ਧਾਰੀਦਾਰ ਲੂੰਗੀ ਨੂੰ ਗੋਡਿਆਂ ਤੀਕਰ ਚੜ੍ਹਾਈ, ਅਜੈ ਮਹਾਤੋ 30 ਸੈਕਿੰਡਾਂ ਦੇ ਅੰਦਰ-ਅੰਦਰ 40 ਫੁੱਟ ਉੱਚੇ ਖਜ਼ੂਰ ਦੇ ਰੁੱਖ ਦਾ ਅੱਧ ਪਾਰ ਕਰ ਲੈਂਦੇ ਹਨ।
ਇਹ ਉਨ੍ਹਾਂ ਦੇ ਰੋਜ਼ਮੱਰਾ ਦੇ ਜੀਵਨ ਦਾ ਹਿੱਸਾ ਹੈ। ਉਹ ਖਜ਼ੂਰ ਦੀ ਟੀਸੀ 'ਤੇ ਚੜ੍ਹਦੇ ਹਨ ਤੇ ਪੱਤਿਆਂ ਦੇ ਛੱਤੇ ਦੇ ਨੇੜਿਓਂ ਡੋਡੀਆਂ ਵਿੱਚੋਂ ਸਤ ਇਕੱਠਾ ਕਰਦੇ ਹਨ।
ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਵਿਖੇ ਤਾੜੀ ਕੱਢਣ ਵਾਲ਼ਾ 27 ਸਾਲਾ ਇਹ ਵਿਅਕਤੀ ਮਈ ਦੀ ਸਵੇਰ ਦੀ ਤਿੱਖੀ ਧੁੱਪ ਵਿੱਚ ਰੁੱਖ 'ਤੇ ਚੜ੍ਹਨ ਦੀ ਤਿਆਰੀ ਕਸ ਰਿਹਾ ਹੈ। ''ਅਬ ਤ ਤਾੜ ਕੇ ਪੇੜ ਜਾਇਸਨ ਸੱਕਤ ਹੋ ਗੇਲਇਹਨ। ਕਾਂਟਾ ਭੀ ਨਯਾ ਭੋਕਾਇਤਾਈ (ਇਹ ਤਾਂ ਖਜ਼ੂਰ ਦੇ ਰੁੱਖ ਵਾਂਗਰ ਹੀ ਸਖ਼ਤ ਹੋ ਗਏ ਹਨ। ਹੁਣ ਤਾਂ ਕੰਢਾ ਵੀ ਚੀਰਾ ਨਹੀਂ ਪਾ ਸਕਦਾ),'' ਆਪਣੇ ਦੋਹਾਂ ਹੱਥ ਵੱਲ ਇਸ਼ਾਰਾ ਕਰਦਿਆਂ ਅਜੈ ਕਹਿੰਦੇ ਹਨ।
ਆਪਣੀਆਂ ਉਂਗਲਾਂ ਦੀ ਕੜਿੰਗੜੀ ਜਿਹੀ ਮਾਰੀ ਅਜੈ, ਤਣੇ ਨੂੰ ਕੱਸ ਕੇ ਫੜ੍ਹਨ ਦਾ ਤਰੀਕਾ ਦੱਸਦਿਆਂ ਕਹਿੰਦੇ ਹਨ,''ਚੜ੍ਹਾਈ ਵੇਲ਼ੇ ਰੁੱਖ ਨੂੰ ਮਾਰਿਆ ਜੱਫ਼ਾ ਮਜ਼ਬੂਤ ਹੋਣਾ ਚਾਹੀਦਾ ਏ। ਤਣੇ ਨੂੰ ਨਾ ਸਿਰਫ਼ ਹੱਥਾਂ ਸਗੋਂ ਪੈਰਾਂ ਨਾਲ਼ ਵੀ ਕੜਿੰਗੜੀ ਜਿਹੀ ਪਾਉਣੀ ਪੈਂਦੀ ਹੈ।'' ਖਜ਼ੂਰ ਦੇ ਰੁੱਖਾਂ ਦੇ ਪਤਲੇ ਤੇ ਤਿੱਖੇ ਤਣਿਆਂ ਨੂੰ ਫੜ੍ਹਨ ਤੇ ਚੜ੍ਹਨ ਕਾਰਨ ਉਨ੍ਹਾਂ ਦੀ ਛਾਤੀ, ਹੱਥਾਂ ਤੇ ਗਿੱਟਿਆਂ 'ਤੇ ਕਾਲ਼ੇ ਡੂੰਘੇ ਜ਼ਖ਼ਮ ਜਿਹੇ ਪੈ ਗਏ ਹਨ।
ਅਜੈ ਮਹਾਤੋ, ਜੋ ਲਗਭਗ 12 ਸਾਲਾਂ ਤੋਂ ਇਹੀ ਕੰਮ ਕਰ ਰਹੇ ਹਨ, ਕਹਿੰਦੇ ਹਨ, "15 ਸਾਲ ਕੇ ਰਹਿਏ, ਤਹਿਏ ਸੇ ਸਟਾਰਟ ਕਰ ਦੇਲਿਏ ਰ (15 ਸਾਲਾਂ ਦਾ ਉਮਰ ਤੋਂ ਹੀ ਮੈਂ ਖਜ਼ੂਰ ਦੇ ਰੁੱਖਾਂ 'ਤੇ ਚੜ੍ਹਨਾ ਸ਼ੁਰੂ ਕਰ ਦਿੱਤਾ ਸੀ)।''
ਰਸੂਲਪੁਰ ਪਿੰਡ ਦੇ ਰਹਿਣ ਵਾਲ਼ੇ ਅਜੈ, ਪਾਸੀ ਭਾਈਚਾਰੇ ਨਾਲ਼ ਸਬੰਧਤ ਹਨ। ਪਾਸੀ ਭਾਈਚਾਰਾ ਰਵਾਇਤੀ ਤੌਰ 'ਤੇ ਤਾੜੀ ਕੱਢਣ ਦਾ ਕੰਮ ਕਰਦਾ ਹੈ। ਅਜੈ ਦੇ ਪਰਿਵਾਰ ਦੀਆਂ ਘੱਟੋ-ਘੱਟ ਤਿੰਨ ਪੀੜ੍ਹੀਆਂ ਵੀ ਇਸੇ ਕੰਮ ਵਿੱਚ ਸ਼ਾਮਲ ਹਨ।














