਮੰਦਿਰ ਦਾ ਚਾਰ ਫੁੱਟ ਉੱਚਾ ਦਰਵਾਜ਼ਾ ਬਹੁਤੇ ਸ਼ਰਧਾਲੂਆਂ ਨੂੰ ਸਿਰ ਝੁਕਾਉਣ ਲਈ ਮਜਬੂਰ ਕਰ ਦਿੰਦਾ ਹੈ। ਪਰ ਬਿਮਾਰਾਂ ਨੂੰ ਰਾਹਤ ਦੇਣ ਦੀ ਮਾਤਾ ਦੀ ਤਾਕਤ ਦੀ ਐਨੀ ਮਸ਼ਹੂਰੀ ਹੈ ਕਿ ਮਾਰਾ ਪਿੰਡ ਅਤੇ ਉਸ ਦੇ ਆਸ-ਪਾਸ ਤੋਂ ਆਉਣ ਵਾਲੇ ਸ਼ਰਧਾਲੂ ਉਂਝ ਵੀ ਸਿਰ ਝੁਕਾਉਂਦੇ ਹੀ ਹਨ।
“ਜੇ ਤੁਹਾਡੇ ਘਰ-ਪਰਿਵਾਰ ’ਚ ਕੋਈ ਬਿਮਾਰ ਹੈ ਤਾਂ ਤੁਸੀਂ ਆ ਕੇ ਭਗਵਤੀ ਅੱਗੇ ਪ੍ਰਾਥਨਾ ਕਰ ਸਕਦੇ ਹੋ,” ਬਾਬੂ ਸਿੰਘ ਕਹਿੰਦਾ ਹੈ। ਬੋਹੜ ਦੇ ਫੈਲਦੇ ਰੁੱਖ ਹੇਠ ਬੈਠੇ ਹੋਰਨਾਂ ਵਾਂਗ ਉਹ ਵੀ ਪੂਜਾ ਸ਼ੁਰੂ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ। ਭਗਵਤੀ ਇਸ ਮੰਦਿਰ ਵਿਚਲੀ ਦੇਵੀ ਹੈ। “ਉਹ ਸਮੱਸਿਆ ਦੂਰ ਕਰ ਦੇਵੇਗੀ – ਭਾਵੇਂ ਕੋਈ ਬਿਮਾਰੀ ਹੋਵੇ ਜਾਂ ਭੂਤ ਜਾਂ ਡੈਣ,” ਉਹਨੇ ਬੜੇ ਯਕੀਨ ਨਾਲ ਕਿਹਾ।
ਅੱਜ ਬੁੱਧਵਾਰ ਹੈ, ਤੇ ਅੱਜ ਦਾ ਦਿਨ ਹੋਰ ਖ਼ਾਸ ਹੈ – ਅੱਜ ਮੰਦਿਰ ਦੇ ਪੁਜਾਰੀ (ਜਿਸ ਨੂੰ ਆਮ ਕਰਕੇ ਪੰਡਾ ਕਿਹਾ ਜਾਂਦਾ ਹੈ) ਵਿੱਚ ਦੇਵੀ ਆਵੇਗੀ। ਉਹਦੇ ਜ਼ਰੀਏ, ਦੇਵੀ ਸ਼ਰਧਾਲੂਆਂ ਦੀਆਂ, ਆਮ ਕਰਕੇ ਸਿਹਤ ਬਾਰੇ, ਸਮੱਸਿਆਵਾਂ ਸੁਣੇਗੀ ਅਤੇ ਉਹਨਾਂ ਦਾ ਹੱਲ ਦੱਸੇਗੀ।
ਸ਼ਰਧਾਲੂਆਂ ਵਿੱਚ ਜ਼ਿਆਦਾਤਰ ਗਾਹਦਰਾ, ਕੋਨੀ, ਕੁੜਨ, ਖਮਰੀ, ਮਝੋਲੀ, ਮਰਹਾ, ਰਕਸੇਹਾ ਅਤੇ ਕਠਹਿਰੀ ਬਿਲਹਾਟਾ ਦੇ ਪਿੰਡਾਂ ਦੇ ਮਰਦ ਹਨ, ਪਰ ਸਿਰ ’ਤੇ ਚੁੰਨੀ ਲੈ ਕੁਝ ਔਰਤਾਂ ਵੀ ਮੌਜੂਦ ਹਨ।
“ਆਠ ਗਾਓਂ ਕੇ ਲੋਗ ਆਤੇ ਹੈਂ,” ਬਾਅਦ ਦੁਪਹਿਰ ਦੀ ਪੂਜਾ ਦੀ ਤਿਆਰੀ ਕਰਦਿਆਂ ਸਥਾਨਕ ਪੁਜਾਰੀ ਤੇ ਸਮੱਸਿਆਵਾਂ ਦੇ ਤਰਜਮਾਨ, ਭਈਆ ਲਾਲ ਆਦਿਵਾਸੀ ਨੇ ਦੱਸਿਆ। ਉਹ ਗੌਂਡ ਆਦਿਵਾਸੀ ਹੈ, ਤੇ ਉਹਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਦੇਵੀ ਦੀ ਸੇਵਾ ਵਿੱਚ ਲੱਗਿਆ ਹੈ।










