ਸ਼ਾਂਤੀ ਮਾਂਝੀ 36 ਸਾਲਾਂ ਦੀ ਸਨ ਜਦੋਂ ਇਸ ਸਾਲ ਜਨਵਰੀ ਵਿੱਚ ਉਹ ਪਹਿਲੀ ਵਾਰ ਨਾਨੀ ਬਣੀ। ਉਸ ਰਾਤ, ਉਸ ਮਜ਼ਬੂਤ ਔਰਤ ਨੇ ਅਖੀਰ ਹਸਪਤਾਲ ਦਾ ਰਾਹ ਫੜ੍ਹ ਹੀ ਲਿਆ, ਜਿਹਨੇ ਖੁਦ ਦੋ ਦਹਾਕਿਆਂ ਦੇ ਵਕਫੇ ਵਿੱਚ ਸੱਤ ਬੱਚਿਆਂ ਨੂੰ ਜਨਮ ਦਿੱਤਾ, ਉਹ ਵੀ ਆਪਣੇ ਘਰ ਵਿੱਚ ਇੱਕ ਓਹਲਾ ਬਣਾ ਕੇ, ਜਿੱਥੇ ਉਨ੍ਹਾਂ ਦੀ ਮਦਦ ਵਾਸਤੇ ਨਾ ਕੋਈ ਡਾਕਟਰ ਹੁੰਦਾ ਸੀ ਅਤੇ ਨਾ ਹੀ ਕੋਈ ਨਰਸ।
''ਮੇਰੀ ਧੀ ਘੰਟਿਆਂ ਤੋਂ ਦਰਦ ਨਾਲ਼ ਵਿਲ਼ਕ ਰਹੀ ਸੀ ਪਰ ਬੱਚਾ ਬਾਹਰ ਨਹੀਂ ਸੀ ਆਇਆ। ਮੈਨੂੰ ਹਾਰ ਕੇ ਟੈਂਪੂ ਬੁਲਾਉਣਾ ਪਿਆ,'' ਉਹ ਉਸ ਦਿਨ ਨੂੰ ਚੇਤੇ ਕਰਦਿਆਂ ਕਹਿੰਦੀ ਹਨ ਜਿਸ ਦਿਨ ਉਨ੍ਹਾਂ ਦੀ ਵੱਡੀ ਧੀ, ਮਮਤਾ ਨੂੰ ਜੰਮਣ ਪੀੜ੍ਹਾ ਲੱਗੀਆਂ ਸਨ। 'ਟੈਂਪੂ' ਤੋਂ ਉਨ੍ਹਾਂ ਦਾ ਮਤਲਬ ਤਿੰਨ-ਪਹੀਆ ਸਵਾਰੀ ਵਾਹਨ ਜਿਹਨੇ ਸ਼ਿਓਹਰ ਕਸਬੇ ਤੋਂ 4 ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ ਵੀ ਇੱਕ ਘੰਟਾ ਲਾਇਆ, ਸੂਰਜ ਕਰੀਬ ਢਲ਼ ਹੀ ਚੁੱਕਿਆ ਸੀ। ਮਮਤਾ ਨੂੰ ਕਾਹਲੀ-ਕਾਹਲੀ ਸ਼ਿਓਹਰ ਦੇ ਜਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਕਈ ਘੰਟਿਆਂ ਬਾਅਦ ਉਨ੍ਹਾਂ ਨੇ ਬੇਟੇ ਨੂੰ ਜਨਮ ਦਿੱਤਾ।
