''ਮੈਂ ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਉਹ ਸੁੱਤੀ ਨਾ ਰਹੇ...''
ਇਹ ਹੌਸਾਬਾਈ ਹੀ ਸਨ ਜੋ ਇੱਕ ਅਡਿੱਗ, ਜੁਝਾਰੂ ਸੁਤੰਤਰਤਾ ਵਿਰਾਂਗਣਾ, ਲਾਸਾਨੀ ਨੇਤਾ ਹੋਣ ਦੇ ਨਾਲ਼-ਨਾਲ਼ ਕਿਸਾਨਾਂ, ਗ਼ਰੀਬਾਂ ਅਤੇ ਹਾਸ਼ੀਆਗਤ ਲੋਕਾਂ ਦੇ ਪੱਖ-ਪੂਰਨ ਵਾਲ਼ੀ ਅਦਭੁੱਤ ਹਮਾਇਤੀ ਵੀ ਸਨ। ਇਹ ਸਾਰੇ ਅਲਫ਼ਾਜ਼ ਉਸ ਵੀਡਿਓ ਸੰਦੇਸ਼ ਦਾ ਹਿੱਸਾ ਸਨ ਜੋ ਸੰਦੇਸ਼ ਉਨ੍ਹਾਂ ਨੇ ਨਵੰਬਰ 2018 ਨੂੰ ਸੰਸਦ ਵਿਖੇ ਕਿਸਾਨਾਂ ਦੇ ਵਿਸ਼ਾਲ ਮਾਰਚ ਨੂੰ ਭੇਜਿਆ ਸੀ।
''ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਢੁੱਕਵਾਂ ਭਾਅ ਮਿਲ਼ਣਾ ਹੀ ਚਾਹੀਦਾ ਹੈ,'' ਵੀਡਿਓ ਅੰਦਰ ਉਨ੍ਹਾਂ ਨੇ ਗਰਜ਼ਵੀਂ ਅਵਾਜ਼ ਵਿੱਚ ਕਿਹਾ ਸੀ। ''ਇਸ ਨਿਆ ਦੀ ਲੜਾਈ ਵਿੱਚ, ਮੈਂ ਖ਼ੁਦ ਜਾਵਾਂਗੀ ਅਤੇ ਉਸ ਮਾਰਚ ਦਾ ਹਿੱਸਾ ਬਣਾਂਗੀ, ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਕਿਹਾ। ਇਸ ਗੱਲ ਦੀ ਪਰਵਾਹ ਕੀਤਿਆਂ ਬਗ਼ੈਰ ਕਿ ਉਹ ਆਪਣੀ ਉਮਰ ਦੇ 93ਵੇਂ ਸਾਲ ਵਿੱਚ ਸਨ ਅਤੇ ਉਨ੍ਹਾਂ ਦੀ ਸਿਹਤ ਵੀ ਸਾਜ਼ਗਾਰ ਨਹੀਂ ਸੀ। ਉਨ੍ਹਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ''ਬਹੁਤ ਸੌਂ ਲਿਆ ਹੁਣ ਹੋਰ ਨਾ ਸੌਂਵੋ... ਉੱਠੋ ਅਤੇ ਗ਼ਰੀਬਾਂ ਵਾਸਤੇ ਕੰਮ ਕਰੋ।''
ਸਦਾ ਚੌਕਸ ਅਤੇ ਸੁਚੇਤ ਰਹਿਣ ਵਾਲ਼ੀ ਹੌਸਾਬਾਈ 23 ਸਤੰਬਰ, 2021 ਨੂੰ ਸਾਂਗਲੀ ਵਿਖੇ 95 ਸਾਲ ਦੀ ਉਮਰ ਵਿੱਚ ਮਲ੍ਹਕੜੇ ਜਿਹੇ ਸਦਾ ਦੀ ਨੀਂਦ ਸੌਂ ਗਈ। ਮੈਂ ਉਨ੍ਹਾਂ ਨੂੰ ਸਦਾ ਆਪਣੇ ਦਿਲ ਦੀਆਂ ਡੂੰਘਾਣਾਂ ਵਿੱਚ ਰੱਖਾਂਗਾ।
