4 ਮਈ ਨੂੰ ਜਦੋਂ ਹਰਿੰਦਰ ਸਿੰਘ ਨੇ ਆਪਣੇ ਸਹਿਕਰਮੀ ਪੱਪੂ ਨੂੰ ਆਖਰੀ ਦੋ ਲਾਸ਼ਾਂ ਨੂੰ ਅੰਤਮ ਸਸਕਾਰ ਲਈ ਤਿਆਰ ਕਰਨ ਲਈ ਕਿਹਾ ਤਾਂ ਉਨ੍ਹਾਂ ਨੂੰ ਮਾਸਾ ਉਮੀਦ ਨਹੀਂ ਸੀ ਉਹ ਆਪਣੀ ਗੱਲ ਨਾਲ਼ ਹੀ ਆਪਣੇ ਸਹਿਯੋਗੀਆਂ ਨੂੰ ਹੈਰਾਨ ਕਰ ਸੁੱਟਣਗੇ। ਉਨ੍ਹਾਂ ਨੇ ਜਿਨ੍ਹਾਂ ਅਲਫ਼ਾਜ਼ਾਂ ਦੀ ਚੋਣ ਕੀਤੀ ਉਹ ਕੁਝ ਅਸਧਾਰਣ ਸਨ।
ਹਰਿੰਦਰ ਨੇ ਕਿਹਾ:''ਦੋ ਲੌਂਡੇ ਲੇਟੇ ਹੂਏ ਹੈਂ''। ਸ਼ੁਰੂਆਤ ਵਿੱਚ ਉਨ੍ਹਾਂ ਦੇ ਸਹਿਯੋਗੀ ਵੀ ਹੈਰਾਨ ਹੋ ਗਏ। ਪਰ ਫਿਰ ਇਹਨੂੰ ਮਹਿਜ਼ ਮਜ਼ਾਕ ਸਮਝ ਲੈਣ ਦੀ ਨਜ਼ਰ ਨਾਲ਼ ਜਦੋਂ ਉਨ੍ਹਾਂ ਨੇ ਹਰਿੰਦਰ ਵੱਲ ਦੇਖਿਆ ਤਾਂ ਉਹ ਗੰਭੀਰ ਸਨ। ਨਵੀਂ ਦਿੱਲੀ ਦੇ ਸਭ ਤੋਂ ਮਸ਼ਰੂਫ਼ ਸ਼ਮਸ਼ਾਨ ਨਿਗਮ ਬੋਧ ਘਾਟ 'ਤੇ ਉਨ੍ਹਾਂ ਦੀ ਹੱਡ-ਭੰਨ੍ਹਵੀਂ ਨੌਕਰੀ ਵਿੱਚੋਂ ਇਹੀ ਕੁਝ ਰਾਹਤ-ਦੇਊ ਦੁਰਲਭ ਪਲ ਸੀ।
ਪਰ ਹਰਿੰਦਰ ਨੂੰ ਜਾਪਿਆ ਕਿ ਉਨ੍ਹਾਂ ਨੂੰ ਆਪਣੀ ਗੱਲ ਕੁਝ ਸਪੱਸ਼ਟ ਕਰਨ ਦੀ ਲੋੜ ਹੈ। ਉਹ ਸ਼ਮਸ਼ਾਨ ਦੀਆਂ ਭੱਠੀਆਂ ਦੇ ਨੇੜੇ ਬਣੇ ਕਮਰੇ ਵਿੱਚ ਆਪਣੇ ਸਹਿਕਰਮੀਆਂ ਨਾਲ਼ ਬੈਠੇ ਰਾਤ ਦਾ ਖਾਣਾ ਖਾ ਰਹੇ ਸਨ। ਉਨ੍ਹਾਂ ਨੇ ਇੱਕ ਲੰਬਾ ਸਾਹ ਭਰਿਆ-ਉਹ ਖੁਸ਼ਕਿਸਮਤ ਸਨ ਜੋ ਨਰਕ ਭਰੀ ਕੋਵਿਡ ਮਹਾਂਮਾਰੀ ਦੇ ਇਸ ਕਾਲ਼ ਵਿੱਚ ਸਾਹ ਲੈ ਰਹੇ ਸਨ- ਅਤੇ ਬੋਲੇ,''ਤੁਸੀਂ ਉਨ੍ਹਾਂ ਨੂੰ ਬੌਡੀ ਬਲਾਉਂਦੇ ਹੋ ਅਤੇ ਅਸੀਂ ਉਨ੍ਹਾਂ ਨੂੰ ਲੌਂਡੇ (ਲੜਕੇ) ਕਹਿੰਦੇ ਹਾਂ।''
