ਇੱਕ ਵਾਰ ਦੀ ਗੱਲ ਹੈ, ਲਾਲਾਲੈਂਡ ਦੇ ਜਾਦੂਈ ਸਾਮਰਾਜ ਵਿੱਚ, ਦੇਵ-ਰਾਜਾ, ਨਰਿੰਮੋ ਦਰਦੀ ਲੋਹੇ ਦੀ ਛੜੀ ਦੇ ਦਬਦਬੇ ਨਾਲ਼ ਲੋਕਾਂ 'ਤੇ ਰਾਜ ਕਰਦਾ ਸੀ। ਸਹਿਮੇ ਲੋਕ ਬੱਸ ਮਹਾਰਾਜ ਕੀ ਜੈ ਦੇ ਨਾਅਰੇ ਲਾਉਂਦੇ ਰਹਿੰਦੇ। ਜਨਤਾ ਦਾ ਸੇਵਕ ਕਹਾਉਣ ਵਾਲ਼ਾ ਇਹ ਰਾਜਾ ਨਾ ਖ਼ੁਦ ਖਾਂਦਾ ਤੇ ਨਾ ਹੀ ਕਿਸੇ ਹੋਰ ਨੂੰ ਖਾਣ ਦਿੰਦਾ। ਉਦਾਰ ਬਣਨ ਦਾ ਡਰਾਮਾ ਰਚਾਉਂਦਾ ਇਹ ਰਾਜਾ ਓਦੋਂ ਬੌਂਦਲ ਗਿਆ। ਜਦੋਂ ਕਿਸੇ ਨੇ ਪੁੱਛ ਲਿਆ, ਮਹਾਰਾਜ ਤੁਹਾਨੂੰ ਉਦਾਰ ਰਾਜਾ ਲਿਖਣਾ ਸੀ ਜਾਂ ਉਧਾਰ ਰਾਜਾ? ਰਾਜੇ ਨੂੰ ਚੜ੍ਹ ਗੁੱਸਾ ਗਿਆ ਉਹਨੇ ਪੱਛਮੀ ਦੇਸ਼ ਦੇ ਰਾਜੇ, ਗੋਡਾਮ ਨੀਅਤ ਨੂੰ ਸੱਦਿਆ ਤੇ ਆਪਣੇ ਸਾਮਰਾਜ ਨੂੰ ਇੱਕ-ਇੱਕ ਕਰਕੇ ਉਸ ਕੋਲ਼ ਨੀਲਾਮ ਕਰਨਾ ਸ਼ੁਰੂ ਕਰ ਦਿੱਤਾ।
ਇੱਕ ਦਿਨ ਰਾਜੇ ਦੇ ਜਾਦੂਈ ਰਾਜ ਦੇ ਮਹਾਨ ਪੁਜਾਰੀ, ਹਸ਼ਾ ਮਿਅਤ ਨੂੰ ਇੱਕ ਸੁਪਨਾ ਆਇਆ। ਉਹਨੇ ਸੁਪਨਾ ਦੇਖਿਆ ਕਿ ਰਾਜੇ ਨੇ ਆਪਣੀ ਗੱਦੀ ਗੁਆ ਲਈ ਹੈ। ਇਹ ਬੜਾ ਵੱਡਾ ਬਦਸ਼ਗਨ ਸੀ। ਰਾਜੇ ਦੀ ਪ੍ਰਜਾ ਪਹਿਲਾਂ ਹੀ ਲੋਕਤੰਤਰ ਵਰਗੀਆਂ ਬੁਰੀਆਂ ਰਵਾਇਤਾਂ ਨੂੰ ਨਾ ਸਿਰਫ਼ ਮੰਨਦੀ ਸੀ ਬਲਿਕ ਉਹਦਾ ਅਭਿਆਸ ਕਰਨ ਵਾਲੀ ਇੱਕ ਵਹਿਸ਼ੀ ਨਸਲ ਵੀ ਸੀ। ਹਾਹਾਕਾਰ ਮੱਚ ਗਿਆ, ਬੋਰਡ ਆਫ ਵਿਜ਼ਾਰਡਜ਼ ਨੇ ਹੰਗਾਮੀ ਬੈਠਕ ਸੱਦੀ ਅਤੇ ਉਸ ਮੀਟਿੰਗ ਵਿੱਚ ਇੱਕ ਜਾਦੂਈ ਹੱਲ ਲੱਭਿਆ ਗਿਆ। ਸੋਚਿਆ ਗਿਆ ਕਿ ਬਾਂਡਾਂ ਦੀ ਦੇਵੀ, ਤਾਊਗਮਾ ਦੇ ਗੋਬਰ ਤੋਂ 108 ਫੁੱਟ ਲੰਬੀ ਸੁਗੰਧਿਤ ਅਗਰਬੱਤੀ ਬਣਾਈ ਜਾਵੇ।
ਬੱਸ ਹੰਗਾਮੀ ਬੈਠਕ ਤੋਂ ਫ਼ੌਰਨ ਬਾਅਦ ਤਾਊਗਮਾ ਦਾ ਗੋਬਰ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਹੋ ਗਈ। ਅਗਰਬੱਤੀ ਬਣਾਉਣ ਲਈ ਗੋਬਰ ਦੇ ਨਾਲ਼-ਨਾਲ਼ ਹੋਰ ਕਈ ਲੋੜੀਂਦੇ ਮਾਲ਼-ਅਸਬਾਬ ਤੇ ਬਾਂਡ ਇਕੱਠੇ ਕੀਤੇ ਗਏ ਤੇ ਅਖ਼ੀਰ ਵਿੱਚ ਅਗਰਬੱਤੀ ਬਣ ਕੇ ਤਿਆਰ ਹੋ ਗਈ ਤੇ ਇੱਕ ਦਿਨ ਇਹਨੂੰ ਬਾਲ਼ਿਆ ਗਿਆ। ਆਹਾ! ਕਿੰਨੀ ਸੋਹਣੀ ਖ਼ੁਸ਼ਬੂ ਹੈ! ਕਿਸਾਨ-ਵੈਰ ਨਾਲ਼ ਭਰੀ ਜਿਓਂ ਜੁਮਲਿਆਂ ਨੂੰ ਪਿਆਰਨ ਵਾਲ਼ੀ ਗੰਧ ਹੋਵੇ! ਕਹਿੰਦੇ ਹਨ ਅਗਰਬੱਤੀ ਦੀ ਖ਼ੁਸ਼ਬੂ ਜਿਓਂ ਭੁੱਖ ਨਾਲ਼ ਅੱਖਾਂ ਅੱਡੀ ਅਸਮਾਨ ਵਿੱਚ ਜਾ ਮਿਲ਼ਣ ਲੱਗੀ, ਰਾਜਾ ਨਰਿੰਮੋ ਦਰਦੀ ਅਤੇ ਪੁਜਾਰੀ ਹਸ਼ਾ ਮਿਅਤ ਨੇ ਨੱਚਣਾ ਸ਼ੁਰੂ ਕਰ ਦਿੱਤਾ। ਖ਼ੈਰ, ਬਦਸ਼ਗਨੀ ਦਾ ਵੇਲ਼ਾ ਸ਼ਾਇਦ ਟਲ਼ ਗਿਆ ਸੀ, ਸ਼ਾਇਦ ਨਹੀਂ ਟਲ਼ਿਆ, ਕੀ ਪਤਾ...ਕੀ ਹੋਇਆ ਜਾਂ ਕੀ ਹੋਣਾ ਸੀ? ਅੰਤ ਅਸੀਂ ਜਾਣਦੇ ਹੀ ਹਾਂ ਕਿ ਕਿਵੇਂ ਲਾਲਾਲੈਂਡ ਖੁਸ਼ੀ-ਖ਼ੁਸ਼ੀ ਵੱਸਣ ਲੱਗਿਆ।
ਮਹਾਰਾਜ ਦੀ ਜੈ ਹੋਵੇ!
1)
ਕੰਮ ਤੋਂ ਦੱਸ ਕੀ ਲੈਣਾ, ਨਾਮ ਲਿਆਂ ਹੀ ਚੱਲ਼ਦੀ ਗੋਲ਼ੀ?
