ਇੱਕ ਸਾਲ ਪਹਿਲਾਂ ਅੱਜ ਦੇ ਦਿਨ, ਗਣਤੰਤਰ ਦਿਵਸ ਦਾ ਸਭ ਤੋਂ ਵੱਡਾ ਜਸ਼ਨ ਮਨਾਇਆ ਗਿਆ ਸੀ। ਸਾਲ 2020 ਦੇ ਸਤੰਬਰ ਮਹੀਨੇ ਸਰਕਾਰ ਵੱਲੋਂ ਦੱਬੇਪੈਰੀਂ ਸੰਸਦ ਵਿੱਚ ਪਾਸ ਕੀਤੇ ਤਿੰਨੋਂ ਖੇਤੀ ਕਨੂੰਨਾਂ ਦੇ ਵਿਰੋਧ ਵਿੱਚ ਦਿੱਲੀ ਦੀਆਂ ਬਰੂਹਾਂ 'ਤੇ ਡੇਰੀ ਜਮਾਈ ਬੈਠੇ ਹਜ਼ਾਰਾਂ-ਹਜ਼ਾਰ ਕਿਸਾਨਾਂ ਨੇ ਗਣਤੰਤਰ ਦਿਵਸ ਪਰੇਡ ਦਾ ਅਯੋਜਨ ਕੀਤਾ। 26 ਜਨਵਰੀ 2021 ਦਾ ਉਹ ਦਿਨ, ਜਦੋਂ ਸਿੰਘੂ, ਟੀਕਰੀ, ਗਾਜ਼ੀਪੁਰ ਅਤੇ ਦਿੱਲੀ ਦੀਆਂ ਸੀਮਾਵਾਂ 'ਤੇ ਸਥਿਤ ਧਰਨਾ-ਸਥਲਾਂ ਦੇ ਨਾਲ਼ ਨਾਲ਼ ਪੂਰੇ ਦੇਸ਼ ਵਿੱਚ ਟਰੈਕਟਰ ਰੈਲੀਆਂ ਨੂੰ ਝੰਡਾ ਦਿਖਾ ਕੇ ਰਵਾਨਾ ਕੀਤਾ ਗਿਆ।
ਕਿਸਾਨਾਂ ਦੀ ਇਹ ਰੈਲੀ ਇੱਕ ਸ਼ਕਤੀਸ਼ਾਲੀ, ਦਿਲ-ਵਲੂੰਧਰ ਕੇ ਰੱਖ ਦੇਣ ਵਾਲ਼ਾ ਪ੍ਰਤੀਕ ਬਣ ਕੇ ਉੱਭਰੀ। ਇਹ ਆਮ ਨਾਗਰਿਕਾਂ, ਕਿਸਾਨਾਂ, ਮਜ਼ਦੂਰਾਂ ਲਈ ਅਜਿਹਾ ਦਿਨ ਸੀ ਜਿਵੇਂ ਉਨ੍ਹਾਂ ਨੇ ਦੋਬਾਰਾ ਗਣਤੰਤਰ ਨੂੰ ਪ੍ਰਾਪਤ ਕੀਤਾ ਹੋਵੇ। ਹਾਲਾਂਕਿ ਅਰਾਜਕਾਵਾਦੀਆਂ ਦਾ ਇੱਕ ਛੋਟਾ ਜਿਹਾ ਧੜਾ ਹੜਕੰਪ ਮਚਾ ਕੇ, ਇਸ ਬੇਮਿਸਾਲ ਪਰੇਡ ਵੱਲੋਂ ਲੋਕਾਂ ਦਾ ਧਿਆਨ ਭਟਕਾਉਣ ਵਿੱਚ ਕੁਝ ਹੱਦ ਤੱਕ ਕਾਮਯਾਬ ਰਿਹਾ ਪਰ ਬਾਵਜੂਦ ਇਹਦੇ ਕਿਸਾਨਾਂ ਦੀ ਇਹ ਸ਼ਾਂਤਮਈ ਟਰੈਕਟਰ ਰੈਲ਼ੀ ਨਾ ਵਿਸਾਰੀ ਜਾਣ ਵਾਲ਼ੀ ਘਟਨਾ ਹੋ ਨਿਬੜੀ।
ਨਵੰਬਰ, 2021 ਵਿੱਚ ਸਰਕਾਰ ਦੁਆਰਾ ਇਨ੍ਹਾਂ ਕਨੂੰਨਾਂ ਨੂੰ ਰੱਦ ਕੀਤਾ ਗਿਆ ਅਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਮੁੱਕ ਗਿਆ। ਉਦੋਂ ਤੱਕ ਉਨ੍ਹਾਂ ਨੇ ਕੜਾਕੇ ਦੀ ਠੰਡ, ਲੂੰਹਦੀ ਗਰਮੀ, ਕੋਵਿਡ-19 ਦੀ ਜਾਨਲੇਵਾ ਦੂਜੀ ਲਹਿਰ ਦਾ ਸਾਹਮਣਾ ਕੀਤਾ ਅਤੇ ਇਸੇ ਦੌਰਾਨ 700 ਤੋਂ ਜ਼ਿਆਦਾ ਕਿਸਾਨ ਸ਼ਹੀਦੀ ਪਾ ਗਏ। ਇਹ ਫ਼ਿਲਮ ਉਨ੍ਹਾਂ ਦੇ ਸੰਘਰਸ਼ ਨੂੰ ਇੱਕ ਸ਼ਰਧਾਂਜਲੀ ਹੈ।
ਸਾਲ 2021 ਦੇ ਗਣਤੰਤਰ ਦਿਵਸ ਮੌਕੇ ਅਯੋਜਿਤ ਹੋਈ ਇਹ ਟਰੈਕਟਰ ਰੈਲੀ, ਇਤਿਹਾਸ ਵਿੱਚ ਸਭ ਤੋਂ ਵੱਡੀ, ਸ਼ਾਂਤਮਈ ਅਤੇ ਅਨੁਸ਼ਾਸ਼ਨਬੱਧ ਲਹਿਰ ਵਜੋਂ ਚੇਤੇ ਕੀਤੀ ਜਾਵੇਗੀ, ਇੱਕ ਅਜਿਹੀ ਲਹਿਰ ਜਿਹਦਾ ਮੁੱਖ ਮੁੱਦਾ ਸੰਵਿਧਾਨ ਅਤੇ ਹਰੇਕ ਨਾਗਰਿਕ ਦੇ ਅਧਿਕਾਰਾਂ ਦੀ ਰਾਖੀ ਕਰਨਾ ਸੀ। ਚੇਤੇ ਰੱਖੋ: ਗਣਤੰਤਰ ਦਿਵਸ, ਜਮਹੂਰੀਅਤ ਅਤੇ ਨਾਗਰਿਕ ਅਧਿਕਾਰਾਂ ਨੂੰ ਯਕੀਨੀ ਬਣਾਉਣ ਵਾਲ਼ੇ ਸੰਵਿਧਾਨ ਦਾ ਹੀ ਇੱਕ ਪ੍ਰਤੀਕ ਹੈ।
ਆਦਿਤਯ ਕਪੂਰ ਦੀ ਫ਼ਿਲਮ।
ਤਰਜਮਾ: ਕਮਲਜੀਤ ਕੌਰ