''ਇੱਥੇ ਲਿਆਂਦੀ ਜਾਣ ਵਾਲ਼ੀ ਹਰ ਦੇਹ ਮੇਰੀ ਆਪਣੀ ਔਲਾਦ ਵਾਂਗ ਕਿਸੇ ਦਾ ਪੁੱਤਰ ਜਾਂ ਧੀ ਹੁੰਦਾ ਹੈ,'' ਪੱਪੂ ਨੇ ਅੱਗੇ ਕਿਹਾ। ''ਉਨ੍ਹਾਂ ਨੂੰ ਭੱਠੀ ਵਿੱਚ ਝੌਂਕਣਾ ਦੁੱਖਦਾਇਕ ਹੁੰਦਾ ਹੈ। ਪਰ ਉਨ੍ਹਾਂ ਦੀ ਆਤਮਾ ਦੀ ਗਤੀ ਖਾਤਰ ਸਾਨੂੰ ਇੰਝ ਕਰਨਾ ਹੀ ਪੈਂਦਾ ਹੈ, ਕੀ ਸਾਨੂੰ ਨਹੀਂ ਕਰਨਾ ਚਾਹੀਦਾ?'' ਨਿਗਮ ਬੋਧ ਵਿਖੇ ਇੱਕ ਮਹੀਨੇ ਦੇ ਅੰਦਰ ਅੰਦਰ 200 ਲੋਥਾਂ ਦਾ ਸਸਕਾਰ ਕੀਤਾ ਜਾ ਰਿਹਾ ਸੀ ਕੁਝ ਸੀਐੱਨਜੀ ਭੱਠੀਆਂ ਵਿੱਚ ਅਤੇ ਕੁਝ ਖੁੱਲ੍ਹੀਆਂ ਚਿਖਾਵਾਂ ਵਿੱਚ।
ਉਸ ਦਿਨ, 4 ਮਈ ਨੂੰ ਨਿਗਮ ਬੋਧ ਘਾਟ ਵਿਖੇ ਸੀਐੱਨਜੀ ਭੱਠੀ ਵਿੱਚ 35 ਦਾਹ ਸਸਕਾਰ ਕੀਤੇ ਗਏ। ਹਾਲਾਂਕਿ ਇਹ ਗਿਣਤੀ ਰੋਜਾਨਾ ਦੇ 45-50 ਸੰਸਕਾਰਾਂ ਦੇ ਮੁਕਾਬਲੇ ਕੁਝ ਘੱਟ ਸੀ, ਜੋ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਹੁੰਦੇ ਸਨ ਜਦੋਂ ਕੋਵਿਡ ਦੀ ਦੂਜੀ ਲਹਿਰ ਦਿੱਲੀ ਨੂੰ ਜਕੜ ਰਹੀ ਸੀ। ਪਰ ਮਹਾਂਮਾਰੀ ਤੋਂ ਪਹਿਲਾਂ, ਸ਼ਮਸ਼ਾਨ ਦੀਆਂ ਸੀਐੱਨਜੀ ਭੱਠੀਆਂ ਵਿੱਚ ਇੱਕ ਮਹੀਨੇ ਵਿੱਚ ਕਰੀਬ 100 ਦਾਹ ਸਸਕਾਰ ਹੀ ਕੀਤੇ ਜਾਂਦੇ ਸਨ।
ਦਿੱਲੀ ਵਿੱਚ ਕਸ਼ਮੀਰੀ ਗੇਟ ਦੇ ਕੋਲ਼ ਯਮੁਨਾ ਨਦੀ ਦੇ ਕੰਢੇ 'ਤੇ ਮੌਜੂਦ ਘਾਟ ਦੇ ਪ੍ਰਵੇਸ਼ ਦੁਆਰ ਦੀ ਕੰਧ 'ਤੇ ਝਰੀਟਿਆ ਇੱਕ ਵੱਡਾ ਸਾਰਾ ਚਿੱਤਰ ਨਜ਼ਰ ਬੰਨ੍ਹ ਲੈਂਦਾ ਹੈ। ਜੋ ਕਹਿੰਦਾ ਹੈ: ''ਮੈਨੂੰ ਇੱਥੇ ਲਿਆਉਣ ਲਈ ਤੁਹਾਡਾ ਧੰਨਵਾਦ, ਹੁਣ ਇੱਥੋਂ ਅੱਗੇ ਮੈਂ ਇਕੱਲਾ ਹੀ ਜਾਵਾਂਗਾ/ਜਾਵਾਂਗੀ।'' ਪਰ ਇਸ ਸਾਲ ਅਪ੍ਰੈਲ-ਮਈ ਵੇਲ਼ੇ ਰਾਜਧਾਨੀ ਵਿੱਚ ਕੋਵਿਡ-19 ਨੇ ਜੋ ਤਾਂਡਵ ਰਚਿਆ ਹੈ, ਉਸ ਵੇਲ਼ੇ ਮਰਨ ਵਾਲ਼ਾ ਕੋਈ ਵੀ ਇਕੱਲਾ ਨਹੀਂ ਗਿਆ- ਜਾਹਰ ਹੈ ਮੌਤ ਤੋਂ ਬਾਅਦ ਦੇ ਸਫ਼ਰ ਵਿੱਚ ਵੀ ਉਨ੍ਹਾਂ ਨੂੰ ਕੁਝ ਦੋਸਤ ਜ਼ਰੂਰ ਮਿਲ਼ੇ ਗਏ ਹੋਣਗੇ।