ਹੌਸਾਬਾਈ (ਜਿਨ੍ਹਾਂ ਨੂੰ ਅਕਸਰ ਹੌਸਾ ਤਾਈ ਕਿਹਾ ਜਾਂਦਾ ਹੈ; ਮਰਾਠੀ ਭਾਸ਼ਾ ਵਿੱਚ ਵੱਡੀ ਭੈਣ ਨੂੰ ਆਦਰ ਵਜੋਂ 'ਤਾਈ' ਕਹਿੰਦੇ ਹਨ।), 1943 ਤੋਂ 1946 ਦਰਮਿਆਨ ਇਨਕਲਾਬੀਆਂ ਦੀ ਉਸ ਟੀਮ ਦਾ ਹਿੱਸਾ ਸਨ, ਜਿਨ੍ਹਾਂ ਨੇ ਬ੍ਰਿਟਿਸ਼ ਰੇਲਾਂ 'ਤੇ ਹਮਲੇ ਕੀਤੇ, ਪੁਲਿਸ ਦੇ ਹਥਿਆਰਾਂ ਨੂੰ ਲੁੱਟਿਆ ਅਤੇ ਉਨ੍ਹਾਂ ਡਾਕ ਬੰਗਲਿਆਂ ਨੂੰ ਅੱਗ ਹਵਾਲੇ ਕੀਤਾ ਜਿਨ੍ਹਾਂ ਬੰਗਲਿਆਂ ਨੂੰ ਬ੍ਰਿਟਿਸ਼ ਰਾਜ ਦੁਆਰਾ ਪ੍ਰਸ਼ਾਸਨ ਦੇ ਉਦੇਸ਼ਾਂ ਦੀ ਪੂਰਤੀ ਅਤੇ ਅਦਾਲਤਾਂ ਦੇ ਰੂਪ ਵਿੱਚ ਵਰਤਿਆ ਜਾਂਦਾ ਸੀ। ਉਨ੍ਹਾਂ ਨੇ ਤੂਫ਼ਾਨ ਸੈਨਾ (ਵਰਲਵਿੰਡ ਆਰਮੀ) ਵਿੱਚ ਕੰਮ ਕੀਤਾ, ਇੱਕ ਅਜਿਹਾ ਇਨਕਲਾਬੀ ਸਮੂਹ ਜੋ ਪ੍ਰਤੀ ਸਰਕਾਰ ਦੀ ਹਥਿਆਰਬੰਦ ਸ਼ਾਖਾ ਜਾਂ ਸਤਾਰਾ ਦੀ ਆਰਜ਼ੀ, ਰੂਪੋਸ਼ ਸਰਕਾਰ ਦੇ ਰੂਪ ਵਿੱਚ ਕੰਮ ਕਰਦੀ ਸੀ, ਜਿਹਨੇ 1943 ਵਿੱਚ ਹੀ ਬ੍ਰਿਟਿਸ਼ ਸ਼ਾਸਨ ਪਾਸੋਂ ਅਜ਼ਾਦੀ ਦਾ ਐਲਾਨ ਕਰ ਦਿੱਤਾ ਸੀ।
1944 ਵਿੱਚ, ਉਨ੍ਹਾਂ ਨੇ ਗੋਆ ਵਿਖੇ ਭੂਮੀਗਤ ਕਾਰਵਾਈ ਵਿੱਚ ਹਿੱਸਾ ਲਿਆ, ਫਿਰ ਪੁਰਤਗਾਲੀ ਸ਼ਾਸਨ ਅਧੀਨ ਅੱਧੀ ਰਾਤੀਂ ਲੱਕੜ ਦੇ ਡੱਬੇ ਉੱਪਰ ਲੰਮੀ ਪੈ ਕੇ ਮੰਡੋਵੀ ਨਦੀ ਪਾਰ ਕੀਤੀ, ਉਸ ਸਮੇਂ ਉਨ੍ਹਾਂ ਦੇ ਕੁਝ ਸਾਥੀ ਕਾਮਰੇਡ ਉਨ੍ਹਾਂ ਦੇ ਨਾਲ਼-ਨਾਲ਼ ਤੈਰੇ। ਪਰ ਉਨ੍ਹਾਂ ਦਾ ਸਦਾ ਇਸੇ ਗੱਲ 'ਤੇ ਜ਼ੋਰ ਰਿਹਾ,''ਮੈਂ ਅਜ਼ਾਦੀ ਦੇ ਇਸ ਘੋਲ਼ ਵਾਸਤੇ ਬਹੁਤਾ ਕੁਝ ਨਹੀਂ ਕੀਤਾ ਜੋ ਕੀਤਾ ਉਹ ਬਹੁਤ ਹੀ ਥੋੜ੍ਹਾ ਕੰਮ ਸੀ... ਮੈਂ ਕੁਝ ਵੱਡਾ ਅਤੇ ਮਹਾਨ ਕੰਮ ਨਹੀਂ ਕੀਤਾ।'' ਹੌਸਾਬਾਈ ਬਾਰੇ ਹੋਰ ਜਾਣਨ ਲਈ ਕ੍ਰਿਪਾ ਕਰਕੇ ਮੇਰੀ ਪਸੰਦੀਦਾ ਸਟੋਰੀ: ਹੌਸਾਬਾਈ ਦੀ ਖ਼ਾਮੋਸ਼ ਵੀਰ-ਗਾਥਾ ਪੜ੍ਹੋ।


