ਨਾਮ: ਵਜੈਸਿੰਘ ਪਾਰਗੀ। ਜਨਮ: 1963। ਪਿੰਡ: ਇਟਾਵਾ। ਜ਼ਿਲ੍ਹਾ: ਦਾਹੋਦ, ਗੁਜਰਾਤ। ਭਾਈਚਾਰਾ: ਆਦਿਵਾਸੀ ਪੰਚਮਹਾਲੀ ਭੀਲ। ਪਰਿਵਾਰਕ ਮੈਂਬਰ: ਪਿਤਾ, ਚਿਸਕਾ ਭਾਈ। ਮਾਂ, ਚਤੁਰਾ ਬੇਨ। ਪੰਜ ਭੈਣ-ਭਰਾ, ਜਿਨ੍ਹਾਂ ਵਿੱਚੋਂ ਵਜੈਸਿੰਘ ਸਭ ਤੋਂ ਵੱਡੇ ਹਨ। ਪਰਿਵਾਰ ਦੀ ਰੋਜ਼ੀਰੋਟੀ ਦਾ ਵਸੀਲਾ: ਖੇਤ ਮਜ਼ਦੂਰੀ।
ਗ਼ਰੀਬ ਆਦਿਵਾਸੀ ਪਰਿਵਾਰ ਵਿੱਚ ਪੈਦਾ ਹੋਣ ਦੇ ਆਪਣੇ ਵਿਰਸੇ ਨੂੰ ਵਜੈਸਿੰਘ ਬਿਆਨ ਕਰਦੇ ਹਨ: 'ਮਾਂ ਦੀ ਕੁੱਖ ਦਾ ਹਨ੍ਹੇਰਾ।' 'ਇਕਲਾਪੇ ਦਾ ਮਾਰੂਥਲ।' 'ਮੁੜ੍ਹਕੇ ਦਾ ਭਰਿਆ ਖ਼ੂਹ।' ਇਸ ਤੋਂ ਇਲਾਵਾ 'ਭੁੱਖ' ਅਤੇ 'ਉਦਾਸੀ ਭਰੀਆਂ ਯਾਦਾਂ' ਅਤੇ 'ਜੁਗਨੂੰਆਂ ਜਿੰਨੀ ਕੁ ਰੌਸ਼ਨੀ'। ਜਨਮ ਤੋਂ ਹੀ ਉਨ੍ਹਾਂ ਦੇ ਮਨ ਵਿੱਚ ਸ਼ਬਦਾਂ ਪ੍ਰਤੀ ਮੋਹ ਰਿਹਾ ਹੈ।
ਇੱਕ ਵਾਰ ਦੀ ਲੜਾਈ ਦੌਰਾਨ ਇੱਕ ਗੋਲੀ ਉਸ ਸਮੇਂ ਦੇ ਨੌਜਵਾਨ ਆਦਿਵਾਸੀਆਂ ਦੇ ਜਬਾੜੇ ਅਤੇ ਗਰਦਨ ਨੂੰ ਛੂਹ ਗਈ। ਉਨ੍ਹਾਂ ਦੀ ਆਵਾਜ਼ 'ਤੇ ਵੀ ਜ਼ਖ਼ਮ ਦਾ ਡੂੰਘਾ ਅਸਰ ਪਿਆ, ਜਿਸ ਤੋਂ ਉਹ ਸੱਤ ਸਾਲ ਦੇ ਲੰਬੇ ਇਲਾਜ, 14 ਸਰਜਰੀ ਅਤੇ ਭਾਰੀ ਕਰਜ਼ੇ ਦੇ ਬਾਅਦ ਵੀ ਠੀਕ ਨਾ ਹੋ ਸਕੇ। ਇਹ ਉਨ੍ਹਾਂ ਲਈ ਦੋਹਰਾ ਝਟਕਾ ਸੀ। ਜਿਸ ਭਾਈਚਾਰੇ ਵਿੱਚ ਉਹ ਪੈਦਾ ਹੋਏ ਸਨ, ਉਸਦੀ ਤਾਂ ਇਸ ਦੁਨੀਆਂ ਵਿੱਚ ਕੋਈ ਸੁਣਵਾਈ ਨਹੀਂ ਸੀ, ਪਰ ਜੋ ਆਵਾਜ਼ ਉਨ੍ਹਾਂ ਨੂੰ ਨਿੱਜੀ ਤੌਰ 'ਤੇ ਤੋਹਫ਼ੇ ਵਜੋਂ ਮਿਲੀ ਸੀ, ਉਹ ਹੁਣ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ। ਹਾਂ, ਉਨ੍ਹਾਂ ਦੀ ਨਜ਼ਰ ਪਹਿਲਾਂ ਵਾਂਗ ਤਿੱਖੀ ਰਹੀ। ਵਜੈਸਿੰਘ ਲੰਬੇ ਸਮੇਂ ਤੋਂ ਗੁਜਰਾਤੀ ਸਾਹਿਤ ਦੀ ਦੁਨੀਆ ਦੇ ਸਭ ਤੋਂ ਵਧੀਆ ਪਰੂਫ-ਰੀਡਰ ਰਹੇ ਹਨ। ਹਾਲਾਂਕਿ, ਉਨ੍ਹਾਂ ਦੀਆਂ ਆਪਣੀਆਂ ਲਿਖਤਾਂ ਨੂੰ ਕਦੇ ਵੀ ਉਹ ਸਤਿਕਾਰ ਨਹੀਂ ਮਿਲਿਆ ਜਿਸਦੇ ਉਹ ਹੱਕਦਾਰ ਸਨ।
ਇੱਥੇ ਗੁਜਰਾਤੀ ਲਿਪੀ ਵਿੱਚ ਲਿਖੀ ਵਜੈਸਿੰਘ ਦੀ ਪੰਚਮਹਾਲੀ ਭੀਲੀ ਜਬਾਨ ਦੀ ਕਵਿਤਾ ਦਾ ਪੰਜਾਬੀ ਅਨੁਵਾਦ ਹੈ, ਜੋ ਉਨ੍ਹਾਂ ਦੀ ਦੁਚਿੱਤੀ ਨੂੰ ਦਰਸਾਉਂਦੀ ਹੈ।