ਕੱਢਦਾ ਕਸੀਦਾ? ਪੜ੍ਹਦਾ ਮਰਸਿਆ? ਜਾਂ ਕਰਦਾ ਰਹੇ ਕਾਮੇਡੀ?
ਗੋਬਰ ਦਾ ਹੈ ਤਣਾ,
ਈਵੀਐੱਮ 'ਤੇ ਕੀ ਬਣਨਾ,
ਇੱਕ ਸੌ ਅੱਠ ਫੁੱਟੀ
ਅਗਰਬੱਤੀ, ਧੂ-ਧੂ ਕੇ ਹੈ ਬਲ਼ਣਾ।
2)
ਕਰੋੜਾਂ ਦੀ ਵਾਹ, ਖਾਤਰ
ਥੋੜ੍ਹਿਆਂ ਦੀ ਆਹ
ਬਲ਼ਦੀ ਰਹੂਗੀ ਪੰਤਾਲੀ ਦਿਨ ਬਣ ਸੁਆਹ
ਪਰਮਾਤਮਾ ਹੀ ਚੁੱਪ ਹੈ,
ਸ਼ਰਧਾ ਵੀ ਘੁੱਪ ਹੈ
ਸਿਰ ਜਿਹਦਾ ਜਾਣਾ, ਉਹ ਸ਼ੰਭੂਕਾ ਚੁੱਪ ਹੈ।
3)
ਬਾਬਰੀ ਦੇ ਗੁੰਬਦ 'ਤੇ ਝੂਲ਼ਦਾ ਕੇਸਰੀ ਝੰਡਾ ਹੈ
ਵਟਸੈੱਪ੍ਹ ਨਾਲ਼ ਤੁਰਨਾ
ਗਾਵਾਂ ਤੇ ਚੱਲਣਾ ਬਜਰੰਗੀ ਡੰਡਾ ਹੈ,
ਪਰ, ਇਹ ਮੁਸ਼ਕ ਕਾਹਦਾ?
ਸਵਰਗ ਦਾ ਜਾਂ ਨਰਕ ਦਾ?
ਚੱਲ ਦੱਸੋ ਹੁਣ! ਚੀਕੋ ਨਾ, ਕੰਨ ਨਾ ਪਾੜ੍ਹੋ!
4)
ਇੱਕ ਸੌ ਅੱਠ ਫੁੱਟਾ ਕੇਸਰੀ ਲੱਠ —
ਚੁਣਿਆ ਸੀ ਰਾਜਾ, ਨਿਕਲ਼ਿਆ ਠੱਗ।
ਪਰ ਆਪਣੇ ਹੀ ਘਰ ਇਹਨੂੰ ਸੀ ਪਾਲ਼ਿਆ,
ਚੱਲੋ ਹੁਣ, ਚੁੱਕੋ ਆਪਣਾ ਕੈਮਰਾ-ਕੂਮਰਾ!
ਇੱਕ ਸੌ ਅੱਠ ਫੁੱਟੇ ਨੇ ਬੜਾ
ਕੁਝ ਚੂਰਨਾ।
5)
ਨਜ਼ਰ ਚੁੱਕੋ, ਜਿੱਧਰ ਦੇਖੋ ਭੁੱਖੇ ਮਰਦੇ ਦਿੱਸਣਗੇ ਕਿਸਾਨ,
ਭਗਵਾ ਬਸਤੀ 'ਚ ਦੰਗੇ ਨਾਲ਼ ਮਰਦਾ ਹਰ ਇਨਸਾਨ,
ਅਗਰ ਇੱਕੋ ਏ ਇੱਕੋ ਏ ਬੱਤੀ ਵੀ —
ਢਾਹੀ ਜਾਂਦੀ ਗ਼ਰੀਬ ਦੀ ਹੀ ਬਸਤੀ ਵੀ —
ਖੱਬਿਆਂ ਦੀ ਸੋਚਣ ਸ਼ਕਤੀ ਵੀ ਦੇਖੋ,
ਜਾਪਦੀ ਹੁਣ ਘੱਟਦੀ ਜਾਂਦੀ, ਬੱਸ ਘੱਟਦੀ ਤੁਰੀ ਜਾਂਦੀ।
ਤਰਜਮਾ: ਕਮਲਜੀਤ ਕੌਰ