2019 ਵਿੱਚ ਉਦੋਂ ਮੈਂ ਉਨ੍ਹਾਂ ਨੂੰ ਪਹਿਲੀ ਵਾਰੀ ਦੇਖਿਆ ਸੀ ਜਦੋਂ ਮੈਂ ਬਕਿੰਘਮ ਕੈਨਾਲ ਦੇ ਇਲਾਕੇ ਵੱਲ ਸਫ਼ਰ ਕਰ ਰਿਹਾ ਸਾਂ। ਗ੍ਰੇਬ ਪੰਛੀ ਵਾਂਗਰ, ਨਹਿਰ ਵਿੱਚ ਚੁੱਭੀ ਲਾਉਣ ਅਤੇ ਪਾਣੀ ਹੇਠਾਂ ਲੱਥਣ ਦੀ ਉਨ੍ਹਾਂ ਦੀ ਇਸ ਮੁਹਾਰਤ ਨੇ ਮੇਰਾ ਧਿਆਨ ਖਿੱਚਿਆ। ਉਨ੍ਹਾਂ ਨੇ ਨਦੀ ਦੇ ਤਲ਼ੇ ਦੀ ਖੁਰਦੁਰੀ ਰੇਤ ਦੀ ਮੋਟੀ ਤਹਿ ਵਿੱਚ ਬੜੀ ਫੁਰਤੀ ਨਾਲ਼ ਆਪਣਾ ਹੱਥ ਘੁਮਾਇਆ ਅਤੇ ਕਿਸੇ ਵੀ ਹੋਰ ਇਨਸਾਨ ਦੇ ਮੁਕਾਬਲੇ ਵੱਧ ਕਾਹਲੀ ਦੇਣੀ ਝੀਂਗਾ ਫੜ੍ਹ ਲਿਆ।
ਗੋਵਿੰਦੱਮਾ ਵੇਲੂ ਇਰੂਲਰ ਭਾਈਚਾਰੇ ਨਾਲ਼ ਤਾਅਲੁੱਕ ਰੱਖਦੀ ਹਨ ਜੋ ਤਮਿਲਨਾਡੂ ਵਿਖੇ ਪਿਛੜੇ ਕਬੀਲੇ ਵਜੋਂ ਸੂਚੀਬੱਧ ਹੈ। ਜਦੋਂ ਉਹ ਛੋਟੀ ਬੱਚੀ ਸਨ ਉਦੋਂ ਵੀ ਚੇਨੱਈ ਨੇੜਲੀ ਇਸ ਕੋਸਾਸਤਲੀਅਰ ਨਦੀ ਅੰਦਰ ਇੰਝ ਹੀ ਗੋਤੇ ਲਾਇਆ ਕਰਦੀ ਤੇ ਝੀਂਗੇ ਫੜ੍ਹਿਆ ਕਰਦੀ। ਪਰਿਵਾਰ ਦੀ ਕੰਗਾਲ਼ੀ ਭਰੀ ਹਾਲਤ ਨੇ ਅੱਜ ਵੀ 77 ਸਾਲਾਂ ਦੀ ਇਸ ਬਜ਼ੁਰਗ ਨੂੰ ਪਾਣੀ ਅੰਦਰ ਲੱਥਣ ਲਈ ਮਜ਼ਬੂਰ ਕੀਤਾ ਹੈ, ਭਾਵੇਂਕਿ ਉਨ੍ਹਾਂ ਦੀ ਨਜ਼ਰ ਕੰਮ ਨਹੀਂ ਕਰਦੀ ਤੇ ਉਨ੍ਹਾਂ ਦੇ ਹੱਥ ਚੀਰਿਆਂ ਨਾਲ਼਼ ਭਰੇ ਰਹਿੰਦੇ ਹਨ, ਪਰ ਬਦਲ ਕੋਈ ਨਹੀਂ।
ਇਹ ਵੀਡਿਓ ਮੈਂ ਉਦੋਂ ਬਣਾਈ ਜਦੋਂ ਉਹ ਚੇਨੱਈ ਦੇ ਉੱਤਰੀ ਹਿੱਸੇ ਵਿਖੇ ਪੈਂਦੀ ਕੋਸਾਸਤਲੀਅਰ ਨਦੀ ਦੇ ਨਾਲ਼ ਲੱਗਦੀ ਬਕਿੰਘਮ ਕੈਨਾਲ ਅੰਦਰ ਗੋਤੇ ਲਾਉਣ ਵਿੱਚ ਮਸ਼ਰੂਫ਼ ਸਨ। ਝੀਂਗਾ ਫੜ੍ਹਨ ਲਈ ਹਰ ਵਾਰੀ ਗੋਤਾ ਲਾਉਣ ਤੋਂ ਐਨ ਪਹਿਲਾਂ ਉਹ ਮੇਰੇ ਨਾਲ਼ ਆਪਣੇ ਜੀਵਨ ਬਾਰੇ ਗੱਲ ਕਰਦੀ ਹੋਈ ਦੱਸਦੀ ਹਨ ਕਿ ਉਨ੍ਹਾਂ ਨੂੰ ਸਿਰਫ਼ ਇਹੋ ਇੱਕ ਕੰਮ ਹੀ ਕਰਨਾ ਆਉਂਦਾ ਹੈ।
ਇੱਥੇ ਤੁਸੀਂ ਗੋਵਿੰਦੱਮਾ ਦੇ ਜੀਵਨ ਬਾਰੇ ਹੋਰ ਪੜ੍ਹ ਸਕਦੇ ਹੋ।
ਤਰਜਮਾ: ਕਮਲਜੀਤ ਕੌਰ