ਜੁਲਾਈ 2021 ਦੀ ਇੱਕ ਧੁੰਦਲੀ ਸਵੇਰ ਜਦੋਂ ਕਿਸਾਨ ਸ਼ਿਵਰਾਮ ਗਵਾਰੀ ਭੀਮਾਸ਼ੰਕਰ ਵਾਈਲਡਲਾਈਫ ਸੈਂਕਚੂਰੀ ਦੇ ਨਾਲ ਲੱਗਦੇ ਆਪਣੇ ਖੇਤਾਂ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਆਪਣੀ ਪੰਜ ਗੁੰਠਾ* ਦੇ ਕਰੀਬ ਝੋਨੇ ਦੀ ਫ਼ਸਲ ਅੱਧ-ਖਾਧੀ ਹੋਈ ਮਿਲੀ, ਅਤੇ ਬਾਕੀ ਮਿੱਟੀ ਵਿੱਚ ਮਿਲੀ ਪਈ ਸੀ।
“ਮੈਂ ਪਹਿਲਾਂ ਕਦੇ ਅਜਿਹਾ ਨਹੀਂ ਵੇਖਿਆ ਸੀ,” ਉਹਨਾਂ ਦੱਸਿਆ, ਇਹ ਸਦਮਾ ਅਜੇ ਵੀ ਉਹਨਾਂ ਦੇ ਦਿਮਾਗ ਵਿੱਚ ਤਾਜ਼ਾ ਸੀ। ਉਹਨਾਂ ਨੇ ਜਾਨਵਰਾਂ ਦੇ ਪੈਰਾਂ ਦੇ ਨਿਸ਼ਾਨਾਂ ਦਾ ਪਿੱਛਾ ਕੀਤਾ ਜੋ ਉਹਨਾਂ ਨੂੰ ਜੰਗਲ ਤੱਕ ਲੈ ਗਏ ਅਤੇ ਗਾਵਾ (ਜਿੰਨ੍ਹਾਂ ਨੂੰ ਬੋਸ ਗੌਰੁਸ ਜਾਂ ਕਦੇ-ਕਦਾਈਂ ਭਾਰਤੀ ਬਾਇਸਨ ਵੀ ਕਹਿ ਦਿੱਤਾ ਜਾਂਦਾ ਹੈ) ਸਾਹਮਣੇ ਆਏ। ਇਹ ਬੋਵ੍ਹਾਈਨ ਦੀ ਸਭ ਤੋਂ ਵੱਡੀ ਪ੍ਰਜਾਤੀ ਵਿੱਚੋਂ ਹਨ ਜੋ ਕਦੇ ਨਾ ਭੁੱਲਣਯੋਗ ਤਸਵੀਰ ਪੇਸ਼ ਕਰਦੇ ਹਨ— ਨਰ ਛੇ ਫੁੱਟ ਤੋਂ ਵੀ ਵੱਧ ਲੰਮੇ ਹੁੰਦੇ ਹਨ ਅਤੇ ਜਿਨ੍ਹਾਂ ਦਾ ਭਾਰ 500 ਤੋਂ 1000 ਕਿਲੋਗ੍ਰਾਮ ਤੱਕ ਹੋ ਸਕਦਾ ਹੈ।
ਜਦੋਂ ਭਾਰੀ ਵਜ਼ਨ ਵਾਲੇ ਬਾਈਸਨ ਦਾ ਵੱਗ ਖੇਤਾਂ ਨੂੰ ਲਤਾੜਦਾ ਹੈ ਤਾਂ ਧਰਤੀ ਵਿੱਚ ਵੱਡੇ-ਵੱਡੇ ਟੋਏ ਹੋ ਜਾਂਦੇ ਹਨ ਜੋ ਫ਼ਸਲਾਂ ਅਤੇ ਬੂਟਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੰਦੇ ਹਨ। “ਪਿਛਲੇ ਤਿੰਨਾਂ ਵਰ੍ਹਿਆਂ ਤੋਂ ਗਾਵਾ ਮੇਰੀ ਫ਼ਸਲ ਨੂੰ ਖਰਾਬ ਕਰਦੇ ਆ ਰਹੇ ਹਨ। ਹੁਣ ਖੇਤੀਬਾੜੀ ਛੱਡਣਾ ਹੀ ਮੇਰਾ ਆਖ਼ਰੀ ਵਿਕਲਪ ਬਚਿਆ ਹੈ,” ਸ਼ਿਵਰਾਮ ਕਹਿੰਦੇ ਹਨ। ਉਹ ਦੋਨ ਵਿਖੇ ਆਪਣੀ ਟੀਨ ਦੀ ਛੱਤ ਵਾਲੀ ਝੋਂਪੜੀ ਦੇ ਅੱਗੇ ਬੈਠੇ ਹਨ ਜਿੱਥੇ 2021 ਤੋਂ ਗਾਵਾ ਦਾ ਵੱਗ ਹਮਲਾ ਕਰ ਰਿਹਾ ਹੈ।