''ਉਹਨੇ 800 ਰੁਪਏ ਲਏ,'' ਟੈਂਪੂ ਦੇ ਭਾੜੇ ਤੋਂ ਨਰਾਜ਼ ਸ਼ਾਂਤੀ ਬੁੜ-ਬੁੜ ਕਰਦੀ ਹਨ। ''ਸਾਡੇ ਟੋਲੇ ਵਿੱਚੋਂ ਕੋਈ ਹਸਪਤਾਲ ਨਹੀਂ ਜਾਂਦਾ, ਇਸਲਈ ਸਾਨੂੰ ਇਹ ਤੱਕ ਨਹੀਂ ਪਤਾ ਕਿ ਐਂਬੂਲੈਂਸ ਕਿੱਥੋਂ ਮਿਲ਼ਦੀ ਹੈ।''
ਸ਼ਾਂਤੀ ਨੂੰ ਉਸ ਰਾਤ ਵੀ ਘਰ ਮੁੜਨਾ ਹੀ ਪਿਆ ਇਹ ਤਸੱਲੀ ਕਰਨ ਵਾਸਤੇ ਕਿ ਉਨ੍ਹਾਂ ਦੇ ਛੋਟੇ ਬੱਚੇ, ਚਾਰ ਸਾਲਾ ਕਾਜਲ ਨੇ ਸੌਣ ਤੋਂ ਪਹਿਲਾਂ ਕੁਝ ਖਾਧਾ ਵੀ ਹੈ ਜਾਂ ਨਹੀਂ। ''ਦੇਖੋ ਮੈਂ ਨਾਨੀ ਬਣ ਗਈ,'' ਉਹ ਕਹਿੰਦੀ ਹਨ, ''ਪਰ ਮੇਰੇ ਸਿਰ ਮਾਂ ਦੀਆਂ ਜ਼ਿੰਮੇਦਾਰੀਆਂ ਵੀ ਹਨ।'' ਮਮਤਾ ਅਤੇ ਕਾਜਲ ਤੋਂ ਇਲਾਵਾ, ਉਨ੍ਹਾਂ ਦੀਆਂ ਤਿੰਨ ਧੀਆਂ ਅਤੇ ਦੋ ਪੁੱਤਰ ਹਨ।
ਮਾਂਝੀ ਪਰਿਵਾਰ ਮੁਸਾਹਰ ਟੋਲੇ ਵਿੱਚ ਰਹਿੰਦਾ ਹੈ, ਜੋ ਕਿ ਉੱਤਰ ਬਿਹਾਰ ਦੇ ਸ਼ਿਓਹਰ ਬਲਾਕ ਅਤੇ ਜ਼ਿਲ੍ਹੇ ਦੇ ਮਾਧੋਪੁਰ ਅਨੰਤ ਪਿੰਡ ਤੋਂ ਇੱਕ ਕਿਲੋਮੀਟਰ ਬਾਹਰਵਾਰ ਬਣੀਆਂ ਝੌਂਪੜੀਆਂ ਦਾ ਇੱਕ ਝੁੰਡ ਹੈ। ਇੱਕ ਟੋਲੇ ਵਿੱਚ 40 ਦੇ ਕਰੀਬ ਝੌਂਪੜੀਆਂ ਹਨ ਜੋ ਗਾਰੇ ਅਤੇ ਬਾਂਸਾਂ ਸਹਾਰੇ ਬਣੀਆਂ ਹਨ ਅਤੇ ਜਿਨ੍ਹਾਂ ਵਿੱਚ 300-400 ਲੋਕਾਂ ਰਹਿੰਦੇ ਹਨ। ਉਹ ਸਾਰੇ ਮੁਸਾਹਰ ਜਾਤੀ ਨਾਲ਼ ਤਾਅਲੁੱਕ ਰੱਖਦੇ ਹਨ, ਜੋ ਬਿਹਾਰ ਦੇ ਸਭ ਵੱਧ ਅਧਿਕਾਰ-ਵਿਹੂਣੇ ਮਹਾਦਲਿਤ ਭਾਈਚਾਰੇ ਵਜੋਂ ਜਾਣੇ ਜਾਂਦੀ ਹੈ। ਇਨ੍ਹਾਂ ਭੀੜੇ ਘਰਾਂ ਦੇ ਅੰਦਰ ਇੱਕ ਵੱਖ ਕੀਤੇ ਖੂੰਜੇ ਵਿੱਚ ਕੁਝ ਬੱਕਰੀਆਂ ਅਤੇ ਇੱਕ ਗਾਂ ਬੰਨ੍ਹੀ ਹੋਈ ਹੈ।










